ਮਾਨਸਾ ਦਾ ਇੰਦਰ ਬਾਣੀਆ
ਇਸ਼ਕ ਅਤੇ ਸੰਗੀਤ ਦੀ ਅਨੋਖੀ ਕਥਾ—ਅਸ਼ੋਕ ਬਾਂਸਲ ਦੀ ਜ਼ਿੰਦਗੀ, ਉਸਦਾ ਸੰਗੀਤ ਪ੍ਰੇਮ, ਰਿਕਾਰਡਾਂ ਦੀ ਖੋਜ ਅਤੇ ਇਸ਼ਕ ਦੇ ਜੁਨੂਨ ਨੂੰ ਦਰਸਾਉਂਦੀ ਇਕ ਦਿਲਚਸਪ ਲਿਖਤ।

ਮੰਗਲਾਚਰਣ
ਇਹ ਜ਼ਹਿਰ ਵੀ ਸੁਣਿਐ ਬਣੇ ਸਰਬੱਤ
ਰਾਗ ਇਸ਼ਕ ਦਾ ਜਦੋਂ ਸੁਕਰਾਤ ਬਣਦੈ
ਦੰਤ ਕਥਾ
ਇੰਦਰ। ਲਾਹੌਰ ਦਾ ਪੈਸੇ ਵਾਲਾ ਬਾਣੀਆ। ਕੱਪੜੇ ਦੀ ਦੁਕਾਨ। ਲੋਕਾਂ ਨਾਲ ਲੈਣ ਦੇਣ। ਕਹਿੰਦੇ ਬੇਗੋ ਉਸਤੋਂ ਕੱਪੜਾ ਖ੍ਰੀਦਣ ਆਈ। ਉਸ ਦਿਨ ਉਹ ਬੇਗੋ ਦਾ ਹੋ ਗਿਆ, ਬੇਗੋ ਉਸਦੀ। ਬੇਗੋ ਦੇ ਹੁਸਨ ਵਿੱਚ ਇੰਦਰ ਝੱਲਾ ਹੋ ਗਿਆ। ਵਾਰਿਸ ਜਦੋਂ ਲਿਖਦੈ ਕਿ 'ਰਾਂਝੇ ਉੱਠ ਕੇ ਆਖਿਆ ਵਾਹ ਸੱਜਣ, ਹੀਰ ਹੱਸ ਕੇ ਮਿਹਰਬਾਨ ਹੋਈ।' ਬੇਗੋ ਦੀ ਝਾਕਣੀ ਅੱਗੇ ਉਹ ਆਪਾ ਗਵਾਉਂਦੈ। ਇਹ ਇਸ਼ਕ ਐ। ਉਹ ਉਸਤੋਂ ਕੱਪੜਾ ਲੈਂਦੀਆਂ ਨੇ। ਇੰਦਰ ਸਾਰੀ ਦੁਕਾਨ ਉਨ੍ਹਾਂ ਅੱਗੇ ਵਿਛਾ ਦਿੰਦੈ। ਨਾ ਕੋਈ ਭਾਅ, ਨਾ ਕੋਈ ਝਿਜਕ। ਉਹ ਕਹਿੰਦੈ - ਸਭ ਕੁਝ ਤੇਰਾ, ਮੈਂ ਵੀ, ਦੁਕਾਨ ਵੀ। ਜਿਹੜਾ ਕੁਝ ਮੰਗਣੈ ਮੰਗ ਲਵੋ। ਮਸਤੀਆਂ ਕੁੜੀਆਂ ਵਿੱਚੋਂ ਇੱਕ ਬੋਲੀ - ਜੇ ਇਹ ਕਹੇ ਅੱਗ ਲਾ ਦੇਂਗਾ।
ਕਹੇ ਸਹੀ, ਲ਼ਾ ਦੂੰ।
ਕਹਿੰਦੇ ਮੁਸਕਰਾ ਕੇ ਬੇਗੋ ਨੇ ਕਹਿ ਦਿੱਤਾ।
ਕਹਿਣ ਦੀ ਦੇਰ ਸੀ, ਇੰਦਰ ਨੇ ਦੁਕਾਨ ਫੂਕ ਦਿੱਤੀ।
ਹੁਣ ਕੀ ਕਰੇ? ਰਾਵੀ ਦੇ ਪੁਲ ਤੇ ਪਹੁੰਚ ਗਿਆ, ਉਨ੍ਹਾ ਦੇ ਮਗਰ। ਬੇਗੋ ਨੇ ਛਾਲ ਮਾਰਨ ਦਾ ਹੁਕਮ ਦਿੱਤਾ। ਕਹਿਣ ਦੀ ਦੇਰ ਸੀ - ਉਸਨੇ ਛਾਲ ਮਾਰ ਦਿੱਤੀ।
ਪ੍ਰੀਖਿਆ ਇਸ਼ਕ ਦੀ ਸੀ। ਬੇਗੋ ਕੋਲ ਕੀ ਬਚਿਆ ਸੀ, ਕਝ ਨ੍ਹੀਂ। ਉਸਨੇ ਸਮਾਨ ਫੜਾ ਕੇ ਇੰਦਰ ਦੇ ਮਗਰ ਰਾਵੀ ਵਿੱਚ ਛਾਲ ਮਾਰੀ।
ਕਥਾ ਅਸ਼ੋਕ ਦੀ….
ਅਸ਼ੋਕ। ਇਸ਼ਕ ਰੰਗੇ ਰਾਗ ਅਲਾਪਦਾ ਬਾਣੀਆ। ਮਸਤ ਮਲੰਗ। ਮਾਨਸਾ ਦਾ 'ਇੰਦਰ ਬਾਣੀਆ'। ਉਸਦੀ ਬੇਗੋ ਨਾਰ ਸੰਗੀਤ ਐ। ਉਹਨੇ ਸੰਗੀਤ ਵਾਲਿਆਂ ਨਾਲ ਤੁਰ ਫਿਰ ਕੇ ਉੱਤਰ ਦੱਖਣ ਘੁੰਮ ਲਈ। ਰੰਗ ਦਾ ਪੱਕਾ ਪਰ ਦਿਲ ਦਾ ਸੱਚਾ ਬੰਦਾ। ਬਚਪਨ ਵਿੱਚ ਉਸਨੇ ਘਰੋਂ ਚੋਰੀ ਕੀਤੀ, ਅਠਾਰਾਂ ਰੁਪਏ। ਉਦੋਂ ਉਸਦੇ ਇਸ਼ਕ ਦਾ ਪਤਾ ਚੱਲ ਗਿਆ ਸੀ। ਉਸਨੇ ਕੁਝ ਨ੍ਹੀਂ ਖਰੀਦਿਆ। ਇੱਕ ਚੀਜ਼ ਖਰੀਦੀ ਸੀ। ਸ਼ੌਕਤ ਅਲੀ ਤੇ ਨਰਿੰਦਰ ਬੀਬਾ ਦੀ ਕੈਸਿਟ। ਇੱਕ ਗੀਤ ਵਾਰ ਵਾਰ ਭਰਵਾਇਆ। ਗੀਤ ਸੀ - ਸਾਡੇ ਲੇਖਾਂ ਵਿੱਚ ਹਨੇਰੇ ਨੇ। ਉਦੋਂ ਤੋਂ ਉਹਦਾ ਪੱਕਾ ਟਿਕਾਣਾ ਬਣਿਆ, ਸੰਗੀਤ। ਜਦੋਂ ਆਪਾਂ ਸੇਵਾ ਸਿੰਘ ਠੀਕਰੀਵਾਲੇ ਦੇ ਬੁੱਤ ਤੋਂ ਮੁੱਖ ਬਾਜ਼ਾਰ ਨੂੰ ਜਾਂਦੀ ਸੜਕ ਦੇ ਵਿਚਕਾਰ ਜੇ ਜਾ ਕੇ ਛੋਟੀ ਜਿਹੀ ਦੁਕਾਨ ਤੇ ਬਾਂਸਲ ਲਿਖਆ ਵੇਖਾਂਗੇ ਤਾਂ ਸਾਹਮਣੇ ਇੱਕ ਬੰਦਾ ਨਜ਼ਰੀ ਪਵੇਗਾ। ਇਹੀ ਅਸ਼ੋਕ ਐ। ਬਾਦਸ਼ਾਹ ਬੰਦੈ। ਲੋਕ ਬਾਜ਼ਾਰ ਵਿੱਚ ਸਾਮਾਨ ਖਰੀਦਣ ਜਾਂਦੇ ਨੇ ਮੁੜ ਆਉਂਦੇ ਨੇ, ਉਹ ਉਸਨੂੰ ਸਾਮਾਨ ਵੇਚਦੇ ਨੂੰ ਵੇਖਦੇ ਨੇ ਪਰ ਉਹ ਜਿੱਥੇ ਜੇ ਬੈਠਾ ਹੁੰਦੈ, ਕਦੇ ਬਿਲਕੁਲ ਸਾਹਮਣੇ ਕਾਊਂਟਰ ਵਿੱਚ ਧਿਆਨ ਮਾਰਿਓ ਤੁਹਾਨੂੰ ਨਵੀਆਂ ਕਿਤਾਬਾਂ ਸਹਿਜੇ ਨਜ਼ਰ ਆਉਣਗੀਆਂ। ਨਜ਼ਰ ਹੀ ਨਹੀਂ ਆਉਂਦੀਆ ਜਦੋਂ ਗੱਲ ਛੇੜੋਗੇ, ਉਨ੍ਹਾਂ ਦੇ ਹਵਾਲੇ ਨਾਲ ਗੱਲਾਂ ਕਰਦੈ। ਦਰਿਆ ਦਿਲ ਬੰਦਾ। ਪੈਸੇ ਦਾ ਮਾਮਲੇ ਵਿੱਚ ਨ੍ਹੀਂ ਪੈਂਦਾ। ਉਂਝ ਲੋਕੀ ਕਹਿੰਦੇ ਆ ਲਾਲਚੀ ਬੰਦੈ। ਸਮੁੰਦਰ ਜਿੰਨਾ ਗਹਿਰੈ ਤੇ ਆਕਾਸ਼ ਜਿੰਨਾ ਵਿਸ਼ਾਲ। ਚਾਰੇ ਕੰਨੀਆਂ ਦਾ ਪੂਰਾ। ਅਸ਼ੋਕ ਨੂੰ ਉਸਦੇ ਫੇਸਬੁੱਕੀ ਮਿੱਤਰ ਜੱਟ ਬਾਣੀਆ ਕਹਿ ਕੇ ਸੱਦਦੇ ਨੇ। ਉਸਦਾ ਇੱਕ ਪੈਰ ਪੰਜਾਬ 'ਚ ਰਹਿੰਦੈ, ਦੂਜਾ ਵਿਦੇਸ਼। ਵਿਦੇਸ਼ ਉਸ ਲਈ ਨਿਆਈ ਹੈ ਜਦੋਂ ਹੌਲ ਉੱਠਦਾ ਹੈ, ਉੱਧਰ ਚਲਾ ਜਾਂਦੈ। ਸਿਰਫ਼ ਜਾਂਦਾ ਹੀ ਨਹੀਂ ਬਹੁਤ ਸਾਰੇ ਸੰਗੀਤ ਪ੍ਰੇਮੀਆਂ ਨੂੰ ਘੁਮਾ ਲਿਆਉਂਦੈ। ਇਸ ਘੁੰਮ ਘੁਮਾਈ ਦੇ ਚੱਕਰ 'ਚ ਉਸਨੇ ਬਹੁਤਿਆ ਨੂੰ ਰੋਟੀ ਦੇ ਸਾਧਨ ਦਿੱਤੇ ਨੇ। ਕਿਰਤ ਨਾਲ ਜੁੜਿਆ ਇਹ ਬੰਦਾ ਕਿਰਤ ਤੇ ਕਲਾ ਦਾ ਮੁਜੱਸਮੈ। ਸ਼ਬਦਾਂ ਦਾ ਜਾਦੂਗਰ। ਉਹਨੂੰ ਗੱਲ ਕਹਿਣੀ ਆਉਂਦੀ ਐ। ਥੱਕੇ ਹੋਏ ਬੰਦੇ ਦਾ ਥਕੇਵਾਂ ਉਹ ਗੀਤ ਸੁਣਾ ਕੇ ਲਾਹ ਦਿੰਦੈ। ਪੰਜਾਬੀ ਦੀ ਕਹਾਵਤ ਹੈ ਕਿ ਸੁਰਮਾ ਤਾਂ ਹਰੇਕ ਪਾ ਲੈਂਦੀ ਆ, ਪਰ ਮਟਕਾਉਣਾ ਕਿਸੇ ਕਿਸੇ ਨੂੰ ਆਉਂਦੈ। ਇਹ ਬੰਦਾ ਲੋਕਾਂ ਨਾਲੋਂ ਵੱਖਰਾ ਮਟਕਾਉਂਦੈ। ਉਸਦੇ ਬੋਲਾਂ ਵਿੱਚ ਇੰਨੀ ਜਾਨ ਹੁੰਦੀ ਐ ਕਿ ਸਾਹਮਣੇ ਵਾਲਾ ਉਸਦਾ ਹੋ ਜਾਂਦੈ। ਪ੍ਰੋ. ਪੂਰਨ ਸਿੰਘ ਦੇ ਪੰਜਾਬ ਨੂੰ ਉਹ ਅਵਾਜ਼ਾਂ ਮਾਰਦੈ। ਜੋਗੀ ਹੈ, ਜਿਸ ਕੋਲ ਸ਼ਬਦਾਂ ਦੀ ਵੰਝਲੀ ਐ। ਇਸ ਵੰਝਲੀ ਦੀ ਹੂਕ ਸੁਣ ਕੇ ਵਿਦੇਸ਼ਾਂ ਦੇ ਕੋਨੇ ਕੋਨੇ ਬੈਠੇ ਲੋਕ ਉਸਦੇ ਆਸ਼ਿਕ ਬਣਦੇ ਨੇ। ਆਪਣੀ ਗੱਲ ਕਦੇ ਪ੍ਰੋ. ਪੂਰਨ ਸਿੰਘ ਦੀ ਕਵਿਤਾ ਤੋਂ ਕਰਦੈ, ਕਦੇ ਵਿਦੇਸ਼ ਵਸਦੇ ਸ਼ਾਇਰ ਕਵਿੰਦਰ ਚਾਂਦ ਦੀ ਨਜ਼ਮ ਤੋਂ ਅਤੇ ਕਦੇ ਹਰਮਨ ਦੀ ਕੱਕਾ ਚਾਨਣ ਕਲੀ ਤੋਂ। ਕਦੇ ਕਦਾਈਂ ਉਸ ਕੋਲ ਬੈਠਣ ਦਾ ਸਮਾਂ ਮਿਲਦੈ, ਸਾਰਾ ਕੁੱਝ ਛੱਡ ਕਿ ਉਹ ਸਦੀਆਂ ਪੁਰਾਣੀਆਂ ਕਥਾਵਾਂ ਛੇੜਦੈ। ਸੰਗੀਤ ਦੇ ਆਸ਼ਿਕਾਂ ਦੇ ਕਿੱਸੇ ਛੋਹਦੈ। ਛੋਹਦਾ ਉਹੀ ਹੈ ਜਿਹੜ੍ਹਾ ਦਿਲ 'ਚ ਸਿੱਧੇ ਉੱਤਰਦੇ ਹੋਣ। ਸੱਤਪਾਲ ਭੀਖੀ ਉਹਨੂੰ 'ਸੰਗੀਤ ਦੀ ਹੂਕ, ਹੇਕ ਅਤੇ ਹਾਕ ਸੁਣਦੀ ਆਵਾਜ਼' ਕਹਿੰਦੈ।
ਵਾਰਿਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆ ਜੇ…
ਬਾਦਸ਼ਾਹੀ ਨੰਬਰ ਇੱਕ -
ਭਾਈਆਂ ਵੰਡ ਮੁੱਢੋਂ ਹੁੰਦੀ ਆਈ ਐ। ਜੱਟ ਤੇ ਬਾਣੀਆਂ ਜਦੋਂ ਅੱਡ ਹੁੰਦੇ ਨੇ ਤਾਂ ਇਨ੍ਹਾਂ ਦਾ ਲੜਨਾ ਸੁਭਾਵਿਕ ਐ। ਜੱਟ ਦਾ ਜ਼ਮੀਨ ਦਾ ਮਾਮਲਾ, ਸ਼ਾਹੂਕਾਰ ਦਾ ਧੰਨ ਦੌਲਤ। ਅਸ਼ੋਕ, ਵੱਖਰੈ। ਸਬਰ ਆਲੈ। ਸੰਜਮੀ ਐ। ਹਿੰਡੀ ਐ। ਇਹਦੇ ਘਰੇ ਬਹੁਤ ਕੁਝ ਸੀ ਵੰਡਣ ਆਲਾ। ਪੈਸਾ, ਸੋਨਾ ਤੇ ਪੁਰਾਣੇ ਰਿਕਾਰਡ। ਮਾਂ ਹੈ ਨ੍ਹੀਂ ਸੀ। ਵੰਡਦਾ ਕੌਣ? ਵੰਡ ਹੋਈ। ਇਹਨੇ ਇੱਕੋ ਚੀਜ਼ ਮੰਗੀ, ਪੁਰਾਣੇ ਰਿਕਾਰਡ। ਗੁਰਤੇਜ ਕੁਹਾਰਵਾਲਾ ਦਾ ਸ਼ਿਅਰ ਹੈ -
ਵਪਾਰੀ ਹੋਣ ਦਾ ਔਖਾ ਹੁਨਰ ਆਇਆ ਨਹੀਂ ਮੈਨੂੰ
ਲਹੂ ਨੂੰ ਵੇਚ ਕੇ, ਪਾਣੀ ਅਜੇ ਪਰਵਾਨ ਕਰਦਾ ਹਾਂ।
ਇਹ ਪਾਣੀ ਅਸ਼ੋਕ ਤੋਂ ਬਿਨ੍ਹਾਂ ਸਭ ਲਈ ਪਾਣੀ ਸੀ ਪਰ ਅਸ਼ੋਕ ਲਈ ਸਭ ਕੁਝ। ਜਿਹੜੀ ਚੀਜ਼ ਇਹਦੇ ਹੱਥ ਆਈ ਉਹ ਪੁਰਾਣੇ ਰਿਕਾਰਡ ਸੀ।
ਇਹ ਘਟਨਾ ਲਿਖਦਿਆਂ ਮੈਨੂੰ ਰਾਣਾ ਰਣਬੀਰ ਯਾਦ ਆਇਆ। ਅਸੀਸ ਫਿਲਮ ਵਿੱਚ ਇੱਕ ਸੀਨ ਐ। ਭਰਾਵਾਂ ਵਿੱਚ ਜ਼ਮੀਨ, ਪੈਸਾ ਅਤੇ ਹੋਰ ਸਮਾਨ ਦੀ ਵੰਡ ਹੁੰਦੀ ਐ। ਭਰੀ ਪੰਚਾਇਤ ਵਿੱਚ ਫੈਸਲਾ ਹੁੰਦੈ। ਜੀਹਦਾ ਨਾਮ ਅਸੀਸ ਹੋਵੇ ਉਹ ਕੀ ਮੰਗ ਸਕਦੈ? ਉਹ ਪੰਚਾਇਤ ਨੂੰ ਕਹਿੰਦੈ ਮੈਨੂੰ ਕੁਝ ਨਹੀਂ ਚਾਹੀਦਾ, ਮੇਰੀ ਮਾਂ ਨੂੰ ਨਾ ਵੰਡੋਂ। ਮੈਨੂੰ ਮਾਂ ਦੇ ਦਿਓ। ਉਹ ਅਸੀਸ ਐ ਤਾਂਹੀ ਮਾਂ ਮੰਗਦੈ। ਇਹ ਅਸ਼ੋਕ ਐ, ਮਾਂ ਜਿਉਂਦੀ ਹੁੰਦੀ, ਪਹਿਲਾਂ ਮਾਂ ਮੰਗਦਾ, ਫਿਰ ਪੁਰਾਣੇ ਰਿਕਾਰਡ।
ਬਾਦਸ਼ਾਹੀ ਨੰਬਰ ਦੋ
ਕੇਰਾਂ ਉਹ ਇੰਗਲੈਂਡ ਗਿਆ। ਉੱਥੇ ਉਹਦੀ ਇੰਟਰਵਿਊ ਹੋਈ ਪੰਜਾਬ ਰੇਡੀਓ 'ਤੇ। ਪਹਿਲੀ 'ਚਮਨ ਲਾਲ ਚਮਨ’ ਨੇ ਕੀਤੀ ਅਤੇ ਦੂਜੀ 'ਸਾਥੀ ਲੁਧਿਆਣਵੀਂ’ ਨੇ। ਦੋਵਾਂ ਨੂੰ ਕੌਣ ਨ੍ਹੀਂ ਜਾਣਦਾ। ਉਨ੍ਹਾਂ ਨੇ ਅਸ਼ੋਕ ਨਾਲ ਗੱਲਾਂ ਕੀਤੀਆਂ। ਇਹਦੇ ਹਿਸਾਬ ਤੋਂ ਬਾਹਰ ਦੀਆਂ ਗੱਲਾਂ। ਗੱਲ ਗੁਰਦਾਸ ਰਾਮ ਆਲਮ ਦੀ ਚੱਲੀ। ਉਨ੍ਹਾਂ ਪੁੱਛਿਆ -
'ਤੁਸੀਂ ਕਦੇ ਗਿਆਨ ਸਿੰਘ ਸੁਰਜੀਤ ਨੂੰ ਸੁਣਿਐ?
'ਨਹੀਂ।'- ਅਸ਼ੋਕ ਨੇ ਕਿਹਾ।
'ਉਨ੍ਹਾਂ ਦੇ ਗੀਤ ਰਿਕਾਰਡ ਹੋਏ ਨੇ, ਆਲਮ ਨੇ ਲਿਖੇ ਨੇ?' - ਉਨ੍ਹਾਂ ਕਿਹਾ।
'ਕਿਹੜਾ ਗੀਤ ਐ ਜੀ।' - ਅਸ਼ੋਕ ਨੇ ਕਿਹਾ।
'ਪਿੱਪਲਾ ਵੇ ਸੱਜਣਾਂ ਦੇ ਪਿੰਡ ਦਿਆ, ਭੇਤ ਛੁਪਾ ਕੇ ਰੱਖੀਂ।' - ਅੱਗੋਂ ਆਵਾਜ਼ ਆਈ।
ਰਿਕਾਰਡ ਮੇਰੇ ਧਿਆਨ ਵਿੱਚ ਨਹੀਂ ਜੀ ਪਰ ਇਹ ਗੀਤ ਤਾਂ ਮੇਰੇ ਜ਼ੁਬਾਨੀ ਯਾਦ ਐ।
ਇਹ ਗੱਲ ਸੁਣ ਕੇ ਉਹਨੂੰ ਅੱਚਵੀ ਲੱਗ ਗਈ।
ਦੂਜਾ ਗੱਲ ਜਿਸਨੇ ਅਸ਼ੋਕ ਨੂੰ ਪਾਗਲ ਕੀਤਾ।
'ਤੁਸੀਂ ਕੁਲਦੀਪ ਸਿੰਘ ਪਰਦੇਸੀ ਦੀਆਂ ਗਾਈਆਂ ਗ਼ਜ਼ਲਾਂ ਸੁਣੀਆਂ ਨੇ? - ਉਨ੍ਹਾਂ ਕਿਹਾ।
ਹਾਂ ਜੀ, ਇਹ ਮੇਰੇ ਜ਼ਿਹਨ ਵਿੱਚ ਤਾਂ ਹੈ ਪਰ ਮੈਂ ਉਨ੍ਹਾਂ ਦੀਆਂ ਗ਼ਜ਼ਲਾਂ ਨਹੀਂ ਸੁਣੀਆਂ। - ਅਸ਼ੋਕ ਨੇ ਕਿਹਾ।
ਅਸਲ ਵਿੱਚ ਪਰਦੇਸੀ ਦੀ ਆਵਾਜ਼ ਵਿੱਚ 'ਚਰਨ ਸਿੰਘ ਸਫਰੀ' ਦੀ ਗ਼ਜ਼ਲ ਰਿਕਾਰਡ ਹੋਈ ਸੀ। ਬੜੇ ਮਾਸੂਮ ਨੇ ਸਾਜਨ, ਸ਼ਰਾਰਤ ਕਰ ਹੀ ਜਾਂਦੇ ਨੇ। ਇਸ ਗ਼ਜ਼ਲ ਨੂੰ ਅਸ਼ੋਕ ਨੇ ਕਿਸੇ ਵੇਲੇ ਗੁਰਦੀਪ ਸਿੰਘ ਦੀ ਆਵਾਜ਼ ਵਿੱਚ ਰਿਕਾਰਡ ਕੀਤਾ ਸੀ।
ਅਸ਼ੋਕ ਦੀ ਗਰਾਰੀ ਇਸ ਗੱਲ ਤੇ ਫਸ ਗਈ। ਪਰਦੇਸੀ ਦੇ ਇਸ ਰਿਕਾਰਡ ਨੂੰ ਕਿਵੇਂ ਲੱਭਿਆ ਜਾਵੇ? ਇਹ ਸਵਾਲ ਬਣਿਆ।
ਕਈ ਵਰ੍ਹੇ ਬਾਅਦ ਅਸ਼ੋਕ ਨੂੰ ਪਤਾ ਚੱਲਿਆ ਕਿ ਪਰਦੇਸੀ ਦਾ ਇਹ ਰਿਕਾਰਡ ਕਿਸੇ ਵੈਬਸਾਈਟ ਤੇ ਬੋਲੀ 'ਤੇ ਲੱਗਿਆ ਹੋਇਐ। ਬੋਲੀ ਦਾ ਘੱਟ ਤੋਂ ਘੱਟ ਰੇਟ 5000 ਐ। ਉਸਨੇ ਨੈੱਟ ਤੇ ਟਿਕਾਣਾ ਲੱਭਿਆ। ਰਿਕਾਰਡ ਵੇਖ ਰੁੱਗ ਭਰਿਆ ਗਿਆ। ਚਮਨ ਲਾਲ ਚਮਨ ਦਾ ਸਵਾਲ ਯਾਦ ਆਇਆ। ਬੋਲੀ ਦੇਣ ਵਾਲੇ ਦੋ ਬੰਦੇ ਰਹਿ ਗਏ। ਇੱਕ ਲਾਹੌਰ ਦਾ ਜੰਮਪਲ ਤੇ ਸ਼ਰੀ ਬੈਠਾ ਸੰਗੀਤ ਦਾ ਆਸ਼ਕ, ਦੂਜਾ ਜੀਹਦੇ ਬਾਰੇ ਮੈਂ ਲਿਖ ਰਿਹਾਂ। ਇੱਕ ਬੰਨੇ ਡਾਲਰ ਦੂਜੇ ਬੰਨੇ ਰੁਪਇਆ। ਇੱਕ ਪਾਸੇ ਤਕੜਾ ਘਰਾਣਾ, ਇੱਕ ਪਾਸੇ ਮਲੰਗ ਬੰਦਾ। ਬੋਲੀ ਲੱਗਦੀ ਲੱਗਦੀ ਹਜ਼ਾਰਾਂ ਟੱਪ ਗਈ। ਆਖੀਰ ਵਿੱਚ ਇਹ ਅਸ਼ੋਕ ਨੇ ਖਰੀਦਿਆਂ ਸਨਤਾਲੀ ਹਜ਼ਾਰ ਚਾਰ ਸੌ ਰੁਪਏ ਦਾ।
'ਇਸ ਤੋਂ ਕੀ ਕਰਾਉਣਾ ਸੀ?' - ਮੈਂ ਕਿਹਾ।
'ਇਹੀ ਕਮਾਈ ਐ ਢਿੱਲੋਂ। ਮੈਂ ਤੈਨੂੰ ਵਿਖਾਉਣਾ, ਦੇਖ ਦੂਰੋਂ, ਹੱਥ ਨਾ ਲਾਈਂ।
ਉੱਪਰ ਲਿਖਿਆ ਸੀ - Gazals in punjabi, ਕੁਲਦੀਪ ਸਿੰਘ ਪਰਦੇਸ਼ੀ।
ਰੱਬ ਜਾਣੇ ਯਾਰ ਕਿਉਂ ਵਾਅਦਾ ਖਿਲਾਫ਼ੀ ਕਰ ਗਿਆ। - ਚਰਨ ਸਿੰਘ ਸਫਰੀ
ਬੜੇ ਮਾਸੂਮ ਨੇ ਸਾਜਨ, ਸ਼ਰਾਰਤ ਕਰ ਹੀ ਜਾਂਦੇ ਨੇ। - ਚਰਨ ਸਿੰਘ ਸਫਰੀ
ਹਾਏ ਬੇਹੋਸ਼ੀ ਵਿੱਚ ਕੀ ਕੀ ਵਾਰਤਾ ਬੋਲੀ ਗਈ। - ਮਹਿੰਦਰ ਦਰਦ।
ਬਾਦਸ਼ਾਹੀ ਨੰਬਰ ਤਿੰਨ -
ਅਜਮੇਰ ਔਲ਼ਖ ਦਾ ਜਵਾਈ ਗੁਰਵਿੰਦਰ ਅਜੇ ਨਵਾਂ ਨਵਾਂ ਗਾਉਣ ਲੱਗਿਆ ਸੀ। ਔਲਖ ਸਾਬ੍ਹ ਨੇ ਅਸ਼ੋਕ ਨੂੰ ਬੁਲਾਇਆ। ਦੋਵੇਂ ਪੰਜਾਬ ਮੇਲ ਤੇ ਚੜ੍ਹ ਗਏ ਦਿੱਲੀ ਨੂੰ। ਗਿਆਰਾਂ ਕੁ ਵਜੇ ਪਹੁੰਚ ਗਏ ਦਿੱਲੀ। ਬਾਜ਼ਾਰ ਸੁੰਨਾ ਪਿਆ। ਲਾਲ ਕਿਲਾ ਵੇਖਿਆ। ਜਾਮਾ ਮਸਜਿਦ ਵੇਖੀ। ਉੱਥੇ ਬੁਰਕਾ ਪਾਈ ਇੱਕ ਔਰਤ ਬੈਠੀ ਸੀ ਉਸ ਕੋਲ ਇੱਕ ਗੀਤ ਚੱਲੇ। 'ਆਪਣਾ ਗਰਾਂ ਹੋਵੇ' ਮਲਕੂ ਦਾ। ਉਹ ਕੈਸਿਟਾਂ ਭਰਨ ਅਤੇ ਨਵੀਆਂ ਵੇਚਣ ਦਾ ਕੰਮ ਕਰਦੀ ਸੀ। ਸੁਣ ਕੇ ਇਹਦੀ ਲਾਟ ਨਿਕਲ ਗਈ।
ਮੈਡਮ, ਜੇ ਕਿਤਨੇ ਕੀ ਹੈ? - ਇਸਨੇ - ਹਿੰਦੋਸਤਾਨੀ ਵਿੱਚ ਕਿਹਾ।
ਪੱਚੀ ਰੁਪਏ ਕੀ ਕੈਸਿਟ ਹੈ, ਸੌ ਰੁਪਏ ਭਰਨੇ ਕੇ। - ਉਸਨੇ ਕਿਹਾ।
ਜੋ ਆਪਕੀ ਟੇਪ ਮੇਂ ਚਲ ਰਹੀ ਹੈ, ਵੋ? - ਅਸ਼ੋਕ ਨੇ ਕਿਹਾ।
ਏਕ ਹਜ਼ਾਰ ਰੁਪਏ ਕੀ? - ਅੱਗੋਂ ਆਵਾਜ਼ ਆਈ।
ਜੇ ਲੋ ਏਕ ਹਜ਼ਾਰ। - ਅਸ਼ੋਕ ਨੇ ਕਿਹਾ।
ਉਸਨੇ ਉਹੀ ਕੈਸਿਟ ਖਰੀਦੀ, ਜਿਹੜੀ ਅਸਲ ਸੀ।
ਬਾਣੀਆ, ਤੇਰੇ ਕੋਲ ਪੈਸੇ ਜਿਆਦਾ ਨੇ? - ਪਤਾ ਲੱਗਣ ਤੇ ਔਲਖ ਸਾਬ੍ਹ ਨੇ ਕਿਹਾ।
ਕਰੇ ਜਿੰਨ੍ਹਾਂ ਦੀਆਂ ਰੱਬ ਹਮਾਇਤਾਂ ਨੀ….
ਦਾਦਾ ਦੱਸਦਾ ਹੁੰਦਾ ਸੀ ਕਿ ਧਰਤੀ ਨਾਲ ਜੁੜੇ ਬੰਦੇ ਵੱਡੇ ਹੁੰਦੇ ਹਨ। ਉਦੋਂ ਸਮਝ ਹੀ ਏਨੀ ਸੀ, ਲੱਗਦਾ ਸੀ ਕਿ ਧਰਤੀ ਨਾਲ ਕਿਵੇਂ ਜੁੜਿਆ ਜਾ ਸਕਦੈ, ਬੰਦਾ ਤਾਂ ਧਰਤੀ ਤੇ ਤੁਰਦੈ। ਇਹ ਗੱਲ ਹੁਣ ਸਮਝ ਆਈ ਹੈ ਕਿ ਲੋਕ ਤੁਰਦੇ ਨ੍ਹੀਂ ਉੱਡਦੇ ਨੇ, ਟਾਂਵੇਂ ਨੇ ਜਿਹੜੇ ਧਰਤੀ ਨਾਲ ਜੁੜੇ ਹੁੰਦੇ ਨੇ। ਸੰਗੀਤ ਪ੍ਰੇਮੀ ਹੋਣ ਕਰਕੇ ਉਹਦੀਆਂ ਆੜੀਆਂ ਵੀ ਉਨ੍ਹਾਂ ਨਾਲ ਨੇ ਜਿੰਨ੍ਹਾਂ ਨੇ ਸੰਗੀਤ ਦੀ ਟੋਹ ਲੱਭਦੇ ਲੱਭਦੇ ਸਾਰੀ ਧਰਤੀ ਗਾਹ ਮਾਰੀ। ਇਹ ਗੱਲਾਂ ਕਰਦਿਆਂ ਮੈਂ ਮਿੰਨੀ ਕਹਾਣੀ ਸੁਣਾਉਣ ਦੀ ਇੱਛਾ ਰੱਖਦਾਂ। ਇਹ ਕਹਾਣੀ ਸ਼ਿਆਮ ਸੁੰਦਰ ਦੀਪਤੀ ਦੀ ਲਿਖੀ ਐ -
ਇੱਕ ਅਦਾਲਤ ਵਿੱਚ ਮੁਕੱਦਮਾ ਪੇਸ਼ ਹੋਇਆ। ‘ਸਾਹਿਬ ਇਹ ਪਾਕਿਸਤਾਨੀ ਹੈ, ਸਾਡੇ ਦੇਸ਼ ਦੀ ਹੱਦ ਪਾਰ ਕਰਦਾ ਫੜਿਆ ਗਿਆ ਹੈ।’
‘ਤੂੰ ਇਸ ਬਾਰੇ ਕੁਝ ਕਹਿਣਾ ਚਾਹੁੰਦਾ ਹੈਂ।’ ਮਜਿਸਟ੍ਰੇਟ ਨੇ ਪੁੱਛਿਆ।
‘ਮੈਂ ਕੀ ਕਹਿਣਾ ਹੈ ਸਰਕਾਰ। ਮੈਂ ਖੇਤਾਂ ਨੂੰ ਪਾਣੀ ਲਾ ਕੇ ਬੈਠਾ ਸੀ। ਹੀਰ ਦੇ ਸੁਰੀਲੇ ਬੋਲ ਮੇਰੇ ਕੰਨਾਂ ਵਿੱਚ ਪਏ। ਮੈਂ ਉਨ੍ਹਾਂ ਬੋਲਾਂ ਨੂੰ ਸੁਣਦਾ ਸੁਣਦਾ ਤੁਰਿਆ ਆਇਆ, ਮੈਨੂੰ ਤਾਂ ਕੋਈ ਹੱਦ ਨਜ਼ਰ ਨਹੀਂ ਆਈ।’
ਕੇਰਾਂ ਅਸੀਂ ਤਿੰਨੋਂ ਇਕੱਠੇ ਹੋਏ - ਮੈਂ, ਰਜਿੰਦਰ ਸਿੰਘ ਫਾਇਨਟੋਨ ਤੇ ਅਸ਼ੋਕ। ਗੱਲਾਂ ਲੱਭਤਾਂ ਦੀਆਂ ਚੱਲੀਆਂ, ਦੇਰ ਰਾਤ ਤੱਕ। ਸੰਗੀਤ ਨੇ ਦੋਵਾਂ ਨੂੰ ਜੋਗੀ ਬਣਾਇਐ। ਘਰੇ ਟਿਕਦੇ ਨਹੀਂ ਜਿੱਧਰ ਕੰਨੀ ਆਵਾਜ਼ ਪਈ ਉਧਰੇ ਤੁਰ ਪਏ। ਅਸ਼ੋਕ ਨੇ ਗੱਲ ਸੁਣਾਈ। ਜਲੰਧਰ ਦੀਆ ਗਲੀਆਂ ਵਿੱਚ ਘੁੰਮ ਘੁੰਮ ਉਸਨੇ ਕਿਵੇਂ ਸੁਦੇਸ਼ ਕੁਮਾਰੀ ਨੂੰ ਲੱਭਿਆ ਸੀ। ਗੱਲ ਸਿਰਫ ਏਨੀ ਕੁ ਸੀ ਕਿ ਮੈਂ ਕਿਸੇ ਕਲਾਕਾਰ ਨੂੰ ਰਿਕਾਰਡ ਕਰਨ ਜਲੰਧਰ ਗਿਆ ਹੋਇਆ ਸੀ। ਰਾਤ ਨੂੰ ਕੋਈ ਸਮਾਨ ਲੈਣ ਸ਼ਹਿਰ ਜਾਣਾ ਪਿਆ। ਜਾਂਦੇ ਜਾਂਦੇ ਕੰਨੀਂ ਇੱਕ ਆਵਾਜ਼ ਪਈ ਉਸਨੇ ਮੈਨੂੰ ਲੁੱਟ ਲਿਆ। ਮਜਬੂਰੀ ਐਸੀ ਮੈਂ ਉਹਨੂੰ ਮਿਲ ਨਾ ਸਕਿਆ। ਅੰਦਰ ਕੋਈ ਖਿੱਚ ਪਈ, ਨੀਂਦ ਨਾ ਆਈ। ਸਵੇਰ ਹੋਈ ਮੈਂ ਉਸ ਕੁੜੀ ਨੂੰ ਲੱਭਣ ਤੁਰਿਆ। ਜਿੱਥੇ ਜਗਰਾਤਾ ਸੀ ਉੱਥੇ ਪਹੁੰਚ ਗਿਆ ਪਰ ਉਸ ਬਾਲੜੀ ਨੂੰ ਉੱਥੇ ਭਲਾ ਕੌਣ ਜਾਣਦਾ ਸੀ? ਹੀਰੇ ਦੀ ਪਾਰਖੂ ਤਾਂ ਜੌਹਰੀ ਹੀ ਕਰ ਸਕਦਾ ਹੈ। ਤਿੰਨ ਚਾਰ ਦਿਨਾਂ ਦੀ ਮਿਹਨਤ ਤੋਂ ਬਾਅਦ ਉਹ ਕੁੜੀ ਲੱਭ ਗਈ। ਅਸੀਂ ਉਸਨੂੰ ਸੰਭਾਲਿਆ। ਬਾਅਦ ਵਿੱਚ ਉਹ ਕੁੜੀ ਸੁਦੇਸ਼ ਕੁਮਾਰੀ ਦੇ ਨਾਂ ਨਾਲ ਵਿਸ਼ਵ ਵਿੱਚ ਮਕਬੂਲ ਹੋਈ। ਅਗਲੀ ਗੱਲ ਰਜਿੰਦਰ ਸਿੰਘ ਨੇ ਛੇੜੀ। ਮੋਹਨ ਸਿੰਘ ਦੇ ਮੇਲੇ ਤੇ ਇੱਕ ਮੁੰਡਾ ਗਾਉਂਦਾ ਸੁਣਿਆ। ਮੁੰਡੇ ਦੀ ਹੇਕ ਨੇ ਅੰਦਰ ਰੁੱਗ ਭਰ ਲਿਆ। ਰਾਤਾਂ ਦੀ ਨੀਂਦਰ ਲੁੱਟ ਕੇ ਲੈ ਗਿਆ। ਦੂਜੇ ਤੀਜੇ ਦਿਨ ਉਹ ਬੱਸ ਚੜ੍ਹ ਕੇ ਮੁੰਡੇ ਦੇ ਪਿੰਡ ਅੱਪੜ ਗਿਆ। ਘਰੇ ਉਸਦੇ ਬਾਪੂ ਜੀ ਸਨ। ਖੈਰ ਸੁੱਖ ਪੁੱਛੀ, ਪਤਾ ਟਿਕਾਣਾ ਦੱਸਿਆ। ਬਾਪੂ ਜੀ ਕਹਿੰਦੇ, ‘ਭਾਈ, ਸੁਰਜੀਤ ਤਾਂ ਖੇਤ ਗਿਆ ਹੋਇਐ। ਫਿਰ ਕੀ, ਆਪਾਂ ਤਾਂ ਲੱਭ ਕੇ ਮੁੜਨਾ ਸੀ। ਸੁਰਜੀਤ ਖੇਤ ਵੀ ਦਿਖਿਆ ਨਾ। ਫਿਰ ਬੋਰ ਵਾਲੀ ਖੂਹੀ 'ਚੋਂ ਆਵਾਜ਼ ਆਈ। ਸੁਰਜੀਤ ਪੱਖਾ ਖੋਲ ਰਿਹਾ ਸੀ ਸ਼ਾਇਦ ਪਾਣੀ ਨ੍ਹੀਂ ਚੁੱਕਦਾ ਸੀ। ਮੈਂ ਉਹਦੀ ਮੱਦਦ ਕੀਤੀ ਪੱਖਾ ਖਿਚਵਾਉਣ ’ਚ। ਉਹ ਮੁੰਡਾ ਪੂਰੀ ਦੁਨੀਆਂ ਵਿੱਚ ਜਾਣਿਆ ਗਿਆ। ਇਹ ਮੁੰਡਾ ਸੁਰਜੀਤ ਬਿੰਦਰਖੀਆ ਬਣਿਆ। ਰਜਿੰਦਰ ਸਿੰਘ, ਸਮਸ਼ੇਰ ਸੰਧੂ ਤੇ ਬਿੰਦਰਖੀਆਂ ਇਸ ਤੋਂ ਬਾਅਦ ਦੁਨੀਆਂ ਵਿੱਚ ਜਾਣੇ ਗਏ। ਪਹਿਲਾ ਗੀਤ ਰਿਕਾਰਡ ਕੀਤਾ - ‘ਇੱਥੇ ਮੇਰੀ ਨੱਥ ਡਿੱਗ ਪਈ ਨਿਉਂ ਕੇ ਚੱਕੀਂ ਜਵਾਨਾ।’ ਜਿਹੜੇ ਬੰਦਿਆਂ ਨੂੰ ਪੈਸੇ ਨਾਲ ਘੱਟ ਮੋਹ ਨਹੀਂ ਹੁੰਦਾ, ਉਹ ਕੁਝ ਨਵਾਂ ਲੱਭਦੇ ਨੇ। ਇਨ੍ਹਾਂ ਨੇ ਜਿੰਨੇ ਬੰਦੇ ਹਿੱਟ ਕੀਤੇ ਸਾਰੇ ਆਪ ਲੱਭੇ। ਪਾਤਰ ਸਾਬ੍ਹ ਆਖਦੇ ਨੇ - ‘ਖੂਬ ਨੇ ਇਹ ਝਾਂਜਰਾਂ ਛਣਕਣ ਲਈ ਪਰ ਕੋਈ ਚਾਅ ਵੀ ਤਾਂ ਦੇ ਨੱਚਣ ਲਈ’ ਇਨ੍ਹਾਂ ਨੇ ਕਲਾਕਾਰਾਂ ਨੂੰ ਚਾਅ ਦਿੱਤੇ। ਇਹ ਇਸ਼ਕ ਐਸਾ ਇਸ਼ਕ ਹੈ ਕਿ ਪਹਿਲੀ ਨਜ਼ਰੇ ਬੰਦੇ ਦੀ ਪਰਖ ਕਰ ਲੈਂਦੈ। ਇਕਬਾਲ ਮਾਹਲ ਨੇ ਜਦੋਂ ਅਸ਼ੋਕ ਦੀ ਡਿਊਟੀ ਲਾਈ ਕਿ ਨਵੇਂ ਕਲਾਕਾਰ ਰਿਕਾਰਡ ਕਰਨੇ ਹਨ ਤਾਂ ਇਸਨੇ ਕਮਲ ਖਾਨ ਨੂੰ ਲੱਭਿਆ। ਉਹ ਕਮਲ ਖਾਨ ਜਿਹੜਾ ਅੱਜ ਬਾਲੀਵੁੱਡ ਦਾ ਮੰਨਿਆ ਪ੍ਰਮੰਨਿਆ ਕਲਾਕਾਰ ਐ। ਅਸ਼ੋਕ ਨੇ ਆਪਣਾ ਬਹੁਤ ਕੁਝ ਲੁਟਾਇਐ, ਜੁ ਕੁਝ ਕਮਾਇਐ ਤਾਂ ਸਿਰਫ਼ ਨਾਮ। ਜਿੱਥੇ ਤੂੰਬੀ ਖੜਕਦੀ ਐ ਉੱਥੇ ਬਾਂਸਲ ਦਾ ਨਾਮ ਆਉਂਦੈ।
ਇਕਬਾਲ ਮਾਹਲ। ਸੰਗੀਤ ਦਾ ਆਸ਼ਕ। ਅਸ਼ੋਕ ਦਾ ਆੜੀ। ਪਹਿਲੀ ਵਿਦੇਸ਼ ਯਾਤਰਾ ਇਸ ਬੰਦੇ ਕਰਕੇ ਹੋਈ ਅਸ਼ੋਕ ਦੀ। ਇੰਗਲੈਂਡ ਵਿੱਚ ਕਾਨਫਰੰਸ ਸੀ। ਉੱਥੇ ਅਸ਼ੋਕ ਨੇ ਗੀਤਕਾਰੀ ਬਾਰੇ ਬੋਲਣਾ ਸੀ। ਪਹਿਲਾ ਵਾਕ ਬੋਲਿਆ - ਦੋਸਤੋ। ਜਿਸ ਤਰ੍ਹਾਂ ਦਾ ਇਹ ਪਰੋਗਰਾਮ ਐ, ਇਸ ਵਿੱਚ ਮਾਨਸਾ ਤੋਂ ਜਾ ਤਾਂ ਗੁਰਪ੍ਰੀਤ ਆਉਂਦਾ, ਜਾਂ ਦੇਵਨੀਤ। ਮੇਰਾ ਏਥੇ ਕੰਮ ਨ੍ਹੀਂ ਸੀ।' ਮਾਹਲ ਨੂੰ ਮੈਂ ਬੋਲਦਿਆਂ ਸੁਣਿਐ - ਕਈ ਵਰ੍ਹੇ ਪਹਿਲਾਂ ਇੱਕ ਮੁੰਡਾ ਅਸ਼ੋਕ ਨੇ ਮੇਰੇ ਕੋਲ ਭੇਜਿਆ, ਜਿਸਨੂੰ ਸੰਗੀਤ ਦੀ ਰਮਜ਼ ਪਤਾ ਸੀ।
ਇਹ ਮੁੰਡੇ ਦਾ ਨਾਂ ਮੈਂ ਬਾਅਦ ਵਿੱਚ ਦੱਸਦਾ। ਪਹਿਲਾਂ ਮਿਲਣ ਦੀ ਕਹਾਣੀ ਸੁਣੋ। ਮਾਨਸਾ ਦਾ ਇੱਕ ਮੁੰਡਾ ਹੈ - ਵਿਸ਼ਵਦੀਪ ਸਿੰਘ ਬਰਾੜ। ਮੋਹਵੰਤਾ ਬੰਦਾ। ਉਹਨੂੰ ਇਸ਼ਕ ਦਾ ਰੰਗ ਚੜਿਐ। ਟਿਕਦਾ ਨ੍ਹੀਂ। ਸਹਾਇਤਾ ਬਹੁਤ ਕਰਦੈ, ਲੋਕਾਂ ਦੀ। ਪੈਰਾਂ ਹੇਠ ਤਲੀਆਂ ਵਿਛਾ ਲੈਂਦੈ। ਉਹਦੇ ਨਾਲ ਇੱਕ ਮੁੰਡਾ ਪੜ੍ਹਦਾ ਸੀ। ਉਹਨੇ ਅਸ਼ੋਕ ਕੋਲ ਗੱਲ ਕੀਤੀ। ਦੁਪਹਿਰੈ ਆ ਗਏ ਦੋਵੇਂ। ਉਹਨੂੰ ਸੁਣਿਆ। ਭੰਗੜੇ ਵਾਲੇ ਗੀਤ ਗਾਉਂਦਾ ਸੀ। ਉਹਦੀ ਗਾਇਕੀ 'ਤੇ ਰੱਬੀ ਸ਼ੇਰਗਿੱਲ ਦਾ ਦਬਦਬਾ ਸੀ। ਨਵੇਂ ਉਹਦੇ ਵਰਗਾਂ ਬਣਨ ਨੂੰ ਕਾਹਲੇ ਸੀ। ਇਹਨੇ ਸੁਣਿਆ। ਪਾਰਖੂ ਨਿਗਾਹ ਮਾਰੀ। ਉਸ ਕਲਾਕਾਰ ਮੁੰਡੇ ਨੂੰ ਪੇਸ਼ ਕੀਤਾ, ਸਮਰਾਟ ਸਿਨੇਮਾ ਵਿੱਚ। ਉਹ ਮੁੰਡਾ ਉਦੋਂ ਆਪਣਾ ਨਾਮ ਸਤਿੰਦਰ ਸਾਜਦ ਲਿਖਦਾ ਸੀ। ਫਿਰ ਉਹ ਵੱਡਾ ਹੋ ਕੇ ਸਰਤਾਜ ਬਣਿਆ ਸੰਗੀਤ ਦਾ। ਇਸੇ ਮੁੰਡੇ ਦੀ ਇਕਬਾਲ ਮਾਹਲ ਗੱਲ ਕਰਦੈ। ਜਿਹੜਾ ਅਸ਼ੋਕ ਨੇ ਭੇਜਿਆ ਸੀ। ਸਤਿੰਦਰ ਸਰਤਾਜ।
ਰੀਸ ਜੋਗੀਆਂ ਦੀ ਤੈਥੋਂ ਨਹੀਂ ਹੁੰਦੀ….
ਉਹਦੀ ਯਾਰੀ ਦੀ ਆਧਾਰ ਸ਼ੀਸ਼ੇ ਦਾ ਪਾਣੀ ਨ੍ਹੀਂ। ਸ਼ੀਸ਼ੇ ਦਾ ਪਾਣੀ ਉਹ ਪੀਂਦਾ ਜ਼ਰੂਰ ਐ। ਸ਼ੀਸ਼ੇ ਦਾ ਪਾਣੀ ਉਹਨੇ ਪੀਤੈ, ਉਹਨੂੰ ਸ਼ੀਸ਼ੇ ਦੇ ਪਾਣੀ ਨੇ ਨ੍ਹੀਂ ਪੀਤਾ। ਉਹਦੀ ਗੱਲ ਵਿੱਚ ਗੜ੍ਹਕ ਐ। ਅਜੀਬ ਕਥਾਵਾਂ ਸੁਣਾਉਂਦੈ। ਇਹ ਕਥਾ ਸੁਣਦਿਆਂ ਲੱਗਦੈ ਉਹ ਬਿਨ੍ਹਾਂ ਜਿਲਦ ਆਲਾ ਬੰਦੈ। ਉਹਦੀ ਜਿਲਦ ਬੱਝ ਵੀ ਨ੍ਹੀਂ ਸਕਦੀ। ਜਿਵੇਂ ਖੂਹ ਮੂਧਾ ਨ੍ਹੀਂ ਹੋ ਸਕਦਾ ਪਰ ਕਰਨ ਆਲੇ ਕਰ ਦਿੰਦੇ ਆ। ਉਂਝ ਤਾਂ ਉਹਦੀ ਵੀ ਜਿਲਦ ਬੰਨ ਦਿੰਦੇ ਆ। ਕਈ ਤਾਂ ਉਹਦਾ ਬੋਰੀ ਬਿਸਤਰਾ ਵੀ ਬੰਨ ਦਿੰਦੇ ਆ। ਅੱਧੀ ਰਾਤੀਂ ਉਹਦਾ ਮੀਸ਼ੇ ਵਾਂਗੂੰ ਚੀਕ ਮਾਰਨ ਨੂੰ ਦਿਲ ਕਰਦੈ। ਮਾਰਦੈ, ਬਹੁਤ ਉੱਚੀ। ਇੰਗਲੈਂਡ ਬੈਠਾ ਕੋਈ ਅੱਧੀ ਰਾਤ ਵੀ ਸੁਣਦੈ। ਹਾਂ ਸੱਚ ਯਾਦ ਆਇਐ, ਫਿਲਹਾਲ ਮੈਗਜ਼ੀਨ ਵਿੱਚ ਤਸਕੀਨ ਨੇ ਨੂਰਪੁਰੀ ਦੇ ਗੀਤ ਪੇਸ਼ ਕੀਤੇ। ਉਸਨੇ ‘ਅੱਗ ਪਾਣੀਆਂ ਨੂੰ ਹਾਣੀਆਂ ਮੈਂ ਲਾਈ ਰਾਤ ਨੂੰ’ ਨੂਰਪੁਰੀ ਦੇ ਨਾਂ ਹੇਠ ਦਰਜ਼ ਕੀਤੈ। ਬੋਲ ਹਨ -
ਛਾਵਾ ਘੁੰਢ ਚੁੱਕ ਕੇ, ਓਏ ਹੋਏ ਘੁੰਡ ਚੁੱਕ ਕੇ
ਜਾਂ ਕਿੱਕਲੀ ਮੈਂ ਪਾਈ ਰਾਤ ਨੂੰ
ਵੇ ਅੱਗ ਪਾਣੀਆਂ ਨੂੰ ਹਾਣੀਆਂ ਮੈਂ ਲਾਈ ਰਾਤ ਨੂੰ
ਮੈਂ ਅਸ਼ੋਕ ਨੂੰ ਪੁੱਛਿਆ - 'ਬਾਂਸਲ ਸਾਬ੍ਹ ਕੀ ਮਸਲੈ, ਤਸਕੀਨ ਕਹਿ ਰਿਹੈ ਇਹ ਗੀਤ ਨੂਰਪੁਰੀ ਦੈ?'
‘ਵੇਖ ਗੁਰਦੀਪ, ਗੱਲ ਐਂ ਆ ਛੋਟੇ ਵੀਰ, ਇਸ ਗੀਤ ਨੂੰ ਮੈਂ ਭਗਵਾਨ ਸਿੰਘ ਦੀਪਕ ਦਾ ਸਮਝਦਾਂ । ਕਨੇਡਾ ਵਿੱਚ ਇਹ ਰਿਕਾਰਡ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਸੀ, ਇਕਬਾਲ ਮਾਹਲ ਸਾਬ੍ਹ ਨੇ ਰਿਕਾਰਡ ਕੀਤੈ। ਪ੍ਰੇਮ ਗੁਪਤਾ ਦਾ ਸੰਗੀਤ ਐ। ਰਿਕਾਰਡ ਤੇ ਗੀਤਕਾਰ ਦਾ ਨਾਂ ਭਗਵਾਨ ਸਿੰਘ ਦੀਪਕ ਲਿਖਿਆ ਹੋਇਐ। ਦੂਜੀ ਗੱਲ ਭਗਵਾਨ ਸਿੰਘ ਦੀਪਕ ਦੇ ਸਿਰਫ ਦੋ ਗੀਤ ਸੁਰਿੰਦਰ ਕੌਰ ਨੇ ਰਿਕਾਰਡ ਕਰਵਾਏ। ਦੂਜਾ ਗੀਤ ਸੰਗੀਤਕਾਰ ਐੱਸ. ਮਹਿੰਦਰ ਦੇ ਸੰਗੀਤ ਵਿੱਚ ਰਿਕਾਰਡ ਹੋਇਐ।ਉਹ ਗੀਤ ਬੱਚੇ ਬੱੱਚੇ ਦੀ ਜ਼ੁਬਾਨ ਤੇ ਐ -ਦੋ ਪਲ ਬਹਿ ਜਾ ਕੋਲ ਵੇ, ਮੇਰੇ ਦਿਲ ਦਿਆ ਮਹਿਰਮਾ, ਮਿੱਠੜੇ ਲੱਗਣ ਤੇਰੇ ਬੋਲ ਵੇ, ਮੇਰੇ ਦਿਲ ਦਿਆ ਮਹਿਰਮਾ।
'ਇਹ ਗੱਲ ਦਾ ਫਿਰ ਤਸਕੀਨ ਨੂੰ ਪਤਾ ਨ੍ਹੀਂ ਹੋਣਾ' - ਮੈਂ ਕਿਹਾ।
ਨਹੀਂ ਕਈ ਵਾਰ ਭੁਲੇਖਾ ਲੱਗ ਜਾਂਦੈ, ਇਹ ਵੱਡਾ ਰਿਕਾਰਡ ਐ। ਇਸੇ ਰਿਕਾਰਡ ਵਿੱਚ ਨੰਦ ਲਾਲ ਨੂਰਪੁਰੀ ਦਾ ਗੀਤ ਵੀ ਐ ਪਰ ਉਹਦੇੇ ਬੋਲ ਨੇ - ਨੀ ਅੜੀਓ ਕਾਗ ਬਨੇਰੇ ਤੋਂ ਬੋਲਿਆ।
ਕਈ ਦਿਨਾਂ ਬਾਅਦ ਉਹਨੇ ਮੇਰੇ ਨਾਲ ਨਵੀਂ ਜਾਣਕਾਰੀ ਸਾਂਝੀ ਕੀਤੀ।
'ਗੁਰਦੀਪ, ਮੈਂ ਸੁਰਿੰਦਰ ਕੌਰ ਦੀ ਬੇਟੀ ਡੌਲੀ ਨੂੰ ਫੋਨ ਕੀਤਾ ਸੀ। ਉਸ ਗੀਤ ਦੇ ਸਬੰਧ ਵਿੱਚ ਉਸਨੇ ਸੁਰਿੰਦਰ ਕੌਰ ਵਾਲੀ ਕਾਪੀ ਵੇਖੀ ਐ, ਉਸਤੇ ਗੀਤਕਾਰ ਦਾ ਨਾਮ ਦਰਪਣ ਐ। ਇਹ ਜਮਾਂ ਨਵੀਂ ਗੱਲ ਐ ਯਰ।'
ਇਸ ਮਾਮਲੇ ਵਿੱਚ ਉਹ ਟਿਕਣ ਵਾਲਾ ਬੰਦਾ ਨ੍ਹੀਂ।
ਮੈਨੂੰ ਉਹ ਅੱਧੀ ਰਾਤ ਫੋਨ ਕਰਦੈ। ਸਿਰਫ ਗੀਤ ਸੁਣਾਉਣ ਲਈ ਜਾਂ ਸੁਣਨ ਲਈ। ਉਹਦੀ ਖੂਬੀ ਐ, ਸਮਝਦਾਰ ਐ। ਕਈ ਗੱਲਾਂ ਦਾ ਜਦੋਂ ਪਤਾ ਨ੍ਹੀਂ ਹੁੰਦਾ ਮੈਂ ਬਾਂਸਲ ਦੀ ਵੰਝਲੀ ਛੇੜਦਾਂ।
ਲੱਕ ਹਿੱਲੇ ਮਜਾਜਣ ਜਾਂਦੀ ਦਾ - ਕੀ ਮਸਲੈ? - ਮੈਂ ਕਿਹਾ।
ਤੂੰ ਕਾਹਨੂੰ ਪੁੱਛਦੈਂ ਢਿੱਲੋਂ, ਪ੍ਰੀਖਿਆ ਲੈਨੇ ਜਾਣ ਜਾਣ।
ਲੈ ਸੁਣ ਫਿਰ। ਕੇਰਾਂ ਗੁਰਦੇਵ ਮਾਨ ਨੇ ਨਰਿੰਦਰ ਬੀਬਾ ਨੂੰ ਇਕ ਗੀਤ ਦਾ ਮੁੱਖੜਾ ਸੁਣਾਤਾ। 'ਜੇ ਮੁੰਡਿਆ ਵੇ ਸਾਥੋਂ ਰੋਟੀਆਂ ਢੁਆਉਣੀਆਂ, ਗੜਬਾ ਲੈ ਦੇ ਚਾਂਦੀ ਦਾ, ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾ।
ਫਿਰ ਤਾਂ ਗੀਤ ਗੁਰਦੇਵ ਮਾਨ ਦਾ ਹੀ ਹੋਇਆ।
ਕਾਹਨੂੰ ਪੂਰੀ ਤਾਂ ਸੁਣ। ਗੱਲ ਗਰੇਵਾਲ ਕੋਲ ਚੱਲ ਪਈ। ਗਰੇਵਾਲ ਨੇ ਮਾਨ ਸਾਹਿਬ ਨੂੰ ਕਿਹਾ ਕਿ- ‘ਇਹ ਗੀਤ ਚੱਲਣ ਵਾਲੈ ਮੈਨੂੰ ਦੇ ਦਿਓ। ਮਾਨ ਸਾਹਿਬ ਕਹਿੰਦੇ - ਮੈਂ ਇਸ ਗੀਤ ਲਈ ਬੀਬਾ ਨੂੰ ਹਾਂ ਕਰ ਚੁੱਕਿਆ ਹਾਂ। ਮਾਨ ਸਾਬ੍ਹ ਨੇ ਬੀਬਾ ਨੂੰ ਵੀ ਦੱਸ ਦਿੱਤਾ ਕਿ ਆਹ ਗੀਤ ਗਰੇਵਾਲ ਮੰਗਦਾ ਸੀ, ਤੂੰ ਜਲਦੀ ਰਿਕਾਰਡ ਕਰਵਾ ਲੈ। ਅੱਗੋਂ ਬੀਬਾ ਕਹਿੰਦੀ - ਮੈਂ ਐਚ. ਐਮ. ਵੀ. ਦੇ ਮੈਨੇਜਰ ਸੰਤ ਰਾਮ ਨੂੰ ਕਹਿ ਦਿਨੀਂ ਆਂ। ਉਹ ਇਸ ਗੀਤ ਨੂੰ ਗਰੇਵਾਲ ਦੀ ਆਵਾਜ਼ ਵਿੱਚ ਰਿਕਾਰਡ ਨਾ ਕਰਨ। ਗਰੇਵਾਲ ਨੂੰ ਹੱਥੋਂ ਬਾਜ਼ੀ ਜਾਂਦੀ ਲੱਗੀ । ਆਥਣੇ ਆ ਕੇ ਹਸਨਪੁਰੀ ਕੋਲ ਬਹਿ ਗਿਆ ਕਿ ਮੈਨੂੰ ਇਸ ਲਾਈਨ ਤੇ ਗੀਤ ਲਿਖ ਕੇ ਦਿਓ। ਹਸਨਪੁਰੀ ਨੇ ਇਹ ਤਾਂ ਪੁੱਛਿਆ ਨਾ ਬਈ ਕਿੱਥੋਂ ਲੈ ਕੇ ਆਇਐ, ਇਹ ਸਤਰਾਂ। ਗੀਤ ਲਿਖਤਾ। ਜਸਵੰਤ ਭੰਵਰਾ ਨੇ ਤਰਜ਼ ਬਣਾਤੀ। ਨਰਿੰਦਰ ਬੀਬਾ ਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਰਿਕਾਰਡ ਸਪੀਕਰਾਂ 'ਚ ਗੂੰਜਣ ਲੱਗ ਪਿਆ।
ਜਿਹੜਾ ਰਿਕਾਰਡ ਬਣਿਐ। ਉਸ ਵਿੱਚ ਦੋਵੇਂ ਹੀ ਗੀਤ ਹਸਨਪੁਰੀ ਦੇ ਨੇ ਤੇ ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਅਵਾਜ਼ ਵਿੱਚ। ਤਰਜ਼ਾਂ ਜਸਵੰਤ ਭੰਵਰਾ ਦੀਆਂ। ਲੜੀ ਨੰਬਰ ਵੀ ਦੱਸਾਂ, ਰਿਕਾਰਡ ਦਾ ਲੜੀ ਨੰਬਰ ਐ।
N - 94299 (1965)
- ਜੇ ਮੁੰਡਿਆ ਵੇ ਸਾਡੀ ਤੋਰ ਤੂੰ ਦੇਖਣੀ
ਗੜਬਾ ਲੈ ਦੇ ਚਾਂਦੀ ਦਾ ਵੇ
ਲੱਕ ਹਿੱਲੇ ਮਜਾਜਣ ਜਾਂਦੀ ਦਾ
- ਬੋਤਾ ਹੋਲੀ ਤੌਰ ਮਿੱਤਰਾ
ਵੇ ਮੇਰਾ ਨਰਮ ਕਾਲਜਾ ਧੜਕੇ
ਪਰ ਕਈ ਤਾਂ ਹੁਣ ਵੀ ਕਹਿੰਦੇ ਆ "ਲੱਕ ਹਿੱਲੇ ਮਜਾਜਣ ਜਾਂਦੀ ਦਾ" ਮਾਨ ਸਾਹਿਬ ਦਾ ਗੀਤ ਐ।
ਹਸਨਪੁਰੀ ਬਿਲਕੁਲ ਨਿਰਦੋਸ਼ ਐ, ਕਿਉਂਕਿ ਗਰੇਵਾਲ ਨੇ ਹਸਨਪੁਰੀ ਨੂੰ ਕਿਹਾ ਕਿ ‘ਮੇਰੇ ਕੋਲ ਆਹ ਇਕ ਲਾਇਨ ਐ ਇਸਤੇ ਗੀਤ ਲਿਖ ਕੇ ਦਿਓ।’ ਉਹਨੇ ਲਿਖ ਦਿੱਤਾ। ਇੱਕ ਸਤਰ ਤੋਂ ਬਿਨ੍ਹਾਂ ਸਾਰਾ ਹਸਨਪੁਰੀ ਦੀ ਮੌਲਿਕ ਰਚਨਾ ਹੈ ਤੇ ਹੁਣ ਤਾਂ ਇਹ ਗੀਤ ਲੋਕ ਗੀਤਾਂ ਦਾ ਈ ਹਾਣੀ ਹੋ ਗਿਐ।
ਇੱਕ ਸਤਰ ਸੁਣਦਿਆਂ, ਇਸ ਵਿੱਚ ਹਸਨਪੁਰੀ ਦਾ ਰਹਿ ਕੀ ਜਾਂਦੈ? - ਮੈਂ ਕਿਹਾ।
ਪਿਛਲੇ ਵਰ੍ਹੇ ਉਹ ਲੰਦਨ ਗਿਆ। ਰਿਕਾਰਡ ਲੱਭਣ ਦੇ ਮਾਮਲੇ ਵਿੱਚ ਉਹ ਪਾਗਲ ਵਾਂਗੂੰ ਵਿਚਰਦੈ। ਉਹਨੂੰ ਰਿਕਾਰਡ ਲੱਭਿਆ। ਮੈਨੂੰ ਵਿਖਾਉਂਦਿਆਂ ਕਹਿਣ ਲੱਗਾ -
'ਢਿੱਲੋਂ, ਲੱਭ ਲਿਆ ਖਜ਼ਾਨਾ। ਆਹ ਵੇਖ, ਲੜੀ ਨੰਬਰ EKDC 10003। ਪਹਿਲਾ ਗੀਤ ਐ - ਅਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ। ਗਾਇਐ - ਪ੍ਰਕਾਸ਼ ਕੌਰ, ਸੁਰਿੰਦਰ ਕੌਰ। ਦੂਜਾ ਗੀਤ ਐ - ਸਾਡੇ ਤਾਂ ਵੇਹੜੇ ਮੁੱਢ ਮਕਈ ਦਾ। ਗਾਇਨ ਕੀਤੈ - ਪ੍ਰਕਾਸ਼ ਕੌਰ, ਸੁਰਿੰਦਰ ਕੌਰ ਨੇ। ਰਿਕਾਰਡ ਦਾ ਲੜੀ ਨੰਬਰ EKDC- 1004। ਪਹਿਲਾ ਗੀਤ ਐ - ਬਾਜਰੇ ਦਾ ਸਿੱਟਾ ਅਸਾਂ ਤਲੀ ਤੇ ਮਰੋੜਿਆ। ਗਾਇਨ ਕੀਤੈ - ਪ੍ਰਕਾਸ਼ ਕੌਰ ਸੁਰਿੰਦਰ ਕੌਰ। ਇਨ੍ਹਾਂ ਦਾ ਗੀਤਕਾਰ ਗਿਆਨ ਚੰਦ ਧਵਨ ਐ। ਇਸ ਰਿਕਾਰਡ ਵਿੱਚ ਦੂਜਾ ਗੀਤ ਐ - ਸ਼ੌਂਕਣ ਮੇਲੇ ਦੀ। ਗਾਇਕਾ ਹੈ - ਪ੍ਰਕਾਸ਼ ਕੌਰ, ਸੁਰਿੰਦਰ ਕੌਰ। ਗੀਤਕਾਰ ਐ - ਨੰਦ ਲਾਲ ਨੂਰਪੁਰੀ।
- ਰਿਕਾਰਡ ਦਾ ਲੜੀ ਨੰਬਰ EKDC 10005
ਗੀਤ - ਜੁੱਤੀ ਕਸੂਰੀ, ਪੈਰ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ।
ਗਾਇਕਾ- ਸੁਰਿੰਦਰ ਕੌਰ
ਗੀਤਕਾਰ - ਜੀ . ਸੀ. ਧਵਨ
- ਗੀਤ - ਕਾਲਾ ਡੋਰੀਆ, ਕੁੰਡੇ ਨਾਲ ਅੜਿਆ ਈ ਓ।
ਗਾਇਕਾ - ਪ੍ਰਕਾਸ਼ ਕੌਰ ਸੁਰਿੰਦਰ ਕੌਰ
ਗੀਤਕਾਰ - ਜੀ .ਸੀ .ਧਵਨ
ਢਿੱਲੋਂ, ਬਾਕੀ ਤਾਂ ਸਾਰਿਆਂ ਨੂੰ ਜਾਣਦੇ ਆਂ। ਜੀ. ਸੀ. ਧਵਨ ਕੌਣ ਐ?
ਮੈਂ ਤਾਂ ਕੱਲ ਦਾ ਜਵਾਕ ਆਂ, ਮੈਨੂੰ ਤਾਂ ਕੀ ਪਤੈ?
ਲਾਇਬਰੇਰੀ ਫਰੋਲੀ ਸੀ। ਕਲਕੱਤੇ ਦਾ ਬਣਿਆ ਰਿਕਾਰਡ ਲੱਭਿਐ। ਲੜੀ ਨੰਬਰ ਐ N 94034। ਗੀਤ ਐ - ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ। ਇਹਨੂੰ ਗਾਇਐ ਸੁਰਿੰਦਰ ਕੌਰ ਨੇ ਤੇ ਲਿਖਿਐ - ਗਿਆਨ ਚੰਦ ਧਵਨ ਨੇ। ਜੀ .ਸੀ. ਧਵਨ ਤੇ ਗਿਆਨ ਚੰਦ ਧਵਨ ਇੱਕ ਹੀ ਸ਼ੈਅ ਐ।
ਬਹੁਤ ਵਧੀਆ ਗੱਲ ਬਣੀ, ਫਿਰ ਤਾਂ। - ਮੈਂ ਕਿਹਾ।
ਗਹਿਰੀ ਉਦਾਸੀ ਵਿੱਚੋਂ ਬੋਲੀ ਗਿਆ। 'ਕੀ ਕਰੀਏ ਗੁਰਦੀਪ, ਇਹਦੇ ਬਾਰੇ ਕੁਝ ਨ੍ਹੀਂ ਮਿਲਦਾ। ਲਾਇਬਰੇਰੀ ਵਿੱਚ ਸੈਕੜੇ ਰਿਕਾਰਡ ਪਏ ਨੇ, ਧਵਨ ਨੂੰ ਲੱਭੇ ਬਿਨ੍ਹਾਂ ਹੁਣ ਗੁਜ਼ਾਰਾ ਨ੍ਹੀਂ ਹੋਣਾ।
ਉਹਨੂੰ ਲੱਭਦਿਆਂ ਲੱਭਦਿਆਂ ਇੱਕ ਰਿਕਾਰਡ ਹੋਰ ਲੱਭਿਆ। ਕਲਕੱਤੇ ਤੋਂ 1965 ਵਿੱਚ ਬਣਿਐ। ਲੜੀ ਨੰਬਰ - N 93107। ਓਸ ਵਿੱਚ ਧਵਨ ਦਾ ਲਿਿਖਆ ਗੀਤ ਐ। ਝੱਗਾ ਵੈਲ ਦਾ ਤੇ ਉੱਤੇ ਲੱਗੇ ਤਾਰੇ, ਨਾ ਕੱਲੀ ਕਿਤੇ ਜਾਈਂ ਬੱਲੀਏ, ਤੇਰੇ ਰੰਗ ਦੇ ਨੇ ਦੁਸ਼ਮਣ ਸਾਰੇ।
ਬੰਦੇ ਦਾ ਜਨੂੰਨ ਵੇਖੋਂ। ਅੱਧੀ ਰਾਤ ਐ। ਉਹਨੂੰ ਪਤਾ ਲੱਗਿਐ ਬਈ ਇਹ ਗੀਤ ਗਾਇਆ ਸਦੀਕ ਨੇ ਆ। ਲਾ ਲਿਆ ਫੋਨ। ਨਾਂ ਖੈਰ ਨਾ ਸੁੱਖ। ‘ਸਦੀਕ ਸਾਬ੍ਹ, ਇਹ ਗਿਆਨ ਚµਦ ਧਵਨ ਜੀ ਕੌਣ ਐ?’
"ਬਾਂਸਲ, ਮੈਂ ਨਹੀਂ ਜਾਣਦਾ ਇਹਨਾਂ ਨੂੰ।" - ਅੱਗੋਂ ਸਦੀਕ ਨੇ ਕਿਹਾ।
‘ਉੱਨੀ ਸੌ ਪੈਂਹਟ 'ਚ ਤੁਹਾਡੀ ਆਵਾਜ਼ ਵਿੱਚ ਗੀਤ ਰਿਕਾਰਡ ਹੋਇਐ?’
‘ਦਿੱਲੀ ਰਹਿੰਦੇ ਸਨ। ਐਚ. ਐਮ. ਵੀ. ਕੰਪਨੀ ਦੇ ਮੈਨੇਜਰ ਬਾਬੂ ਸੰਤ ਰਾਮ ਜੀ ਨੇ ਗੀਤ ਦਿੱਤਾ। ਮੈਂ ਗਾ ਦਿੱਤਾ। ਮੈਂ ਕਦੇ ਮਿਲਿਆ ਨ੍ਹੀਂ।’ - ਸਦੀਕ ਨੇ ਕਿਹਾ।
ਉਹਨੇ ਪਿੱਛਾ ਨ੍ਹੀਂ ਛੱਡਿਆ। ਉਹਨੇ ਇੱਕ ਬੰਦਾ ਲੱਭਿਆ। ਧਵਨ ਉਸਦਾ ਅਗਾਂਹ ਰਿਸ਼ਤੇਦਾਰ ਸੀ। ਮੋਬਾਇਲ ਨੰਬਰ ਲੈ ਕਿ ਧਵਨ ਦੇ ਰਿਸ਼ਤੇਦਾਰ ਨੂੰ ਫੋਨ ਮਿਲਾਇਆ।
ਗੱਲ ਮਕਾਈਏ ਉਸਨੇ ਧਵਨ ਦਾ ਘਰ ਲੱਭ ਲਿਆ।
ਫੇਰ ਕੀ ਬਣਿਆ ਬਾਂਸਲ ਸਾਬ੍ਹ।- ਮੈਂ ਅੱਗੋਂ ਪੁੱਛਿਆ।
ਘਰੇ ਪਹੁੰਚੇ। ਕੰਧ ਤੇ ਲਿਖਿਆ ਗਿਆਨ ਚੰਦ ਧਵਨ।
ਜਿਹੜਾ ਬੰਦਾ ਮੇਰੇ ਨਾਲ ਗਿਆ ਉਸਦੇ ਪਿਤਾ ਦੇ ਨਾਨਕੇ ਸੀ ਧਵਨ ਦੇ ਘਰ। ਅੱਗੋਂ ਬੁੱਢੀ ਔਰਤ ਮਿਲੀ।
‘ਮਾਤਾ ਜੀ ਸ਼੍ਰੀ ਗਿਆਨ ਚੰਦ ਧਵਨ ਜੀ ਬਾਰੇ ਕੁੱਝ ਦੱਸੋ?’ - ਅਸ਼ੋਕ ਨੇ ਕਿਹਾ।
ਪੁੱਤ ਉਨ੍ਹਾਂ ਨੂੰ ਮਿਲਣ ਬਹੁਤ ਆਉਂਦੇ ਸੈਨ। ਕਿਤਾਬਾਂ ਕਾਪੀਆਂ ਬਹੁਤ ਸੈਨ। ਅਲਮਾਰੀ ਛੇੜਨ ਦੀ ਇਜ਼ਾਜ਼ਤ ਨਹੀਂ ਸੇ ਹੁੰਦੀ। ਪਿੱਛੇ ਜਿਹੇ ਆਹ ਅਲਮਾਰੀ ਨੂੰ ਦੀਮਕ (ਸਿਊਂਕ) ਲੱਗ ਗਈ ਤੇ ਸਾਰੇ ਕਾਗਜ ਸੁਆਹ ਬਣ ਗਏ, ਮੈਂ ਟੋਕਰਾ ਭਰ ਕੇ ਕੂੜੇ ਵਿੱਚ ਸੁੱਟ ਦਿੱਤੇ।" - ਬਜ਼ੁਰਗ ਔਰਤ ਨੇ ਦੱਸਿਆ।
ਅਸ਼ੋਕ ਨੇ ਜਦੋਂ ਇਹ ਗੱਲ ਦੱਸੀ ਉਸਤੋਂ ਦੱਸੀ ਨ੍ਹੀਂ ਗਈ। ਉਹ ਰੋ ਪਿਆ। ਅਸੀਂ ਦੋਵੇਂ ਰੋਏ।
ਕੀ ਮੁੱਲ ਪਿਐ ਉਸ ਖਜ਼ਾਨੇ ਦਾ? - ਰੋ ਕੇ ਮੈਨੂੰ ਸਵਾਲ ਕਰਨ ਲੱਗਾ।
ਅਸ਼ੋਕ, ਉਸਤੋਂ ਹੋਰ ਗੱਲ ਨ੍ਹੀਂ ਪੁੱਛੀ?
ਪੁੱਛੀ ਸੀ, ਧਵਨ ਸਾਬ੍ਹ ਦੀ ਸਿਰਜਣਾ ਬਾਰੇ?
‘ਮਾਤਾ ਜੀ, ਕੋਈ ਹੋਰ ਯਾਦ ਜੋ ਤੁਹਾਡੇ ਸੌਹਰਾ ਸਾਹਿਬ ਦੀ ਤੁਹਾਨੂੰ ਯਾਦ ਹੋਵੇ।’ - ਉਸਨੇ ਪੁੱਛਿਆ।
"ਬੱਚੇ ਮੇਰੀ ਨਵੀਂ ਨਵੀਂ ਸ਼ਾਦੀ ਹੋਈ ਸੀ ਤੇ ਓਦੋਂ ਅਸਾਂ ਕਿਸ਼ਨਗੰਜ ਸਟੇਸ਼ਨ ਦੇ ਕਵਾਟਰਾਂ ਵਿਚ ਰਹਿੰਦੇ ਸਾਂ। ਹਾਲੇ ਮੇਰੀ ਸ਼ਾਦੀ ਨੂੰ ਹਫਤਾ ਵੀ ਨਹੀਂ ਹੋਇਆ ਸੀ ਕਿ ਇਕ ਦਿਨ ਮੇਰੇ ਘਰ ਵਾਲਾ ਦਫਤਰੋਂ ਲੇਟ ਹੋ ਗਿਆ। ਮੈਂ ਰੋਟੀ ਬਣਾ ਕੇ ਉਹਨਾਂ ਦੀ ਉਡੀਕ ਪਈ ਕਰਦੀ ਸੀ। ਮੈਂ ਦੋ ਤਿੰਨ ਵਾਰ ਬਾਹਰ ਦਰਵਾਜ਼ੇ ਵੱਲ ਗਈ। ਉਦੋਂ ਮੇਰੇ ਸੌਹਰਾ ਸਾਹਿਬ ਨੇ ਮੈਨੂੰ ਦੇਖ ਲਿਆ ਪਰ ਮੈਨੂੰ ਤੇ ਪਤਾ ਨਹੀਂ ਲੱਗਾ। ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਨੇ ਮੇਰੇ ਤੇ ਗੀਤ ਈ ਲਿਖ ਛੱਡਿਆ ਜੋ ਸੁਰਿੰਦਰ ਕੌਰਾਂ, ਪ੍ਰਕਾਸ਼ ਕੌਰਾਂ ਨੇ ਗਾਇਆ ਸੀ " ਬਜ਼ੁਰਗ ਔਰਤ ਨੇ ਕਿਹਾ।
‘ਮਾਤਾ ਉਹ ਕਿਹੜਾ ਗੀਤ ਸੀ ਜੋ ਉਹਨਾਂ ਨੇ ਤੁਹਾਡੇ ਤੇ ਲਿਖਿਆ? - ਉਸਨੇ ਪੁੱਛਿਆ।
ਲੌਢੇ ਵੇਲੇ ਮਾਹੀਏ ਨੇ ਆਉਣਾ
ਮੰਨ ਪਕਾਵਾਂ ਕਣਕ ਦਾ
ਅੰਦਰ ਜਾਵਾਂ ਬਾਹਰ ਜਾਵਾਂ
ਲਾਲ ਚੂੜਾ ਛਣਕਦਾ"
ਇਹ ਲੱਭਤ ਸਿਰਫ ਤੇ ਸਿਰਫ ਅਸ਼ੋਕ ਕਰ ਸਕਦੈ। ਉਹਨੇ ਵਾਅਦਾ ਕੀਤੈ ਕਿ ਉਹ ਧਵਨ ਬਾਰੇ ਲਿਖੇਗਾ।
ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ……
ਉਹਦੇ ਅੰਦਰ ਜੱਟਪੁਣਾ ਵੀ ਐ, ਸਾਧਪੁਣਾ ਵੀ, ਇੱਕ ਬੰਦਾ ਹੋਰ ਵੀ ਐ….। ਤੀਜਾ ਕਦੇ ਕਦੇ ਜਾਗਦੈ। ਜਿੱਦਣ ਦੋ ਘੁੱਟ ਲੱਗੀ ਹੋਵੇ। ਫਿਰ ਲੋਕਾਂ ਦੀਆਂ ਗੱਲਾਂ 'ਤੇ ਖਪਰਿਆਂ ਦੀ ਕਾਟ ਵਾਂਗੂੰ ਕਾਟ ਕਰਦੈ। ਗਿੱਟੇ ਲੱਗੇ, ਗੋਡੇ ਲੱਗੇ।
ਮਾਨਸਾ ਵਿੱਚ ਇਹ ਬੰਦਾ ਬਹੁਤ ਘੱਟ ਜਾਣਿਆ ਗਿਆ, ਪਛਾਣਿਆ ਤਾਂ ਦੂਰ ਦੀ ਗੱਲ ਐ। ਲੋਕਾਂ ਵਿੱਚ ਉਹਦੀ ਪਛਾਣ ਕਮਾਊ ਪੁੱਤ ਆਲੀ ਐ। ਇੱਕ ਬੰਦਾ ਮਿਲਿਆ।
ਬਥੇਰਾ ਕਾਰੋਬਾਰ ਬਣਾ ਲਿਆ ਬਾਣੀਏ ਨੇ। - ਉਸਨੇ ਕਿਹਾ।
ਨਹੀਂ ਉਹਦਾ ਕਾਰੋਬਾਰ ਸੰਗੀਤ ਐ, ਇਹ ਰਾਹ ਘਰ ਫੂਕ ਤਮਾਸ਼ਾ ਵੇਖਣ ਆਲੀ ਗੱਲ ਐ। - ਮੈਂ ਕਿਹਾ।
ਸੰਗੀਤ ਵਿੱਚ ਥੋੜ੍ਹੇ ਬੰਦੇ ਨੇ ਜਿਹੜੇ ਬਿਪਤਾ ਪਾ ਸਕਦੇ ਨੇ। ਅਸ਼ੋਕ ਨੇ ਬਹੁਤ ਕੁਝ ਗਵਾਇਐ। ਇਹ ਵਾਕ ਲਿਖਦਿਆਂ ਮੈਨੂੰ ਬੇਦੀ ਯਾਦ ਆਉਂਦੈ। ਉਸਦੀ ਕਹਾਣੀ ਦਾ ਫਿਕਰਾ ਚੇਤੇ ਆਉਂਦੈ -
“ਵੇ ਜਗਨਿਆਂ, ਤੈਨੂੰ ਸ਼ਰਮ ਨਾ ਆਈ? ਕਿਥੇ ਤਾਂ ਮੈਂ ਬੁੱਢੀ ਤੇਰੇ ਮੋੋਢਿਆਂ ਉੱਤੇ ਚੜ੍ਹ ਕੇ ਜਾਂਦੀ , ਕਿੱਥੇ ਤੂੰ ਜਵਾਨ ਹੋ ਕੇ ਵੀ ਮੇਰੇ ਮੋਢਿਆਂ ਉੱਤੇ ਚਲਿਐਂ।”
ਨਾਲ ਬੈਠਾ ਬੰਦਾ ਸ਼ਾਹਿਦ ਨੂੰ ਕਹਿਣ ਲੱਗਾ, “ਬਲਿਹਾਰ ਜਾਈਏ ਇਸ ਵਾਕ ਦੀ ਘਾੜਤ ਤੇ---, ਜੇ ਕੋਈ ਲਿਖ ਦੇਵੇ ਤਾਂ ਲੋਕ ਰੋ ਰੋ ਪਾਗਲ ਹੋ ਜਾਣ।”
ਸ਼ਾਹਿਦ ਨੇ ਕਿਹਾ, “ਕਿਵੇਂ ਲਿਖ ਦੇਵੇ ਭਾਈ ਸਾਹਿਬ---ਇਹ ਵਾਕ ਰਚਣ ਲਈ ਪੁੱਤ ਗਵਾਉਣਾ ਪੈਂਦੈ।”
ਅਸ਼ੋਕ ਨੇ ਬਹੁਤ ਕੁਝ ਗਵਾਇਐ।ਇਸ ਸ਼ੌਕ ਲਈ ਉਹਨੇ ਕੁੱਟ ਖਾਧੀ। ਪੈਸਾ ਤਾਂ ਇੱਕ ਨ੍ਹੀਂ ਮਿਲਿਆ, ਦੋਸਤ ਮਿਲੇ। ਮਰਾੜ੍ਹਾਂ ਆਲੇ ਮਾਨ ਵਰਗੇ, ਇਕਬਾਲ ਮਾਹਲ ਵਰਗੇ। ਉਹਨੇ ਚੋਰੀਆਂ ਕੀਤੀਆਂ, ਸਾਹਮਣੇ ਨੂੰ ਕਹਿਕੇ। ਜੇ ਕਿਸੇ ਦੇ ਘਰ ਹੁਣ ਵੀ ਰਿਕਾਰਡ ਪਏ ਹੋਣ ਤਾਂ ਉਹ ਚੁੱਕ ਲਿਆਉਂਦੈ। ਇਸ ਨੂੰ ਚੋਰੀ ਕਹੋ, ਠੱਗੀ ਕਹੋ। ਤੁਹਾਡਾ ਮੂੰਹ।
ਪਿਛਲੇ ਵਰ੍ਹੇ ਗਿੱਲ ਅੰਕਲ ਨੂੰ ਮੋਹਨ ਸਿੰਘ ਦਾ ਗੀਤ ਜੋ ਸੁਰਿੰਦਰ ਕੌਰ ਨੇ ਗਾਇਆ ਸੀ, ਉਹ ਸੁਣਨ ਦੀ ਰੀਝ ਜਾਗੀ। 'ਮੋੜ ਦੇ ਨੀ ਮੇਰਾ ਰਾਂਝਣ ਮੈਨੂੰ। ਅਸ਼ੋਕ ਨੂੰ ਫੋਨ ਆਇਆ। ਅੱਗੋਂ ਮਜ਼ਾਕੀਆਂ ਲਹਿਜੇ ਵਿੱਚ ਅੰਕਲ ਨੇ ਇਹਨੂੰ ਬਾਣੀਆ ਕਿਹਾ। ਮਜ਼ਾਕੀਆ ਲਹਿਜਾ ਰੰਗੀਲਿਆਂ ਬੰਦਿਆਂ ਦਾ ਹੁੰਦੈ। ਜਿਵੇਂ ਸਤਿਆਰਥੀ ਇੱਕ ਲੇਖਕ ਨੂੰ ਅਸਾਇਨਮੈਂਟ ਰਾਈਟਰ ਆਖਦਾ ਸੀ। ਅਸ਼ੋਕ ਨੇ ਮੈਨੂੰ ਫੋਨ ਕੀਤਾ। ਕੀ ਕਰਾਂ? ਮੈਂ ਅੰਕਲ ਲਈ ਜਾਨ ਹਾਜ਼ਰ ਕਰ ਸਕਦਾਂ, ਤੂੰ ਵੇਖ? ਉਹਨੇ ਝੱਟ ਭੇਜ ਦਿੱਤੇ।
ਪਿਛਲੇ ਵਰ੍ਹੇ ਕਿਸੇ ਸੰਸਥਾ ਵਾਲਿਆਂ ਉਹਨੂੰ ਕਿਹਾ - ਹਰਭਜਨ ਮਾਨ ਨੂੰ ਬੁਲਾ। ਉਹਨੇ ਹਰਭਜਨ ਤਾਂ ਨਹੀਂ ਪਰ ਬਾਬੂ ਸਿੰਘ ਮਾਨ ਤੇ ਇਕਬਾਲ ਮਾਹਲ ਬੁਲਾ ਲਏ।
ਬਾਬੂ ਸਿੰਘ ਮਾਨ ਆਇਆ। ਉਸਨੇ ਮੈਨੂੰ ਵੀ ਬੁਲਾਇਆ। ਅਸੀਂ ਬੈਠੇ। ਗੱਲਾਂ ਹੋਈਆਂ। ਜਾਂਦੇ ਜਾਂਦੇ ਉਸਨੇ ਮਾਨ ਨੂੰ ਕੁਝ ਪੁੱਛਿਆ।
ਯਾਰੀ ਐ, ਜਾਨ ਦਿੱਤੀ ਜਾ ਸਕਦੀ ਐ। ਇਹ ਤਾਂ ਬੜੀ ਛੋਟੀ ਗੱਲ ਐ।' - ਮਾਨ ਨੇ ਕਿਹਾ।
ਜੀਹਨੂੰ ਮੇਰੇ ਚਾਚੇ ਹੋਰੀਂ ਮਰਾੜ੍ਹਾਂ ਆਲਾ ਕਹਿੰਦੇ ਆ। ਉਸ ਨਾਲ ਉਹਦੀ ਯਾਰੀ ਆ। ਮਾਨ ਦੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਗੀਤ ਦੀ ਆਤਮਾ ਥੋੜ੍ਹੇ ਬੰਦੇ ਸਮਝਦੇ ਨੇ, ਅਸ਼ੋਕ ਗੀਤ ਨੂੰ ਲੋਰੀ ਦਿੰਦੈ। ਮੁਹੰਮਦ ਸਦੀਕ ਦਾ ਗਾਇਆ ਤੇ ਬਾਬੂ ਸਿੰਘ ਮਾਨ ਦਾ ਲਿਿਖਆ ਗੀਤ ਅਸ਼ੋਕ ਨੇ ਸ਼ੋਸਲ ਮੀਡੀਏ ਤੇ ਸ਼ੇਅਰ ਕੀਤਾ। ਉਸ ਵਿੱਚ 'ਕਮੀਨਾ' ਸ਼ਬਦ ਸੀ। ਇੱਕ ਗੀਤਕਾਰ ਨੇ ਕਮੈਂਟ ਕੀਤਾ ਕਿ ਕਮੀਨੇ ਦੀ ਥਾਂ ਕੁਝ ਹੋਰ ਆ ਜਾਂਦਾ ਤਾਂ ਵਧੀਆ ਲੱਗਣਾ ਸੀ। ਅਸ਼ੋਕ ਨੇ ਮਾਨ ਨੂੰ ਫੋਨ ਕੀਤਾ। ਮਾਨ ਸਾਬ੍ਹ ਨੇ ਅੱਗੋਂ ਕਿਹਾ - 'ਉਹਨੂੰ ਕਹੀਂ ਬੁੜਾ ਜੱਟਾਂ ਦਾ ਮਰਿਆ ਸੀ।' ਅਸ਼ੋਕ ਨੇ ਸੱਤ ਸਮੁੰਦਰ ਗਾਹੇ ਨੇ ਉਹਨੇ ਉਵੇਂ ਕੀਤਾ ਜਿਵੇਂ ਉਹਨੂੰ ਜਚਿਆ।
ਉਹ ਨਾਥ ਐ। ਘਰ ਵਿੱਚ ਰਹਿ ਕੇ ਵੀ ਘਰ ਭੁੱਲਿਆ ਹੋਇਆ ਨਾਥ। ਸੁੰਦਰਾਂ ਉਸ ਲਈ ਸੰਗੀਤ ਐ। ਆਪਣੇ ਅੰਦਰ ਝਾਕ ਕੇ ਇਹ ਸਤਰਾਂ ਯਾਦ ਆਉਂਦੀਆਂ ਹੋਣਗੀਆਂ।
ਤੇਰੇ ਨਾਲੋਂ ਤਾਂ ਨੀ ਪੈਰ ਚੰਗੇਰੇ ਨਾਥ ਦੇ
ਕਿਹੜੇ ਰੂਪ ਦੀਆਂ ਤੂੰ ਕਰਦੀ ਏ ਵਡਿਆਈਆਂ।
ਇੱਕ ਗੱਲ ਹੋਰ……
ਕਿਸੇ ਮਿੱਤਰ ਦੇ ਵਿਆਹ ਵਿੱਚ ਮੁਹੰਮਦ ਸਦੀਕ ਬੁਲਾਉਣਾ ਸੀ। ਮੈਨੂੰ ਮਹਿੰਦਰਪਾਲ ਤਾਏ ਨੇ ਉਹਦੀ ਦੁਕਾਨ ਤੇ ਬੁਲਾ ਲਿਆ। ਪਹਿਲੀ ਮੁਲਾਕਾਤ। ਕੁਝ ਦਿਨਾਂ ਬਾਅਦ ਮੈਂ ਉਹਨੂੰ ਕਲੀ ਭੇਜੀ, ਬੜਾ ਸਿੱਧੀ ਤੇ ਸਾਦਾ।
ਲੱਥ ਗਏ ਜ਼ਮਾਨੇ, ਚਰਖੇ ਟੇਰਨ ਚੱਕੀਆਂ ਦੇ
ਨਾ ਕੋਈ ਸੱਜ ਵਿਆਹੀ ਲੈਂਦੀ, ਸਿਰ ਫੁਲਕਾਰੀ
ਪੱਗਾਂ ਸ਼ਮਲੇ ਵਾਲੀਆਂ, ਕੈਂਠੇ ਨੱਤੀਆਂ ਸੋਂਹਦੇ ਸੀ
ਵਿਰਸਾ ਭੁੱਲਦੀ ਜਾਂਦੀ, ਨਵੀਂ ਪਨੀਰੀ ਸਾਰੀ।
ਮੈਂ ਫੇਸਬੁੱਕ ਸੁਨੇਹਾ ਬਾਂਸਲ ਸਾਬ੍ਹ ਕੋਲ ਭੇਜ ਦਿੱਤੀ। ਉਸ ਦਾ ਜਵਾਬ ਮਿਿਲਆ-
‘ਮੈਂ ਇਸਨੂੰ ਰਿਕਾਰਡ ਕਰਾਂਗਾ।’
ਬਾਅਦ ਵਿੱਚ ਇਹ ਕਲੀ ਨੂੰ ਜੀਤ ਜਗਜੀਤ ਤੋਂ ਇਗਲੈਂਡ ਦੀ ਧਰਤੀ ਤੇ ਲਾਈਵ ਗਵਾ ਦਿੱਤਾ। ਇੱਕ ਦਿਨ ਮੈਂ ਗੀਤ ਲਿਖ ਕੇ ਬਾਂਸਲ ਨੂੰ ਭੇਜਿਆ-
‘ਸੁਪਨਿਆਂ ਵਿੱਚ ਲਾਹੌਰ ਨੂੰ ਚੇਤੇ ਕਰਦਾ ਨਿੱਤ ਪੰਜਾਬ ਸਿਓਂ’
ਉਹਦੇ ਐਸਾ ਦਿਲ ਲੱਗਿਆ ਕਿ ਘੰਟੇ ਬਾਅਦ ਉਸਦੀ ਸਿਰਜਨਾ ਤੇ ਕੰਪੋਜੀਸ਼ਨ ਬਾਰੇ ਕਿੰਨੀਆਂ ਗੱਲਾਂ ਕਰੀਆ। ਉਹਦੀ ਬੇਬਾਕੀ ਮੈਨੂੰ ਬੜੀ ਪਿਆਰੀ ਲੱਗਦੀ ਆ ਜਦੋਂ ਕੋਈ ਦੋ ਸਤਰਾਂ ਲਿਖ ਕੇ ਭੇਜੋ ਤਾਂ ਆਖਦੈ ਇਹ ਤੇਰੇ ਹਾਣ ਦੀਆਂ ਨਹੀਂ, ਛੱਡ ਪਰਾਂ ਕੁਝ ਹੋਰ ਲਿਖ। ਉਸ ਕੋਲ ਅਨੇਕਾਂ ਫਿਕਰ ਨੇ। ਸਮਕਾਲੀ ਪੰਜਾਬੀ ਗੀਤਾਂ ਤੋਂ ਨਿਰਾਸ਼ ਹੋਇਆ ਕਈ ਵਾਰ ਅੱਧੀ ਰਾਤ ਫੋਨ ਕਰਦੈ -
‘ਮੈਂ ਮਾਨਸਾ ਆਲਾ ਅਸ਼ੋਕ ਬੋਲਦਾ, ਹੋਰ ਠੀਕ ਐ’।
‘ਅੱਛਾ ਢਿੱਲੋਂ ਐ ਦੱਸ ਆਹ ਗੀਤ ਸੁਣ ਲਿਆ, ਕਿਵੇਂ ਲੱਗਿਆ।’
ਕਿੰਨਾ ਕਿੰਨਾ ਸਮਾਂ ਬੋਲਦਾ ਰਹਿੰਦਾ ਹੈ - ਗੀਤਾਂ ਬਾਰੇ, ਗਾਇਕਾਂ ਬਾਰੇ ਅਤੇ ਗੀਤਾਂ ਦੇ ਫਿਲਮਾਂਕਣ ਬਾਰੇ। ਮੇਰਾ ਲਿਿਖਆ ਗੀਤ ‘ਕਣਕਾਂ ਤਰੇਲੀਆਂ’ ਉਹਨੇ ਫੇਸਬੁੱਕ ਤੇ ਪੜ੍ਹਿਆ। ਗੀਤ ਦੇ ਬੋਲ ਸੀ-
ਇਸ਼ਕ ਤਾਂ ਕਹੇ, ਮਾਰ ਅੰਬਰੀਂ ਉਡਾਰੀ
ਪਰ ਪੈਰਾਂ ਵਿੱਚ ਬੇੜੀਆਂ ਦਾ ਡੰਗ ਵੇ
ਸੂਰਜ ਦੀ ਲੋਅ ਨਾਲ, ਕਣਕਾਂ ਤਰੇਲੀਆਂ ਦੇ
ਹੁਸਨ ਚੋਂ ਉੱਡ ਜਾਂਦੈ ਰੰਗ ਵੇ
ਮੈਨੂੰ ਕਹਿੰਦਾ- ‘ਢਿੱਲੋਂ ਭਰਾਵਾ ਤੇਰਾ ਕਣਕਾਂ ਤਰੇਲੀਆਂ ਗੀਤ ਪੜ੍ਹਿਐ। ਓਹ ਹੋ ਹੋ ਹੋ। ਸਵਾਦ ਆ ਗਿਆ ਸੱਚੀਂ। ਰੁੱਗ ਭਰ ਲਿਆ। ਤੂੰ ਓਹ ਗੋਲੀ ਐ ਜਿਹੜੀ ਨੂੰ ਕੋਈ ਰੋਕੇ ਫਿਰ ਵੀ ਨ੍ਹੀਂ ਰੋਕ ਸਕਦਾ। ਯਰ ਐ ਸੁਣ ਐਨੇ ਭਾਰੇ ਲਫ਼ਜ਼ਾਂ ਨੂੰ ਕੌਣ ਗਾਊ।’
‘ਬਾਂਸਲ ਸਾਬ੍ਹ ਆ ਇੱਕ ਗੀਤ ਲਿਖਿਐ ਸੁਣੋਗੇ।’ - ਮੈਂ ਕਿਹਾ।
‘ਤੇਰਾ ਨ੍ਹੀਂ ਸੁਣਾਂਗੇ ਹੋਰ ਕੀਹਦਾ ਸੁਣਗੇ, ਸੁਣਾ।’
ਮੈਂ ਬੋਲਣ ਲੱਗਿਆ-
ਰਗਾਂ ਅੰਦਰ ਜੋ ਮਚਲਦੈ ਆਸ਼ਕਾਂ ਦੇ
ਜਾਂ ਤਾਂ ਸੱਚ ਹੁੰਦੈ ਜਾਂ ਬਲਦਾਨ ਹੁੰਦੈ
ਇਹ ਤਾਂ ਚਾਦਨੀ ਚੌਂਕ ਵਿੱਚ ਜਾ ਖੜਦੈ
ਇਸ਼ਕ ਚੋਰੀ ਦਾ ਕਿੱਥੋਂ ਜਵਾਨ ਹੁੰਦੈ
ਤਵੀਆਂ ਜ਼ੁਲਮ ਦੀਆਂ ਠੰਡੀਆਂ ਠਾਰਨ ਹੋਵਣ
ਖੜ੍ਹ ਸੱਚ ਨਾਲ ਜਦੋਂ ਇਹ ਹਾਕ ਬਣਦੈ
ਇਹ ਜ਼ਹਿਰ ਵੀ ਸੁਣਿਐ ਬਣੇ ਸਰਬੱਤ
ਰਾਗ ਇਸ਼ਕ ਦਾ ਜਦੋਂ ਸੁਕਰਾਤ ਬਣਦੈ
ਸੁਣਦਿਆਂ ਤੜਫ ਉੱਠਿਆ-
‘ਤੂੰ ਮੈਨੂੰ ਪਾਗਲ ਕਰੇਗਾਂ ਯਰ। ਮੈਨੂੰ ਤੇਰੇ ਨਾਲ ਜੈਲਸੀ ਹੋ ਗਈ।’
ਮੈਂ ਡਰ ਗਿਆ। ਬਈ ਆ ਕੀ ਮਸਲੈ। ਮੈਂ ਕਿਹਾ ਕਿਉਂ?
‘ਯਰ ਤੂੰ ਐਨਾ ਸੋਹਣਾ ਕਿਵੇਂ ਲਿਖ ਲੈਨੇ।’
ਮੈਂ ਚੁੱਪ ਰਿਹਾ-
‘ਇਹ ਤਾਂ ਸੁਣਾਉਣ ਆਲਾ ਗੀਤ ਆ ਢਿੱਲੋਂ। ਸੰਗੀਤ ਤਾਂ ਏਹਨੂੰ ਮਾਰਦੂ। ਜਿਵੇਂ ਦੇਬੀ ਗਾਉਂਦੈ, ਸ਼ੋਰ ਬੰਦ ਕਰਕੇ, ਇਹ ਤਾਂ ਓਹ ਐ ਯਾਰ।’ ਓਹ ਜੀਹਦਾ ਕਰਦੈ ਦਿਲੋਂ ਕਰਦੈ। ਕਾਕੇ ਕਾਉਣੀ ਦਾ ਗੀਤ ਅਟਾਰੀ ਵਾਲਾ ਗੇਟ ਰੀਲੀਜ਼ ਕਰਨ ਮਾਨਸਾ ਤੋਂ ਮੈਂ ਤੇ ਬਾਂਸਲ ਗਏ। ਪਾਤਰ ਸਾਬ੍ਹ ਦੀ ਪ੍ਰਧਾਨਗੀ ਸੀ ਮੈਂ ਸਟੇਜ ਸੰਚਾਲਨ ਕੀਤਾ। ਸ਼ਾਮ ਨੂੰ ਰਜਿੰਦਰ ਦੇ ਘਰ ਅਜੇ ਅੱਪੜੇ ਸੀ ਰਜਿੰਦਰ ਫਾਇਨਟੋਨ ਨੂੰ ਕਹਿੰਦਾ -
‘ਤੈਨੂੰ ਏਹਦੇ ਬਾਰੇ ਤਾਂ ਪਤਾ ਲੱਗ ਹੀ ਗਿਆ ਹੋਣੈ। ਫਿਰ ਵੀ ਦੱਸਾਂ ਇਹ ਸਿਰੇ ਦਾ ਗੀਤਕਾਰ ਐ।’
ਐਨਾ ਕਹਿਣ ਤੋਂ ਬਾਅਦ ਆਪਣੇ ਆਪ ਮੇਰਾ ਕਈ ਮਹੀਨੇ ਪਹਿਲਾਂ ਲਿਿਖਆਂ ਗੀਤ ਉਹਨੇ ਰਜਿੰਦਰ ਨੂੰ ਜ਼ੁਬਾਨੀ ਸੁਣਾਇਆ। ਕਹਿੰਦਾ ਰਜਿੰਦਰ ਸੁਣ-
ਰਾਂਝਿਓ ਬਣਾਵੇ ਚਾਕ ਰੇਤਾ ਪੈਰ ਦਾ
ਸਰਬੱਤ ਬਣ ਜਾਵੇ ਚੜੀ ਜ਼ਹਿਰ ਦਾ
ਬਚਿਆਂ ਨਾ ਮੁੰਡਾ ਜੋ ਵੀ ਧੱਕੇ ਚੜਿਆ
ਫਨੀਅਰ ਨਾਗ ਜਿਹਾ ਡੰਗ ਜੱਟੀ ਦਾ
ਧਰਤੀ ਦੀ ਹਿੱਕ ਉੱਤੇ ਫਿਰੇ ਮੇਲਦੀ
ਫਸਲ ਸੁਨਹਿਰੀ ਜਿਹਾ ਰੰਗ ਜੱਟੀ ਦਾ
ਸੁਣਦਿਆਂ ਰਜਿੰਦਰ ਸਿੰਘ ਤੇ ਕਾਕੇ ਨੇ ਮੇਰੇ ਬੰਨੀ ਗਹੁ ਨਾਲ ਵੇਖਿਆ ਜਿਵੇਂ ਮੈਂ ਸੱਚੀਓਂ ਗੀਤਕਾਰ ਹੋਵਾਂ। ਇਨ੍ਹਾਂ ਮਾਮਲਿਆਂ ਚ ਓਹ ਮੇਰਾ ਪਹਿਲਾ ਸਲਾਹਕਾਰ ਐ।
ਆਖਰੀ ਗੱਲ…
ਗੀਤ ਕਿਸਦਾ ਹੈੇ, ਕਦੋਂ ਆਇਆ, ਕੀਹਨੇ ਗਾਇਆ ਇਹਦੇ ਬਾਰੇ ਉਹਦਾ ਗਿਆਨ ਵਸੀਹ ਐ। ਪੜ੍ਹਿਆ ਤਾਂ ਉਹ ਪ੍ਰੀ ਇੰਜੀਨੀਅਰ ਐ। ਪੀ-ਐੱਚ. ਡੀ ਤਾਂ ਬੜੀ ਦੂਰ ਦੀ ਗੱਲ ਐ। ਇਹ ਵਾਕ ਲਿਖਦਿਆਂ ਦੀਦ ਦੀ ਗੱਲ ਚੇਤੇ ਆਉਂਦੀ ਐ ਜਿਹੜੀ ਉਸਨੇ ਕਲਾਸ ਵਿੱਚ ਪ੍ਰੋ. ਗੁਲਵੰਤ ਸਿੰਘ ਤੋਂ ਪੁੱਛੀ ਸੀ। 'ਉਹ ਪੰਜਾਬੀ ਵਿਭਾਗ ਦੇ ਮੁਖੀ ਸਨ ਤੇ ਸਾਡੇ ਅਧਿਅਕਾਪਕ। ਅਸੀਂ ਉਨ੍ਹਾਂ ਨੂੰ ਕਿਹਾ - ਪ੍ਰੋ. ਸਾਹਿਬ ਤੁਸੀਂ ਪੀ-ਐੱਚ. ਡੀ. ਕਿਉਂ ਨਹੀਂ ਕਰਦੇ? ਬੋਲੇ - ਕੋਈ ਦਿਨ ਆਏਗਾ, ਲੋਗ ਕਹੇਂਗੇ ਪ੍ਰੋ. ਗੁਲਵੰਤ ਸਿੰਘ ਪੀ-ਐੱਚ. ਡੀ. ਨਹੀਂ ਥੇ।'
….ਸਮਾਪਤ…
ਗੁਰਦੀਪ ਸਿੰਘ ਢਿੱਲੋਂ
ਪ੍ਰੋਫ਼ੈਸਰ, ਗੁਰੂ ਨਾਨਕ ਕਾਲਜ ਬੁਢਲਾਡਾ
