ਦਾਇਰਿਆਂ ਤੋਂ ਪਾਰ - ਸਤਗੁਰ ਸਿੰਘ
ਸਤਗੁਰ ਸਿੰਘ ਦੀ ਸਖ਼ਸ਼ੀਅਤ ,ਰੂਹਾਨੀਅਤ ਅਤੇ ਵਿਚਾਰਧਾਰਾ ’ਤੇ ਆਧਾਰਿਤ ਡੂੰਘਾ ਪੰਜਾਬੀ ਲੇਖ । ਪੜ੍ਹੋ ਕਿਵੇ ਇੱਕ ਅਧਿਆਪਕ ਬੰਦੇ ਨੂੰ ਆਪਣੇ ਆਪ ਨਾਲ ਜੋੜਦਾ ।

ਜ਼ਿੰਦਗੀ ਜਿਉਣ ਵਾਲਾ ਬੰਦਾ, ਬੰਦਾ ਹੁੰਦੈ। ਦੁਨੀਆਂ ਦੀ ਹਰ ਸ਼ੈਅ ਨੂੰ ਪਿਆਰਾ ਲੱਗਦੈ। ਕੁਦਰਤ ਦਾ ਰੰਗ ਹੈ ਉਸਨੇ ਸਾਰੇ ਬੰਦੇ ਜ਼ਿੰਦਗੀ ਜਿਉਂਣ ਵਾਲੇ ਨਹੀਂ ਬਣਾਏ। ਕੁੱਝ ਕੁ ਦੀ ਜ਼ਿੰਦਗੀ ਕੁੱਝ ਬਣਾਉਣ ਵਿੱਚ ਲੰਘ ਜਾਂਦੀ ਐ। ਕੁੱਝ ਕੁ ਦੀ ਹੰਢਾਉਣ 'ਚ ਲੰਘ ਜਾਂਦੀ ਐ। ਕੁੱਝ ਕੁ ਬਚਦੇ ਨੇ ਜਿਹੜੇ ਜ਼ਿੰਦਗੀ ਨੂੰ ਜਿਉਂਦੇ ਨੇ। ਏਨਾ ਬੰਦਿਆਂ ਦੀ ਹਰ ਹਰਕਤ ਵਿੱਚ, ਹਰ ਪੈੜ ਵਿੱਚ, ਚੁੱਪ ਵਿੱਚ, ਹਰ ਗੱਲ ਵਿੱਚ ਪਾਕ ਮੁਹੱਬਤ ਵਰਗਾ ਕੁੱਝ ਭਰਿਆ ਹੁੰਦੈ। ਉਨ੍ਹਾਂ ਦੀ ਹਰ ਅਦਾ ਵਿੱਚ ਰੱਬਤਾ ਦਾ ਅਹਿਸਾਸ ਬੜਾ ਅਨੂਠਾ ਹੁੰਦੈ। ਅਜਿਹੇ ਬੰਦਿਆਂ ਨਾਲ ਕੁਦਰਤ ਦਾ ਮੋਹ ਹੁੰਦੈ। ਅਸਲ ਵਿੱਚ ਅਜਿਹੇ ਬੰਦਿਆਂ ਕਰਕੇ ਬੰਦਿਆਈ ਬਚੀ ਹੋਈ ਐ। ਉਹ ਪੰਛੀਆਂ ਦੀ ਚਿਹਚਿਹਾਹਟ ਵਿੱਚੋਂ, ਫ਼ੁੱਲਾਂ ਦੇ ਸੁਹੱਪਣ ਵਿੱਚੋੋਂ, ਪ੍ਰਕਿਰਤੀ ਦੇ ਹਰ ਜ਼ੱਰੇ ਵਿੱਚੋਂ ਮੋਹ ਲੱਭਦੇ ਨੇ। ਇਹ ਰਮਜ਼ਾਂ ਉਨ੍ਹਾਂ ਬੰਦਿਆਂ ਨੂੰ ਫ਼ਕੀਰੀ ਦੇ ਰਾਹ ਤੋਰਦੀਆਂ ਨੇ। ਅਜਿਹੇ ਆਸ਼ਕਾਨਾ ਰੰਗ ਵਿੱਚ ਰੰਗਿਆ ਬੰਦੈ - ਸਤਗੁਰ ਸਿੰਘ।
ਦ੍ਰਿਸ਼ ਨੰਬਰ ਇੱਕ -
ਨਵਾਂ ਹੀ ਪੈਂਡਾਂ ਸਾਜ ਲਵੇ ਨਾਂਹ, ਪੈੜ ਮੇਰੀ ਕੁਈ ਆਕੀ…
ਕਿਸੇ ਗੌਰਵ ਲਈ ਮੌਤ ਵਿਆਹਣ ਤੁਰੇ ਬੰਦਿਆਂ ਦੇ ਘਰ ਨਿੱਕੀ ਜਿਹੀ ਚਾਰਦਵਾਰੀ ਵਿੱਚ ਕੈਦ ਨਹੀਂ ਹੁੰਦੇ, ਉਨ੍ਹਾਂ ਦੇ ਘਰ ਕੌਮ ਦੇ ਘਰ ਹੁੰਦੇ ਨੇ। ਉਨ੍ਹਾਂ ਦਾ ਮਰਨਾ ਮੌਤ ਨਹੀਂ, ਸ਼ਹੀਦੀ ਹੁੰਦੈ। ਉਨ੍ਹਾਂ ਨੂੰ ਪਤਾ ਹੁੰਦੈ ਕਿ ਸੱਤਾ ਦੀ ਗੋਲੀ ਉਨ੍ਹਾਂ ਤੋਂ ਪਾਣੀ ਵਾਰਨ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਸੱਤਾ ਦੇ ਖਿਆਲ ਵਿੱਚ ਉੱਗਿਆ ਸਰਕੜਾ ਉਨ੍ਹਾਂ ਦੇ ਘਰ ਦੀ ਓਸ ਥਾਂ ਉੱਗੇਗਾ ਜਿਸ ਚੁੱਲੇ ਨੇ ਉਨ੍ਹਾਂ ਨੂੰ ਸਦਾ ਰੋਟੀ ਪਕਾ ਕੇ ਦਿੱਤੀ ਹੈ।
ਜਿੰਨ੍ਹਾਂ ਥਾਵਾਂ 'ਤੇ ਉਹ ਬਚਪਨੇ ਦੀਆਂ ਮਸਤੀਆਂ ਕਰਦੇ ਸੀ ਉਸ ਥਾਂ ਤੇ ਖੜ੍ਹਨ ’ਤੇ ਵੀ ਸੱਤਾ ਦਾ ਹੁਕਮ ਗੋਲੀ ਦਾ ਹੈ ਪਰ ਦੁਨਿਆਵੀ ਚਾਅ ਘਰ 'ਚ ਕੈਦ ਹੋ ਕੇ ਮਿਲਦੇ ਨੇ ਅਤੇ ਰੂਹਾਨੀ ਚਾਅ ਘਰ ਤੋਂ ਉਡਾਰ ਹੋ ਕੇ। ਪਰਿੰਦੇ ਇਸੇ ਲਈ ਪਾਕ ਹੁੰਦੇ ਨੇ ਕਿ ਨਿੱਤ ਦਿਨ ਉਡਾਰ ਭਰਦੇ ਨੇ। ਬੇਬੇ ਦੇ ਚਾਵਾਂ ਨਾਲ ਪਾਲੇ ਪੁੱਤ ਜਦੋਂ ਜਵਾਨ ਹੋਣਗੇ ਉਹ ਇਸ ਰਾਹ ਤੁਰਨਗੇ ਬੇਬੇ ਨੇ ਕਦੇ ਸੋਚਿਆਂ ਨਹੀਂ ਸੀ।
ਜਥੇਦਾਰ ਗਮਦੂਰ ਸਿੰਘ ਵਰਗਾ ਛੈਲ ਛਬੀਲਾ ਗੱਭਰੂ ਜਿਸ ਰਾਹ ਤੁਰਿਆ ਉਸ ਰਾਹ ਤਾਂ ਕੋਈ ਵਿਰਲਾ ਹੀ ਤੁਰਦੈ।ਸਤਗੁਰ ਸਿੰਘ ਉਸੇ ਜਥੇਦਾਰ ਸਾਬ੍ਹ ਦਾ ਛੋਟਾ ਭਰਾ ਐ। ਬੱਨਵੇਂ ਦਾ ਘਰੋਂ ਨਿਕਲਿਆ ਛਿਆਨਵੇਂ 'ਚ ਮੁੜਦੈ। ਰਾਜਭਾਗ ਤਿਆਗ ਕੇ ਨਿਕਲਦੈ ਜਦੋਂ ਮੁੜਦੈ ਉਸ ਜ਼ਮੀਨ 'ਤੇ ਗੈਰਾਂ ਦਾ ਕਬਜ਼ੈ, ਛੋਟੀਆਂ ਸਿਆਸਤਾਂ ਵਾਲੇ ਲੋਕਾਂ ਦਾ। ਜਦੋਂ ਕੋਈ ਸੂਰਮਗਤੀ ਵਾਲਾ ਕੰਮ ਕਰ ਵਾਪਸ ਪਰਤਦੈ ਤਾਂ ਮੁਸੀਬਤਾਂ ਵੀ ਰਾਹ ਦੇਣ ਲੱਗਦੀਆਂ ਨੇ। ਲੋਕ ਨਾਇਕ ਮੰਨਣ ਲੱਗਦੇ ਨੇ। ਜਿੰਨਾਂ ਕੋਲ ਜੋ ਵੀ ਹੁੰਦੈ ਉਹ ਤੁਹਾਡੇ ਤੋਂ ਲੁਟਾ ਦਿੰਦੈ। ਵਕਤ ਦਾ ਗੇੜ ਹੁੰਦੈ। ਕੋਈ ਵਕਤ ਦੇ ਧੱਕੇ ਚੜ੍ਹਦੈ, ਕਿਸੇ ਦੇ ਵਕਤ ਧੱਕੇ ਚੜਦੈ।
ਸਿੱਖ ਆਪਣੀ ਉਮਰ ਵਿੱਚ ਵਕਤ ਦੇ ਧੱਕੇ ਜਿਆਦਾ ਚੜ੍ਹੇ ਨੇ। ਇਤਿਹਾਸ ਵਿੱਚ ਵਕਤ ਉਨ੍ਹਾਂ ਦੇ ਧੱਕੇ ਘੱਟ ਚੜ੍ਹਿਆ। ਜਦੋਂ ਚੜ੍ਹਿਐ ਵਕਤ ਹਰਿਐ, ਨਿਆਂ ਦਾ ਰਾਜ ਆਇਐ, ਜਿੱਥੇ ਕਿਤੇ ਇਸ ਸਥਿਤੀ 'ਚ ਵਕਤ ਜਿੱਤਿਐ ਉਹ ਆਪਣਿਆਂ ਦੀ ਗੱਦਾਰੀ ਕਰਕੇ। ਸਿੱਖ ਕੌਮ ਨੇ ਜਿਸ ਕਦਰ ਮੌਤ ਨੂੰ ਇਸ਼ਕ ਕੀਤੈ ਸ਼ਾਇਦ ਹੀ ਕਿਸੇ ਹੋਰ ਨੇ ਕੀਤਾ ਹੋਵੇ। ਕਈ ਤਾਂ ਹਕੂਮਤ ਹੱਥੋਂ ਹਾਰ ਚੁੱਪ ਕਰ ਜਾਂਦੇ ਨੇ ਪਰ ਇਹ ਤਾਂ ਵਾਰ ਵਾਰ ਉੱਠਦੇ ਰਹੇ।
ਇਹੀ ਵਾਪਰਦਾ ਵਾਪਰਦਾ ਚੁਰਾਸੀ ਤੱਕ ਪਹੁੰਚੇ। ਇਹ ਚੁਰਾਸੀ ਦਾ ਵੀ ਆਪਣਾ ਪ੍ਰਸੰਗ ਹੈ। ਰੂਹਾ ਦਾ ਜ਼ੋਰ ਜਿਸਮ ਦੇ ਜ਼ੋਰ ਤੋਂ ਹਜ਼ਾਰਾ ਗੁਣਾ ਤਾਕਤਵਰ ਹੁੰਦੈ। ਇਹ ਲੜਾਈ ਇਸੇ ਜ਼ੋਰ 'ਤੇ ਲੜੀ ਗਈ ਜਿੰਨ੍ਹਾਂ ਨੂੰ ਏਸ ਗੱਲ 'ਤੇ ਸੰਦੇਹ ਸੀ ਕਿ ਸਵਾ ਲੱਖ ਨਾਲ ਇੱਕ ਕਿਵੇਂ ਲੜ ਸਕਦੈ ਉਹ ਦੰਦਾਂ 'ਚ ਜੀਭ ਦੇ ਇਹੀ ਕਹਿ ਰਿਹਾ ਸੀ। ਇਹ ਅਠਾਰਵੀਂ ਸਦੀ ਦਾ ਦੁਹਰਾਅ ਹੈ। ਇਹ ਦੁਹਰਾਅ ਕਰਨ ਵਾਲਿਆਂ 'ਚ ਸਵਾ ਲੱਖ ਨਾਲ ਲੜਨ ਵਾਲਿਆਂ 'ਚ ਜਥੇਦਾਰ ਸਾਬ੍ਹ ਦਾ ਪਰਿਵਾਰ ਵੀ ਸੀ।
ਇਸ ਦੌਰ ’ਚ ਕਿਸੇ ਦੇ ਹਿੱਸੇ ਗਦਾਰੀ ਆਈ, ਕਿਸੇ ਦੇ ਹਿੱਸੇ ਕੌਮ ਦਾ ਦਰਦ ਆਇਆ, ਕਿਸੇ ਦੇ ਹਿੱਸੇ ਹਕੂਮਤ ਦੀ ਗੋਲ਼ੀ ਆਈ, ਕਿਸੇ ਦੇ ਹਿੱਸੇ ਗੌਰਵ ਲਈ ਲੜਾਈ ਆਈ, ਕੁੱਝ ਦੇ ਹਿੱਸੇ ਰੂਪੋਸ਼ ਹੋ ਕੇ ਗਿਆਨ। ਸਤਗੁਰ ਸਿੰਘ ਉਨ੍ਹਾਂ ਸਮਿਆਂ ਵਿੱਚ ਜਦੋਂ ਉਸਦਾ ਗੋਲੀ ਇੰਤਜ਼ਾਰ ਕਰਦੀ ਸੀ। 'ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬਰੇਰੀ ਵਿੱਚ ਬੈਠਾ ਦੁਨੀਆਂ ਦੇ ਕਿਤਾਬੀ ਗਿਆਨ ਨੂੰ ਵਾਚਦਾ ਰਿਹੈ ਅਤੇ ਸੱਚਖੰਡ ਹਰਿਮੰਦਰ ਸਾਹਿਬ ਦਾ ਦੇਹ ਤੋਂ ਪਾਰ ਹੁੰਦਾ ਰਿਹਾ। ਉਹ ਇੱਕੋ ਵੇਲੇ ਦੁਨਿਆਵੀ ਅਤੇ ਰੂਹਾਨੀ ਗਿਆਨ ਨੂੰ ਡੀਕ ਲਾ ਕੇ ਪੀਂਦਾ ਰਿਹੈ। ਉਸੇ ਮਿਹਨਤ ਦਾ ਸਿੱਟੈ ਕਿ ਉਹ ਵਿਸ਼ਵ ਦੀਆਂ ਕਿਤਾਬਾਂ ਅਤੇ ਵਿਦਵਾਨਾਂ (ਥਿੰਕਰਾਂ) ਨੂੰ ਗੱਲਾਂ ਗੱਲਾਂ ਵਿੱਚ ਤੁਲਨਾ ਲੈਂਦੇ। ਇਹ ਤੁਲਨਾ ਕਿਸੇ ਵੀ ਵਿਦਵਾਨ ਨਾਲੋਂ ਮੈਨੂੰ ਕਲਾਸਿਕ ਲੱਗਦੀ ਹੈ।
ਦ੍ਰਿਸ਼ ਨੰਬਰ ਦੋ -
ਪੀਲੇ ਪੱਤ ਜਿਉਂ ਘੁੰਮ ਘੁੰਮ ਡਿਗਦੇ, ਧਮ ਧਮ ਕਰਦੇ ਬੁੱਲੇ।
ਬੋਰਿਸ ਪਾਸਤਰਨਾਕ ਨੇ ਲਿਖਿਐ ਕਿ ਜਦੋਂ ਕੋਈ ਪਲ ਜ਼ਿੰਦਗੀ ਦੇ ਦਰ ’ਤੇ ਦਸਤਕ ਦਿੰਦਾ ਹੈ, ਉਹਦੀ ਆਵਾਜ਼ ਮਸਾਂ ਉਨੀ ਹੁੰਦੀ ਹੈ, ਜਿੰਨੀ ਦਿਲ ਦੇ ਧੜਕਣ ਦੀ। ਉਹ ਐਵੇਂ ਅਣਸੁਣੀ ਰਹਿ ਜਾਂਦੀ ਹੈ।’ ਇਹ ਗੱਲ ਆਪਣੇ ਆਪ ਵਿੱਚ ਵੱਡੀ ਐੇ ਪਰ ਅਜਿਹੇ ਪਲਾਂ ਦੀ ਸੂਖਮਤਾ ਦਾ ਰਹੱਸ ਜਾਣਨ ਵਾਲੇ ਬੰਦਿਆਂ ਦੀ ਆਪਣੀ ਆਵਾਜ਼ ਹੁੰਦੀ ਐ। ਇਹ ਆਵਾਜ਼ ਜਿਸ ਦਰ ’ਤੇ ਦਸਤਕ ਦਿੰਦੀ ਹੈ ਸ਼ਾਇਦ ਉਹ ਪਲ ਬੋਰਿਸ ਪਾਸਤਰਨਾਕ ਨੇ ਵੇਖੇ ਹੋਣ।
ਜੇ ਕਿਸੇ ਨੇ ਵੇਖਣੇ ਹੋਣ ਤਾਂ ਉਹ ਸਤਗੁਰ ਸਿੰਘ ਨੂੰ ਮਿਲ ਕੇ ਵੇਖ ਸਕਦੈ। ਉਸ ਕੋਲ ਰਹੱਸ ਹੈ ਉਸ ਰਹੱਸ ਨੂੰ ਕਹਿਣ ਦੀ ਭਾਸ਼ਾ ਹੈ। ਮੁਸੀਬਤ ’ਚ ਫਸਿਆ ਬੰਦਾ ਜਦੋਂ ਉਸ ਨੂੰ ਮਿਲਦਾ ਹੈ, ਜੀਵਨ ਰੌਂ ਲੈ ਕੇ ਬਾਹਰ ਨਿਕਲਦੈ। ਕਮਰੇ ਦੀ ਚਾਰਦਵਾਰੀ ਵਿੱਚ ਤੁਰੀਆਂ ਫਿਰਦੀਆਂ ਉਸਦੀਆਂ ਆਵਾਜ਼ਾਂ ਤੁਹਾਡਾ ਅੱਧਾ ਦਰਦ ਵੰਡਾ ਲੈਦੀਆਂ ਨੇ।
ਉਸ ਕੋਲ ਜਾਦੂ ਦੀ ਛੜੀ ਨਹੀਂ। ਉਸ ਕੋਲ ਸਦੀਆਂ ਪੁਰਾਣੀਆਂ ਅਣਛੇੜੀਆਂ ਕਥਾਵਾਂ ਦਾ ਗੁੱਝਾ ਰਹੱਸ ਐ। ਉਹ ਬੇਪਰਵਾਹ ਸੁੱਤੀਆਂ ਪਈਆਂ ਕਥਾਵਾਂ ਨੂੰ ਆਵਾਜ਼ ਦੇ ਜਗਾ ਲੈਂਦੈੈ। ਬੇਪਰਵਾਹ, ਅਲਬੇਲਾ ਬੰਦੈ। ਓਹਦਾ ਅਲਬੇਲਾਪਣ ਥੋੜ੍ਹਿਆਂ ਨੂੰ ਰਾਸ ਆਉਂਦੈ। ਲਿੱਚ ਘੜਿੱਚੀਆਂ ਕਰਨ ਆਲੇ ਤਾਂ ਓਹਦੀਆਂ ਅੱਖਾਂ ’ਚ ਅੱਖਾਂ ਨ੍ਹੀਂ ਪਾਉਂਦੇ। ਸੱਚ ਨਾਲ ਚਟਾਨ ਵਾਗੂੰ ਅੜ ਕੇ ਖੜ੍ਹਦੈ। ਖੜ੍ਹਦਾ ਹੀ ਨ੍ਹੀਂ ਨਿਭਦਾ ਵੀ ਹੈ। ਸੱਚ ਲਈ ਜਾਨ ਵਾਰ ਦੇਣ ਵਾਲਾ ਜ਼ਾਨਦਾਰ ਅਤੇ ਸ਼ਾਨਦਾਰ ਬੰਦਾ।
ਮਜ਼ਲਸ ਨੰਬਰ ਇੱਕ -
ਜਦੋਂ ਮੈਂ ਪਹਿਲੇ ਦਿਨ ਉਹਨਾਂ ਨੂੰ ਮਿਲਿਆ ਤਾਂ ਮੈਨੂੰ ਇੱਕ ਕਥਾ ’ਤੇ ਸਵਾਰ ਕਰ ਧਰਤੀ ਤੇ ਲਿਆ ਖੜ੍ਹਾ ਦਿੱਤਾ। ਗੱਲ ਦਾ ਤੋੜਾ ਤੋੜਨ ਵੇਲੇ ਕਹਿੰਦੇ -
‘ਧਰਤੀ ਨਾਲ ਜੁੜਿਆ ਬੰਦਾ ਦੁਨੀਆਂ ਦੀ ਹਰੇਕ ਸ਼ੈਅ ਤੋਂ ਵੱਡਾ ਹੁੰਦੈ।’
ਸਿਰਫ਼ ਕੁੱਝ ਕੁ ਮਿੰਟਾਂ ਦੀ ਮੁਲਾਕਾਤ ਨੇ 24-25 ਸਾਲਾਂ ਦੀ ਕਮਾਈ ਤੋਂ ਜਾਣੂ ਕਰਵਾ ਦਿੱਤਾ। ਮੇਰੇ ਇਰਦ ਗਿਰਦ ਸੁਆਲ ਹੀ ਸੁਆਲ ਖੜ੍ਹੇ ਹੋ ਗਏ। ਚੰਗੇ ਚੰਗੇ ਮਾੜੇ ਮਾੜੇ। ਸੱਚੋ ਸੱਚ ਦੱਸਾਂ ਮੈਂ ਸੋਚਿਆ-
“ਕਿੱਥੇ ਫਸ ਗਏ।”
ਚੱਲਦੀਆਂ ਗੱਲਾਂ ’ਚ ਦੀਪਕ ਧਲੇਵਾਂ ਆ ਗਿਆ। ਮੈਂ ਸੋਚਿਆ-
‘ਸ਼ੁਕਰ ਹੈ। ਚਲ ਦੀਪਕ ਹੁੰਗਾਰਾ ਵੀ ਭਰੀ ਚੱਲੂ ਅਤੇ ਕੋਈ ਨਵੀਂ ਗੱਲ ਤੋਰੂ।’
ਦੀਪਕ ਕਿਹੜਾ ਘੱਟ ਸੀ ਉਹਨੇ ਵੀ ਉਹੀ ਗੱਲਾਂ ਤੋਰ ਲਈਆਂ। ਦੀਪਕ ਨੂੰ ਮੈਂ ਪੰਜਾਬ ਯੂਨੀਵਰਸਿਟੀ ਮਿਲਦਾ ਰਿਹਾ ਹੋਣ ਕਰਕੇ ਜਾਣਦਾ ਸੀ। ਯੂਨੀਵਰਸਿਟੀ ਦੇ ਦਿਨਾਂ 'ਚ ਡਾ. ਸੁਖਦੇਵ ਸਿੰਘ ਨੇ ਉਹਦੀ 'ਨਦੀ ਕਲਾਵੇ ਰੇਤ' ਪੜ੍ਹਨ ਨੂੰ ਦਿੱਤੀ ਸੀ।
ਮਜ਼ਲਸ ਨੰਬਰ ਦੋ -
ਪਿੱਠ ਕਰਕੇ ਫ਼ਕੀਰਾਂ ਦੇ ਕੋਲੋਂ ਲੰਘ ਗਏ…
2008 ਵਿੱਚ ਮੇਰੇ ਬੀ. ਐੱਡ ਦੇ ਪੇਪਰ ਸੀ, ਗੁਰੂ ਨਾਨਕ ਕਾਲਜ 'ਚ। ਸਾਡੀ ਟੋਲੀ ਲੰਘ ਰਹੀ ਸੀ।ਜਿੱਧਰ ਅਸੀਂ ਲੰਘਣਾ ਸੀ, ਉੱਧਰ ਪ੍ਰੋਫੈਸਰ ਸਾਬ੍ਹ ਖੜ੍ਹੇ ਸਨ। ਉਨ੍ਹਾਂ ਦੀ ਸਾਡੇ ਵੱਲ ਪਿੱਠ ਸੀ। ਗੂੜ੍ਹੇ ਰੰਗ ਦੀ ਪੱਗ ਬੰਨ੍ਹੀ ਅਤੇ ਖੁੱਲੀ ਦਾਹੜੀ ਵਿੱਚ ਹੱਥ ਫੇਰਦੇ ਨਜ਼ਰ ਆ ਰਹੇ ਸੀ, ਪਿਛਲੇ ਪਾਸਿਓਂ। ਮੇਰੇ ਮਿੱਤਰ ਪ੍ਰਦੀਪ ਨੇ ਕਿਹਾ-
‘ਐਧਰ ਦੀ ਆਜੋ। ਸਤਗੁਰ ਸਿੰਘ ਖੜ੍ਹੇ ਨੇ।’
ਅਸੀਂ ਰਾਹ ਬਦਲ ਲਿਆ। ਪ੍ਰਦੀਪ ਨੇ ਪ੍ਰੋਫੈਸਰ ਸਾਹਿਬ ਬਾਰੇ ਉਸ ਦਿਨ ਗੱਲ ਕਹੀ-
‘ਸਰ ਦਾ ਰੋਅਬ ਵਾਲੈ ਬਾਈ। ਅੱਖਾਂ ਵਿੱਚ ਅੱਖਾਂ ਪਾਉਣੀਆਂ ਔਖੀਐਂ।’
ਮੈਂ ਬੱਸ ਏਨਾ ਕੁ ਜਾਣਦਾ ਸੀ। ਬਾਅਦ ਵਿੱਚ ਜਸਮੇਲ ਨੇ ਪ੍ਰੋਫੈਸਰ ਸਾਬ੍ਹ ਬਾਰੇ ਬੜੀਆਂ ਗੱਲਾਂ ਸੁਣਾਈਆਂ। ਓਹ ਅਕਸਰ ਕਹਿੰਦਾ ਸੀ-
‘ਪ੍ਰੋਫੈਸਰ ਸਾਬ੍ਹ ਦੇ ਮੁਕਾਬਲੇ ਯੂਨੀਵਰਸਿਟੀ ਵਿੱਚ ਥੋੜ੍ਹੇ ਵਿਦਵਾਨ ਨੇ।’
ਮੈਂ ਜਸਮੇਲ ਸਿੰਘ ਨੂੰ ਆਖਦਾ ਹੁੰਦਾ ਸੀ -
‘ਉਹ ਬੁਢਲਾਡਾ ਛੱਡਕੇ ਕਿਉਂ ਨ੍ਹੀਂ ਆਉਂਦੇ।’
ਸਾਡੀ ਗੱਲ ਏਥੇ ਜੇ ਆ ਕੇ ਫਿਰ ਮੁੱਕ ਜਾਂਦੀ। ਹੁਣ ਮੈਂ ਓਸੇ ਵਿਭਾਗ ਵਿੱਚ ਸਤਗੁਰ ਸਿੰਘ ਦੇ ਰੂ ਬ ਰੂ ਸਾਂ। ਪਹਿਲੇ ਦਿਨ ਦੇ ਪਹਿਲੇ ਘੰਟੇ ਮੈਂ ਸੋਚਿਆ-
‘ਆਹ ਦੁਨੀਆਂ ਕਿਹੋ ਜਿਹੀ ਹੈ।’
ਪ੍ਰੋਫ਼ੈਸਰੀ ਦਾ ਭੂਤ ਪਹਿਲੇ ਦਿਨ ਦੀ ਹਾਜ਼ਰੀ ਲਾਉਣ ਤੋਂ ਪਹਿਲਾ ਹੀ ਉੱਤਰ ਗਿਆ। ਜੇ ਇਹ ਨਾ ਉੱਤਰਦਾ ਮੈਂ ਸਾਰੀ ਉਮਰ ਤੰਗ ਹੋਈ ਜਾਣਾ ਸੀ। ਮੇਰੀ ਇੰਟਰਵਿਊ ਬਾਰੇ ਗੱਲਬਾਤ ਹੋਈ। ਉਹ ਗੱਲਬਾਤ ਇਵੇਂ ਹੋਈ ਜਿਵੇਂ ਅਸੀਂ ਚਿਰਾਂ ਤੋਂ ਜਾਣਦੇ ਹੋਈਏ। ਮੈਨੂੰ ਪੁੱਛਣ ਲੱਗੇ -
‘ਹਾਂ ਜੀ, ਪ੍ਰੋਫੈਸਰ ਸਾਬ੍ਹ, ਕਿਵੇਂ ਹੋਈ ਇੰਟਰਵਿਊ।’
‘ਵਧੀਆ ਹੋਈ ਜੀ।’ - ਮੈਂ ਕਿਹਾ।
‘ਕੀ ਪੁੱਛਿਆ।’ - ਪ੍ਰੋਫੈਸਰ ਸਾਬ੍ਹ ਕਹਿਣ ਲੱਗੇ।
‘ਕਿਹੜਾ ਕਵੀ ਪਸੰਦ ਹੈ।’ ਮੈਂ ਕਿਹਾ।
‘ਫਿਰ ਕੀ ਜਵਾਬ ਦਿੱਤਾ।’ - ਉਨ੍ਹਾਂ ਕਿਹਾ।
‘ਨਕਸਲਵਾੜੀ ਲਹਿਰ ਸਮੇਂ ਕਵਿਤਾ ਲਿਖਣ ਵਾਲਾ ਅਵਤਾਰ ਪਾਸ਼।’
ਡਾ. ਸਾਹਿਬ ਕਹਿਣ ਲੱਗੇ - ‘ਜਦੋਂ ਇਹੋ ਜਿਹੀਆਂ ਸੰਸਥਾਵਾਂ ਵਿੱਚ ਇੰਟਰਵਿਊ ਦੇਣੀ ਹੋਵੇ ਤਾਂ ਪ੍ਰੋ. ਪੂਰਨ ਸਿੰਘ ਉੱਤਰ ਦੇਣਾ ਵਧੀਆ ਹੁੰਦੈ।’
ਇਹ ਗੱਲ ਮੇਰੇ ਦੋ ਸਾਲਾਂ ਬਾਅਦ ਸਮਝ ਆਈ।
ਮਜ਼ਲਸ ਨੰਬਰ ਤਿੰਨ -
ਪਿਛਲੇ ਦਿਨੀਂ ਇੱਕ ਵਿਦਿਆਰਥੀ ਨੂੰ ਕਿਤਾਬ ਦਿੰਦਿਆਂ ਮੈਂ ਕਿਹਾ-
‘ਪੁੱਤ, ਇਹ ਕਾਮੂ ਦਾ ਆਖਰੀ ਨਾਵਲ ਹੈ ਪਤਨ। ਇਹ ਗੰਭੀਰ ਬਹੁਤ ਐ ਪਰ ਗੌਲਿਆ ਘੱਟ ਗਿਐ। ਜਗਵਿੰਦਰ ਯੋਧੇ ਦੀ ਟਿੱਪਣੀ ਤੋਂ ਸਪੱਸ਼ਟ ਹੋ ਜੇ ਗਾ।’
‘ਇਸਨੂੰ ਪੜਿਓ, ਇਹ ਸਾਡੇ ਨਾਵਲਾਂ ਵਰਗਾ ਨਹੀਂ, ਵਾਰ ਵਾਰ ਪੜ੍ਹਿਓ ਪੁੱਤਰੋ ਇਹ ਭੁੱਲ ਜਿਓ ਕਿ ਸਮਝ ਨਹੀਂ ਲੱਗ ਰਿਹਾ। ਸਮਾਂ ਪਵੇਗਾ, ਆਪੇ ਸਮਝ ਆ ਜਾਵੇਗਾ।’ - ਸਤਗੁਰ ਸਿੰਘ ਨੇ ਕਿਹਾ।
ਮੈਂ ਸੋਚ ਰਿਹਾ ਸੀ ਕਿ ਛੋਟੀ ਉਮਰੇ ਮੈਨੂੰ ਅਜਿਹਾ ਅਧਿਆਪਕ ਕਿਉਂ ਨਹੀਂ ਮਿਲਿਆ।
ਮਜ਼ਲਸ ਨੰਬਰ ਚਾਰ -
ਕਿਤਾਬਾਂ ਪੜ੍ਹਨ ਦੇ ਮਾਮਲੇ ਵਿੱਚ ਮੈਂ ਡਾਢ੍ਹਾ ਕੰਜੂਸ ਹਾਂ। ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਪੜ੍ਹਦਿਆਂ ਕੁੱਝ ਸਿੱਖ ਗਿਆ, ਨਹੀਂ ਤਾਂ ਇਸ ਪਾਸਿਓ ਹੱਥ ਬੜਾ …..। ਜਦੋਂ ਤੋਂ ਇਸ ਸੰਸਥਾ ਵਿੱਚ ਆਇਆ ਹਾਂ ਕੁੱਝ ਪੜ੍ਹਨ ਦੇ ਰਾਹ ਤੁਰਿਆਂ। ਮੈਨੂੰ ਲੱਗਦਾ ਹੈ ਕਿ ਜੇ ਸਤਗੁਰ ਸਿੰਘ ਨੂੰ ਨਾ ਮਿਲਦਾ ਤਾਂ ਅਧੂਰਾ ਰਹਿ ਜਾਣਾ ਸੀ। ਹੁਣ ਜਦੋਂ ਪਹਿਲੀਆਂ ਕਿਤਾਬਾਂ ਪੜ੍ਹਦਾ ਹਾਂ ਤਾਂ ਬੜੇ ਭੁਲੇਖੇ ਖੜੇ ਹੁੰਦੇ ਹਨ।
ਪਿਛਲੇ ਸਾਲ ਸ. ਹਰਿੰਦਰ ਸਿੰਘ ਮਹਿਬੂਬ ਬਾਰੇ ਕੁੱਝ ਕਾਮਰੇਡਾਂ ਦੀਆਂ ਟਿੱਪਣੀਆਂ ਪੜ੍ਹੀਆਂ, ਉਨ੍ਹਾਂ ਦੀਆਂ ਪਹਿਲੀਆਂ ਲਿਖਤਾਂ ਦੇ ਹਵਾਲੇ ਨਾਲ ਗੱਲਾਂ ਕਰ ਰਹੇ ਸਨ। ਮੈਨੂੰ ਲੱਗਦੈ ਉਨ੍ਹਾਂ ਦਾ ਅਕਸ ਵਿਗਾੜਨ ਖਾਤਰ ਪਰ ਅਸਮਾਨ ’ਤੇ ਥੁੱਕਣ ਸਮੇਂ ਹਮੇਸ਼ਾਂ ਹੀ ਥੁੱਕ ਆਪਣੇ ਮੂੰਹ ’ਤੇ ਪੈਂਦੈ। ਮੈਂ ਆਪਣਾ ਸਾਰਾ ਬੋਝ ਸਤਗੁਰ ਸਿੰਘ ਹੋਰਾਂ ਅੱਗੇ ਰੱਖ ਦਿੱਤਾ। ਮੈਂ ਆਪਣੀ ਗੱਲ ਰੁਕ ਰੁਕ ਕੇ ਕਰੀ। ਮੈਨੂੰ ਲੱਗਦਾ ਹੈ ਕਈ ਬੰਦਿਆਂ ਨੂੰ ਸਵਾਲ ਕਰਨ ਲੱਗਿਆਂ ਹਜ਼ਾਰਾਂ ਵਾਰ ਸੋਚਣਾ ਪੈਂਦੈ। ਉਹ ਬੜੇ ਖੁਸ਼ ਹੋਏ। ਕਹਿਣ ਲੱਗੇ-
‘ਗੁਰਦੀਪ ਸਿੰਘ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕੋਈ ਪੜ੍ਹਨ ਵਾਲਾ ਅਧਿਆਪਕ ਵਿਭਾਗ ਵਿੱਚ ਆਇਐ। ਜੇ ਤੇਰੇ ਵਰਗਾ ਬੰਦਾ ਡਾ. ਗੁਰਭਗਤ ਸਿੰਘ ਕੋਲ ਹੁੰਦਾ, ਬੜਾ ਕੁੱਝ ਖੱਟ ਜਾਂਦਾ।” ਮੈਂ ਸੋਚਦਾ ਰਿਹਾ ਕਿਤੇ ਮੇਰਾ ਸਵਾਲ ਬੌਣਾ ਨਾ ਹੋਵੇ ਫਿਰ ਸੋਚਿਆ ਬੌਣਾ ਬੰਦਾ, ਬੌਣਾ ਸਵਾਲ ਹੀ ਕਰ ਸਕਦਾ ਹੈ। ਕਹਿਣ ਲੱਗੇ -
‘ਅਸਲ ਵਿਚ ਇਹ ਗੱਲਾਂ ਜਿਹੜੀਆਂ ਦੱਸੀਆਂ ਨੇ ਉਸ ਸਮੇਂ ਦੀ ਭਾਰੂ ਵਿਚਾਰਧਾਰਾ ਦਾ ਨਾਂਹ ਪੱਖੀ ਪ੍ਰਭਾਵ ਹੈ। ਮਹਿਬੂਬ ਸਾਬ੍ਹ ਨੇ ਸਿੱਖੀ ਨੂੰ ਆਦਰਸ਼ ਸਮਾਜ ਦੀ ਸਿਰਜਨਾ ਦਾ ਮਾਡਲ ਮੰਨਿਐ। ਇਹ ਗੱਲਾਂ ਤੋਂ ਉਨਾਂ ਦੀ ਗਤੀਸ਼ੀਲਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਹ ਵਡੱਪਣ ਹੈ ਛੋਟਾਪਣ ਨਹੀਂ।’
ਇਸ ਗੱਲ ਨਾਲ ਮੈਂ ਸੌਖਾ ਹੋ ਗਿਆ। ਮੈਂ ਦੁਬਾਰਾ ਫਿਰ ਜਸਵੰਤ ਸਿੰਘ ਕੰਵਲ ਨੂੰ ਪੜ੍ਹਿਆ। ਉਸ ਦੀ ਵਿਚਾਰਧਾਰਾ ਸਬੰਧੀ ਮੇਰੇ ਕੋਲ ਸਵਾਲ ਸਨ ਪਰ ਕਰਨ ਦੀ ਜ਼ਰੂਰਤ ਨਹੀਂ ਪਈ।
ਮਜ਼ਲਸ ਨੰਬਰ ਪੰਜ -
ਪੰਜਾਬੀ ਯੂਨੀਵਰਸਿਟੀ ਤੋਂ ਡਾ. ਮੋਹਨ ਤਿਆਗੀ ਦਾ ਪੱਤਰ ਮਿਲਿਆ ਕਿ ਸੈਮੀਨਾਰ ਲਈ ਪੇਪਰ ਲਿਖ ਕੇ ਭੇਜੋ। ਸੈਮੀਨਾਰ ਨਾਵਲ ਦੇ ਸਬੰਧ ਵਿੱਚ ਸੀ। ਮੈਂ ਉਨ੍ਹਾਂ ਦਿਨਾਂ ਵਿੱਚ ਕੁਝ ਨਾਵਲ ਪੜ੍ਹ ਰਿਹਾ ਸੀ। ਵਿਭਾਗ ਵਿੱਚ ਗੱਲ ਤੁਰੀ।
'ਸਰ, ਯੂਨੀਵਰਸਿਟੀ ਪੇਪਰ ਪੜ੍ਹ ਕੇ ਆਉਣਾ ਹੈ। ਮੈਂ ਕੁਝ ਨਾਵਲ ਪੜ੍ਹੇ ਹਨ। ਲਿਖਣਾ ਚਾਹੀਦੈ?
'ਪਹਿਲਾਂ ਸਪੱਸ਼ਟ ਹੋਵੋ। ਰਾਇ ਬਣਾਓ। ਰਾਇ ਬਣਾਉਣ ਲਈ ਪੜ੍ਹੋ। ਵਿਚਾਰਧਾਰਾ ਬਣਾਓ।'
ਮੈਂ ਚੁੱਪ ਰਿਹਾ। ਉਨ੍ਹਾਂ ਆਪਣੀ ਪਾਠਕੀ ਪੜ੍ਹਤ ਉਸਾਰੀ।
ਕੁਝ ਦਿਨਾਂ ਬਾਅਦ ਹਰਪਾਲ ਸਿੰਘ ਪੰਨੂੰ ਨੂੰ ਪੜ੍ਹਿਆ। ਇੱਕ ਥਾਂ ਲਿਖਿਆ ਮਿਲਿਆ -
(ਇਹ ਸ.ਸ. ਬੱਲ ਅਤੇ ਸਰਦਾਰ ਕਪੂਰ ਸਿੰਘ ਦੀ ਵਾਰਤਾਲਾਪ ਹੈ)
ੳਸ (ਸ.ਸ. ਬੱਲ) ਨੇ ਆਪਣਾ ਪੀਐੱਚ. ਡੀ. ਦਾ ਥੀਸਿਸ ਫੜਾਉਂਦਿਆਂ ਕਿਹਾ - ਜੇ ਇਸ ਉੱਪਰ ਨਜ਼ਰ ਮਾਰ ਲਵੋਂ। ਮੈਂ ਮਿਹਨਤ ਕੀਤੀ ਹੈ। ਦੇਖ ਲਵੋ।
ਸਰਦਾਰ ਨੇ ਕਿਤਾਬ ਰੱਖ ਲਈ ਤੇ ਮਹੀਨੇ ਬਾਅਦ ਆਉਣ ਲਈ ਕਿਹਾ।
ਮਹੀਨੇ ਬਾਅਦ ਆਇਆ ਤਾਂ ਬਿਠਾ ਕੇ ਕਹਿਣ ਲੱਗੇ - ਮੇਰੀ ਲਿਖਤ ਜਦੋਂ ਛਪੀ ਹੋਈ ਕੋਈ ਪੜ੍ਹਦਾ ਹੈ ਤਾਂ ਸਹਿਮਤ ਹੋਵੇ ਭਾਵੇਂ ਅਸਹਿਮਤ, ਪਰ ਜੇ ਮੈਨੂੰ ਜਾਣਦਾ ਵੀ ਨਾ ਹੋਵੇ ਤਾਂ ਪਾਠਕ ਇਸ ਨਤੀਜੇ ਉੱਪਰ ਪੁੱਜਦਾ ਹੈ ਕਿ ਇਹ ਕਿਸੇ ਸਿੱਖ ਦੀ ਲਿਖੀ ਹੋਈ ਚੀਜ਼ ਹੈ…ਇਹ ਸਿੱਖ ਦ੍ਰਿਸ਼ਟੀਕੋਣ ਤੋਂ ਲਿਖੀ ਪੁਸਤਕ ਹੈ। ਪਰ ਤੇਰੀ ਲਿਖਤ ਪੜ੍ਹਦਿਆਂ ਮੈਨੂੰ ਕਦੀ ਤੂੰ ਸਿੱਖ ਲੱਗਦੈਂ ਕਦੀ ਹਿੰਦੂ, ਕਦੀ ਕਾਂਗਰਸੀਆ ਲੱਗਦੈਂ, ਕਦੀ ਮੌਕਾਸ਼ਨਾਖ, ਕਦੀ ਕਮਿਊਨਿਸ਼ਟ। ਤੇਰਾ ਕੋਈ ਦ੍ਰਿਸ਼ਟੀਕੋਣ ਨਹੀਂ। ਤੂੰ ਹੈਂ ਕੀ ਪਤਾ ਨਹੀਂ ਲੱਗਦਾ। ਆਪਣੇ ਆਪ ਵਿੱਚ ਸਪੱਸ਼ਟ ਹੋ। ਈਮਾਨਦਾਰ ਹੋ।
ਇਹ ਘਟਨਾ ਤੇ ਮੇਰੇ ਨਾਲ ਵਾਪਰੀ ਘਟਨਾ ਇੱਕੋ ਵਰਗੀਆਂ ਹਨ।
ਬੇਲਿਆਂ ਦੀ ਕੰਨਸੋਅ -
ਡਾ. ਗੁਰਭਗਤ ਸਿੰਘ ਦੇ ਤੁਰਨ ਤੋਂ ਬਾਅਦ ਕਈ ਦਿਨ ਉਨ੍ਹਾਂ ਦੇ ਚਿਹਰੇ ’ਤੇ ਉਦਾਸੀ ਦੇਖੀ। ਉਹ ਉਦਾਸੀ ਨਹੀਂ ਸੀ ਕਿਸੇ ਵਿਦਵਾਨ ਦੇ ਤੁਰਨ ਬਾਅਦ ਪੈਦਾ ਹੋਇਆ ਖਲਾਅ ਸੀ। ਉਹ ਖਲਾਅ ਜੋ ਪੂਰਿਆ ਨਹੀਂ ਜਾਣਾ ਸੀ। ਉਨ੍ਹਾਂ ਦਿਨਾਂ ’ਚ ਉਨਾਂ ਦੇ ਹੱਥ ‘ਕੌਮੀ ਆਜ਼ਾਦੀ ਵੱਲ’ ਕਿਤਾਬ ਦੇਖੀ। ਉਸ ਵਿਚਲੇ ਦੋ ਤਿੰਨ ਪੰਨੇ ਮੈਨੂੰ ਵੀ ਪੜ੍ਹਾਏ। ਬੜੀ ਗੰਭੀਰਤਾ ਨਾਲ ਲਿਖਿਆ ਸੀ ਪਰ ਸੌਖਾ।
ਮੇਰੇ ਵਰਗੇ ਅਨਪੜ੍ਹ ਬੰਦੇ ਡਾ. ਗੁਰਭਗਤ ਸਿੰਘ ਨੂੰ ਇਸ ਕਰਕੇ ਨਹੀ ਪੜ੍ਹਦੇ ਕਿ ਔਖਾ ਲਿਖਦੇ ਹਨ। ਇਸ ਕਿਤਾਬ ਵਿਚਲੀਆਂ ਰਮਜ਼ਾਂ ਦਾ ਰਹੱਸ ਸਤਗੁਰ ਸਿੰਘ ਕੋਲ ਹੈ। ਜਿਹੜੇ ਇਸ ਸਮੇਂ ਬਾਰੇ ਬਿਲਕੁਲ ਵੀ ਨਹੀਂ ਜਾਣਦੇ ਅਸਲ ਵਿੱਚ ਉਹੀ ਸਭ ਕੁਝ ਜਾਣਦੇ ਹਨ। ਜਿਹੜੇ ਚਾਰ ਅੱਖਰ ਪੜ੍ਹ ਗਏ, ਉਹ ਆਖਦੇ ਹਨ ਸੰਤ ਜਰਨੈਲ ਸਿੰਘ ਨੇ ਕੌਮੀ ਲੜਾਈ ਅਕਾਲ ਤਖਤ ਤੋਂ ਦੂਰ ਮੈਦਾਨ ਵਿੱਚ ਕਿਉਂ ਨਹੀਂ ਲੜੀ? ਉਹ ਰਹੱਸ ਤੋਂ ਕੋਰੇ ਹਨ ਕਿ ਦਿੱਲੀ ਤੋਂ ਜੋ ਮਤਾ ਪਾਸ ਕੀਤਾ ਕਿ ਆਕਾਲ ਤਖਤ ਢਹਿ ਢੇਰੀ ਕਰਨਾ ਹੈ। ਇਸ ਮਤੇ ਦੀ ਪਹੁੰਚ ਆਕਾਲ ਪੁਰਖ ਰਾਹੀਂ ਸੰਤਾਂ ਕੋਲ ਆਈ।
ਕੌਮ ਦਾ ਘਰ ਦਿੱਲੀ ਚੁੱਪ ਚੁਪੀਤੇ ਢਾਹ ਦੇਵੇ, ਫਿਰ ਸਿੱਖ ਦਾ ਜਿਉਣਾ ਦੁੱਭਰ ਹੋ ਜਾਂਦਾ। ਸਿੱਖ ਦਾ ਅਦਰਸ਼ ਸੰਤ ਜਰਨੈਲ ਸਿੰਘ ਨੇ ਨਿਭਾਇਆ। ਰਮਜ਼ ਬੁੱਝ ਕੇ ਤਖਤ ਤੇ ਡੇਰੇ ਲਾਏ। ਉਨਾਂ ਕੋਲ ਅਨੇਕਾਂ ਅਣਕਹੀਆਂ ਕਥਾਵਾਂ ਦੇ ਭੇਦ ਹਨ। ਕਈ ਕਥਾਵਾਂ ਬਾਰੇ ਜਦੋਂ ਉਹ ਬੋਲਦੇ ਹਨ ਉਨ੍ਹਾਂ ਦੀ ਰਮਜ਼ ਪਛਾਣਨ ਵਾਲੀ ਹੁੰਦੀ ਐ। ਲੋਕ ਉਨਾਂ ਦੀਆਂ ਅੱਖਾਂ ਵਿੱਚੋਂ ਪਤਾ ਨਹੀਂ ਕੀ ਵੇਖਦੇ ਹਨ। ਮੈਂ ਉਨਾਂ ਦੀਆਂ ਅੱਖਾਂ ਵਿੱਚ ਵੀਹਵੀਂ ਸਦੀ ਦੇ ਨਾਇਕ ਬਾਰੇ ਅਣਲਿਖੇ ਮਹਾਂਕਾਵਿ ਦੀਆਂ ਰਮਜ਼ਾਂ ਵੇਖਦਾ ਹਾਂ। ਇਹ ਅਵਸਥਾ ਫਿਲਮ ਵਰਗੀ ਹੁੰਦੀ ਹੈ। ਇੱਕ ਸੀਨ ਚੱਲਦਾ ਹੈ ਫਿਰ ਅਗਲਾ ਆਉਂਦਾ ਹੈ……ਸੰਵਾਦ ਤੁਰਦਾ ਹੈ…..ਹਿੰਦੁਸਤਾਨੀ ਕਹਿਰ ਦੀ ਫਿਲਮ ਲਫ਼ਜ਼ਾਂ ਰਾਹੀਂ ਬਿਆਨ ਹੁੰਦੀ ਹੈ। ਜਿਹੜੀਆਂ ਮੈਂ ਖਾਲੀ ਥਾਵਾਂ ਛੱਡ ਦਿੱਤੀਆਂ ਹਨ ਇਨਾਂ ਵਿੱਚ ਘੱਟ ਗਿਣਤੀਆਂ ਤੇ ਹੋਇਆ ਜਬਰ ਹੈ, ਇਸ ਵਿੱਚ ਕੌਮ ਦੇ ਗੌਰਵ ਲਈ ਲੜੀ ਲੜਾਈ ਹੈ।ਇਹ ਗੱਲਾਂ ਤੁਹਾਡੇ ਅੱਖ ਵਿੱਚ ਪਏ ਕਸੀਰ ਵਾਂਗ ਜ਼ਖਮ ਕਰਦੀਆਂ ਹਨ। ਅਜਿਹਾ ਸੁਣਦਿਆਂ ਯੂਨੀਵਰਸਿਟੀਆਂ ਵਿੱਚੋਂ ਰਟਾਏ ਸ਼ਬਦ ਸੰਕਟ, ਦੰਗੇ, ਬਲਿਊ ਸਟਾਰ ਖੌਰੂ ਪਾਉਣ ਲੱਗਦੇ ਹਨ। ਸਿੱਖ ਸ਼ਹੀਦਾਂ ਦੇ ਸਰੀਰਾਂ ਵਿੱਚੋਂ ਨਿਕਲਦੇ ਖੂਨ ਨਾਲ ਮੈਂ ਭਿੱਜ ਜਾਂਦਾ ਹਾਂ।
ਬੇਬੇ ਨੂੰ ਲੜਨਾ ਜਮ੍ਹਾਂ ਨ੍ਹੀਂ ਆਉਂਦਾ -
ਘਰ ਦਾ ਆਪਣਾ ਸੁਭਾਅ ਹੁੰਦੈ, ਆਪਣੀ ਬਣਤਰ ਹੁੰਦੀਐ। ਘਰ ਵਿੱਚ ਸਾਰਾ ਕੁੱਝ ਘਰ ਵਰਗਾ ਨਹੀਂ ਹੁੰਦਾ ਪਰ ਮਾਂ ਆਪਣੇ ਆਪ ਵਿੱਚ ਘਰ ਹੁੰਦੀਐ। ਸਤਗੁਰ ਸਿੰਘ ਮਾਂ ਨੂੰ ਬੇਬੇ ਆਖਦੈ। ਬੇਬੇ ਕਦੇ ਪਿੰਡ ਵਾਲੇ ਘਰ ਹੁੰਦੀਐ, ਕਦੇ ਸ਼ਹਿਰ ਵਾਲੇ। ਉਸ ਲਈ ਬੇਬੇ ਹੀ ਘਰ ਹੈ। ਮੇਰਾ ਉਸ ਬੇਬੇ ਨੇ ਕਈ ਵਾਰ ਮੋਢਾ ਪਲੋਸਿਆ ਹੈ। ਉਸ ਹੱਥ ਦੀ ਛੋਹ ਨੇ ਮੇਰੇ ਅੰਦਰ ਬੜਾ ਕੁੱਝ ਜ਼ਿੰਦਗੀ ਵਰਗਾ ਭਰ ਦਿੱਤੈ। ਉਸ ਅੰਦਰ ਪਿਆਰ ਦਾ ਸਮੁੰਦਰ ਠਾਠਾਂ ਮਾਰਦੈ। ਬਾਬੇ ਦੀ ਕਿਰਤ ਨਾਲ ਉਹ ਸਦਾ ਜੁੜੀ ਰਹਿੰਦੀ ਹੈ।
ਮੈਂ ਇੱਕ ਦਿਨ ਘਰ ਗਿਆ ਉਹ ਕੁੱਝ ਬੁਣ ਰਹੀ ਸੀ ਸ਼ਾਇਦ ਸਵੈਟਰ। ਸਵੈਟਰ ਤਾਂ ਬਹਾਨਾ ਹੈ ਉਹ ਬੜ੍ਹਾ ਕੁੱਝ ਮਾਂ ਵਰਗਾ ਬੁਣ ਰਹੀ ਸੀ। ਇਹ ਸਾਧਨਾ ਪਰਮਆਤਮਾ ਦਾ ਰਾਹ ਸੀ। ਮੈਂ ਸੋਚਦਾ ਹਾਂ ਉਹ ਧਾਗਾਂ, ਉਹ ਸਲਾਈਆਂ ਕਿੰਨੀਆਂ ਸੁਭਾਗੀਆਂ ਹੋਣਗੀਆਂ ਜਿਹੜੀਆਂ ਉਸ ਦੇ ਹੱਥ ਵਿੱਚ ਸਨ। ਉਹ ਕਿਸੇ ਫਕੀਰ ਦਾ ਤਨ ਹੋਵੇਗਾ ਜਿਸ ਨੇ ਉਸਨੂੰ ਪਹਿਨਣਾ ਹੈ। ਉਸ ਦੀ ਹਰ ਅੜੀ ਵਿੱਚ ਜਾਪ ਹੈ। ਉਹੋ ਖਿੜੇ ਹੋਏ ਤਾਰਿਆਂ ਚੋਂ ਲੱਪ ਭਰਦੀ ਹੈ, ਉਹੋ ਤੁਰੇ ਜਾਂਦੇ ਬੱਦਲਾਂ ਦੀ ਬਾਂਹ ਫੜਦੀ ਐ। ਹਰ ਕੋਈ ਉਸ ਨੂੰ ਮਿਲ ਕੇ ਬੰਦਾ ਹੋ ਜਾਂਦੈ। ਸਿਰ ਉੱਪਰ ਚੁੱਕਿਆ ਬੋਝ ਲਹਿ ਜਾਂਦੈ।
ਉਹ ਬੁਣਿਆ ਸਵੈਟਰ ਕਦੇ ਸਤਗੁਰ ਸਿੰਘ ਨੇ ਪਹਿਨਿਆ ਹੋਵੇਗਾ। ਤਾਂਹੀ ਇੰਨਾ ਸੁੱਚੈ, ਪਾਕ ਹੈ, ਫ਼ਕੀਰ ਹੈ। ਇਹ ਸੁੱਚਤਾ ਕਹਿਣੀ ਤੇ ਕਰਨੀ ਦੀ ਹੈ। ਗੁਰੂ ਦੀ ਬਾਤ ਪਾ ਕੇ ਆਪਣੇ ਆਪ ਬੁੱਝ ਦਿੰਦੈ। ਖਲਾਅ ਵਿੱਚੋਂ ਫੜੇ ਲਫ਼ਜ਼ ਆਪਣੇ ਆਪ ਤਰਤੀਬ ਵਿੱਚ ਟਿਕ ਕੇ ਸੁੱਚੇ ਪ੍ਰਵਚਨ ਬਣ ਜਾਂਦੇ ਨੇ। ਰੂਹਾਨੀਅਤ ਦੀਆਂ ਗੱਲਾਂ ਬਣਦੇ ਨੇ। ਇਹ ਗੱਲਾਂ ਕਿਸੇ ਟਾਂਵੇ ਨੂੰ ਸਮਝ ਪੈਂਦੀਆ ਨੇ। ਪਿਆਰ ਵਿੱਚ ਆਪਣਾ ਆਪਾ ਲੁਟਾ ਕੇ ਉਸਨੂੰ ਸਵਾਦ ਆਉਂਦੈ। ਬੇਬੇ ਉਸ ਲਈ ਰੱਬ ਹੈ। ਸਤਗੁਰ ਸਿੰਘ ਨੇ ਮੈਨੂੰ ਏਨਾ ਕ ਦੱਸਿਐ -
‘ਮਾਂ ਤੋਂ ਭਲ਼ਾ ਕੋਈ ਕੀ ਲੁਕਾ ਸਕਦਾ ਹੈ? ਮਾਂ ਨੂੰ ਕੋਈ ਦੇ ਵੀ ਕੀ ਸਕਦਾ ਹੈ?’
ਅਚਾਨਕ ਇੱਕ ਦਿਨ ਮੈਂ ਕਿਹਾ - ‘ਸਰ, ਬੇਬੇ ਬਾਰੇ ਕੋਈ ਗੱਲ ਸੁਣਾਓ।’
ਇੱਕ ਸਤਰਾ ਜਵਾਬ ਸੀ - ‘ਗੁਰਦੀਪ ਸਿੰਘ, ਬੇਬੇ ਨੂੰ ਲੜਨਾ ਜਮ੍ਹਾਂ ਨ੍ਹੀਂ ਆਉਂਦਾ।’
ਬੰਦਾ ਉਮਰ ਭਰ ਕੁਝ ਨਾ ਕੁਝ ਮਾਂ ਤੋਂ ਲੈਂਦੈ। ਲੈਣ ਦੇਣ ਵਿੱਚ ਆਪਣਾ ਸੁਆਦ ਹੁੰਦੈ। ਉਹ ਮਾਂ ਤੋਂ ਪਿਆਰ ਲੈਂਦੈ, ਮਾਂ ਨੂੰ ਪਿਆਰ ਦਿੰਦੈ। ਮਾਂ ਜਦੋਂ ਉਸ ਵੱਲੋਂ ਮਿਲੇ ਪਿਆਰ ਨੂੰ ਅਗਾਂਹ ਪੋਤੇ ਪੋਤੀਆਂ ਨੂੰ ਵੰਡਦੀ ਹੈ ਤਾਂ ਉਸਨੂੰ ਚਾਅ ਚੜ੍ਹਦੈ। ਇਹ ਚਾਅ ਫਿਰ ਕਿੰਨਾ ਕਿੰਨਾ ਸਮਾਂ ਵੰਡਦੈ ਜਿੰਨਾ ਕੋਲ ਵੰਡਦਾ ਹੈ ਉਹ ਆਪਣਾ ਸਵਾਦ ਲੈਂਦੇ ਨੇ।
ਕਾਵਿ-ਹੀਣ ਫਿਜ਼ਾ 'ਚ ਕੋਈ ਰਮਕਿਆ ਏ…
ਮੇਰੇ ਅਧਿਆਪਕ ਡਾ. ਜਗਜੀਤ ਸਿੰਘ ਜਦੋਂ ਸਰੂਰ ’ਚ ਹੁੰਦੇ ਸੀ ਆਖਦੇ ਹੁੰਦੇ ਸੀ - ‘ਪ੍ਰਵਚਨ ਦੀ ਪਹਿਲੀ ਪਰਤ ਸੰਵਾਦ ਹੁੰਦੈ।’ ਐਨੀ ਗੱਲ ਕਰਨ ਤੋਂ ਬਾਅਦ ਪਤਾ ਨ੍ਹੀਂ ਉਹ ਕਿਸ ਨਾਲ ਸੰਵਾਦ ਰਚਾਉਂਦੇ ਸੀ। ਦਸ ਦਸ ਮਿੰਟ ਚੁੱਪ ਸਾਧ ਲੈਂਦੇ ਸੀ। ਸੰਵਾਦ ਰਚਾਉਂਣਾ ਸਤਗੁਰ ਸਿੰਘ ਦੀ ਪਹਿਲੀ ਪਹੁੰਚ ਹੈ। ਸੰਵਾਦ ਜ਼ਰੀਏ ਬੰਦੇ ਅੰਦਰ ਝਾਕਣਾ ਸੌਖੈ। ਉਸ ਕੋਲ ਸੰਵਾਦ ਰਚਾਉਣ ਦੀਆਂ ਕਈ ਘਾੜਤਾਂ ਨੇ। ਉਹ ਪਹਿਲੀ ਵਾਰਤਾ ਵਿੱਚ ਸਾਹਿਤ ਨੂੰ ਉਧੇੜ ਲੈਂਦੈ, ਸਾਹਮਣੇ ਵਾਲਾ ਡੌਰ ਭੌਰ ਹੋਇਆ ਵੇਖਦੈ। ਸਾਹਮਣੇ ਵਾਲੇ ਵੱਲੋਂ ਇਕੱਠੇ ਕੀਤੇ ਸਾਰੇ ਗਿਆਨ ਦਾ ਸੋਮਾ ਟੁੱਟ ਜਾਂਦੈ। ਓਪਰਾ ਓਪਰਾ ਮਹਿਸੂਸ ਕਰਦੈ। ਅੰਦਰੋਂ ਅੰਦਰੀਂ ਖਿੰਡਦਾ ਜਾਂਦੈ। ਫਿਰ ਸਾਹਮਣੇ ਵਾਲੇ ਦੀ ਵਾਰੀ ਆਉਂਦੀ ਹੈ, ਉਸਤੋਂ ਉਸਦੀ ਰਾਇ ਪੁੱਛੀ ਜਾਂਦੀ ਐ। ਇਹ ਸੀਨ ਸੰਵਾਦ ਦਾ ਸਿਖਰ ਹੁੰਦੈ, ਸਾਹਮਣੇ ਵਾਲੇ ਦੀ ਪ੍ਰੀਖਿਆ ਦਾ ਵੀ। ਫਿਰ ਆਪਣੇ ਆਪ ਬੁਣ ਦਿੰਦੈ। ਸਾਹਮਣੇ ਵਾਲਾ ਦੂਸਰੇ ਦਿਨ ਹੋਰ ਕਮਰਾ ਲੱਭਦੈ ਜਾਂ ਕੁੱਝ ਪੜ੍ਹਨ ਦੇ ਰਾਹ ਤੁਰਦੈ। ਦੁਨੀਆਂ ਦੇ ਮਹਾਨ ਬੰਦੇ ਅਜਿਹਾ ਹੀ ਕਰਦੇ ਨੇ। ਮੇਰੇ ਨਾਲ ਬੜੀ ਵਾਰ ਅਜਿਹਾ ਵਾਪਰਿਐ। ਪਹਿਲਾ ਪਹਿਲਾ ਮੈਂ ਸਵਾਲ ਪੁੱਛ ਲੈਂਦਾ ਸੀ। ਸ਼ਾਇਦ ਵਾਪਿਸ ਪਰਤਣਾ ਚਾਹੁੰਦਾ ਸਾਂ। ਪਰਤ ਆਇਆ ਹਾਂ ਸਵੈ ਨਾਲ ਗੱਲਾਂ ਕਰਨ ਲੱਗ ਪਿਆ ਹਾਂ। ਮੇਰੇ ਵਿਭਾਗ ਵਿੱਚ 20 ਦੇ ਕਰੀਬ ਅਧਿਆਪਕ ਪੜਾਉਂਦੇ ਨੇ। ਵੱਖ ਵੱਖ ਵਿਧਾਵਾਂ ਦੇ ਗਿਆਤਾ। ਟਾਵੇਂ ਟਾਵੇਂ ਹਨ ਜਿਹੜੇ ਕਮਰੇ ਵਿੱਚ ਆਉਂਦੇ ਨੇ। ਜਿਆਦਾ ਕੋਲ ਇੱਕ ਗੱਲ ਹੈ, ਗਾਹੇ ਵਗਾਹੇ ਆਖਦੇ ਹਨ -
“ਆਹ ਤਿੰਨ ਚਾਰ ਨੇ, ਕੁੱਝ ਆਉਂਦਾ ਹੈ ਨ੍ਹੀ, ਗੱਲਾਂ ਕਰਦੇ ਨੇ ਦੁਨੀਆਂ ਭਰ ਦੀਆਂ।”
ਜਦੋਂ ਸਮੱਸਿਆਂ ਵਿੱਚ ਫਸਦੇ ਹਨ ਫਿਰ ਉਹੀ ਆਉਂਦੇ ਹਨ, ਭਰ ਕੇ ਜਾਂਦੇ ਹਨ। ਉਹ ਬੰਦੈ ਤਾਂ ਕਰਕੇ ਉਸਨੂੰ ਸਾਰੇ ਬੰਦੇ ਲੱਗਦੇ ਨੇ। ਉਸਦੀ ਵਿਲੱਖਣਤਾ ਇਹੀ ਹੈ ਕਿ ਉਹ ਪ੍ਰੋ. ਪੂਰਨ ਸਿੰਘ ਵਾਲੇ ਪੰਜਾਬ ਦਾ ਫੱਕਰ ਹੈ। ਕਿਤਾਬ ਪੜ੍ਹਨ ਦਾ ਉਸਦਾ ਆਪਣਾ ਅੰਦਾਜ਼ ਐ। ਕਿਤਾਬ ਹੱਥ ਵਿੱਚ ਫੜ ਕੇ ਨਿਹਾਰਦੈ। ਉਸਨੂੰ ਫਰੋਲਦਾ ਉਸ ਅੰਦਰਲੀ ਸੁਗੰਧ ਤੋਂ ਜਾਣੂ ਹੁੰਦੈ। ਇਸ ਹੁਨਰ ਬਾਰੇ ਨਵਤੇਜ ਭਾਰਤੀ ਨੇ ਕਦੇ ਲਿਿਖਆ ਸੀ ਕਿ ਮਹਿਬੂਬ ਸਾਬ੍ਹ ਕਿਤਾਬ ਫੜਕੇ ਉਸਨੂੰ ਫਰੋਲਦੇ ਹਨ। ਆਖਦੇ ਹਨ -
‘ਇਸ ਵਿੱਚੋਂ ਸੁਗੰਧ ਤਾਂ ਆਉਂਦੀ ਨਹੀਂ।’
ਇਹ ਉਹੀ ਰਮਜ਼ ਹੈ। ਸ਼ਾਇਦ ਮਹਿਬੂਬ ਸਾਬ੍ਹ ਨਾਲ ਰਹਿੰਦਿਆਂ ਉਨ੍ਹਾਂ ਕਿਤਾਬ ਦੀ ਸੁਗੰਧ ਲੈਣੀ ਸਿੱਖ ਲਈ ਸੀ। ਸਰਵਰਕ ਤੋਂ ਹੁੰਦੇ ਹੋਏ ਸਮਰਪਣ ਤੱਕ ਅੱਪੜਦੇ ਹਨ। ਫਿਰ ਅਗਲਾ ਪ੍ਰਵਚਨ ਉਸਾਰਦੇ ਹਨ। ਮਹਿਬੂਬ ਸਾਬ੍ਹ ਨਾਲ ਉਨ੍ਹਾਂ ਦਾ ਡਾਢ੍ਹਾ ਇਸ਼ਕ ਰਿਹੈ। ਗੜ੍ਹਦੀਵਾਲ ਜਾ ਕੇ ਉਹ ਉਨ੍ਹਾਂ ਗਲੀਆਂ ਵਿੱਚ ਝੱਲਿਆਂ ਵਾਂਗ ਘੁੰਮਦੈ ਜਿਨ੍ਹਾਂ ਵਿੱਚ ਮਹਿਬੂਬ ਸਾਬ੍ਹ ਦਾ ਟਿਕਾਣਾ ਰਿਹੈ। ਦੋ ਹਜ਼ਾਰ ਸੋਲਾਂ ਵਿੱਚ ਜਦੋਂ ਰਾਣੀ ਤੱਤ ਕਿਤਾਬ ਆਈ ਤਾਂ ਉਨ੍ਹਾਂ ਇੱਕੋਂ ਪੜ੍ਹਤ 'ਚ ਉਸ ਅੰਦਰਲਾ ਸੱਚ ਜਾਣ ਲਿਆ। ਸਹਿਜ ਸੁਭਾਅ ਪ੍ਰਵਚਨ ਉਸਾਰਿਆ-
“ਅੱਜ ਦਾ ਜਿਹੜਾ ਸਾਡਾ ਚਿੰਤਨ ਹੈ, ਸਾਨੂੰ ਆਪਣੇ ਮੂਲ ਨਾਲੋਂ, ਆਪਣੇ ਆਪੇ ਨਾਲੋਂ, ਮਨੁੱਖ ਆਪੇ ਨਾਲੋਂ ਜੁਦਾ ਕਰਦਾ ਹੈ, ਤੋੜਦਾ ਹੈ। ਆਧੁਨਿਕਤਾ ਤੋਂ ਉੱਤਰ-ਆਧੁਨਿਕਤਾ ਦੇ ਵਿੱਚ ਅਸੀਂ ਪਹੁੰਚੇ, ਇਹ ਜਿਹੜੇ ਵੀ ਚਿੰਤਨ ਆਏ, ਇਹ ਚਿੰਤਨਾਂ ਨੇ ਸਾਨੂੰ ਇਹੋ ਜਾ ਕੁੱਝ ਦਿੱਤਾ ਕਿ ਸਾਡੇ ਅੰਦਰੋਂ ਕਿਤੇ ਮਨੁੱਖ ਖੋ ਗਿਆ। ਹਰਮਨ ਦੀ ਕਵਿਤਾ ਉਹ ਗੱਲਾਂ ਕਰਦੀ ਹੈ ਜਿਹੜੇ ਸਾਡੇ ਗੁਆਚੇ ਹੋਏ ਆਪੇ ਨੂੰ ਸਾਡੀ ਸਿਮਰਤੀ ਵਿੱਚ ਲੈ ਕੇ ਆਉਂਦਾ ਹੈ। ਸਾਨੂੰ ਉਸ ਨਾਲ ਜੁੜਨ ਦਾ ਸੱਦਾ ਦਿੰਦਾ ਹੈ। ਇਸ ਕਵਿਤਾ ਵਿੱਚ ਜਿਹੜਾ ਜਾਂਗਲੀਪਣ ਹੈ, ਜਿਹੜਾ ਚਾਅ ਹੈ, ਬੰਦੇ ਅੰਦਰ ਜਿਹੜਾ ਜਜ਼ਬਾਤ ਹੈ, ਉਸਨੂੰ ਆਵਾਜ਼ ਮਿਲੀ ਹੈ। ਸਾਡਾ ਗੁਆਚਿਆ ਆਪਾ ਸਾਨੂੰ ਇਨਾਂ ਕਵਿਤਾਵਾਂ ਵਿੱਚੋਂ ਲੱਭਦਾ ਹੈ। ਜਦੋਂ ਅਸੀਂ ਆਪਣਾ ਸਭ ਕੁੱਝ ਗਵਾ ਕੇ ਇਹੋ ਜੇ ਥਾਂ ’ਤੇ ਪਹੁੰਚੇ ਹਾਂ ਜਿੱਥੇ ਜਾ ਕੇ ਸਾਡਾ ਚਿੰਤਨ ਸਾਨੂੰ ਬਹੁਤ ਅਕਾ ਦਿੰਦਾ ਹੈ, ਬਹੁਤ ਥਕਾ ਦਿੰਦਾ ਹੈ, ਸਾਡੇ ਕੋਲ ਇਹੋ ਜੇ ਰਸਤੇ ਨਹੀਂ ਜਿਹੜੇ ਚਾਅ ਵੱਲ ਲਿਜਾ ਸਕਦੇ ਹੋਣ, ਖੁਸ਼ੀ ਵੱਲ ਲਿਜਾ ਸਕਦੇ ਹੋਣ, ਕਿਸੇ ਖੇੜੇ ਵਿੱਚ ਪ੍ਰਵੇਸ਼ ਕਰਵਾਉਣ। ਇਸ ਚਿੰਤਨ ਨੇ ਸਾਨੂੰ ਇਹ ਕੁੱਝ ਨਹੀਂ ਦਿੱਤਾ ਤਾਂ ਹਰਮਨ ਦੀ ਕਵਿਤਾ ਜਿਹੜੀ ਗੁਰੂ ਨਾਨਕ ਦੇ ਸੁਨੇਹੇ ਨੂੰ, ਗੁਰੂ ਨਾਨਕ ਦੇ ਵਿਸਮਾਦੀ ਚਿੰਤਨ ਨੂੰ ਆਪਣਾ ਆਧਾਰ ਬਣਾ ਕੇ ਚੱਲਦੀ ਹੈ। ਉਹ ਜੰਗਲਾਂ ਵੱਲ ਤੁਰਦੀ ਹੈ, ਬੂਟਿਆਂ ਵੱਲ, ਪੰਛੀਆਂ ਵੱਲ, ਦਰੱਖਤਾਂ ਵੱਲ, ਮਨੁੱਖ ਦੇ ਆਪਣੇ ਕੋਮਲ ਆਪੇ ਵੱਲ ਜਦ ਤੁਰਦੀ ਹੈ ਤਾਂ ਲਾਜ਼ਮੀ ਤੌਰ ’ਤੇ ਅਸੀਂ ਇਸ ਚੀਜ਼ ਨੂੰ ਤਰਸ਼ੇ ਹੋਏ ਹਾਂ। ਪ੍ਰੋ. ਪੂਰਨ ਸਿੰਘ, ਉਸ ਤੋਂ ਬਾਅਦ ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ ਵਿੱਚ ਇਹ ਕਾਫ਼ੀ ਕੁੱਝ ਸੀ। ਘੱਟੋ ਘੱਟ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਏਵੇਂ ਲੱਗਦਾ ਰਿਹਾ ਕਿ ਪੰਜਾਬੀ ਵਿੱਚ ਜਿਹੜੀ ਕਵਿਤਾ ਲਿਖੀ ਜਾ ਰਹੀ ਹੈ, ਉਹ ਰੁਦਨ ਹੈ, ਰੁਦਨ ਤੋਂ ਸਿਵਾਇ ਸਾਡੇ ਕੋਲ ਕੁੱਝ ਨਹੀਂ ਹੈ। ਰੁਦਨ ਵੀ ਕਿਸੇ ਪਿਆਰ ਵਿੱਚ ਹੋਵੇ, ਰੋਣਾ ਵੀ ਕਿਸੇ ਪਿਆਰ ਵਿੱਚ ਹੋਵੇ ਤਾਂ ਗੱਲ ਹੋਰ ਹੈ, ਉਹ ਰੋਣਾ ਵੀ ਸੁਆਦਲਾ ਹੂੰਦਾ ਹੈ। ਅਸੀਂ ਤਾਂ ਅਜਿਹੇ ਰੋਣ ਛੇੜ ਬੈਠੇ ਜਿਸ ਦਾ ਕੋਈ ਅੰਤ ਨਹੀਂ ਹੈ, ਜਿਸ ਵਿੱਚੋਂ ਕਿਤੇ ਲਵ ਖਤਮ ਹੋ ਗਿਆ ਹੈ ਤਾਂ ਇਹੋ ਜਿਹੀ ਕਵਿਤਾ ਦੀ ਕਿਤੇ ਉਡੀਕ ਹੋਵੇਗੀ ਪੰਜਾਬੀ ਦੇ ਪਾਠਕਾਂ ਨੂੰ, ਘੱਟੋ ਘੱਟ ਮੈਨੂੰ ਉਡੀਕ ਸੀ।”
ਇਸ ਤਰ੍ਹਾਂ ਦੀਆਂ ਟਿੱਪਣੀਆਂ ਹਰ ਨਵੀਂ ਕਿਤਾਬ ਬਾਰੇ ਹੁੰਦੀਆਂ ਰਹਿੰਦੀਆਂ ਨੇ। ਪਹਿਲਾਂ ਪਹਿਲਾਂ ਤਾਂ ਮੈਂ ਪੰਗੇ ਵਜੋਂ ਤੇ ਸਵਾਦ ਲੈਣ ਵਜੋਂ ਵੀ ਕਰਦਾ ਰਿਹਾ। ਫਿਰ ਅਚਾਨਕ ਮੋੜਾ ਕੱਟਿਆ। ਮੈਂ ਚੁੱਪ ਹੋ ਗਿਆ। ਇੱਕ ਦਿਨ ਮੇਰੇ ਹੱਥ ਵਿੱਚ ਪਾਤਰ ਦੀ ਬਿਰਖ ਅਰਜ਼ ਕਰੇ ਫੜੀ ਹੋਈ ਸੀ। ਨਾਲ ਨਾਲ ਰਹਿੰਦਿਆਂ ਮੈਂ ਕਵਿਤਾ ਦੀ ਰਮਜ਼ ਸਮਝਣ ਲੱਗ ਪਿਆ ਸਾਂ। ਉਸ ਅੰਦਰਲੀ ਕਵਿਤਾ ਬਾਰੇ ਮੇਰੇ ਆਪਣੇ ਕੁਝ ਨਿੱਜੀ ਵਿਚਾਰ ਸਨ। ਉਸ ਨੁਕਤੇ ਤੋਂ ਗੱਲ ਤੋਰਨ ਵਿੱਚ ਮੈਂ ਪਹਿਲਕਦਮੀ ਕਰੀ। ਬੜਾ ਕੁੱਝ ਨਿਕਲਿਆ। ਪੰਜਾਬ ਸੰਕਟ ਬਾਰੇ ਸਾਰਥਿਕ ਪਹੁੰਚ ਤੋਂ ਸਿੱਟਾ ਕੱਢਦੇ ਉਹ ਅਕਸਰ ਕਹਿੰਦੇ ਹਨ -
“ਪੂਰਵ ਸੁਤੰਤਰਤਾ ਕਾਲ ਤੋਂ ਹੀ ਹਿੰਦੂ ਅਤੇ ਸਿੱਖਾਂ ਵਿੱਚ ਧਾਰਮਿਕ ਤਣਾਅ ਬਣਿਆ ਹੋਇਆ ਸੀ ਪਰ ਆਜ਼ਾਦੀ ਪ੍ਰਾਪਤੀ ਉਪਰੰਤ ਰਾਜਸੀ ਸੱਤਾ ਤੇ ਕਾਬਜ਼ ਬਹੁਗਿਣਤੀ ਭਾਈਚਾਰੇ ਨੇ ਆਪਣੇ ਰਾਜਸੀ, ਧਾਰਮਿਕ ਅਤੇ ਆਰਥਿਕ ਉਦੇਸ਼ਾ ਦੀ ਪ੍ਰਾਪਤੀ ਲਈ ਜਿਹੜਾ ਰਾਜਸੀ-ਆਰਥਿਕ ਢਾਂਚਾ ਤੇ ਸੰਸਥਾਵੀ ਬਣਤਰਾਂ ਉਸਾਰੀਆਂ ਉਨ੍ਹਾਂ ਨੇ ਹੋਰ ਘੱਟ ਗਿਣਤੀ ਭਾਈਚਾਰਿਆਂ ਦੇ ਨਾਲ ਹੀ ਸਿੱਖਾਂ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਪੈਦਾ ਕੀਤਾ। ਸਿੱਟੇ ਵਜੋਂ ਬਰਾਬਰ ਦੇ ਅਧਿਕਾਰਾਂ ਅਤੇ ਬਰਾਬਰ ਦੇ ਸਨਮਾਨ ਦੀ ਮੰਗ ਪੈਦਾ ਹੋਈ ਜਿਸ ਨੂੰ ਦਬਾਉਣ ਲਈ ਭਾਰਤੀ ਸਰਕਾਰਾਂ ਨੇ ਜਿਹੜਾ ਤਰੀਕਾ ਵਰਤਿਆ ਉਸਨੇ ਸਿੱਖਾਂ ਅੰਦਰ ਬਰਾਬਰ ਦੇ ਅਧਿਕਾਰਾਂ ਤੋਂ ਅੱੱਗੇ ਹੋਂਦ ਮੂਲਕ ਸੰਕਟ ਪੜਾ ਕੀਤਾ। ਜੂਨ 1984 ਅਤੇ ਨਵੰਬਰ 1984 ਵਿੱਚ ਇਸ ਅਮਲ ਦੇ ਨਾ ਭੁੱਲਣਯੋਗ ਸਦਮੇ ਹਨ। ਬਰਾਬਰੀ ਦੇ ਅਧਿਕਾਰਾਂ ਦੀ ਮੰਗ/ਲੜਾਈ ਨੂੰ ਸਰਕਾਰੀ ਮਸ਼ੀਨਰੀ ਨੇ ਜਿਸ ਰੰਗਤ ਵਿੱਚ ਵਿਸ਼ਵ ਸਾਹਮਣੇ ਪੇਸ ਕੀਤਾ ਉਸਨੇ ਨਾ ਸਿਰਫ ਇਸ ਲੜਾਈ ਦੀਆਂ ਦਿਸ਼ਾਵਾਂ ਨੂੰ ਬਦਲਿਆ ਸਗੋਂ ਹਰ ਪੰਜਾਬੀ ਨੂੰ ਗਹਿਰੀ ਦਹਿਸ਼ਤ ਵਿੱਚ ਸੁੱਟ ਦਿੱਤਾ।”
ਮੁੱਕਦੀ ਗੱਲ…
ਹਰਪਾਲ ਸਿੰਘ ਪੰਨੂ ਨੇ ਸਰਦਾਰ ਕਪੂਰ ਸਿੰਘ ਨੂੰ ਖਤ ਲਿਖਿਆ। ਲਿਖਿਆ ਸੀ -
'ਸਰਦਾਰ ਸਾਹਿਬ ਤੁਹਾਡੇ ਪਾਸ ਬੜੇ ਵੱਡੇ ਲੋਕ ਆਉਂਦੇ ਹਨ, ਕੰਮ ਲੈਣ ਆਉਂਦੇ ਹਨ। ਨੌਕਰੀਆਂ ਲੈਣ ਆਉਂਦੇ ਹਨ, ਤੁਸੀਂ ਮੱਦਦ ਕਰਦੇ ਹੋਂ। ਮੈਂ ਵਾਅਦਾ ਕਰਦਾਂ ਹਾਂ ਕਿ ਨੌਕਰੀ ਦਿਵਾਣ ਦਾ ਸਵਾਲ ਤੁਹਾਡੇ ਪਾਸ ਨਹੀਂ ਪਾਵਾਂਗਾ। ਮੇਰੀ ਮਨਸ਼ਾ ਕੇਵਲ ਸਿੱਖੀ ਬਾਰੇ ਜਾਣਨ ਦੀ ਹੈ। ਹੋਰ ਕੋਈ ਲਾਲਸਾ ਨਹੀਂ। ਮੈਂ ਗੋਰਕੀ ਦੀਆਂ ਸਾਰੀਆਂ ਰਚਨਾਵਾਂ ਪੜ੍ਹੀਆਂ ਹਨ। ਟਾਲਸਟਾਏ ਦੇ ਘਰ ਵਿੱਚ ਉਹ ਨੌਕਰ ਚਾਕਰ ਵਾਂਗ ਅੱਗੇ ਪਿੱਛੇ ਸੇਵਾ ਕਰਦਾ ਫਿਰਦਾ ਰਹਿੰਦਾ ਤੇ ਸਵੈ-ਜੀਵਨੀ ਵਿੱਚ ਇਨ੍ਹਾਂ ਦਿਨਾਂ ਦੀ ਬਾਸਸ਼ਾਹਤ ਬਾਰੇ ਫ਼ਖ਼ਰ ਨਾਲ ਲਿਖਦਾ ਹੈ ਕਿ ਮੈਂ ਉਸ ਮਹਾਤਮਾ ਨਾਲ ਗੱਲਾਂ ਕੀਤੀਆਂ, ਝਿੜਕਾਂ ਖਾਧੀਆਂ ਹਨ। ਪਰ ਮੈਂ ਗੋਰਕੀ ਨਹੀਂ ਹਾਂ। ਮੈਨੂੰ ਅਦਨ ਦੇ ਬਾਗ ਵਿੱਚੋਂ ਕੱਢੋਗੇ ਤਾਂ ਨਹੀਂ ਕਦੀ? ਗਿਆਨ ਦੇ ਰੁੱਖ (ਠਰੲੲ ੋਡ ਕਨੋਾਲੲਦਗੲ) ਤੋਂ ਜੇ ਸੇਬ ਤੋੜ ਕੇ ਖਾ ਲਵਾਂ, ਭਜਾ ਤਾਂ ਨਹੀਂ ਦਿਓਗੇ ਰੱਬ ਵਾਂਗ?
ਮੈਂ ਖਤ ਨਹੀਂ ਲਿਖਿਆ। ਮੰਗਿਆ ਹੈ ਬਹੁਤ ਕੁਝ, ਦਿੱਤਾ ਕੁਝ ਨਹੀਂ। ਮੈਂ ਉਸਦਾ ਵਿਦਿਆਰਥੀ ਬਣਨ ਦੀ ਕੋਸ਼ਿਸ਼ ਕੀਤੀ। ਵਾਰ ਵਾਰ ਸ. ਸ. ਬੱਲ ਤੇ ਸਰਦਾਰ ਸਾਬ੍ਹ ਦੀ ਗੱਲ ਚੇਤੇ ਆਈ। ਨੌਕਰੀ ਵੇਲੇ ਉਨ੍ਹਾਂ ਨੇ ਮੇਰੀ ਹਾਮੀ ਜਿਵੇਂ ਭਰੀ ਮੈਂ ਜਾਣਦਾ ਹਾਂ। ਮੇਰੇ ਕੋਲ ਸਮਾਂ ਹੈ, ਉਹ ਉਨ੍ਹਾਂ ਨੂੰ ਦੇ ਰਿਹਾ ਹਾਂ। ਉਹ ਕਹਿੰਦੇ ਹਨ ਕਿਤਾਬ ਪੜ੍ਹੋ, ਸਮਝ ਆਵੇ ਨਾ ਆਵੇ। ਪੜ੍ਹ ਰਿਹਾ ਹਾਂ। ਉਹ ਭਜਾਉਣਗੇ ਨਹੀਂ, ਮੈਂ ਜਾਣਦਾ ਹਾਂ। ਮੈਂ ਨਾ ਪੰਨੂ ਹਾਂ, ਨਾ ਗੋਰਕੀ, ਉਹ ਟਾਲਸਟਾਏ ਵੀ ਹੈ, ਸਰਦਾਰ ਸਾਬ੍ਹ ਵੀ।
ਦੁਨੀਆਂ ਦੇ ਕਿਸੇ ਮਹਾਨ ਬੰਦੇ ਦੀ ਟਿੱਪਣੀ ਹੈ ਕਿ, “ਫੋਟੋ ਵਿੱਚ ਬੰਦੇ ਨੂੰ ਕਦੇ ਵੀ ਸੰਪੂਰਨ ਨਹੀਂ ਫੜਿਆ ਜਾ ਸਕਦਾ।” ਫੜ ਵੀ ਕਿਵੇਂ ਸਕਦਾ ਹੈ ਕੈਮਰਾਮੈਨ ਅਧੂਰਾ ਹੁੰਦੈ। ਅੱਧੇ ਅਧੂਰੇ ਬੰਦੇ ਫੋਟੋਆ ਖਿੱਚਦੇ ਹਨ। ਉਹ ਸਿਰਫ ਉਸ ਪੱਖ ਨੂੰ ਫੜਦੇ ਹਨ ਜਿਨਾਂ ਬਾਰੇ ਆਪ ਸਮਝ ਰੱਖਦੇ ਹਨ। ਮੈਨੂੰ ਵਿਸ਼ਵ ਦੀਆਂ ਖ਼ੂਬਸੂਰਤ ਪੇਂਟਿੰਗਜ਼ ਵੇਖਣ ਦਾ ਮੌਕਾ ਮਿਿਲਐ। ਉਹ ਉਨੀਆਂ ਕੁ ਹੀ ਪੂਰਨ ਨੇ ਜਿਨਾਂ ਉਨ੍ਹਾਂ ਨੂੰ ਬਣਾਉਣ ਵਾਲ ਪੂਰਨ ਹੈ। ਗੂਰੂ ਬਾਬੇ ਨੇ ਪਰਮਆਤਮਾ ਦੀ ਫੋਟੋ ਬਣਾਈ ਸ਼ਬਦ ਰਾਹੀਂ। ਇਸ ਸ਼ਬਦ ਦਾ ਆਪਣਾ ਰਹਸ ਐ। ਦੁਨੀਆਂ ਦਾ ਹਰੇਕ ਬੰਦਾ ਉਸਨੂੰ ਮੁਕੰਮਲ ਮੰਨਦੈ। ਮੈਂ ਗੁਰੂ ਬਾਬੇ ਦੀਆਂ ਕਈ ਪੇਂਟਿੰਗ ਵੇਖੀਆ ਨੇ ਕੋਈ ਵੀ ਮੁਕੰਮਲ ਨਹੀਂ। ਇਹ ਸਮੱਸਿਆ ਕੈਮਰਾ ਮੈਨ ਦੀ ਹੈ, ਪੇਂਟਿੰਗਜ਼ ਕਰਨ ਵਾਲੇ ਦੀ ਹੈ। ਮੈਂ ਸਤਗੁਰ ਸਿੰਘ ਨੂੰ ਮਿਲਦਾ ਹਾਂ। ਉਹ ਮੇਰੇ ਨਾਲੋਂ ਵੱਧ ਪਿਆਰ ਨਾਲ ਮਿਲਦੇ ਹਨ, ਗੱਲ ਦਾ ਕੇਂਦਰੀ ਨੁਕਤਾ ਇੱਕ ਹੁੰਦਾ ਹੈ। ਰਾਵਾਂ ਵੱਖ ਵੱਖ ਹੁੰਦੀਆਂ ਹਨ। ਉਹ ਮੇਰੇ ਤੋਂ ਮੁਕੰਮਲ ਫੜ੍ਹਿਆ ਨਹੀ ਗਿਆ। ਉਹ ਮੁਕੰਮਲ ਐ, ਮੈਂ ਅਧੂਰਾ।
ਸਮਾਪਤ
ਲਿਖਤ
ਗੁਰਦੀਪ ਸਿੰਘ ਢਿੱਲੋਂ
ਪ੍ਰੋਫ਼ੈਸਰ, ਗੁਰੂ ਨਾਨਕ ਕਾਲਜ ਬੁਢਲਾਡਾ
