ਸਾਰੇ ਲੇਖ
Literature/Education 7 May 2026 9 min read 18 views

ਮੁਹੱਬਤ ਦਾ ਗੁਲਾਬੀ ਲੜ - ਦੇਬੀ ਮਕਸੂਸਪੁਰੀ

ਦੇਬੀ ਮਕਸੂਸਪੁਰੀ ਦੀ ਸ਼ਾਇਰੀ ਵਿੱਚ ਮੁਹੱਬਤ,ਦਰਦ ਅਤੇ ਸਮਾਜਿਕ ਸੱਚਾਈ ਦਾ ਅਨੋਖਾ ਮਿਲਾਪ ਮਿਲਦਾ ਹੈ। ਇਸ ਲੇਖ ਵਿੱਚ ਉਸਦੀ ਜ਼ਿੰਦਗੀ, ਕਲਾ ਤੇ ਬਾਰੀਕ ਖ਼ਿਆਲਾਂ ਦੀ ਡੂੰਘੀ ਪੜਚੋਲ ਕੀਤੀ ਗਈ ਹੈ,...

Sirlekh Team

Updated 15 Jul 2026

ਸਾਂਝਾ ਕਰੋ:

fWATG
ਮੁਹੱਬਤ ਦਾ ਗੁਲਾਬੀ ਲੜ - ਦੇਬੀ ਮਕਸੂਸਪੁਰੀ

ਪਿਕਾਸੋ ਦਾ ਲਿਖਿਆ ਮੈਂ ਪੜ੍ਹਿਐ ਕਿ ‘ਕਈ ਚਿੱਤਰਕਾਰ ਸੂਰਜ ਨੂੰ ਇੱਕ ਪੀਲੇ ਧੱਬੇ ਵਿੱਚ ਬਦਲ ਦਿੰਦੇ ਹਨ ਪਰ ਕਈ ਹੋਰ ਅਜਿਹੇ ਕਲਾਕਾਰ ਹੁੰਦੇ ਹਨ ਜੋ ਆਪਣੀ ਪ੍ਰਤਿਭਾ ਅਤੇ ਕਲਾ ਦੇ ਸਦਕੇ ਇੱਕ ਪੀਲੇ ਧੱਬੇ ਨੂੰ ਸੂਰਜ ਵਿੱਚ ਬਦਲ ਦਿੰਦੇ ਹਨ।’ ਸਿਰਜਣਾ ਦੀ ਸਮਰੱਥਾ ਹੁੰਦੀ ਐ ਕਿ ਉਹ ‘ਕੁਰਾਨ ਮਜੀਦ ਦੇ ਮਾਇਨੇ’ ਬਣਨ ਦੀ ਵੀ ਸਮਰੱਥਾ ਰੱਖਦੀ ਐ। ਇਸ ਰਹੱਸ ਨੂੰ ਸਮਝਣਾ ਤਾਂ ਖਾਸਾ ਮੁਸ਼ਕਿਲ ਹੈ ਪਰ ਫਿਰ ਵੀ ਮੋਹਨ ਸਿੰਘ ਨੇ ਕਿਹੈ ਕਿ ‘ਕਿੰਝ ਬਣਦਾ ਮੈਂ ਸ਼ਾਇਰ ਜੇ ਤੂੰ ਨਾ ਮਰਦੀ।’ ਇਹ ਫਿਕਰਾ ਪੜ੍ਹਦਿਆਂ ਮੋਹਨ ਸਿੰਘ ਨੂੰ ਕਿਸੇ ਨੇ ਪੁੱਛਿਆ-

ਤੁਹਾਡੀ ਇੱਕ ਸਤਰ ਵਿੱਚ ਮਿਲਦੈ ਕਿ ‘ਕਿੰਝ ਬਣਦਾ ਮੈਂ ਸ਼ਾਇਰ ਜੇ ਤੂੰ ਨਾ ਮਰਦੀ।’ ਕੀ ਤੁਹਾਡੀ ਸਿਰਜਣਾ ਦਾ ਮੂਲ ਇਹੋ ਹੈ?

‘ਕੋਈ ਸਦਮਾ ਕਿਸੇ ਨੂੰ ਸ਼ਾਇਰ ਨਹੀਂ ਬਣਾਉਂਦਾ।’ - ਉਸਨੇ ਕਿਹਾ।

ਦੇਬੀ ਦੇ ਮਾਮਲੇ ਵਿੱਚ ਇਹ ਵੀ ਸੰਭਵ ਹੈ। ਸ਼ਾਇਰ ਸੁਰਜੀਤ ਪਾਤਰ ਆਖਦੈ ਕਿ -

ਅਸਾਡੀ ਤੁਹਾਡੀ ਮੁਲਾਕਾਤ ਹੋਈ

ਜਿਵੇਂ ਬਲਦੇ ਹੋਏ ਜੰਗਲ ਤੇ ਬਰਸਾਤ ਹੋਈ

ਮੈਂ ਉਸਦਾ ਹੀ ਲਫਜ਼ਾਂ 'ਚ ਅਨੁਵਾਦ ਕੀਤਾ

ਜੋ ਰੁੱਖਾਂ ਤੇ ਪੌਣਾਂ 'ਚ ਗੱਲਬਾਤ ਹੋਈ।

ਜਾਂ ਦੇਬੀ ਦੇ ਆਪਣੇ ਕਹਿਣ ਵਾਂਗ, ਉਹ ਆਖਦੈ ਕਿ…

ਮੈਂ ਅਤੇ ਮੇਰੀ ਪਤਨੀ ਕਿਤੇ ਜਾ ਰਹੇ ਸਾਂ। ਮੇਰੀ ਪਤਨੀ ਗੱਡੀ ਚਲਾ ਰਹੀ ਸੀ। ਮੈਂ ਸ਼ਿਅਰ ਕਿਹਾ-

ਰਲ ਕੇ ਮੀਟਿੰਗ ਕੀਤੀ ਮੁਸੀਬਤਾਂ ਕਈਆਂ ਨੇ

ਘਰ ਸਮਝ ਕੇ ਆਪਣਾ ਮੇਰੇ ਘਰ ਆ ਗਈਆ ਨੇ

ਕਿ ਸਭ ਦੀਆਂ ਯਾਦਾਂ ਹਾਲੇ ਤੀਕਰ ਸਾਂਭੀਆਂ ਪਈਆਂ ਨੇ

ਜਿੰਨੀਆਂ ਕੁੜੀਆਂ ਦਿਲ ਮੇਰੇ ਵਿੱਚ ਰਹਿ ਕੇ ਗਈਆ ਨੇ।

ਕਿ ਅਚਾਨਕ ਗੱਡੀ ਦੇ ਬਰੇਕ ਵੱਜੇ।

ਇਸ ਸ਼ਿਅਰ ਵਿੱਚ ਜਿਹੜੀਆਂ ਕੁੜੀਆਂ ਦਾ ਜ਼ਿਕਰ ਆਇਆ ਓਹ ਕੌਣ ਨੇ?’- ਪਤਨੀ ਨੇ ਕਿਹਾ।

‘ਭਲੀਏ ਮਾਨਸੇ ਗਰੀਬ ਚਿੱਤ ਵੀ ਨਾ ਪਰਚਾਵੇ।’ - ਉਸਨੇ ਕਿਹਾ।

ਇਹ ਗੱਲ ਕਹਿਣ ਨੂੰ ਮੈਂ ਕਹਿਤੀ ਉਂਝ ਦੇਬੀ ਦੀ ਮੜਕ ਵਿੱਚ ਆਸ਼ਕਾਨਾ ਰੰਗ ਹੈਗਾ।

ਦੇਬੀ ਜਿੰਨ੍ਹਾਂ ਅਦਬੀ ਲੋਕਾਂ ਨੂੰ ਸੁਣਦਾ ਜਵਾਨ ਹੋਇਐ ਉਹ ਸਾਧਾਰਨ ਬੰਦੇ ਨ੍ਹੀਂ। ਵਿਸ਼ਵ ਸਾਹਿਤ ਦੇ ਸ਼ਾਹਕਾਰ ਸਿਰਜਕ ਨੇ। ਓਹ ਜਦੋਂ ਸ਼ਿਅਰ ਕਹਿੰਦੇ ਨੇ ਸਮਾਂ ਰੁਕ ਜਾਂਦੈ। ਪਰਿੰਦੇ ਰੁਕ ਰੁਕ ਆਪਣੀ ਭਾਸ਼ਾ ’ਚ ਤਰਜ਼ਮੇ ਕਰ ਕਾਇਨਾਤ ਨੂੰ ਸੁਣਾਉਂਦੇ ਨੇ। ਪਹਿਲੀ ਉਮਰੇ ਇਸ ਗੁਰਦੇਵ ਸਿੰਘ ਨੂੰ ਲੱਗਿਆ ਮੇਰੇ ਗੀਤ ਕੁਲਦੀਪ ਮਾਣਕ ਗਾਵੇ। ਗਾਉਣ ਵਾਲੇ ਨੂੰ ਮਿਲਣ ਲਈ ਬੰਦਾ ਬਥੇਰੇ ਹੀਲੇ ਵਸੀਲੇ ਭਾਲਦੈ। ਦੇਬੀ ਦੀ ਯਾਰੀ ਕਿਸੇ ਬੰਦੇ ਨਾਲ ਸੀ। ਅੱਗਿਓਂ ਓਹਦੀ ਜਸਵੰਤ ਸੰਦੀਲੇ ਨਾਲ ਸੀ, ਅੱਗੋਂ ਸੰਦੀਲੇ ਦੀ ਮਾਣਕ ਸਾਬ੍ਹ ਨਾਲ। ਦੇਬੀ ਨੇ ਗੀਤ ਵਿਖਾਇਆ। ਓਹ ਗੀਤ ਪਸੰਦ ਨਾ ਆਇਆ। ਮਾਣਕ ਕਹਿਣ ਲੱਗਿਆ-

‘ਇਹ ਜਵਾਕ ਜਾ ਮੇਰੇ ਪਿੱਛੇ ਕਿੱਥੇ ਲਾਤਾ?’

‘ਜੇ ਇਸ ਮੁੰਡੇ ਨੇ ਗੀਤ ਗਵਾਉਣਾ ਹੀ ਹੈ। ਸੰਦੀਲਾ ਸਾਬ੍ਹ ਤੁਸੀਂ ਲਿਖ ਕੇ ਨਾਮ ਗੁਰਦੇਵ ਸਿੰਘ ਦਾ ਪਾ ਦਿਓ।’ ਇਹ ਗੱਲ ਸੰਦੀਲੇ ਨੇ ਗੁਰਦੇਵ ਸਿੰਘ ਨੂੰ ਕਹੀ ਪਰ ਉਹਨੂੰ ਪੁੱਗੀ ਨਹੀਂ। ਫਿਰ ਮਾਣਕ ਦਾ ਜਿਹੜਾ ਐਲ. ਪੀ. ਰਿਕਾਰਡ ਹੋਇਆ ਉਸ ਵਿੱਚ ਇਸ ਦੇਬੀ ਦਾ ਗੀਤ ਵੱਜਿਆ। ਉਸ ਤੋਂ ਬਾਅਦ ਤਾਂ ਸੁਰਿੰਦਰ ਛਿੰਦੇ, ਚਮਕੀਲੇ ਅਤੇ ਹੋਰ ਉਸ ਦੌਰ ਦੇ ਕਲਾਕਾਰਾਂ ਨੇ ਉਸਨੂੰ ਗਾਇਆ। ਵਿਦੇਸ਼ ਰਹਿੰਦਿਆਂ ਮਨਮੋਹਨ ਵਾਰਿਸ ਅਤੇ ਦੇਬੀ ਦੀ ਐਸੀ ਜੋੜੀ ਬਣੀ ਕਿ ਲੰਮਾ ਸਮਾਂ ਚਰਚੇ ਰਹੇ।

ਗੁਰਦੇਵ ਸਿੰਘ ਦੀ ਖੁਸ਼ਕਿਸਮਤੀ ਹੈ ਕਿ ਉੇਹ ਗੌਰਮਿੰਟ ਕਾਲਜ ਹੁਸ਼ਿਆਰਪੁਰ ਵਿੱਚ ਪੰਜਾਬੀ ਸ਼ਾਇਰ ਜਗਤਾਰ ਤੋਂ ਵੀ ਪੜਿਐ ਅਤੇ ਸੁਰਜੀਤ ਪਾਤਰ ਦਾ ਸ਼ਾਗਿਰਦ ਹੈ। ਲਾਲਾ ਲਾਜਪਤ ਰਾਏ ਕਾਲਜ ਢੁੱਡੀਕੇ ਪੜ੍ਹਦਿਆਂ ਮੇਰਾ ਦੁਆਬੀਆਂ ਬੇਲੀ ਜੱਸਾ, ਦੇਬੀ ਦੀ ਸ਼ਾਇਰੀ ਦਾ ਆਸ਼ਕ ਸੀ। ਮੈਂ ਜਦੋਂ ਵੀ ਉਹਨੂੰ ਪੁੱਛਦਾ -

‘ਕੀਹਨੂੰ ਸੁਣ ਰਿਹੈਂ?’

‘ਮਨਮੋਹਨ ਵਾਰਿਸ ਅਤੇ ਦੇਬੀ ਮਖਸੂਸਪੁਰੀ, ਦੋਵੇਂ ਹੀ ਸੁਣਨ ਵਾਲੇ ਨੇ।’- ਉਹ ਆਖਦਾ।

ਕਾਲਜ ਪੜ੍ਹਦਿਆਂ ਸੁਣਿਆ ਤਾਂ ਅਸੀਂ ਵੀ ਸੀ ਪਰ ਏਨੀ ਸ਼ਿੱਦਤ ਨਾਲ ਨਹੀਂ।

ਬਾਅਦ ਵਿੱਚ ਮਹਿਸੂਸ ਕਰਿਐ ਕਿ ਇਹ ਬੰਦਾ ਤਾਂ ਬੜਾ ਬਰੀਕ ਐ। ਐਸੀ ਸ਼ਾਇਰੀ ਅਤੇ ਐਸਾ ਰੰਗ ਸਮਕਾਲ ਵਿੱਚ ਜਿਉਂਦਾ ਰੱਖਣਾ ਔਖੈ। ਉਹਦੀ ਖ਼ਾਸੀਅਤ ਹੈ ਕਿ ਉਹ ਜਾਣਦੈ ਕਿ ਵੱਡੀਆਂ ਗੱਲਾਂ ਸੌਖੀ ਭਾਸ਼ਾ ਵਿੱਚ ਬਿਨਾਂ ਵਲ ਵਲੇਵਿਆਂ ਤੋਂ ਕਹੀਆਂ ਜਾ ਸਕਦੀਆਂ ਨੇ। ਗ਼ਾਲਿਬ, ਗੁਲਜ਼ਾਰ ਅਤੇ ਇੰਦੌਰੀ ਸਾਬ੍ਹ (ਹੋਰ ਪਤਾ ਨਹੀਂ ਕਿਹੜੇ ਕਿਹੜੇ ਸ਼ਾਇਰ) ਨੂੰ ਬੜਾ ਨਿੱਠ ਕੇ ਪੜ੍ਹਿਐ। ਮਾਨਸਾ ਉਹਦਾ ਅਖਾੜਾ ਸੁਣਦੇ ਨੇ ਮੈਂ ਬਾਂਸਲ ਨੂੰ ਕਿਹਾ-

‘ਦੇਬੀ ਕੋਲ ਵਾਇਆ ਪਾਤਰ ਵੱਡੇ ਸ਼ਾਇਰਾਂ ਦੇ ਖਿਆਲ ਆਏ ਨੇ।’

‘ਹਾਂ, ਗੁਰਦੀਪ ਸਿਆਂ ਇਹ ਸੱਚ ਐ।’ - ਉਸਨੇ ਕਿਹਾ।

ਬਾਂਸਲ ਇਸ ਮਾਮਲੇ ’ਚ ਲੋਕਾਂ ਤੋਂ ਬਹੁਤ ਅੱਗੇ ਆ। ਉਹਨੇ ਅਗਲੀ ਗੱਲ ਛੋਹ ਲਈ।

‘ਮੇਰੇ ਹਿਸਾਬ ਨਾਲ ਧਰਮਵੀਰ ਥਾਂਦੀ ਅਤੇ ਦੇਬੀ ਦੋਵੇਂ ਸਿਖਰ ਨੇ। ਇੱਕ ਦਾ ਸ਼ਾਇਰੀ ਵਿੱਚ ਸਮਾਜਕ ਵਿਸ਼ੇ ਨੇ ਦੂਜੇ ਦੀ ’ਚ ਮੁਹੱਬਤ। ਇਹ ਗੱਲਾਂ ਕਰਦਿਆਂ ਉਸਨੇ ਪੰਜਾਬੀ ਗਾਇਕੀ ਦੀ ਪਰੰਪਰਾ ਵਿੱਚੋਂ ਪਤਾ ਨਹੀਂ ਕਿਹੜੇ ਕਿਹੜੇ ਕਿੱਸੇ ਸੁਣਾ ਦਿੱਤੇ।’

‘ਬਾਬੂ ਸਿੰਘ ਮਾਨ ਵਿਦੇਸ਼ ਗਿਆ। ਉੱਥੇ ਉਸਦੀ ਇੰਟਰਵਿਊ ਸੀ ਕਿਸੇ ਚੈੱਨਲ 'ਤੇ। ਉਹ ਕਹਿੰਦੇ ਬੇਸਮੈਂਟ ਤੋਂ ਹੇਠਾਂ ਨੂੰ ਜਾਓ।’

ਮਜ਼ਾਕੀਆਂ ਲਹਿਜੇ ਦੇ ਬਾਬੂ ਸਿੰਘ ਮਾਨ ਨੇ ਕਿਹਾ -

‘ਜਲੰਧਰ ਅਕਾਸ਼-ਬਾਣੀ ਤਾਂ ਸੁਣੀ ਸੀ, ਆ ਅੱਜ ਇੱਥੇ ਪਤਾਲ-ਬਾਣੀ ਵੀ ਵੇਖ ਲਈ।’ - ਇਹ ਗੱਲ ਦੇਬੀ ਨੇ ਆਪਣੀ ਇੱਕ ਮੁਲਾਕਾਤ ਵਿੱਚ ਕਹੀ।

ਇਹ ਤਿੰਨੇ ਬੰਦੇ ਬਾਂਸਲ, ਦੇਬੀ ਅਤੇ ਬਾਬੂ ਸਿੰਘ ਮਾਨ ਸੱਚੀਓਂ ਸੰਗੀਤ ਦਾ ਅਕਾਸ਼ ਪਤਾਲ ਵੇਖੀ ਖੜ੍ਹੇ ਨੇ।

ਦੇਬੀ ਨੇ ਕੁਝ ਸ਼ਿਅਰ ਕਹੇ-

ਗੁੱਸਾ ਆਉਂਦਾ ਘਰ ਦੀ ਕੰਧ 'ਤੇ,

ਇੱਕ ਦਮ ਕਿੰਨੀ ਛੋਟੀ ਹੋ ਗਈ ।

ਕਿ ਧੀ ਕੁਆਰੀ ਵਿਹੜੇ ਦੇ ਵਿੱਚ,

ਫਿਰਦੀ ਬਾਹਰੋਂ ਦਿਸ ਪੈਂਦੀ ਹੈ।

ਰਾਤ ਦੇ ਪਰਦੇ ਵਿੱਚ ਮਜ਼ਬੂਰੀ,

ਪੇਟ ਦੀ ਖਾਤਿਰ ਵਿਕ ਜਾਂਦੀ ਏ,

ਦੌਲਤ ਲੋੜ ਦੇ ਪਿੰਡੇ ਉੱਤੇ,

ਪਤਾ ਆਪਣਾ ਲਿਖ ਜਾਂਦੀ ਏ।

ਇੱਜ਼ਤ ਬਦਲੇ ਆਟਾ ਚਾਵਲ ,

ਦਾਲ ਖਰੀਦਣ ਵਾਲੇ ਸੋਚਣ,

ਘਰ ਵਿੱਚ ਆਉਂਦੀਆਂ ਕਿੰਨੀਆਂ ਵਸਤਾਂ ,

ਘਰ ’ਚੋਂ ਕੇਵਲ ਇੱਕ ਜਾਂਦੀ ਏ।

ਦੇਬੀ ਆਖਦੈ ਕਿ ਆਖਰੀ ਸ਼ਿਅਰ ਸੁਣਦਿਆਂ ਗੁਰਦੇਵ ਪਾਤਰ ਸਾਬ੍ਹ ਨੇ ਮੈਨੂੰ ਸ਼ਾਬਾਸ਼ ਦਿੱਤੀ ਸੀ।ਬੜਾ ਪਿਆਰਾ ਬੰਦੈ ਅਕਸਰ ਆਖਦੈ ਕਿ- ‘ਮੈਂ ਗੁਰੂਦੇਵ ਪਾਤਰ ਸਾਬ੍ਹ ਵਰਗਾ ਇੱਕ ਵੀ ਸ਼ਿਅਰ ਕਹਿ ਦੇਵਾਂ ਸਫਲ ਹੋ ਜਾਵਾਂ।’

ਮੇਰਾ ਵਿਦਿਆਰਥੀ ਆਖਦੈ ਕਿ-

‘ਦੇਬੀ ਨਿਰੀ ਮੁਹੱਬਤ ਗਾਉਂਦੈ।’

ਮੈਂ ਅੱਗੋਂ ਆਖਦਾਂ-

‘ਬਹੁਤ ਥਾਂਈਂ ਓਹ ਦੇਹਾਂ ਤੋਂ ਪਾਰ ਨਿਕਲਦੈ।

ਸਾਹਿਤ ਨੂੰ ਰੋਗ ਦੀ ਹੱਦ ਤੱਕ ਇਸ਼ਕ ਕਰਨ ਵਾਲੇ ਇੱਕ ਸਾਹਿਤਕ ਮੱਸ ਰੱਖਣ ਵਾਲੇ ਅਦਬੀ ਆਸ਼ਕ ਨੂੰ ਮੈਂ ਦੱਸਿਆ ਕਿ-

‘ਕੱਲ੍ਹ ਮੈਂ ਦੇਬੀ ਨੂੰ ਸੁਣਿਆ, ਲੁੱਟ ਕੇ ਲੈ ਗਿਆ।’

‘ਲੋਕੋ ਮੈਂ ਪਾਕ ਮੁਹੱਬਤ ਹਾਂ ਮੈਂ ਰਹਿਮਤ ਪੀਰ ਫਕੀਰਾਂ ਦੀ

ਮੈਂ ਮੇਲਾ ਸੱਚੀਆਂ ਰੂਹਾਂ ਦਾ ਮੈਂ ਨਹੀਓਂ ਖੇਡ ਸਰੀਰਾਂ ਦੀ’ - ਅੱਗਿਓਂ ਉਸਦਾ ਜਵਾਬ ਸੀ।

‘ਆਹਾ!’ - ਮੇਰੇ ਮੂੰਹੋਂ ਨਿਕਲਿਆ।

‘ਓਹ ਬੜੇ ਬਰੀਕ ਖ਼ਿਆਲ ਦਾ ਸਿਰਜਕ ਹੈ।’ - ਉਸਨੇ ਕਿਹਾ।

ਉਸਦੀ ਇਹ ਗੱਲ ਸੁਣਦਿਆਂ ਮੈਂ ਮੁਹੱਬਤ ਦੇ ਮਜੀਠੇ ਰੰਗ ਵਿੱਚ ਭਿੱਜ ਗਿਆ। ਮੇਰੇ ਪਾਤਰ ਸਾਬ੍ਹ ਦੀ ਕਹੀ ਗੱਲ ਚੇਤੇ ਆਈ ਕਿ- ਦੇਬੀ ਦੀ ਸੂਰਤ ਤੇ ਸੀਰਤ ਵਿੱਚ ਕਵਿਤਾ ਹੈ। ਉਹ ਸ਼ਾਇਰੀ ਦਾ ਬੜਾ ਗਹਿਰਾ ਪਾਠਕ ਤੇ ਕਦਰ-ਸ਼ਨਾਸ ਹੈ। ਹਜ਼ਾਰਾਂ ਸ਼ਿਅਰ ਉਸਨੂੰ ਜ਼ੁਬਾਨੀ ਯਾਦ ਹਨ। ਜੇ ਕਦੀ ਕੋਈ ਉਸ ਨੂੰ ਉਸਦੇ ਮਨਪਸੰਦ ਸ਼ਿਅਰ ਦਾ ਗਲਤ ਉਚਾਰਨ ਕਰਦਾ ਸੁਣਾਈ ਦੇਵੇ ਤਾਂ ਉਹ ਆਪਣਾ ਪੈਂਡਾ ਖੋਟਾ ਕਰ ਕੇ ਵੀ ਉਸ ਨੂੰ ਸਹੀ ਸ਼ਿਅਰ ਸੁਣਾ ਕੇ ਜਾਵੇਗਾ।

ਪਾਤਰ ਸਾਬ੍ਹ ਗਾਇਕ ਦੇਵ ਦਿਲਦਾਰ ਦੀ ਮਹਿਫ਼ਲ ਦਾ ਜ਼ਿਕਰ ਕਰਦੇ ਆਖਦੇ ਹਨ ਕਿ -

ਉਸਦੇ ਸਾਹਮਣੇ ਬੈਠੇ ਦੇਬੀ ਮਖਸੂਸਪੁਰੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਉਨਾਂ੍ਹ ਹੰਝੂਆਂ ਵਿੱਚ ਪਤਾ ਨਹੀਂ ਕੀ ਕੀ ਘੁਲਿਆ ਹੋਇਆ ਸੀ। ਵਿਸਮਾਦ, ਹਿਜ਼ਰ, ਸੰਗੀਤ, ਸ਼ਾਇਰੀ। ਦੇਬੀ ਨੇ ਆਪਣੀ ਜੇਬ ਵਿਚਲੇ ਸਾਰੇ ਨੋਟ ਡਾਲਰ ਮੀਂਹ ਵਾਂਗ ਦੇਵ ਦਿਲਦਾਰ ’ਤੇ ਵਰ੍ਹਾ ਦਿੱਤੇ।

ਦਿਲ ਦਰਿਆ ਬੰਦੇ ਦੀ ਤਾਸੀਰ ਵਿੱਚ ਹੋਰਾਂ ਉੱਪਰ ਲੁਟਾ ਦੇਣ ਨੂੰ ਬਹੁਤ ਕੁੱਝ ਹੁੰਦੈ। ਚੰਗੀ ਸ਼ਾਇਰੀ ਕੀਲਦੀ ਹੈ, ਡੰਗਦੀ ਹੈ, ਜੀਹਨੂੰ ਇਸ ਨਾਲ ਇਸ਼ਕ ਹੋ ਜਾਂਦੈ ਉਹ ਸਾਰਾ ਕੁੱਝ ਲੁਟਾ ਦਿੰਦੈ। ਦੇਬੀ ਦਾ ਸ਼ਾਇਰੀ ਨਾਲ ਇਸ਼ਕ ਹੈ। ਮੈਂ ਉਸਦੀ ਮਹਿਫਲ ਵਿੱਚ 45 ਮਿੰਟ ਲੇਟ ਗਿਆ ਸਾਂ। ਐੱਮ. ਏ. ਦੀ ਵਿਿਦਆਰਥਣ ਨੇ ਦੱਸਿਆ ਕਿ -

‘ਦੇਬੀ ਨੇ ਮੁਹੱਬਤ ਬਾਰੇ ਵਿਸ਼ਵ ਦੇ ਵੱਡੇ ਸ਼ਾਇਰਾਂ ਦੇ ਅਣਗਿਣਤ ਸ਼ਿਅਰ ਸੁਣਾਏ, ਆਨੰਦ ਆ ਗਿਆ।’

ਮੇਰੀ ਇਸ ਬੱਚੀ ਦੇ ਮੂੰਹੋਂ ਇਹ ਗੱਲ ਸੁਣਦਿਆਂ ਮੇਰੇ ਮੂੰਹੋਂ ਨਿਕਲਿਆ-

ਮੁਹੱਬਤ ਕੇ ਲੀਯੇ ਕੁਛ ਖਾਸ ਦਿਲ ਮਖ਼ਸੂਸ ਹੋਤੇ ਹੈਂ

ਯੇਹ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਯਾ ਨਹੀਂ ਜਾਤਾ।

ਕਹਿਣ ਨੂੰ ਤਾਂ ਦੇਬੀ ਨੇ ਇਸ਼ਕ ਮੁਕੱਦਮੇ ਦੀਆਂ ਤਰੀਕਾਂ ਭੁਗਤਦਿਆਂ ਮਰ ਜਾਣੈ ਪਰ ਇਹ ਗੱਲਾਂ ਤਾਂ ਕਹਿਣ ਦੀਆਂ ਨੇ। ਦੇਬੀ ਜਿਹੜੇ ਗੀਤ ਨੂੰ ਆਪਣਾ ਸਿਖਰ ਆਖਦੈ। ਉਹ ਦੇਹਾਂ ਤੋਂ ਪਾਰ ਦੀਆਂ ਰਮਜ਼ਾਂ ਨੇ ਜਿੱਥੇ ਤੂੰ ਤੇ ਮੈਂ ਇੱਕ ਨੇ। ਉਹ ਆਖਦੈ-

ਬੁੱਤਾਂ ਵਿੱਚ ਜਿੰਦੜੀ ਪਾ ਜਾਵੇ ਮੈਂ ਜਿਹੜੇ ਪਾਸੇ ਤੱਕਦੀ ਹਾਂ

ਅੱਖ ਮੌਤ ਦੀ ਅੱਖ ਵਿੱਚ ਪਾ ਕੇ ਤੇ ਮੇਰਾ ਜਿਗਰਾ ਮੈਂ ਹੱਸ ਸਕਦੀ ਹਾਂ

ਮੈਂ ਨੰਗੇ ਪਿੰਡੇ ਝੱਲ ਜਾਵਾਂ ਹਰ ਛਮਕ ਵੱਜੀ ਤਕਦੀਰਾਂ ਦੀ

ਲੋਕੋ ਮੈਂ ਪਾਕ ਮੁਹੱਬਤ ਹਾਂ, ਮੈਨੂੰ ਰਹਿਮਤ ਪੀਰ ਫਕੀਰਾਂ ਦੀ

ਇਹ ਗੀਤ ਸੁਣਦਿਆਂ ਮੈਂ ਉਸ ਤੋਂ ਆਪਾਂ ਵਾਰਨ ਦੀ ਤਾਂਘ ਵਿੱਚ ਹਾਂ ਕਿ ਉਸਦੀ ਮਹਿਫ਼ਲ ਬਾਰੇ ਮਾਨਸਾ ਵਾਲੇ ਅਸ਼ੋਕ ਬਾਂਸਲ ਦੀ ਟਿੱਪਣੀ ਪੜ੍ਹ ਲਈ-

ਇਨਸਾਨੀ ਜਾਮੇ ਵਿੱਚ ਕੋਈ ਵੀ ਸ਼ੌਕ ਹੋਵੇ, ਸਮੇਂ ਬਾਅਦ ਬੰਦਾ ਉਸ ਤੋਂ ਅੱਕ ਜਾਂਦੈ। ਇਹੋ ਹਾਲ ਮੇਰੇ ਨਾਲ ਹੋਇਆ ਭਾਵੇਂ ਸਾਰੀ ਉਮਰ ਸੰਗੀਤ ’ਚੋਂ ਰਸ ਮਾਣਿਆ ਪਰ ਹੁਣ ਅੱਕ ਗਿਆ ਹਾਂ। ਅੱਜ ਮੇਰੇ ਸ਼ਹਿਰ ਦੇਬੀ ਮਖ਼ਸੂਸਪੁਰੀ ਦੀ ਮਹਿਫਲ ਸੀ, ਉਹ ਦੁਬਾਰਾ ਮੈਨੂੰ ਇਸ ਖੇਤਰ ਨਾਲ ਜੋੜ ਗਿਆ। ਕਮਾਲ ਦਾ ਸ਼ਾਇਰ ਹੈ ਦੇਬੀ। ਬੜੇ ਬਾਰੀਕ ਸ਼ਿਅਰ ਕਹਿੰਦੈ-

ਤੇਰੇ ਕਦਮਾਂ ਦੀ ਧੂੜ ਨਿਗੂਣੀ ਨੂੰ

ਅਰਸ਼ਾਂ 'ਤੇ ਚੜਾਉਣ ਨੂੰ ਜੀਅ ਕਰਦੈ

ਮੈਨੂੰ ਆਪਣੇ ਪਾਗਲਪਣ ਦੀ ਸੌਂਹ

ਤੇਰਾ ਅਖਵਾਉਣ ਨੂੰ ਜੀਅ ਕਰਦੈ

ਆ ਦੱਸਿਆ ਕੱਲ੍ਹ ਸ਼ਰੀਕਾਂ ਨੇ

ਨਾਂ ਤੇਰਾ ਜ਼ਹਿਰ ਦੀ ਗੰਦਲ ਹੈ

ਮੈਂ ਠੋਕ ਵਜਾ ਕੇ ਫੇਰ ਕਿਹਾ

ਮੇਰਾ ਜ਼ਹਿਰ ਖਾਣ ਨੂੰ ਜੀਅ ਕਰਦੈ (ਗੁਰਦੇਵ ਸਿੰਘ ਮਾਨ)

ਇਹ ਗੱਲਾਂ ਨੇ ਮੇਰੇ ਸਾਹਮਣੇ ਗੁਰਦੇਵ ਸਿੰਘ ਗਿੱਲ ਤੋਂ ਦੇਬੀ ਮਖ਼ਸੂਸਪੁਰੀ ਬਣੇ ਉਸ ਗੀਤਕਾਰ ਦਾ ਸਾਲਮ ਦਾ ਸਾਲਮ ਚਿਹਰਾ ਲਿਆ ਖੜ੍ਹਾ ਕੀਤਾ ਜਿਸਨੂੰ ਮੈਂ ਕੱਲ੍ਹ ਮਾਨਸਾ ਸੁਣ ਕੇ ਆਇਆ ਸਾਂ। ਦੇਬੀ ਦਾ ਇਸ਼ਕ ਕੀਹਦੇ ਨਾਲ ਹੈ ਕਿਸੇ ਨੇ ਕੀ ਲੈਣੈ ਪਰ ਉਹ ਜਿਹੜਾ ਗਾਉਂਦੈ ਉਹ ਹਰ ਇਸ਼ਕ ਕਰਨ ਵਾਲੇ ਦੇ ਅੰਦਰ ਉੱਤਰਦੇ। ਜ਼ਿੰਦਗੀ ਨੂੰ ਇਸ਼ਕ ਕਰਨ ਵਾਲੇ ਇਸ ਬੰਦੇ ਨੇ ਉਮਰ ਦੇ ਕਈ ਰੰਗ ਚੱਖੇ ਨੇ। ਯਾਰੀ ਨਿਭਾਉਂਦਿਆਂ ਬਹੁਤ ਦਿਲਦਾਰ ਖੱਟੇ ਨੇ। ਗਾਉਂਦਿਆਂ ਉਹਨੇ ਦੁਨੀਆਂ ਵਿੱਚ ਬਾਦਸ਼ਾਹੀ ਚੜ੍ਹਤ ਬਣਾਈ ਹੈ।

ਅਕਲ ਬੰਦੇ ਨੂੰ ਤੰਗ ਕਰਦੀ ਹੈ। ਅਕਲ ਬਿਨਾਂ ਬਣਦਾ ਵੀ ਕੁਝ ਨ੍ਹੀਂ। ਦੇਬੀ ਨੇ ਸਾਇਕਲ ਗੀਤ ਜਿਸ ਪੰਨੇ ਤੇ ਲਿਿਖਆ ਜੇ ਸਾਡੇ ਹੱਥ ਲੱਗ ਜਾਵੇ ਤਾਂ ਅਸੀਂ ਝੱਟ ਕਹਾਂ ਗੇ ਉਸਦੀ ਮਹਿਬੂਬ ‘ਸ਼ਾਰਾ’ ਹੈ। ਪਰ ਜਦੋਂ ਪ੍ਰਸੰਗ ਲੱਭਦੇ ਹਾਂ ਤਾਂ ਬਿਲਕੁਲ ਉਲਟ। ‘ਉਨ੍ਹਾਂ ਦਿਨਾਂ ਵਿੱਚ ਦੱਸ ਦੇ ਸਾਨੂੰ ਚਾਹੁੰਦੀ ਸੀ ਜਾਂ ਨਾ’ ਦੇਬੀ ਆਖਦੈ ਕਿ ਜਦੋਂ ਇਹ ਲਿਖਿਆ ਤਾਂ ਮੈਂ ਜਹਾਜ਼ ਦੇ ਸਫ਼ਰ ਵਿੱਚ ਸਾਂ। ਮੇਰੇ ਕੋਲ ਲਿਖਣ ਲਈ ਕਾਪੀ ਤੇ ਵਰਕਾ ਨਹੀਂ ਸੀ ਪਰ ਮੇਰੀ ਸੀਟ ’ਤੇ ਬੈਠੀ ਕੁੜੀ ਜੋ ਪੈਰਿਸ ਤੋਂ ਸੀ ੳੇੁਸ ਤੋਂ ਮੈਂ ਮੰਗ ਲਿਆ ਉਸ ਪੰਨੇ ਤੇ ਝਰੀਟ ਲਿਆ।

ਉਸਨੇ ਕਿਹਾ - ‘ਕੀ ਲਿਖਿਆ ਹੈ।’

‘ਸ਼ਾਇਰੀ’ - ਦੇਬੀ ਨੇ ਕਿਹਾ।

ਉਹ ਕਹਿੰਦੈ ਕਿ ਟੁੱਟੀ ਫੁੱਟੀ ਅੰਗਰੇਜ਼ੀ ਜਿੰਨੀ ਮੈਨੂੰ ਆਉਂਦੀ ਸੀ ਮੈਂ ਸੁਣਾ ਦਿੱਤਾ। ਮੈਂ ਸੋਚਿਆ ਕਿ ਇਹ ਯਾਦਗਾਰੀ ਗੱਲ ਹੈ ਉਸ ਪੈਰਿਸ ਵਾਲੀ ਕੁੜੀ ਦਾ ਨਾਂ ਉਸ ਪੰਨੇ ਤੇ ਹੀ ਲਿਖ ਲਿਆ ਕਿ ਉਮਰ ਭਰ ਯਾਦ ਰਹੂ। ਇਹ ਗੱਲ ਸਮਝਦਿਆਂ ਅਕਲਾਂ ਤੇ ਪਰਦਾ ਪੈਂਦੈ। ਉਸਦਾ ਇੱਕ ਗੀਤ ਹੈ-

ਅਸੀਂ ਖੜ੍ਹੇ ਸੀ ਪਹਾੜ ਬਣ ਜਿੰਨ੍ਹਾਂ ਪਿੱਛੇ, ਰੇਤ ਦੀ ਦੀਵਾਰ ਦੱਸਦੇ

ਯਾਰੀ ਖੂਨ ਨਾਲੋਂ ਸੰਘਣੀ ਸੀ ਅੱਜ ਜੋ ਮਾਮੂਲੀ ਜਾਣਕਾਰ ਦੱਸਦੇ

ਆਪ ਪਿੱਤਲ ਤੋਂ ਸੋਨਾ ਬਣ ਬੈਠੇ ਫੁੱਲ ਤੋਂ ਅਸੀਂ ਖਾਰ ਹੋ ਗਏ

ਹੁਣ ਸਾਨੂੰ ਨਹੀਂਓ ਚੱਜ ਨਾ’ ਬਲਾਉਂਦੇ ਉਹ ਜਦੋਂ ਦੇ ਸਟਾਰ ਹੋ ਗਏ

ਪਹਿਲੀ ਸਮਝ ਵਿੱਚ ਬੰਦਾ ਉਵੇਂ ਸੋਚਦੈ ਜਿਵੇਂ ਮੈਂ ਸੋਚਿਐ ਪਰ ਦੇਬੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਇੱਕਦਮ ਬਦਲ ਜਾਂਦੈ।

ਇੱਕ ਗੱਲ ਨਰਿੰਦਰ ਬਾਠ ਨੇ ਆਪਣੀ ਮੁਲਾਕਾਤ ਵਿੱਚ ਦੱਸੀ।

ਕੇਰਾਂ ਮੈਨੂੰ ਪੁਲਿਸ ਵਾਲਿਆਂ ਨੇ ਘੇਰ ਲਿਆ। ਚਲਾਨ ਬਣਦਾ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਬਾਠਾਂ ਵਾਲਾ ਬਾਠ ਹਾਂ। ਪਰ ਉਹ ਮੰਨੇ ਨ੍ਹੀਂ। ਅਚਾਨਕ ਮੈਨੂੰ ਫੋਨ ਆ ਗਿਆ ਦੇਬੀ ਭਾਅ ਜੀ ਦਾ। ਮੈਂ ਉਨ੍ਹਾਂ ਨੂੰ ਛੱਡ ਕੇ ਫੋਨ ਸੁਣਨ ਲੱਗ ਪਿਆ। ਬਾਅਦ ਵਿੱਚ ਕਹਿੰਦੇ ਕੀਹਦਾ ਫੋਨ ਸੀ। ਮੈਂ ਕਿਹਾ ਦੇਬੀ ਭਾਅ ਜੀ ਦਾ। ਉਨ੍ਹਾਂ ਨੇ ਮੈਨੂੰ ਛੱਡ ਦਿੱਤਾ। ਕਈ ਵਾਰ ਜਿੱਥੇ ਨੋਟ ਨ੍ਹੀਂ ਚੱਲਦੇ ਉੱਥੇ ਨਾਮ ਚੱਲਦੈ।

ਉਹਨੂੰ ਮੁਹੱਬਤ ਕਰਨ ਵਾਲੇ ਜਨੂੰਨੀ ਨੇ। ਮਾਨਸਾ ਵਿੱਚ ਹਰਜੀਵਨ ਸਰਾਂ, ਪ੍ਰੋਫੈਸਰ ਕੁਲਦੀਪ ਚੌਹਾਨ ਅਤੇ ਪ੍ਰਦੀਪ ਵਰਗੇ ਬੰਦਿਆਂ ਨੇ ਉਸਨੂੰ ਮਾਨਸਾ ਸੱਦਿਆ। ਹਰਜੀਵਨ ਦੀ ਟਿੱਪਣੀ ਪੜ੍ਹ ਕੇ ਮੈਂ ਸੋਚਿਆ ਕੋਈ ਬੰਦਾ ਏਵੇਂ ਵੀ ਕਰ ਸਕਦੈ।

ਮੈਨੂੰ ਦੇਬੀ ਪਸੰਦ ਐ ਉਹਦੀ ਆ ਰਚਨਾ ਖਾਸੀ ਪਸੰਦ -

ਤਕਲੀਫਾਂ ਕਿੰਨੀਆਂ ਝੱਲੀਆਂ ਦਸਤਾਰਾਂ ਨੂੰ ਪਤਾ

ਮਿਲੀਆਂ ਨੇ ਕਿੰਨੀਆਂ ਮਹਿੰਗੀਆਂ ਸਰਦਾਰਾਂ ਨੂੰ ਪਤਾ

ਸਿਰ ਕਿੰਨੇ ਗਏ ਆਜ਼ਾਦੀ ਲਈ ਸਿਰਲੱਥ ਜਾਣਦੇ

ਜਾਨੋ ਗਿਆ ਹੈ ਕੌਣ ਕੌਣ ਤਲਵਾਰਾਂ ਨੂੰ ਪਤਾ

ਜਾਨ ਬਚਾ ਕੇ ਦੌੜੇ ਕੀ ਕੀ ਛੱਡ ਆਏ

ਸਨਤਾਲੀ ਵਿੱਚ ਉਜੜੇ ਹੋਏ ਪਰਿਵਾਰਾਂ ਨੂੰ ਪਤਾ

ਅੰਨਦਾਤਿਆਂ ਨੂੰ ਮਰਨ ਲਈ ਮਜ਼ਬੂਰ ਕਿਨ ਕੀਤਾ

ਸਲਫ਼ਾਸ ਪੀ ਕੇ ਮਰਦੇ ਹੋਏ ਜ਼ਿਮੀਦਾਰਾਂ ਨੂੰ ਪਤਾ

ਕਿੰਨਿਆਂ ਨੂੰ ਚਿੱਟਾ ਖਾ ਗਿਆ ਇਹ ਸਾਥੋਂ ਪੁੱਛ ਲਵੋ

ਕਮਾਈ ਕਿੰਨੀ ਪੰਜਾਬ ਦੇ ਗੁਨਾਹਗਾਰਾਂ ਨੂੰ ਪਤਾ

ਲੁੱਟ ਹੋ ਕੇ ਲੁੱਟ ਖਾ ਕੇ ਵੋਟਾਂ ਪਾਉਣਗੇ

ਲੋਕਾਂ ਦੀ ਯਾਦਦਾਸ਼ਤ ਹੈ ਸਰਕਾਰਾਂ ਨੂੰ ਪਤਾ

ਮਾਲਕ ਜੋ ਚਾਹੁੰਦੇ ਉਨ੍ਹਾਂ ਵਿੱਚ ਉਹੀ ਛਪਦਾ ਹੈ

ਅੰਦਰਲੀ ਗੱਲ ਹੁੰਦੀ ਨਹੀਂ ਅਖਬਾਰਾਂ ਨੂੰ ਪਤਾ

ਚੋਟੀ ’ਤੇ ਪਹੁੰਚਿਆਂ ਨੂੰ ਸਾਰੀ ਦੁਨੀਆਂ ਵੇਖਦੀ

ਰਾਹਾਂ ਦੀ ਜੋ ਤਕਲੀਫ ਦੇਬੀ ਯਾਰਾਂ ਨੂੰ ਪਤਾ

ਸਾਂਝੀ ਇੱਜ਼ਤਾਂ ਦੇ ਬਚਨਾਂ ਦੇ ਪੂਰੇ ਨੇ

ਡਾਢ੍ਹੇ ਅਣਖੀ ਮਰਦ ਬੜੇ ਸੂਰੇ ਨੇ

ਕੋਈ ਏਨਾਂ ਦੀ ਅਣਖ ਨੂੰ ਨਾ ਛੇੜੇ

ਪੰਜਾਬੀਆਂ ਦੀ ਸ਼ਾਨ ਵੱਖਰੀ

ਲੋਕੀ ਦੁਨੀਆਂ ’ਚ ਵਸਦੇ ਬਥੇਰੇ

ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਵਫਾਦਾਰ ਹੈ ਲਹੂ ਪੰਜਾਬੀਆਂ ਦਾ

ਯਾਰੀ ਇਨ੍ਹਾਂ ਦੇ ਨਾਲ ਦੀ ਕਿਤੇ ਨਹੀਓਂ ਵੈਰ ਮੰਨਣਾ ਪਊ ਪੰਜਾਬੀਆਂ ਦਾ

ਜੱਗੋ ਬਾਹਰੀਆਂ ਪੱਲੇ ’ਚ ਖੂਬੀਆਂ ਨੇ ਜਿੱਥੇ ਜਾਂਦੇ ਪਛਾਣ ਬਣਾ ਲੈਂਦੇ

ਦੇਬੀ ਪੇਟ ਲਈ ਕਿਤੇ ਵੀ ਜਾ ਬੈਠਣ ਟੌਰ੍ਹ ਵੱਖਰਾ ਰਹੂ ਪੰਜਾਬੀਆਂ ਦਾ

----ਸਮਾਪਤ--

ਲਿਖਤ -ਗੁਰਦੀਪ ਸਿੰਘ ਢਿੱਲੋਂ

ਪ੍ਰੋਫ਼ੈਸਰ, ਗੁਰੂ ਨਾਨਕ ਕਾਲਜ ਬੁਢਲਾਡਾ

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ