ਅਜਮੇਰ ਸਿੰਘ ਔਲਖ : ਪਿੰਡ,ਰੰਗਮੰਚ ਅਤੇ ਸੱਚ ਦੀ ਆਵਾਜ਼
ਪੰਜਾਬੀ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਜੀਵਨ, ਉਸਦੀ ਸਿਰਜਣਾ, ਪੇਂਡੂ ਰੰਗਮੰਚ ਨਾਲ ਜੁੜਾਅ ਅਤੇ ਸਮਾਜਿਕ ਸੱਚਾਈਆਂ ਨੂੰ ਬਿਆਨ ਕਰਨ ਵਾਲੀ ਵਿਸ਼ੇਸ਼ ਲਿਖਤ।

ਜਮੇਰ ਸਿਓਂ ਉਰਫ਼ ਅਜਮੇਰ ਸਿੰਘ ਉਰਫ਼ ਅਜਮੇਰ ਔਲਖ
ਉਹਦੇ ਨਾਟਕਾਂ ’ਚ ਬਹੁਤੀਆਂ ਥਾਵਾਂ ਤੇ ਫਰਵਾਹੀ ਆਲਾ ਜਮੇਰ ਬੋਲਦੈ, ਕੁਝ ਥਾਵਾਂ ਤੇ ਸ਼ਹਿਰੀਆ ਅਜਮੇਰ, ਕਈ ਥਾਵਾਂ ਤੇ ਔਲਖ, ਉਹਦੇ ਨਾਟਕਾਂ ’ਚ ਅਜਮੇਰ ਸਿੰਘ ਘੱਟ ਬੋਲਦੈ। ਕੁਝ ਆਲੋਚਕਾਂ ਨੇ ਅਜਮੇਰ ਸਿੰਘ ਨੂੰ ਮਿੱਥ ਬਣਾ ਕੇ ਪੇਸ਼ ਕੀਤਾ, ਕੁਝ ਨੇ ਭਗਤੀ ਵਿੱਚ ਪੈ ਕੇ ਉਹਦੀ ਅਰਾਧਨਾ ਕੀਤੀ। ਉਂਝ ਉਹਦੇ ਪਾਤਰਾਂ ਨੇ ਦਰਸ਼ਕ ਨੂੰ ਕੀਲ ਕੇ, ਉਸ ਦੇ ਖਾਨੇ ’ਚ ਉਹ ਗੱਲ ਵਾੜੀ ਜਿਹੜੀ ਨਾਲ ਉਨ੍ਹਾਂ ’ਚ ਤੁਰਨ ਦਾ ਹੌਸਲਾ ਪਿਆ, ਇਹ ਵੱਡੀ ਗੱਲ ਐ। ਭੂਸ਼ਨ ਆਖਦੈ ਅੰਮ੍ਰਿਤਾ ਨੇ ‘ਕੰਧਾਂ ਨੂੰ ਬੁੱਲ ਦੇ ਕੇ ਚਾਰ ਦਿਵਾਰੀ ਵਿਚਲਾ ਸੰਸਾਰ ਉਜਾਗਰ ਕੀਤਾ।’ ਏਵੇਂ ਔਲਖ ਨੇ ਕੀਤਾ, ਸੀਮਤ ਦਾਇਰਿਆ ’ਚ ਰਹਿ ਕੇ। ਬੰਦੇ ਦੇ ਤੁਰਨ ਤੋਂ ਬਾਅਦ ਉਹਦੀ ਮਿੱਥ ਜਿਉਂਦੀ ਐ। ਉਹ ਜਿਉਂ ਰਿਹੈ, ਜਿਉਂਦਾ ਰਹੇਗਾ। ਸ਼ਰਤ ਕਿ ਕੋਈ ਧਿਰ ਉਸਨੂੰ ਆਪਣੇ ਖਾਤੇ ਵਿੱਚ ਕੈਦ ਨਾ ਕਰੇ।
ਛੋਟਾ ਵੱਡਾ ਅਮੀਰ ਫ਼ਕੀਰ ਬੈਠੇ …
ਸੱਥਰ। ਚੁੱਪ। ਸ਼ਾਂਤੀ। ਗੱਲਾਂ। ਸਾਲਮ ਸਬੂਤੀ। ਵਿਚਾਰ। ਸਿਆਸਤ। ਨਰਕ। ਸਵਰਗ। ਬਾਦਸ਼ਾਹ। ਕੰਮੀ। ਕਿਰਤੀ। ਕਿਸਾਨ। ਮੁਲਾਜ਼ਮ। ਮੰਤਰੀ। ਪਾਠਕ। ਆਲੋਚਕ। ਸਿਰਜਕ। ਸਭ ਅੱਖਾਂ ਚੋਂ ਹੰਝੂ ਨਹੀਂ, ਯਾਦਾਂ ਵਹਾ ਰਹੇ ਨੇ। ਗੱਲਾਂ ਨੂੰ ਰੰਗ ਚੜ੍ਹੇ ਨੇ, ਚਾਅ ਫਿੱਕੇ ਨੇ। ਜਿਸ ਕੋਲ ਜਿੰਨੀ ਗੱਲ ਐ, ਸਭ ਕਰ ਰਹੇ ਨੇ। ਮੇਰੇ ਪੁਰਖੇ ਯਾਦ ਆਉਂਦੇ ਨੇ। ਜਿੰਨ੍ਹਾਂ ਕਿਹਾ ਬੰਦਾ ਮਿੱਟੀ ਐ, ਮਿੱਟੀ ਹੋਣੈ। ਸ਼ਮਸਾਨ ਘਾਟ ਵਿੱਚ ਲਿਖੀ ਗੱਲ ਯਾਦ ਆ ਰਹੀ ਐ। ਇੱਥੋਂ ਤੱਕ ਤੁਸੀਂ ਮੇਰਾ ਸਾਥ ਦਿੱਤਾ, ਤੁਹਾਡਾ ਧੰਨਵਾਦ। ਅਗਲੀ ਯਾਤਰਾ ਮੈਂ ਇਕੱਲਾ ਕਰਾਂਗਾ। ਸਾਰੇ ਇਕੱਠੇ ਹੋ ਕੇ ਵੀ ਇਕੱਲ ਮਹਿਸੂਸ ਕਰ ਰਹੇ ਨੇ। ਦਰਦ ਵਿੰਨ ਰਿਹੈ। ਮੇਰਾ ਗੋਡਾ ਨਾਲ ਬੈਠੇ ਸਮਿਤੋਜ ਨਾਲ ਖਹਿੰਦੈ। ਚੁੱਪ ਤੜੱਕ ਦੇਣੇ ਟੁੱਟਦੀ ਐ। ਵਾਰਤਾ ਤੁਰਦੀ ਐ।
ਵਾਰਤਾ ਨੰਬਰ ਇੱਕ -
ਸਮਿਤੋਜ ਕਹਿੰਦੈ - ਔਲਖ਼ ਸਾਬ੍ਹ ਮੇਰੇ ਗੁਆਂਢੀ ਰਹੇ ਨੇ। ਜਦੋਂ ਮੈਂ ਉਨਾਂ ਨੂੰ ਮਿਲਣ ਜਾਂਦਾ ਉਹ ਪੰਜ ਮਿੰਟ ਮੇਰੇ ਨਾਮ ਬਾਰੇ ਜ਼ਿਕਰ ਛੇੜ ਕੇ ਹੱਸਦੇ। ਅੰਮ੍ਰਿਤ ਸਵਿਤੋਜ ਕਿ ਸਮਿਤੋਜ।
ਵਾਰਤਾ ਨੰਬਰ ਦੋ -
ਔਲਖ ਦੀ ਗੈਰ ਹਾਜ਼ਰੀ ਵਿੱਚ ਸਮਿਤੋਜ ਉਸਦੀ ਵਾਰਤਾ ਬੋਲਦੈ। ਪਹਿਲਾਂ ਪਹਿਲ ਮੈਂ ਵੀ ਆਪਣਾ ਨਾਂ ਅਜੇ ਮਨ ਰੱਖ ਲਿਆ ਸੀ, ਸਮਿਤੋਜ। ਅਜਮੇਰ ਤੋਂ ਅਜੇ ਅਤੇ ਮਨਜੀਤ ਤੋਂ ਮਨ। ਪਰ ਫ਼ਿਰ ਹੌਲੀ ਹੌਲੀ ਅਜਮੇਰ ਔਲਖ਼।
ਵਾਰਤਾ ਨੰਬਰ ਤਿੰਨ
‘ਹਾਕਮ ਸਮਾਓਂ ਤੇ ਉਹਦੀ ਆੜੀ ਬੜੀ ਪੱਕੀ ਸੀ, ਸਕੂਲ ਪੜ੍ਹਨ ਵੇਲ਼ੇ ਤੋਂ।’ - ਉਸਦਾ ਭਰਾ ਕਹਿੰਦਾ ਹੈ।
ਉਸਦੇ ਇੱਕ ਨਾਟਕ ਦਾ ਵਾਰਤਾਲਾਪ ਹਾਕਮ ਸਮਾਓਂ ਦਾ ਪਿਤਾ ਬੋਲਿਆ ਕਰਦਾ ਸੀ।‘ਕੰਜਰਾ ਤੈਨੂੰ ਪਤਾ, ਮੈਂ ਕਬੀਲਦਾਰੀ ਕਿਵੇਂ ਬੰਨ੍ਹੀ ਆ।’- ਅੰਮ੍ਰਿਤ ਸਮਿਤੋਜ ਆਖਦਾ ਹੈ।
‘ਮੈਂ ਤੇਰਾਂ ਕੁ ਸਾਲਾਂ ਦਾ ਸੀ ਜਦੋਂ ਨਾਟਕ ਲਿਖਣ ਦੀ ਕੋਸ਼ਿਸ਼ ਕੀਤੀ, ਅਸੀਂ ਸ਼ਾਮ ਨੂੰ ਨਾਟਕ ਦੀ ਰਿਹਸਲ ਕਰਨ ਲੱਗ ਪਏ। ਸੁਪਨਦੀਪ ਨੇ ਔਲਖ਼ ਸਾਬ੍ਹ ਨੂੰ ਦੱਸ ਦਿੱਤਾ। ਔਲਖ਼ ਸਾਬ੍ਹ ਤੇ ਮਨਜੀਤ ਕੌਰ ਪਹੁੰਚ ਗਏ, ਸਾਡੇ ਰੰਗਮੰਚ ਕੋਲ। ਉਨ੍ਹਾਂ ਨਾਟਕ ਵੇਖਿਆ। ਬਾਅਦ ਵਿੱਚ ਇੱਕ ਲੇਖ ਲਿਖਿਆ 'ਆਪਣੇ ਆਪ ਉਸਰਦਾ ਰੰਗਮੰਚ।’ - ਸਮਿਤੋਜ ਗੱਲ ਜ਼ਾਰੀ ਰੱਖਦਾ ਹੈ।
ਵਾਰਤਾ ਨੰਬਰ ਚਾਰ -
ਜਦੋਂ1962 ਦੀ ਜੰਗ ਵੇਲੇ ਉਹ ਪਟਿਆਲੇ ਪੜ੍ਹਦਾ ਸੀ , ਜਦੋਂ ਪਿੰਡ ਆਇਆ ਤਾਂ ਗੁਰੂਦੁਆਰੇ ਵਿੱਚ ਉਸਨੇ ਕਵਿਤਾ ਪੜ੍ਹੀ ਜਿਸ ਵਿੱਚ ਜੰਗ ਦਾ ਜ਼ਿਕਰ ਸੀ। ਗੱਲ ਨਾਲ ਗੱਲ ਜੋੜਦਾ ਉਸਦਾ ਦੂਜਾ ਆੜੀ ਦੱਸਦਾ ਹੈ ਕਿ ਉਹਨੇ ਪਟਿਆਲੇ ਤੋਂ ਆਉਣਾ, ਸਾਡੇ ਨਾਲ ਕਬੱਡੀ ਖੇਡਣੀ।' - ਔਲਖ ਦੇ ਬਚਪਨ ਦੇ ਆੜੀ ਦੱਸਦੇ ਹਨ।
ਵਾਰਤਾ ਨੰਬਰ ਪੰਜ -
ਜਦੋਂ ਬਰਨਾਲੇ ਕੱਠ ਹੋਇਐ। ਦੁਨੀਆਂ ਕੱਠੀ ਹੋ ਗਈ। ਅਸੀਂ ਪਿੰਡ ਪਿੰਡ ਜਾ ਕੇ ਪ੍ਰਚਾਰ ਕੀਤਾ। ਕਿਸਾਨ ਯੂਨੀਅਨਾਂ, ਮਜ਼ਦੂਰ ਯੂਨੀਅਨਾਂ ਸਭ ਗਏ, ਬਰਨਾਲੇ। ਸਭ ਦੇ ਹੱਥ ਵਿੱਚ ਝੰਡੇ। - ਹਰੀ ਪੱਗ ਬੰਨ੍ਹੀ ਬੈਠਾ ਬਾਬਾ ਗੱਲ ਕਰਦੈ।
ਇਸ ਸੰਵਾਦ ਵਿੱਚ ਆਪ ਮੁਹਾਰਤੈ। ਸਿੱਧੀ ਸਪੱਸ਼ਟ ਗੱਲ। ਗੱਲ ਨਾ ਨਾਟਕ ਦੀ, ਨਾ ਵਿਚਾਰਧਾਰਾ ਦੀ, ਨਾ ਨਾਟਕਕਾਰ ਦੀ। ਗੱਲ ਸਿਰਫ ਅਜਮੇਰ ਸਿੰਘ ਦੀ। ਤਰੀਕਾ ਸਭ ਦਾ ਆਪਣਾ ਆਪਣਾ। ਕਬੱਡੀ ਦੇ ਮੈਦਾਨ ’ਚੋਂ ਤੁਰਿਆ ਰੰਗਮੰਚੀ ਮੈਦਾਨ ਵਿੱਚ ਪਹੁੰਚਿਆ ਔਲਖ, ਜਿਸਨੂੰ ਅਸੀਂ ਯਾਦ ਕਰ ਰਹੇ ਆਂ।
ਵਾਰਿਸ ਸ਼ਾਹ ਓਹ ਆਪ ਹੈ ਕਰਨਹਾਰਾ….
ਅਦਬੀ ਅਖਾੜਿਆਂ ਦੀ ਪਹਿਲਵਾਨੀ ਕਵੀਆਂ ਨੇ ਜਿਆਦਾ ਕੀਤੀ ਐ, ਨਾਟਕਕਾਰਾਂ ਨੇ ਘੱਟ, ਉਂਝ ਕੀਤੀ ਜ਼ਰੂਰ ਐ। ਰੰਗਕਰਮੀਆਂ ਦਾ ਸੁਭਾਅ ‘ਥੀਏਟਰੀਕਲੀ’ ਹੁੰਦੈ। ਰੰਗਮੰਚ ਉਨ੍ਹਾਂ ਨੂੰ ਰੰਗ ਦਿੰਦੈ। ਅਰਧ ਪਾਗਲ ਕਰਦੈ। ਔਲਖ ਜਿੰਨ੍ਹਾਂ ਨਾਟਕਕਾਰਾਂ ਦਾ ਸਮਕਾਲੀ ਰਿਹਾ ਉਨ੍ਹਾਂ ਵਿੱਚ ਇੱਕ ਸਿਰਜਕ ਆਪਣੇ ਆਪ ਨੂੰ ਦਰਸ਼ਨੀ ਪਹਿਲਵਾਨ ਅਖਵਾਉਣ ਵਿੱਚ ਫਖ਼ਰ ਮਹਿਸੂਸ ਕਰਦੈ। ਔਲਖ ਨੂੰ ਅਜਿਹੇ ਪਹਿਲਵਾਨਾਂ ਤੋਂ ਚਿੜ ਸੀ ਉਹ ਇਸ ਅਖਾੜੇ ਦਾ ਆਪੇ ਬਣਿਆ ਭਲਵਾਨ ਨ੍ਹੀਂ ਸੀ, ਉਸਨੂੰ ਬਣਾਇਆ ਗਿਆ। ਬਣਾਏ ਗਏ ਪਹਿਲਵਾਨ ਦੀ ਜ਼ੁੰਮੇਵਾਰੀ ਹੁੰਦੀ ਐ। ਉਹਨੇ ਜ਼ੁੰਮੇਵਾਰੀਆਂ ਚੱਕੀਆਂ। ਨਾਟਕਾਂ ਨੂੰ ਪਿੰਡਾਂ ’ਚ ਲੈ ਕੇ ਗਿਆ। ਪਿੰਡਾਂ ਦੇ ਪਾਤਰਾਂ ਨੂੰ ਰੰਗਮੰਚ ਤੇ ਲਿਆਇਆ। ਵੱਡੀ ਗੱਲ ਇਹ ਹੈ ਕਿ ਉਸਨੇ ਪੇਂਡੂ ਆਦਮੀ ਨੂੰ ਵੱਡੇ ਪਰਦੇ 'ਤੇ ਪਛਾਣ ਦਿਵਾਈ। ਨ੍ਹੀਂ ਮਲਵਈਏ ਪੀਤੇ ਵਰਗਿਆਂ ਨੂੰ ਕੌਣ ਜਾਣਦੈ? ਜਦੋਂ ਚੰਡੀਗੜ੍ਹ ਟੈਗੋਰ ਥੀਏਟਰ ਵਿੱਚ ਉਸ ਦਾ ਪਾਤਰ ਪੀਤਾ ਆਪਣੇ ਅੰਦਾਜ਼ ਮੰਚ 'ਤੇ ਆਇਆ ਤਾਂ ਕਹਿੰਦੈ ਉੱਥੋਂ ਦੇ ਦਰਸ਼ਕ ਬਾਕੀ ਸਾਰਾ ਕੁੱਝ ਭੁੱਲ ਗਏ। ਉਨ੍ਹਾਂ ਸਾਹਮਣੇ ਸਿਰਫ ਔਲਖ ਸੀ। ਔਲਖ ਸਾਬ੍ਹ ਨੇ ਮੈਨੂੰ ਦੱਸਿਆ ਕਿ ਜਿਸ ਦਿਨ ਇਹ ਕ੍ਰਿਸ਼ਮਾ ਵਾਪਰਿਆ ਤਾਂ ਮੈਂ ਆਪਣਾ ਨਾਂ ਵੀ ਭੁੱਲ ਗਿਆ ਸੀ। ਮੈਂ ਆਪਣੀ ਪਤਨੀ ਤੋਂ ਪੁੱਛਿਆ ਬਈ ਭਲਾਂ ਮੇਰਾ ਨਾਮ ਕੀ ਏ? ਇਹ ਹਾਸੇ ਦੀ ਗੱਲ ਵੀ ਐ, ਸਿਰਜਣਾ 'ਚ ਆਪਣਾ ਆਪ ਗਵਾਉਣ ਦੀ ਵੀ।
ਸਿਰਜਕ ਦੀ ਜੜ੍ਹ ਜਾਂ ਤਾਂ ਵਿਗੋਚੇ ਚ ਹੁੰਦੀ ਐ ਜਾਂ ਫਿਰ ਪ੍ਰਾਪਤੀ ਚ। ਇਸ ਗੱਲ ਨੂੰ ਹਰਿਭਜਨ ਸਿੰਘ ਵਿਗੋਚੇ ਅਤੇ ਪ੍ਰਾਪਤੀ ਦੀ ਰਲੀ ਮਿਲੀ ਕਹਾਣੀ ਕਹਿੰਦੈ। ਸ਼ੌਹਰਤ ਜ਼ਰੂਰੀ ਤਾਂ ਹੁੰਦੀ ਆ ਪਰ ਸਾਰਾ ਕੁਝ ਨਹੀਂ। ਔਲਖ ਨੂੰ ਰੱਜ ਕੇ ਸ਼ੌਹਰਤ ਮਿਲੀ ਉਹ ਕਵਿਤਾ ਤੋਂ ਪਟਕਥਾ ਤੱਕ ਗਿਆ। ਪ੍ਰਧਾਨਗੀਆਂ ਕੀਤੀਆਂ, ਵਿਦੇਸ਼ ਘੁੰਮਿਆ, ਇਨਾਮ ਮਿਲੇ, ਪਿੰਡਾਂ ਤੋਂ ਨਾਟਕ ਕਰਦਾ ਕਰਦਾ ਵਿਦੇਸ਼ਾਂ ’ਚ ਖੇਡਦਾ ਰਿਹਾ ਪਰ ਐਸਾ ਕਰਦਿਆਂ ਮੂਲ ਨ੍ਹੀਂ ਗਵਾਇਆ। ਪਿੰਡਾਂ ਆਲਿਆਂ ਦੇ ਕਹਿਣ ਵਾਂਗ ਪੈਰ ਨਹੀਂ ਛੱਡੇ। ਜਿੰਨਾਂ ਨੇ ਛੱਡੇ ਉਹ ਖਤਮ ਹੋਏ। ਅਜਮੇਰ ਔਲਖ ਸ਼ਹਿਰੀਆਂ ਬਣਿਆ ਪਰ ਬਣਿਆ ਨਹੀਂ। ਆਖ਼ਰੀ ਦਿਨ੍ਹਾਂ ’ਚ ਮੈਂ ਕਈ ਵਾਰੀ ਮਿਲਿਆ। ਇੱਕ ਦਿਨ ਕਹਿਣ ਲੱਗਿਆ-‘ਢਿੱਲੋਂ, ਜਵਾਨਾਂ ਨਾਲ ਗੱਲਾਂ ਕਰਦਿਆਂ ਮੈਨੂੰ ਦਰਦ ਮਹਿਸੂਸ ਨਹੀਂ ਹੁੰਦਾ।’ ਬੇਬੇ ਨੇ ਲਿਆ ਕੇ ਚਾਹ ਰੱਖ ਦਿੱਤੀ। ਗੱਲਾਂ ਗੱਲਾਂ ’ਚ ਮੈਂ ਪੀਣ ਤੋਂ ਦੇਰੀ ਕਰਤੀ। ਪਿਆ ਪਿਆ ਕਹਿੰਦਾ। ‘ਚਾਹ ਤਾਂ ਬੱਬਲਬੱਤੀ ਹੋ ਗਈ, ਪਹਿਲਾਂ ਪੀ ਲੈ।’ ਮੈਨੂੰ ਲੱਗਿਆ ਇਹ ਉਸ ਵਿੱਚ ਪਿੰਡ ਬੋਲਦੈ। ਪਰ ਐਂ ਵੀ ਲੱਗਿਆ ਜਿਵੇਂ ਉਹ ਵਿਸ਼ਵ ਦੇ ਬੱਬਲਬੱਤੇ ਹੋਣ ਦੀ ਗੱਲ ਕਰਦਾ ਹੋਵੇ। ਸ਼ਹਿਰੀਆ ਅਜਮੇਰ ਪਿੰਡ ਦੇ ਉਸ ਬੰਦੇ ਨਾਲ ਜੁੜਿਆ ਰਿਹਾ ਜੀਹਨੇ ਸਦਾ ਸਰਬੱਤ ਦਾ ਭਲਾ ਮੰਗਿਆ। ਖਾਸ ਸਥਿਤੀਆਂ 'ਚੋਂ ਜੀਹਦੇ ਅੰਦਰਲਾ ਗਾਲ ਦੇ ਕੇ ਬੋਲਦੈ। ਜਿਹੜੀ ਗਾਲ ਨੰਗੀ ਤਾਂ ਵਰਜਿਤ ਐ ਪਰ ਖਾਸ ਪ੍ਰਸਥਿਤੀ ’ਚ ਪ੍ਰਮਾਣਿਕ। ਉਂਝ ਇਹ ਗਾਲ ਉਹਦੇ ਪਾਤਰਾਂ/ਨਾਟਕਾਂ ਦਾ ਤਕੀਆ ਕਲਾਮ ਵੀ ਬਣੀ ਪਰ ਉਹਨੇ ਰੋਗ ਨ੍ਹੀਂ ਬਣਨ ਦਿੱਤੀ। ਇਹ ਜਨੈਟਿਕ ਹੋਣ ਤੋਂ ਬਚੀ। ਅਗਲੀ ਪੀੜ੍ਹੀ ਚ ਤੁਰੀ ਤਾਂ ਹੈ ਪਰ ਥੋੜ੍ਹਾ ਥੋੜ੍ਹਾ। ਐਨਾ ਕੁ ਤਾਂ ਉਹਦੇ ਵਾਰਿਸ ਆਪਣਾ ਹੱਕ ਜਤਾਉਂਦੇ ਨੇ ਪਰ ਉਹ ਵੀ ਗਾਲ ਨੂੰ ਸੱਭਿਆਚਾਰਕ ਮੁਹਾਵਰੇ ਵਜੋਂ ਵਰਤਦੇ ਨੇ। ਇੱਕ ਮਿੱਤਰ ਔਲਖ ਦਾ ਇਸ ਪੱਖ ਤੋਂ ਵਿਰੋਧ ਕਰਦੈ ਪਰ ਮੈਂ ਸਮਝਦਾ ਹਾਂ ਕਿ ਉਸ ਨੂੰ ਅਜੇ ਪੜ੍ਹਨ ਦੀ ਲੋੜ ਐ।
ਕੇਹੀ ਦੱਸਣੀ ਅਕਲ ਸਿਆਣਿਆਂ ਨੂੰ……
ਔਲਖ ਮਾਰਕਸੀ ਸੀ ਪਰ ਕਿਸੇ ਇੱਕ ਪਾਰਟੀ ਪ੍ਰਤੀ ਕਮਿਟਡ ਨ੍ਹੀਂ ਸੀ। ਉਸ ਅੰਦਰਲੇ ਨੇ ਮੈਨੂੰ ਕਈ ਵਾਰੀ ਸੰਕੇਤ ਦਿੱਤੇ। ਬਦਲਦੇ ਮਾਹੌਲ ਵਿੱਚ ਉਹ ਸਮਕਾਲੀਆਂ ਤੋਂ ਸਹਿਮਿਆ। ਉਹਦਾ ਸਹਿਮਣਾ ਜਾਇਜ਼ ਸੀ ਜਾਂ ਨਹੀਂ ਇਹ ਪਤਾ ਨਹੀਂ ਪਰ ਇਹ ਪੱਖਪਾਤੀ ਬਣਾ ਦਿੰਦੈ। ਸਾਹਿਤ 'ਚ ਪੱਖਪਾਤ ਵਰਗੀ ਥਾਂ ਨ੍ਹੀਂ ਹੁੰਦੀ ਪਰ ਪੰਜਾਬੀ ਸਾਹਿਤ ਚ ਪੱਖਪਾਤ ਦਾ ਜਿਵੇਂ ਫੈਸ਼ਨ ਆ। ਪੱਖਪਾਤ 'ਚ ਇੱਛਿਤ ਗੱਲ ਆਉਂਦੀ ਐ, ਅਸਲੀ ਨ੍ਹੀਂ। ਪੰਜਾਬੀ ਦੇ ਬਹੁਤੇ ਸਿਰਜਕਾਂ ਨੇ ਇੰਝ ਕੀਤਾ। ਕੁਝ ਕੁ ਨੇ ਡਰਦਿਆਂ, ਕੁਝ ਕੁ ਨੇ ਜਾਣ ਬੁੱਝ। ਔਲਖ ਦੋਵਾਂ ਤੋਂ ਅਲਾਹਿਦੈ। ਉਹਦੀ ਗੱਲ 'ਚ ਕੁੱਬ ਐ। ਕੱਢਣਾ ਚਾਹੀਏ ਨਿਕਲ ਸਕਦੈ, ਉਂਝ ਪੈ ਸਕਦੈ। ਕੁੱੱਬ ਹੋਣਾ ਵਾਸਤਵਿਕਤਾ ਦੇ ਨੇੜੇ ਹੋਣਾ ਹੁੰਦੈ। ਇਸ ਬਾਰੇ ਉਹ ਆਪ ਵੀ ਕਹਿੰਦੈ। ਮੈਂ ਕਈ ਵਾਰ ਉਸ ਨਾਲ ਅਜਿਹੀਆਂ ਗੱਲਾਂ ਕਰੀਆਂ ਜਿਨ੍ਹਾਂ ਬਾਰੇ ਉਹ ਨਵੇਂ ਸਿਿਰਓਂ ਨਾਟਕ ਲਿਖਣ ਦੀ ਸੋਚਦਾ ਸੀ।
‘ਔਲਖ ਸਾਬ੍ਹ, ਤੁਸੀਂ ਅੱਸੀ ਤੋਂ ਨੱਬੇ ਵਾਲੇ ਸਮੇਂ ਬਾਰੇ ਕੀ ਸੋਚਦੇ ਓਂ ?’ - ਮੈਂ ਅਕਸਰ ਪੰਗੇ ਲੈਂਦਾ।
‘ਢਿੱਲੋਂ, ਤੂੰ ਨਵਿਆਂ ’ਚੋਂ ਐਂ ਤੈਨੂੰ ਨ੍ਹੀਂ ਪਤਾ ਹੋਣਾ। ਦਰਅਸਲ ਅਸੀਂ ਇੱਕ ਵਾਰੀ ਨਾ ਨਾਟਕ ਖੇਡਿਆ ਸਿਰਸੇ ਕਾਲਜ। ਉਦੋਂ ਡਾ. ਸੁਖਦੇਵ ਸਿੰਘ ਉੱਥੇ ਪੜ੍ਹਾੳੇੁਦਾ ਸੀ। ਓਹ ਮੇਰਾ ਨਾਟਕ ਸੀ…ਮੈਂ ਨਾ ਭੁੱਲ ਗਿਆ…ਚਲ ਯਾਦ ਆਜੂ…ਓਸ ਵਿੱਚ ਵਾਰਤਾਲਾਪ ਸੀ, ਪ੍ਰਧਾਨ ਮੰਤਰੀ ਬਾਰੇ। ਜਦੋਂ ਮੰਚ ਤੋਂ ਪਾਤਰ ਨੇ ਬੋਲਿਆ ਰੌਲਾ ਪੈ ਗਿਆ। ਫਿਰ ਮੈਂ ੳੇੁਹਨੂੰ ਛਾਪਣ ਵੇਲੇ ਕੱਢ ਤਾ ਸੀ ਬਈ ਐਵੇਂ ਕਾਹਨੂੰ ਰੌਲਾ ਪਾਉਣੈ। ਮੇਰੇ ਪੁੱਤ ਦਾ ਓਦੋਂ ਡਰ ਸੀ।’ - ਉਸਨੇ ਕਿਹਾ।
‘ਔਲ਼ਖ ਸਾਬ੍ਹ ਡਰ ਗਏ ਹੈਂ ਫਿਰ ਤਾਂ।’ ਮੈਂ ਫਿਰ ਅਗਲਾ ਗੱਲ ਪੁੱਛਦਾ।
‘ਨ੍ਹੀਂ ਸਮਾਂ ਵਿਚਾਰਨਾ ਚਾਹੀਦਾ। ਅਸੀਂ ਵਰਦੀ ਅੱਗ 'ਚ ਨਾਟਕ ਖੇਡੇ ਆ ਢਿੱਲੋਂ।’
ਇਹ ਨਾਟਕ ਅੱਧ ਵਿਚਕਾਰੋਂ ਬੰਦ ਕਰਨਾ ਪਿਆ। ਕੁੱਝ ਸਮੇਂ ਬਾਅਦ ਡਾ. ਸਾਬ੍ਹ ਮਾਨਸਾ ਪੈਸੇ ਦੇਣ ਆਏ, ਔਲਖ਼ ਇਨਕਾਰ ਕਰਦਾ ਰਿਹਾ, ਉਹ ਧੱਕੇ ਨਾਲ ਘਰ ਪੈਸੇ ਦੇ ਗਏ। ਔਲਖ਼ ਸਾਬ੍ਹ ਕਹਿµਦੇ ਹੁµਦੇ ਸਨ ਕਿ ਡਾ. ਸੁਖਦੇਵ ਸਿੰਘ ਰੰਗਮੰਚ ਨੂੰ ਇਸ਼ਕ ਕਰਨ ਵਾਲਾ ਬµਦਾ ਹੈ ਜਿਸਨੇ ਆਪਣੀ ਜੇਬ ਵਿੱਚੋਂ ਪੈਸੇ ਦਿੱਤੇ।
ਔਲਖ ਸਾਬ੍ਹ ਮੇਰਾ ਗੁਰੂਦੇਵ ਤਾਂ ਫਿਰ ਸਿਖਰ ਦਾ ਆਸ਼ਕ ਹੋਇਆ। ਅਸੀਂ ਦੋਵੇਂ ਹੱਸ ਪਏ।
ਉਸਦੇ ਅੰਦਰਲੇ ਸੰਸਾਰ ਬਾਰੇ ਇੱਥੇ ਉਸਦਾ ਹਵਾਲਾ ਦੇਈਏ ਤਾਂ ਉਸਦੇ ਨਾਟਕ ਬਗਾਨੇ ਬੋਹੜ ਦੀ ਛਾਂ 'ਚ ਇੱਕ ਵਾਰਤਾਲਾਪ ਸੀ ਜਿਹੜਾ ਸੱਤਾ ਨੂੰ ਹਜ਼ਮ ਨਹੀਂ ਸੀ। ਬਕੌਲ ਲੇਖਕ ‘ ਇਸ ਟਿੱਪਣੀ ਸਦਕਾ ਮੇਰੇ ਕਈ ‘ਵਿਦਵਾਨ ਤੇ ਕਾਮਰੇਡ ਦੋਸਤਾਂ ਨੇ ਅੰਦਰਖਾਤੇ ਮੈਨੂੰ ਵੀ ਖਾਲਿਸਤਾਨੀ ਮਾਨਸਿਕਤਾ ਦਾ ਸ਼ਿਕਾਰ ਹੋਇਆ ਕਹਿਣ ਤੋਂ ਗੁਰੇਜ਼ ਨਾ ਕੀਤਾ।’ ਅਸਲ ਵਿੱਚ ਇਹ ਕੁੱਬ ਐ। ਅਜਮੇਰ ਸਿੰਘ ਆਪਣੀ ਕਿਤਾਬ ਵਿੱਚ ਇੱਕ ਹੋਰ ਵਾਕਿਆਤ ਦਾ ਜ਼ਿਕਰ ਕਰਦੇ ਹਨ ਜਿਹੜੀ ਸੱਚੀ ਘਟਨਾ ’ਤੇ ਅਧਾਰਿਤ ਐ। ਇਸ ਸਬੰਧੀ ਔਲਖ ਦਾ ਕਹਿਣਾ ਹੈ ਕਿ ‘ ਜਦੋਂ ਮੈਂ ਇਹ ਸਾਰੀ ਕਹਾਣੀ ਸੁਣੀ ਤਾਂ ਇੱਕ ਵਾਰ ਤਾਂ ਮੇਰਾ ਵੀ ਸਮੁੱਚਾ ਬਜੂਦ ਹਿੱਲ ਗਿਆ। …ਕੁਝ ਵੀ ਸਮਝ ਲਵੋ ਪਰ ਇਹ ਸੱਚ ਹੈ ਕਿ ਇਹ ਕਹਾਣੀ ਕਾਫੀ ਸਮੇਂ ਤੱਕ ਮੈਨੂੰ ਡਿਸਟਰਬ ਕਰਦੀ ਰਹੀ ਤੇ ਇਸ ਘਟਨਾ ਨੂੰ ਆਧਾਰ ਬਣਾ ਕੇ ਮੈਂ ਕੋਈ ਨਾਟਕ ਲਿਖਣ ਦੀ ਵਿਉਂਤ ਬਣਾਉਂਦਾ ਰਿਹਾ। ਨਾਟਕ ਤਾਂ ਮੈਂ ਲਿਖ ਨਾ ਸਕਿਆ ਪਰ ਇਸ ਘਟਨਾ ਵਿੱਚ ਮਾਮੂਲੀ ਅਦਲਾ ਬਦਲੀ ਕਰ ਕੇ ਇਹ ਮੈਂ ਆਪਣੇ ਨਾਟਕ ਬਗਾਨੇ ਬੋਹੜ ਦੀ ਛਾਂ ਵਿੱਚ ਹੀ ਇੱਕ ਥਾਂ ਜ਼ਰੂਰ ਫਿੱਟ ਕਰ ਦਿੱਤਾ। …ਖਾਲਿਸਤਾਨੀ ਗਰਦਾਨੇ ਜਾਣ ਦੇ ਡਰੋਂ ਇਸ ਨਾਟਕ ਤੇ ਇਸ ਤੋਂ ਪਿੱਛੇ ਛਪੇ ਐਡੀਸ਼ਨਾਂ ਵਿੱਚ ਛਪਵਾਉਣ ਦਾ ਤਾਂ ਹੀਆ ਨਾ ਕਰ ਸਕਿਆ ਪਰ ਪੰਜਾਬ ਵਿੱਚ ਇਸਨੂੰ ਮੰਚ ਉੱਤੇ ਅਨੇਕਾਂ ਵਾਰੀ ਜ਼ਰੂਰ ਪੇਸ਼ ਕੀਤਾ। ਆਪਣੀ ਇਸ ਕਮਜ਼ੋਰੀ ਸਦਕਾ ਮੈਂ ਆਪਣਾ ਇੱਕ ਇਕਾਂਗੀ 'ਹਰਿਆ ਬੂਟ' ਵੀ ਕੋਈ ਬਾਰਾਂ ਤੇਰਾਂ ਸਾਲ ਤੱਕ ਛਪਵਾਉਣ ਦੀ ਜੁਅਰਤ ਨਹੀਂ ਸੀ ਕਰ ਪਾਇਆ। ਇਸ ਨਾਟਕ ਵਿੱਚ ਮੈਂ ਲਹਿਰ ਦੌਰਾਨ ਸਟੇਟ ਟੈਰਾਰਿਜ਼ਮ ਵਿਸ਼ਾ ਬਣਾਇਆ ਸੀ ਤੇ ਇਸ ਵਿੱਚ ਵੀ ਮੇਰੇ ਕਈ ਮਿੱਤਰਾਂ ਨੂੰ ਅੱਤਵਾਦ ਦੀ ਬੋਅ ਆਉਂਦੀ ਸੀ। 1990 ਵਿੱਚ ਲਿਖੇ ਆਪਣੇ ਇਸ ਨਾਟਕ ਨੂੰ ਮੈਂ ਸਾਲ 2003 ਵਿੱਚ ਹੀ 'ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ' ਕਿਤਾਬ ਵਿੱਚ ਸ਼ਾਮਲ ਕਰ ਸਕਿਆ, ਉਹ ਵੀ ਡਰਦੇ ਡਰਦੇ।
ਘਰ ਫੂਕ ਤਮਾਸ਼ਾ ਵੇਖਣ ਏ…
ਇਹ ਗੱਲ ਪੱਕੀ ਐ ਉਹਨੇ ਵਿਕਣ ਲਈ ਨਹੀਂ ਲਿਖਿਆ। ਉਂਝ ਨਾਟਕ ਦੇ ਮਾਮਲੇ ਵਿੱਚ ਇਹ ਗੱਲ ਹੈ ਤਾਂ ਅਟਪਟੀ ਜਿਹੀ। ਨਾਟਕ ਬਾਜਾਰੂ ਵਿਧਾ ਨਹੀਂ। ਇਹ ਤਾਂ ਘਰ ਫੂਕ ਤਮਾਸ਼ਾ ਵੇਖਣ ਆਲੀ ਗੱਲ ਐ। ਅਜਿਹੀ ਥਾਂ ਨਾਵਲ ਕੋਲ ਹੈਗੀ ਆ। ਨਾਵਾਂ ਤੋਂ ਬਿਨ੍ਹਾਂ ਗੱਲ ਕਰਨੀ ਹੋਵੇ ਤਾਂ ਕਈ ਵੱਡੇ ਨਾਵਾਂ ਨੇ ਪ੍ਰਕਾਸ਼ਿਕਾਂ ਨੂੰ ਪੈਸੇ ਵਟਾਉਣ ਲਈ ਨਾਵਲ ਲਿਖੇ। ਪੰਜਾਬੀ ਦੇ ਨਾਟਕਕਾਰਾਂ ਨੇ ਵੀ ਅਜਿਹਾ ਕੀਤਾ ਤਾਂ ਹੈ ਪਰ ਢੰਗ ਬਦਲ ਕੇ। ਨਾਟਕਕਾਰਾਂ ਨੇ ਨਾਟਕਾਂ ਦੇ ਨਾਮ ਐਸੇ ਰੱਖੇ ਕਿ ਪਾਠਕਾਂ ਨੇ ਚੋਰੀ ਚੋਰੀ ਖਰੀਦ ਕੇ ਪੜ੍ਹੇ। ਅਹਿਜਾ ਹੋਇਆ, ਸਾਰੀਆਂ ਵਿਧਾਵਾਂ ਵਿੱਚ ਹੋਇਆ। ਕਈ ਨਾਂ ਕਹਾਣੀ ਸੰਗ੍ਰਹਿਾ ਦੇ ਨੇ, ਕੋਈ ਨਾਵਲਾਂ ਦੇ, ਕਈ ਨਾਟਕਾਂ ਦੇ। ਔਲਖ ਇਸ ਪੱਖੋਂ ਵੀ ਭਲਾ ਪੁਰਸ਼ ਐ। ਸ਼ਾਇਦ ਇਸ ਪੱਖੋਂ ਉਹਨੇ ਸਮਝੌਤਾ ਨ੍ਹੀਂ ਕੀਤਾ। ਕਹਿੰਦੇ ਉਹ ਪਹਿਲਾਂ ਨਾਟਕ ਖੇਡਦਾ ਸੀ ਬਾਅਦ 'ਚ ਲਿਖਦਾ, ਫੇਰ ਛਾਪਦਾ। ਜੇ ਕੋਈ ਵਾਰਤਾਲਾਪ ਏਧਰ ਉਧਰ ਕਰਨਾ ਹੁੰਦਾ ਕਰ ਲੈਂਦਾ। ਇੱਕ ਨਾਟਕ ਤਾਂ ਉਸਨੇ ਪ੍ਰੋਜੈਕਟ ਬਣਾ ਕੇ ਲਿਖਿਆ ਤਾਂ ਕਰਕੇ ਉਹਦੀ ਜੜ੍ਹ ਪਾਠਕ ਨੂੰ ਭਾਵੁਕ ਕਰ ਸਕਦੀ ਐ, ਉਸ 'ਚ ਨਾਟਕੀਅਤਾ ਘੱਟ ਐ। ਉਹਦੇ ਸਮਕਾਲੀਆਂ ਦੇ ਮੁਕਾਬਲੇ ਉਸਨੇ ਨਾਟਕ ਮੰਚ ਪੱਖੋਂ ਸਾਦੀਆਂ ਜੁਗਤਾਂ ਦਿੱਤੀਆਂ। ਇਹ ਗੱਲ ਵੱਡੀ ਐ ਕਿ ਉਸਦੇ ਨਾਟਕ ਨੇ ਇੱਕ ਖੁੰਢ ਅਤੇ ਇੱਕ ਮੰਜੇ ਨਾਲ ਚੰਡੀਗੜ੍ਹ ਦੇ ਦਰਸ਼ਕ ਦਾ ਰੰਗਮੰਚੀ ਸੈੱਟ ਵਾਲਾ ਨਜ਼ਰੀਆ ਤੋੜਿਆ। ਦੱਸਿਆ ਕਿ ਨਾਟਕ ਐਂ ਵੀ ਖੇਡੇ ਜਾ ਸਕਦੇ ਨੇ। ਇੱਕ ਤਰੀਕੇ ਨਾਲ ਨਾਟਕ ਨੂੰ ਵੱਡੇ ਸਾਜ਼ੋ ਸਾਮਾਨ ਤੋਂ ਮੁਕਤ ਕੀਤਾ। ਔਲਖ ਦਾ ਨਜ਼ਰੀਆਂ 'ਐਂ ਨ੍ਹੀਂ ਹੁਣ ਸਰਨਾ' 'ਚ ਬਦਲਿਐ। ਇਹ ਜਾਨਣ ਵਾਲੇ ਜਾਣਦੇ ਨੇ, ਸਮਝਣ ਵਾਲੇ ਸਮਝਦੇ ਨੇ।
ਪੀੜ ਏਨੀ ਕਿ ਰੇਤ ਵੀ ਤੜਪੀ, ਜ਼ਬਤ ਏਨਾ ਕਿ ਚੀਕਿਆ ਨਾ ਗਿਆ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਜਦੋਂ ਵੀ ਨਾਟਕਾਂ ਬਾਰੇ ਜ਼ਿਕਰ ਚਲਦਾ ਤਾਂ ਮੈਨੂੰ ਤੇ ਗਿੱਲ ਨੂੰ ਔਲਖ ਵਾਲੇ ਮਾਨਸਾ ਕਰਕੇ ਜਾਣਿਆ ਜਾਂਦਾ। ਔਲ਼ਖ ਦੇ ਨਾਟਕਾਂ ਨੂੰ ਵੇਖਦਿਆਂ ਵੇਖਦਿਆਂ ਪਿਡਾਂ ਦੇ ਪਿੰਡ ਜੁਆਨ ਹੋਏ ਹਨ।
ਫੋਰਟਸ ਹਸਪਤਾਲ ਦੇ ਆਈ. ਸੀ. ਯੂ. ਵਿੱਚ ਬੈੱਡ ਤੇ ਪਏ ਔਲਖ ਨੇ ਹੌਸਲਾ ਨਹੀਂ ਛੱਡਿਆ। ਮੈਂ ਜਦੋਂ ਵੀ ਘਰ ਜਾਂਦਾ ਉਹ ਜਲੌਅ ਵਿੱਚ ਆ ਜਾਂਦਾ। ਆਖਦਾ -
‘ਢਿੱਲੋਂ, ਜਦੋਂ ਮੈਂ ਤੁਹਾਡੇ ਵਰਗੇ ਪਾਠਕਾਂ ਨਾਲ ਗੱਲਾਂ ਕਰਦਾਂ ਤਾਂ ਮੇਰਾ ਦਰਦ ਦੂਰ ਹੋ ਜਾਂਦੈ।’
ਸਾਹਿਤ ਦੀਆਂ ਗੱਲਾਂ ਉਸ ਲਈ ਦਰਦ ਦੀ ਦਵਾ ਬਣਕੇ ਆਉਂਦੀਆਂ। ਲੋਕਾਂ ਦੇ ਦਰਦ ਨੂੰ ਉਹ ਦਰਦ ਦੀ ਭਾਸ਼ਾ ਦਿੰਦਾ ਰਿਹਾ। ਚੜ੍ਹਦੀ ਜਵਾਨੀ ਵਿੱਚ ਔਲਖ਼ ਨੇ ਜਾਗੀਰਦਾਰੀ ਨਿਜ਼ਾਮ ਦਾ ਕਹਿਰ ਪਿੰਡੇ ’ਤੇ ਹੰਢਾਇਆ। ਨਾਟਕ ਲਿਖਣ ਔਲਖ਼ ਸੱਤਰਵਿਆਂ ਵਿੱਚ ਲੱਗ ਪਿਆ। ਉਸ ਸਮੇਂ ਹੀ ਪੰਜਾਬੀ ਦੇ ਨਾਮਵਰ ਆਲੋਚਕਾਂ ਨੇ ਉਸਦੇ ਨਾਟਕਾਂ ਦਾ ਨੋਟਿਸ ਲਿਆ। ਪੇਂਡੂ ਭਾਸ਼ਾ ਵਿੱਚ ਰੰਗੇ ਉਸਦੇ ਨਾਟਕ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਛਹਿਬਰਾਂ ਲਾਉਂਦੇ ਰਹੇ। ਬਗਾਨੇ ਬੋਹੜ ਦੀ ਛਾਂ ਨੇ ਚੰਡੀਗੜ੍ਹ ਦੇ ਦਰਸ਼ਕਾਂ ਨੂੰ ਸਾਹ ਰੋਕ ਕੇ ਦੇਖਣ ਲਈ ਮਜਬੂਰ ਕਰ ਲਿਆ। ਨਾਵਲਕਾਰ ਗੁਰਦਿਆਲ ਸਿੰਘ ਨੇ ਔਲਖ ਨੂੰ ਐਸਾ ਹੌਸਲਾ ਦਿੱਤਾ ਕਿ ਔਲਖ਼ ਨੇ ਨਾਟਕ ਕਰਦਿਆਂ ਦੁਨੀਆਂ ਵਿੱਚ ਨਾਮਣਾ ਖੱਟਿਆ।
ਫੋਰਟਸ ਹਸਪਤਾਲ ਦੇ ਬੈੱਡ ਤੇ ਪਿਆ ਔਲਖ਼ ਉਨਾਂ ਵੇਲਿਆਂ ਨੂੰ ਯਾਦ ਕਰਕੇ ਖ਼ੁਸ਼ ਹੋਇਆ ਹੋਵੇਗਾ ਜਦੋਂ ਉਸ ਦੇ ਹੱਥ ਗੁਰਦਿਆਲ ਸਿੰਘ ਨੇ ਟੈਗੋਰ ਥੀਏਟਰ ਵਿੱਚ ਹੋਣ ਵਾਲੇ ਨਾਟਕਾਂ ਦਾ ਪ੍ਰੀਤਲੜੀ ਵਿੱਚ ਛਪਿਆ ਇਸ਼ਤਿਹਾਰ ਦਿੱਤਾ ਸੀ। ਇਸ਼ਤਿਹਾਰ ਪੜ੍ਹਨ ਦੇ ਪਲ ਅਤੇ ਬੈੱਡ ਤੇ ਪੈਣ ਦੇ ਪਲ਼ ਦਾ ਲੰਮਾ ਵਕਫ਼ਾ ਉਸ ਨੇ ਮਨ ਹੀ ਮਨ ਚਿਤਵਿਆ ਹੋਵੇਗਾ। ਅਨੇਕਾਂ ਯਾਦਾਂ ਨੇ ਉਸ ਨੂੰ ਘੇਰਿਆ ਹੋਵੇਗਾ। ਕਈ ਯਾਦਾਂ ਨੂੰ ਯਾਦ ਕਰਕੇ ਉਹ ਸਰੂਰਿਆ ਗਿਆ ਹੋਵੇਗਾ। ਬਹੁਤ ਕੁੱਝ ਸੀ ਜਿਸਨੂੰ ਉਹ ਲਿਖਣਾ ਚਾਹੁੰਦਾ ਸੀ, ਆਪਣੀ ਸਵੈ ਜੀਵਨੀ ਨੰਗਾ ਢਿੱਡ ਵਿੱਚ।
ਔਲਖ ਸਾਬ੍ਹ, ਤੁਸੀਂ ਵੀ ਕਦੇ ਇਸ਼ਕ ਕੀਤਾ ਆ ਰੰਗਮੰਚ ਤੋਂ ਬਿਨ੍ਹਾਂ ਕਿਸੇ….।’ - ਮੈਂ ਕਿਹਾ।
‘ਕਰਿਆ ਸੀ ਢਿੱਲੋਂ। ਕਬੀਲਦਾਰੀ ਮਸਾਂ ਚੱਲਦੀ ਸੀ ਮੇਰੇ ਪੁੱਤ ਦੀ। ਸਿਰੇ ਨ੍ਹੀਂ ਚੜਿਆ।’
‘ਵਧੀਆ ਹੋਇਆ।’ - ਮੈਂ ਕਿਹਾ।
‘ਕਿਉਂ।’ - ਜਿਵੇਂ ਮੈਨੂੰ ਸਵਾਲ ਕਰਿਆ ਹੋਵੇ।
‘ਦੂਜੀ ਬੇਬੇ ਆ ਬੇਬੇ ਵਰਗੀ ਤਾਂ ਨ੍ਹੀਂ ਹੋਣੀ ਸੀ।’ - ਮੈਂ ਹੱਸਦਿਆਂ ਕਿਹਾ।
ਇੱਕ ਹੋਰ ਸੁਣ ਢਿੱਲੋਂ -
ਨਹਿਰੂ ਕਾਲਜ ’ਚ ਫੈਸਟੀਵਲ ਤੇ ਨਾਟਕ ਕਰਨਾ ਸੀ ਕੇਰਾਂ। ਨਵਾਂ ਮੈਂ ਲਿਖਿਆ ਨ੍ਹੀਂ ਸੀ ਪਹਿਲਾਂ ਲਿਖੇ ਸਾਰੇ ਖੇਡੇ ਹੋਏ ਸੀ। ਮੈਂ ਆਪਣੀ ਗੱਲ ਆਪਣੇ ਵਿਦਿਆਰਥੀਆਂ ਨਾਲ ਕਿਉਂ ਨਾ ਕਰਲੀ।
ਮੇਰਾ ਇੱਕ ਵਿਿਦਆਰਥੀ ਸੀ ਦਰਸ਼ਨ ਮਿਤਵਾ। ਕਹਿੰਦਾ -
‘ਪ੍ਰੋਫੈਸਰ ਸਾਬ੍ਹ ਕੋਈ ਅਜਿਹਾ ਨਾਟਕ ਲਿਖੋ ਜਿਸ ਵਿੱਚ ਬਹੁਤ ਸਾਰੇ ਆਸ਼ਿਕ ਇਕੱਠੇ ਹੋ ਸਕਦੇ ਹੋਣ।’
ਮੈਂ ਕਿਹਾ - ‘ਆਸ਼ਿਕ ਤਾਂ ਬਥੇਰੇ ਇਕੱਠੇ ਕਰ ਲਾਂਗੇ ਮਾਸ਼ੂਕਾਵਾਂ ਕਿੱਥੋਂ ਲਿਆਵਾਂਗੇ?’
ਮੈਂ ਹੈਰਾਨ ਸੀ ਕਿ ਐਨੇ ਦਰਦ ’ਚ ਬੰਦਾ ਐਨਾ ਖੁਸ਼ ਕਿਵੇਂ ਰਹਿ ਸਕਦੈ। ਫਿਰ ਮੈਂ ਸੋਚਿਆ ਇਹ ਸਧਾਰਨ ਘਰ ਨ੍ਹੀਂ ਰੰਗਮੰਚ ਦਾ ਘਰ ਹੈ। ਮੇਰੇ ਮਨ ਵਿੱਚ ਇੱਕ ਸ਼ਿਅਰ ਵਾਰ ਵਾਰ ਆਇਆ।
ਪੀੜ ਏਨੀ ਕਿ ਰੇਤ ਵੀ ਤੜਪੀ
ਜ਼ਬਤ ਏਨਾ ਕਿ ਚੀਕਿਆ ਨਾ ਗਿਆ।
ਲੈ ਇੱਕ ਗੱਲ ਹੋਰ ਸੁਣ -
‘ਅਸੀਂ ਨਾਟਕ ਖੇਡਣ ਗਏ। ਮੇਰੇ ਪੁੱਤ ਦਾ ਮੈਂ ਪਿੰਡ ਦਾ ਨਾਂ ਭੁੱਲ ਗਿਆ। ਉੱਥੇ ਇੱਕ ਨਿਹੰਗ ਨੂੰ ਕਿਸੇ ਨੇ ਕਹਿਤਾ ਬਈ ਔਲ਼ਖ ਦੇ ਨਾਟਕਾਂ ’ਚ ਗਾਲਾਂ ਨੇ। ਉਹ ਟੀਂਡਰਿਆ ਫਿਰੇ। ਬਰਛਾ ਉਹਦੇ ਕੋਲੇ । ਪੁੱਛਦਾ ਪੁੱਛਦਾ ਮੇਰੇ ਕੋਲ ਆ ਗਿਆ।’
‘ਫਿਰ ਜੀ।’ - ਮੈਂ ਕਿਹਾ।
ਫਿਰ ਕੀ ਮੈਂ ਕਿਹਾ ਮੇਰੇ ਨਾਲ ਬੈਠ ਜਾ ਬਾਬਾ। ਤੈਨੂੰ ਜਿੱਥੇ ਲੱਗਿਆ ਗਾਲਾਂ ਨੇ ਆ ਬਰਛਾ ਮੇਰੇ ਜੜ੍ਹ ਦੀ। ਜਦੋਂ ਖਤਮ ਹੋਇਆ ਤਾਂ ਉਹਨੇ ਮੈਨੂੰ ਜੱਫੀ ਵਿੱਚ ਲੈ ਲਿਆ। ਕਹਿੰਦਾ ਜਿੱਥੇ ਜੇ ਸੁਸਾਇਟੀ ਆਲੇ ਟਰੈਕਟਰ ਲੈਣ ਆਏ ਸੀ ਉੱਥੇ ਤਾਂ ਭਾਵੇਂ ਚਾਰ ਗਾਲਾਂ ਹੋਰ ਕੱਢ ਦਿੰਦਾ।’
ਸੁਣਦਿਆਂ ਸੁਣਦਿਆਂ ਅਸੀਂ ਦੋਵੇਂ ਹੱਸ ਪਏ।
ਜਦੋਂ ਵੀ ਮੈਂ ਉਨਾਂ ਨੂੰ ਮਿਲਣ ਜਾਂਦਾ ਤਾਂ ਡਾ. ਸੁਖਦੇਵ ਸਿੰਘ ਦਾ ਜ਼ਿਕਰ ਚੱਲਦਾ। ਇਹ ਜ਼ਿਕਰ ਕਥਾ ਬਣ ਜਾਂਦੀ। ਜਿੱਥੇ ਜਿੱਥੇ ਔਲਖ਼ ਸਾਬ੍ਹ ਗੱਲ ਭੁੱਲ ਜਾਂਦੇ ਬੇਬੇ ਮਨਜੀਤ ਕੌਰ ਪੂਰੀ ਕਰ ਦਿੰਦੇ। ਜਦੋਂ ਮੈਂ ਉਨ੍ਹਾਂ ਨੂੰ ਮਿਲਣ ਫ਼ੋਰਟਸ ਗਿਆ ਤਾਂ ਬੇਬੇ ਮਨਜੀਤ ਕੌਰ ਨੇ ਪਹਿਲੀ ਗੱਲ ਡਾ. ਸੁਖਦੇਵ ਸਿੰਘ ਤੋਂ ਸ਼ੁਰੂ ਕਰੀ। ਕਹਿਣ ਲੱਗੇ -
‘ਗੁਰਦੀਪ, ਸੁਖਦੇਵ ਸਿੰਘ ਸਾਰਾ ਸਾਰਾ ਦਿਨ ਇੱਥੇ ਰਹੇ, ਜਿਸ ਦਿਨ ਉਨਾਂ ਵਿਦੇਸ਼ ਜਾਣਾ ਸੀ ਉਹ ਪਹਿਲਾਂ ਏਥੇ ਆਏ ਫ਼ਿਰ ਧਰਨੇ ’ਚ ਗਏ, ਜਾਂਦੇ ਹੋਏ ਫ਼ਿਰ ਪਤਾ ਲੈ ਕੇ ਗਏ।’
ਕਾਵਿ-ਪੁਸਤਕ ਮੁਹੱਬਤਗਿਰੀ ਤੇ ਹੋਈ ਗੋਸ਼ਟੀ ਵਿੱਚ ਅਜਮੇਰ ਸਿੰਘ ਔਲਖ਼ ਨੂੰ ਵਾਰ ਵਾਰ ਯਾਦ ਕੀਤਾ ਗਿਆ। ਡਾ. ਸੁਖਦੇਵ ਸਿੰਘ ਨੇ ਕਹਿੰਦੇ - ‘ਮੈਂ ਉਦਾਸ ਹਾਂ ਕਿ ਪੰਜਾਬੀ ਦਾ ਨਾਟਕਕਾਰ ਸਾਡੇ ਤੋਂ ਥੋੜਾ ਦੂਰ ਬੈਠਾ ਰੀਡ ਦੀ ਹੱਡੀ ਦਾ ਦਰਦ ਹੰਢਾ ਰਿਹਾ ਹੈ।’ ਵਿਸ਼ਵ ਵਿੱਚ ਪੰਜਾਬੀ ਨੂੰ ਪਿਆਰਨ ਵਾਲੇ ਹਰ ਪਾਠਕ ਨੂੰ ਔਲਖ਼ ਦੇ ਤੁਰਨ ਦਾ ਅਫ਼ਸੋਸ ਹੈ। ਅਸੀਂ ਜਦੋਂ ਰੀਜ਼ਨਲ ਸੈਂਟਰ ਵਿੱਚ ਐੱਮ. ਏ. ਕਰਦੇ ਸੀ ਤਾਂ ਸਾਡੇ ਪ੍ਰੋਫੈਸਰ ਡਾ. ਸਤਨਾਮ ਸਿੰਘ ਜੱਸਲ ਅਕਸਰ ਉਨ੍ਹਾਂ ਦੇ ਨਾਟਕਾਂ ਦੀ ਸਿਰਜਨ ਪ੍ਰਕਿਰਿਆ ਬਾਰੇ ਗੱਲਾਂ ਕਰਦੇ। ਉਨ੍ਹਾਂ ਦੇ ਪਾਤਰਾਂ ਬਾਰੇ ਜਿਹੜੇ ਤੰਗੀਆ-ਤੁਰਸ਼ੀਆਂ ਵਾਲੇ ਹੋਣਦੇ ਬਾਵਜੂਦ ਬੜੀ ਸ਼ਿੱਦਤ ਨਾਲ ਜਿਉਂਦੇ ਹਨ। ਅਸਲ ਵਿੱਚ ਇਹ ਪਾਤਰ ਕਲਪਿਤ ਨਹੀਂ ਇਹ ਉਹੀ ਪਾਤਰ ਨੇ ਜਿਹੜੇ ਉਨਾਂ ਦੀ ਅਰਥੀ ਮਗਰ ਅਮਰ ਰਹੇ ਦੇ ਨਾਅਰੇ ਲਗਾ ਰਹੇ ਸਨ। ਜਿਨ੍ਹਾਂ ਦੇ ਦਰਦ ਦੀ ਗੱਲ ਔਲਖ ਨੇ ਕੀਤੀ।
….ਸਮਾਪਤ…..
ਲਿਖਤ:- ਗੁਰਦੀਪ ਸਿੰਘ ਢਿੱਲੋਂ
ਪ੍ਰੋਫੈਸਰ, ਗੁਰੂ ਨਾਨਕ ਕਾਲਜ ਬੁਢਲਾਡਾ
