ਦੇਖੋਂ ! ਰੰਗਾਂ ਨਾਲ ਖੇਡਦੇ ਸ਼ਬਦਾਂ ਨਾਲ ਜੁੜਨ ਦਾ ਸਬੱਬ ਕਿਵੇਂ ਬਣਿਆ ।
ਔਰਤਾਂ ਨੂੰ ਬੇਬਾਕ ਹੋ ਕੇ ਆਪਣੀ ਗੱਲ ਰੱਖਣ ਦੀ ਰਾਇ ਦਿੰਦੀ ਹੈ ।

ਹਾਸ਼ੀਏ 'ਤੇ ਤੁਰ ਗਈ ਜ਼ਿੰਦਗੀ ਨੂੰ ਸ਼ਬਦ ਹੀ ਹੁੰਦੇ ਹਨ ਜੋ ਮੋੜ ਕੇ ਉਸਨੂੰ ਉਹਦੇ ਬਣਦੇ ਅਰਥ ਦਿੰਦੇ ਹਨ। ਫਿਰ ਉਹ ਸ਼ਬਦ ਚਾਹੇ ਕਿਸੇ ਤਰ੍ਹਾਂ ਦੀ ਨਜ਼ਮ ਦੇ ਵਿੱਚ ਹੋਣ ਜਾਂ ਸਹਿਜ ਸੁਭਾਅ ਮੂੰਹ ਦੇ ਵਿੱਚੋਂ ਨਿਕਲਿਆ ਕੋਈ ਸਧਾਰਨ ਜਿਹਾ ਵਾਕ ਹੋਵੇ। ਗੁਰਵੀਰ ਅਤਫ਼ ਵੀ ਸਾਹਿਤ ਦੇ ਖੇਤਰ ਦੇ ਵਿੱਚ ਇੱਕ ਅਜਿਹਾ ਹੀ ਜਾਣਿਆ-ਪਹਿਚਾਣਿਆ ਨਾਮ ਹੈ ਜਿਸ ਨੇ ਕਵਿਤਾ ਦੇ ਮਾਧਿਅਮ ਦੇ ਰਾਹੀਂ ਇਸ ਖੇਤਰ ਦੇ ਵਿੱਚ ਆਪਣਾ ਪੈਰ ਰੱਖਿਆ।
ਪਿਛਲੇ ਦਿਨੀਂ ਸਿਰਲੇਖ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਔਰਤ ਦੀ ਆਜ਼ਾਦੀ ਅਤੇ ਔਰਤ ਦੀ ਹੋਂਦ ਬਾਰੇ ਖੁੱਲ੍ਹ ਕੇ ਚਰਚਾ ਕੀਤੀ । ਉਹਨਾਂ ਦੱਸਿਆ ਕਿ ਔਰਤ ਭਾਵੇਂ ਕਹਿਣ ਨੂੰ ਅੱਜ ਅਜ਼ਾਦ ਹੈ ਲੇਕਿਨ ਹਾਲੇ ਵੀ ਕਈ ਤਰ੍ਹਾਂ ਦੀਆਂ ਜ਼ੰਜੀਰਾਂ ਦੇ ਵਿੱਚ ਬੱਝੀ ਹੋਈ ਹੈ ।
ਨਾਲ ਹੀ ਉਹਨਾਂ ਔਰਤ ਦੀ ਆਜ਼ਾਦੀ ਦੇ ਅਰਥ ਸਪੱਸ਼ਟ ਕਰਦਿਆਂ ਉਸਨੂੰ ਬੌਧਿਕ ਅਤੇ ਨੈਤਿਕ ਪੱਧਰ 'ਤੇ ਜਾਗਰੂਕ ਹੋਣ ਦੀ ਗੱਲ ਨੂੰ ਹੀ ਵਿਚਾਰਾਂ ਦੀ ਆਜ਼ਾਦੀ ਦੱਸੀ ।
ਗੁਰਵੀਰ ਅਤਫ਼ ਘਰ ਪਰਿਵਾਰ ਨੂੰ ਪਿਆਰ ਕਰਨ ਵਾਲੀ ਕਵਿੱਤਰੀ ਹੈ । ਉਹ ਕਵਿਤਾ ਨੂੰ ਜਿਉਣਾ -ਮਾਨਣਾ ਜਾਣਦੀ ਹੈ । ਆਪਣੇ ਬਚਪਨ ਦੇ ਸ਼ੌਂਕ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਸਨੂੰ ਰੰਗਾਂ ਦੇ ਨਾਲ ਖੇਡਣ ਦਾ ਬੜਾ ਸ਼ੌਂਕ ਸੀ । ਰੰਗਾਂ ਤੋਂ ਗੱਲ ਤੁਰਦੀ ਤੁਰਦੀ ਕਦੋਂ ਹਰਫ਼ਾਂ 'ਤੇ ਆ ਕੇ ਖੜ੍ਹ ਗਈ, ਉਸਨੂੰ ਖ਼ੁਦ ਵੀ ਪਤਾ ਨਹੀਂ ਲੱਗਿਆ । ਆਪਣੀ ਸਮਝ ਅਤੇ ਹੋਸ਼ ਅਨੁਸਾਰ ਉਹ ਆਪਣੀ ਪਹਿਲੀ ਕਿਰਤ ਕਿਸੇ ਵਾਰਤਕ ਰਚਨਾ ਨੂੰ ਮੰਨਦੀ ਹੈ ।
ਗੁਰਵੀਰ ਅਤਫ਼ ਦਾ ਮੰਨਣਾ ਹੈ ਕਿ ਜੇ ਸਮਾਜ ਅਤੇ ਘਰ ਔਰਤ ਦੇ ਵਿਚਾਰਾਂ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਦੀ ਅਜ਼ਾਦੀ ਦੇ ਦੇਵੇ ਤਾਂ ਸਾਡਾ ਸਮਾਜ ਬਹੁਤ ਉੱਤਮ ਸਾਹਿਤ ਕਿਰਤਾਂ ਦੇ ਰੂਬਰੂ ਹੋਵੇਗਾ । ਆਪਣੀ ਮਾਂ-ਦਾਦੀ ਅਤੇ ਹੋਰ ਕਈ ਔਰਤਾਂ ਦੇ ਬਾਰੇ ਗੱਲ ਕਰਦਿਆਂ ਉਸਨੇ ਦੱਸਿਆ ਕਿ ਇਹ ਉਹ ਔਰਤਾਂ ਨੇ ਜਿਹੜੀਆਂ ਆਪਣੇ ਮਨ ਦੇ ਚਾਅ ਮਨ ਵਿੱਚ ਹੀ ਲੈ ਕੇ ਤੁਰ ਜਾਂਦੀਆਂ ਨੇ ।
ਇਹ ਔਰਤਾਂ ਨੇ ਜਿਨ੍ਹਾਂ ਦੇ ਕੋਲ ਸਾਹਿਤ ਦਾ ਮਣਾਂ- ਮੂੰਹ ਖਜ਼ਾਨਾ ਹੁੰਦਾ ਹੈ ਪਰ ਕਦੇ ਘਰ ਪਰਿਵਾਰ ਦੀ ਜ਼ਿੰਮੇਵਾਰੀ ਅਤੇ ਕਦੇ ਸਮਾਜ ਦੇ ਬੰਧਨਾਂ ਨੇ ਉਸਨੂੰ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕਰਨ ਦੇ ਯੋਗ ਨਾ ਬਣਾਇਆ ਅਤੇ ਨਾ ਹੀ ਉਸ ਲਈ ਕੋਈ ਸੁਖਾਵਾਂ ਮਾਹੌਲ ਪੈਦਾ ਕੀਤਾ ।
ਪਰ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੀ ਹੈ ਕਿ ਉਸਨੂੰ ਪੇਕੇ ਘਰ ਦੇ ਵਿੱਚ ਵੀ ਸੁਚੱਜਾ ਮਾਹੌਲ ਦਿੱਤਾ ਗਿਆ ਤੇ ਸਹੁਰੇ ਪਰਿਵਾਰ ਦੇ ਵਿੱਚ ਵੀ ਉਹ ਆਪਣੇ ਹਮਸਫ਼ਰ ਨੂੰ ਇਸ ਗੱਲ ਦਾ ਸਿਹਰਾ ਦਿੰਦੀ ਹੈ ਕਿ ਉਸਦੀ ਕਵਿਤਾ ਹੋਰ ਵੀ ਨਿਖਰ ਕੇ ਸਾਹਮਣੇ ਆਉਣ ਲੱਗ ਪਈ ਹੈ।
ਔਰਤਾਂ ਨੂੰ ਬੇਬਾਕ ਹੋ ਕੇ ਆਪਣੀ ਗੱਲ ਰੱਖਣ ਦੀ ਰਾਇ ਦਿੰਦੀ ਹੈ । ਆਪਣੀ ਪੁਸਤਕ 'ਮੁਹੱਬਤੀ ਧਾਗੇ' ਬਾਰੇ ਗੱਲ ਕਰਦਿਆਂ ਉਸਨੇ ਕਿਹਾ ਕਿ ਇਹ ਕੋਈ ਸਾਲ ਦੋ ਸਾਲ ਦੀ ਗੱਲ ਨਹੀਂ ਇਹ ਕਈ ਸਾਲਾਂ ਦੀ ਮਿਹਨਤ ਅਤੇ ਭਾਵਨਾਵਾਂ ਦੀ ਕਿਰਤ ਹੈ ਜੋ ਤੁਪਕਾ -ਤੁਪਕਾ ਕਰਕੇ ਸ਼ਬਦ -ਸ਼ਬਦ ਬਣ ਕੇ ਕਿਰਦੀ ਰਹੀ ਪਾਠਕਾਂ ਦੀ ਕਚਹਿਰੀ ਦੇ ਵਿੱਚ ਇਹ ਕਿਤਾਬ ਦੇ ਰੂਪ ਵਿੱਚ ਪੇਸ਼ ਹੋਈ ਹੈ।
ਉਹ ਹਰ ਰੰਗ ਦੀਆਂ ਕਵਿਤਾਵਾਂ ਲਿਖਣ ਦੀ ਇੱਛੁਕ ਹੈ । ਸਿਰਲੇਖ ਦੇ ਨਾਲ ਗੱਲਬਾਤ ਕਰਦਿਆਂ ਉਸਨੇ ਆਪਣੀ ਪੁਸਤਕ ਦੇ ਵਿੱਚੋਂ ਕਈ ਨਜ਼ਮਾਂ ਸਾਂਝੀਆਂ ਵੀ ਕੀਤੀਆਂ । ਸਾਹਿਤ ਦੇ ਬਾਰੇ ਗੱਲਬਾਤ ਕਰਦਿਆਂ ਉਸਨੇ ਸਾਹਿਤ ਨੂੰ ਉਸ ਸੈ਼ਅ ਦਾ ਦਰਜਾ ਦਿੱਤਾ ਜਿਸਨੂੰ ਮਹਿਸੂਸ ਦੀ ਪੱਧਰ 'ਤੇ ਜ਼ਿਆਦਾ ਸਮਝਿਆ ਵੇਖਿਆ ਜਾਣਾ ਚਾਹੀਦਾ ਹੈ।
ਅਜੋਕੀ ਨੌਜਵਾਨ ਪੀੜ੍ਹੀ ਬਾਰੇ ਗੱਲ ਕਰਦਿਆਂ ਉਸਨੇ ਕਿਤਾਬਾਂ ਤੋਂ ਦੂਰ ਹੁੰਦੇ ਪਾਠਕਾਂ ਪ੍ਰਤੀ ਚਿੰਤਾ ਜਤਾਈ । ਉਸਨੇ ਨੌਜਵਾਨੀ ਨੂੰ ਮੁੜ ਤੋਂ ਕਿਤਾਬਾਂ ਦੇ ਨੇੜੇ ਹੋਣ ਦਾ ਸੰਦੇਸ਼ ਦਿੱਤਾ ।
ਸਾਹਿਤ ਅਤੇ ਔਰਤ ਦੇ ਖੇਤਰ ਵਿੱਚ ਰੁਚੀ ਰੱਖਣ ਵਾਲੇ ਦਰਸ਼ਕਾਂ ਦੇ ਲਈ ਇਹ ਪੌਡਕਾਸਟ ਵਿਸ਼ੇਸ਼ ਖਿੱਚ ਦਾ ਕਾਰਨ ਬਣੇਗਾ । ਕਵਿਤਾ ਨੂੰ ਪਿਆਰ ਕਰਨ ਵਾਲੇ ਸਾਰੇ ਵਰਗਾਂ ਦੇ ਲਈ ਇਸ ਪੌਡਕਾਸਟ ਦੇ ਵਿੱਚ ਕੁਝ ਨਾ ਕੁਝ ਸੁਣਨ ਨੂੰ ਜ਼ਰੂਰ ਮਿਲੇਗਾ।
ਜਸ ਜੀਤ
