ਸਾਰੇ ਲੇਖ
social 1 Jul 2026 3 min read 83 views

ਅਸੀਂ ਬੋਰਵੈਲ ਦੀਆਂ ਘਟਨਾਵਾਂ ਤੋਂ ਕਦੋਂ ਸਿੱਖਾਂਗੇ!

ਫ਼ਤਹਿਵੀਰ ਤੋਂ ਨਿਰਵੈਰ ਤੱਕ ਬੋਰਵੈਲ ਹਾਦਸਿਆਂ ਨੇ ਸਮਾਜ ਨੂੰ ਵੱਡਾ ਸਬਕ ਦਿੱਤਾ ਹੈ। ਜਾਣੋ ਖੁੱਲ੍ਹੇ ਬੋਰਵੈਲਾਂ ਦੀ ਲਾਪਰਵਾਹੀ, ਬੱਚਿਆਂ ਦੀ ਸੁਰੱਖਿਆ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ...

Sirlekh Team

Updated 15 Jul 2026

ਸਾਂਝਾ ਕਰੋ:

fWATG
ਅਸੀਂ ਬੋਰਵੈਲ ਦੀਆਂ ਘਟਨਾਵਾਂ ਤੋਂ ਕਦੋਂ ਸਿੱਖਾਂਗੇ!

ਬੋਰਵੈਲ 'ਚ ਡਿੱਗਣ ਵਾਲੇ ਫਤਹਿਵੀਰ ਤੋਂ ਨਿਰਵੈਰ ਦੀ ਮੌਤ ਤੱਕ ਦਾ ਸਫ਼ਰ..

==============================

ਕਈ ਵਾਰ ਲੱਗਦੈ ਕਿ ਅਸੀਂ ਇੱਕ ਸਮਾਜ ਵਜੋਂ ਘਟਨਾਵਾਂ ਤੋਂ ਨਹੀਂ, ਸਿਰਫ਼ ਕੁਝ ਦਿਨਾਂ ਦੀਆਂ ਸੁਰਖੀਆਂ ਤੋਂ ਹੀ ਸਿੱਖਦੇ ਆਂ.. ਕੋਈ ਦਰਦਨਾਕ ਹਾਦਸਾ ਵਾਪਰਦੈ.. ਪੂਰਾ ਦੇਸ਼ ਦੁੱਖ ਵਿੱਚ ਡੁੱਬ ਜਾਂਦੈ.. ਟੈਲੀਵਿਜ਼ਨ ਚੈਨਲਾਂ 'ਤੇ ਲਗਾਤਾਰ ਲਾਈਵ ਪ੍ਰਸਾਰਣ ਹੁੰਦੈ.. ਸੋਸ਼ਲ ਮੀਡੀਆ ਉੱਤੇ ਅਰਦਾਸਾਂ ਅਤੇ ਦੁਆਵਾਂ ਦਾ ਹੜ੍ਹ ਆ ਜਾਂਦੈ.. ਸਰਕਾਰਾਂ ਵੱਡੇ-ਵੱਡੇ ਦਾਅਵੇ ਕਰਦੀਆਂ ਨੇ..ਅਤੇ ਫਿਰ... ਕੁਝ ਦਿਨਾਂ ਬਾਅਦ ਸਭ ਕੁਝ ਭੁੱਲ ਜਾਂਦੇ ਹਾਂ.. ਪਰ ਉਹ ਮਾਪੇ ਕਦੇ ਨਹੀਂ ਭੁੱਲਦੇ ਜਿਨ੍ਹਾਂ ਦੀ ਗੋਦ ਹਮੇਸ਼ਾ ਲਈ ਸੁੰਨੀ ਹੋ ਜਾਂਦੀ ਆ..

ਸਾਲ 2019 ਵਿੱਚ ਪੰਜਾਬ ਦੇ ਫਤਹਿਵੀਰ ਦੀ ਬੋਰਵੈਲ ਵਿੱਚ ਡਿੱਗਣ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਸੀ.. ਸੈਂਕੜੇ ਘੰਟਿਆਂ ਤੱਕ ਚੱਲੇ ਰੈਸਕਿਊ ਆਪਰੇਸ਼ਨ ਦੌਰਾਨ ਹਰ ਪੰਜਾਬੀ ਦੀ ਨਿਗਾਹ ਉਸ ਬੋਰਵੈਲ 'ਤੇ ਟਿਕੀ ਹੋਈ ਸੀ.. ਹਰ ਦਿਲ ਇਹੀ ਅਰਦਾਸ ਕਰ ਰਿਹਾ ਸੀ ਕਿ ਨਿੱਕਾ ਫਤਹਿਵੀਰ ਸੁਰੱਖਿਅਤ ਬਾਹਰ ਆ ਜਾਵੇ.. ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ.. ਉਹ ਨਿੱਕਾ ਜਿਹਾ ਚਿਹਰਾ ਸਾਡੇ ਦਿਲਾਂ ਵਿੱਚ ਹਮੇਸ਼ਾ ਲਈ ਇੱਕ ਦਰਦ ਬਣ ਕੇ ਰਹਿ ਗਿਆ..

ਉਸ ਵੇਲੇ ਵਾਅਦੇ ਹੋਏ ਕਿ ਹੁਣ ਕੋਈ ਖੁੱਲ੍ਹਾ ਬੋਰਵੈਲ ਨਹੀਂ ਰਹਿਣ ਦਿੱਤਾ ਜਾਵੇਗਾ.. ਸਖ਼ਤ ਨਿਯਮ ਬਣਨਗੇ.. ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਹੋਵੇਗੀ ਅਤੇ ਅਜਿਹੇ ਹਾਦਸੇ ਦੁਬਾਰਾ ਨਹੀਂ ਵਾਪਰਨਗੇ.. ਪਰ ਅੱਜ ਜਦੋਂ ਨਿਰਵੈਰ ਵਰਗੇ ਹੋਰ ਮਾਸੂਮ ਦੀ ਜਾਨ ਚਲੀ ਜਾਂਦੀ ਆ ਤਾਂ ਇਹ ਸਵਾਲ ਫਿਰ ਸਾਡੇ ਸਾਹਮਣੇ ਖੜ੍ਹਾ ਹੋ ਜਾਂਦੈ ਕਿ "ਅਸੀਂ ਉਸ ਘਟਨਾ ਤੋਂ ਆਖ਼ਰ ਸਿੱਖਿਆ ਕੀ"?

ਕੀ ਇੱਕ ਬੱਚੇ ਦੀ ਜਾਨ ਇੰਨੀ ਸਸਤੀ ਆ ਕਿ ਉਸਦੀ ਕੀਮਤ ਸਿਰਫ਼ ਕੁਝ ਦਿਨਾਂ ਦੀ ਹਮਦਰਦੀ ਅਤੇ ਕੁਝ ਮੁਆਵਜ਼ਿਆਂ ਤੱਕ ਹੀ ਸੀਮਤ ਰਹਿ ਜਾਵੇ? ਕੀ ਹਰ ਵਾਰ ਇੱਕ ਨਵਾਂ ਫਤਹਿਵੀਰ ਜਾਂ ਨਿਰਵੈਰ ਹੀ ਸਾਨੂੰ ਜਗਾਉਣ ਆਵੇਗਾ?

ਬੋਰਵੈਲ ਕੋਈ ਕੁਦਰਤੀ ਆਫ਼ਤ ਨਹੀਂ.. ਇਹ ਮਨੁੱਖੀ ਲਾਪਰਵਾਹੀ ਦਾ ਨਤੀਜਾ ਆ.. ਜਦੋਂ ਪਾਣੀ ਦੀ ਭਾਲ ਲਈ ਬੋਰਵੈਲ ਖੋਦਿਆ ਜਾਂਦੈ ਅਤੇ ਕੰਮ ਮੁਕਣ ਤੋਂ ਬਾਅਦ ਉਸ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਆ.. 'ਉਦੋਂ' ਉਹ ਇੱਕ 'ਮੌਤ ਦੇ ਖੂਹ' ਵਿੱਚ ਬਦਲ ਜਾਂਦੈ.. ਇੱਕ ਮਾਸੂਮ ਬੱਚਾ ਖੇਡਦਾ-ਖੇਡਦਾ ਉਸ ਵਿੱਚ ਡਿੱਗ ਪੈਂਦੈ ਅਤੇ ਫਿਰ ਸ਼ੁਰੂ ਹੁੰਦਾ ਹੈ ਬੇਵਸੀ ਦਾ ਉਹ ਮੰਜਰ, ਜਿਸਨੂੰ ਦੇਖ ਕੇ ਪੱਥਰ ਦਿਲ ਵੀ ਪਿਘਲ ਜਾਂਦੈ!

ਸਭ ਤੋਂ ਵੱਡਾ ਦਰਦ ਉਸ ਮਾਂ ਦਾ ਹੁੰਦੈ.. ਜੋ ਆਪਣੇ ਬੱਚੇ ਦੀ ਆਵਾਜ਼ ਤਾਂ ਸੁਣਦੀ ਆ ਪਰ ਉਸਨੂੰ ਆਪਣੀ ਗੋਦ ਵਿੱਚ ਨਹੀਂ ਚੁੱਕ ਸਕਦੀ.. ਉਸ ਪਿਤਾ ਦੀਆਂ ਅੱਖਾਂ 'ਚ ਝਾਤ ਮਾਰੋ ਜੋ ਬੇਵਸੀ ਨਾਲ ਅਸਮਾਨ ਵੱਲ ਤੱਕਦੈ.. ਉਹਨਾਂ ਪਰਿਵਾਰਾਂ ਦਾ 'ਖਲਾਅ' ਕਿਸੇ ਵੀ ਮੁਆਵਜ਼ੇ ਨਾਲ ਵੀ ਨਹੀਂ ਭਰਿਆ ਜਾ ਸਕਦਾ..

ਇਹ ਸਿਰਫ਼ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ, ਸਾਡਾ ਵੀ ਫਰਜ਼ ਬਣਦੈ.. ਜੇਕਰ ਅਸੀਂ ਆਪਣੇ ਪਿੰਡ, ਆਪਣੇ ਖੇਤ ਜਾਂ ਆਪਣੇ ਇਲਾਕੇ ਵਿੱਚ ਕੋਈ ਖੁੱਲ੍ਹਾ ਬੋਰਵੈਲ ਦੇਖਦੇ ਹਾਂ ਅਤੇ ਚੁੱਪ ਰਹਿੰਦੇ ਆਂ.. ਤਾਂ ਅਸੀਂ ਵੀ ਇਸ ਲਾਪਰਵਾਹੀ ਦੇ ਹਿੱਸੇਦਾਰ ਹਾਂ.. ਇੱਕ ਫ਼ੋਨ, ਇੱਕ ਸ਼ਿਕਾਇਤ ਜਾਂ ਇੱਕ ਛੋਟਾ ਜਿਹਾ ਉਪਰਾਲਾ ਕਿਸੇ ਮਾਸੂਮ ਦੀ ਜਾਨ ਬਚਾ ਸਕਦੈ..

ਲੋੜ ਇਸ ਗੱਲ ਦੀ ਹੈ ਕਿ ਹਰ ਖੁੱਲ੍ਹੇ ਬੋਰਵੈਲ ਦੀ ਤੁਰੰਤ ਪਛਾਣ ਕਰਕੇ ਉਸ ਨੂੰ ਪੱਕੇ ਤੌਰ 'ਤੇ ਬੰਦ ਕੀਤਾ ਜਾਵੇ.. ਬੋਰਵੈਲ ਖੋਦਣ ਵਾਲਿਆਂ ਲਈ ਸਖ਼ਤ ਕਾਨੂੰਨ ਬਣਨ ਅਤੇ ਉਨ੍ਹਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾਵੇ.. ਪਿੰਡਾਂ ਦੀਆਂ ਪੰਚਾਇਤਾਂ, ਪ੍ਰਸ਼ਾਸਨ ਅਤੇ ਆਮ ਲੋਕ ਮਿਲ ਕੇ ਇਸ ਮੁਹਿੰਮ ਨੂੰ ਜਨ ਅੰਦੋਲਨ ਬਣਾਉਣ..

ਹਰ ਵਾਰ ਮੋਮਬੱਤੀਆਂ ਜਗਾਉਣ ਨਾਲੋਂ ਚੰਗੈ ਕਿ ਅਸੀਂ ਇੱਕ ਖੁੱਲ੍ਹਾ ਬੋਰਵੈਲ ਬੰਦ ਕਰਵਾ ਦੇਈਏ.. ਹਰ ਵਾਰ ਸੋਸ਼ਲ ਮੀਡੀਆ 'ਤੇ ਦੁੱਖ ਪ੍ਰਗਟ ਕਰਨ ਨਾਲੋਂ ਵਧੀਐ.. ਕਿ ਆਪਣੇ ਆਲੇ-ਦੁਆਲੇ ਅਜਿਹੇ ਖ਼ਤਰਿਆਂ ਦੀ ਸੂਚਨਾ ਪ੍ਰਸ਼ਾਸ਼ਨ ਨੂੰ ਦੇਈਏ.. ਇਹੀ ਫਤਹਿਵੀਰ ਅਤੇ ਨਿਰਵੈਰ ਵਰਗੇ ਮਾਸੂਮਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ..

ਅੱਜ ਵੀ ਸਵਾਲ ਉਹੀ ਹੈ- ਅਸੀਂ ਬੋਰਵੈਲ ਦੀਆਂ ਘਟਨਾਵਾਂ ਤੋਂ ਕਦੋਂ ਸਿੱਖਾਂਗੇ ?.. ਜਾਂ ਫਿਰ ਅਸੀਂ ਅਗਲੇ ਕਿਸੇ ਮਾਸੂਮ ਦੀ ਉਡੀਕ ਕਰ ਰਹੇ ਆਂ.. ਜਿਸਦੀ ਚੀਖ਼ ਫਿਰ ਕੁਝ ਦਿਨਾਂ ਲਈ ਸਾਨੂੰ ਹਿਲਾ ਦੇਵੇ ਅਤੇ ਫਿਰ ਸਮੇਂ ਦੀ ਧੂੜ ਹੇਠ ਦੱਬ ਜਾਵੇ?

ਰੱਬ ਕਰੇ ਕਿ ਹੁਣ ਕਿਸੇ ਮਾਂ ਦੀ ਗੋਦ ਇਸ ਤਰ੍ਹਾਂ ਸੁੰਨੀ ਨਾ ਹੋਵੇ.. ਕਿਸੇ ਪਿਤਾ ਦੀਆਂ ਅੱਖਾਂ ਵਿੱਚ ਅਜਿਹੀ ਬੇਬਸੀ ਨਾ ਆਵੇ.. ਅਤੇ ਕਿਸੇ ਮਾਸੂਮ ਬੱਚੇ ਦੀ ਜ਼ਿੰਦਗੀ ਸਾਡੀ ਲਾਪਰਵਾਹੀ ਦੀ ਭੇਟ ਨਾ ਚੜ੍ਹੇ.. ਜੇ ਫਤਹਿਵੀਰ ਅਤੇ ਨਿਰਵੈਰ ਦੀਆਂ ਮੌਤਾਂ ਵੀ ਸਾਨੂੰ ਜ਼ਿੰਮੇਵਾਰ ਨਹੀਂ ਬਣਾ ਸਕੀਆਂ.. ਤਾਂ ਇਹ ਸਿਰਫ਼ ਦੋ ਪਰਿਵਾਰਾਂ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਹਾਰ ਹੋਵੇਗੀ..

ਆਓ, 'ਪ੍ਰਣ' ਕਰੀਏ ਕਿ ਅਗਲੀ ਵਾਰ ਖ਼ਬਰ ਨਹੀਂ, ਸਗੋਂ ਸਾਡੀ ਸਾਵਧਾਨੀ ਸੁਰਖੀ ਬਣੇ.. ਕਿਉਂਕਿ ਹਰ ਬੱਚੇ ਦੀ ਜਾਨ ਅਨਮੋਲ ਆ.. ਅਤੇ ਇੱਕ ਵੀ ਮਾਸੂਮ ਨੂੰ ਗੁਆਉਣਾ ਕਿਸੇ ਵੀ ਸਭਿਆਚਾਰਕ ਸਮਾਜ ਲਈ ਸ਼ਰਮ ਦੀ ਗੱਲ ਹੋਵੇਗੀ!

-ਜਸਪਾਲ ਸਿੰਘ ਜੱਸੀ

9872468858

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ