ਸਾਰੇ ਲੇਖ
Literature/Education 31 Mar 2026 17 min read 144 views

ਜੇਲ੍ਹ ਵੀ ਦੂਜੀ ਯੂਨੀਵਰਸਿਟੀ ਹੁੰਦੀ ਐ -ਤਨਵੀਰ

ਜੇਲ੍ਹ ਸਿਰਫ ਸਜ਼ਾ ਨਹੀ ,ਸਿੱਖਣ ਦੀ ਥਾਂ ਵੀ ਸਕਦੀ ਹੈ। ਪੜ੍ਹੋ ਤਨਵੀਰ ਦੀ ਕਹਾਣੀ--ਗੈਂਗਸਟਰ ਤੋਂ ਕਵੀ ਬਣਨ ਤੱਕ ਦਾ ਸਫਰ।

Sirlekh Team

Updated 15 Jul 2026

ਸਾਂਝਾ ਕਰੋ:

fWATG
ਜੇਲ੍ਹ ਵੀ ਦੂਜੀ ਯੂਨੀਵਰਸਿਟੀ ਹੁੰਦੀ ਐ -ਤਨਵੀਰ

ਤਨਵੀਰ। ਚਿਹਰੇ ’ਤੇ ਗੰਭੀਰਤਾ। ਨੈਣਾਂ ’ਚ ਗਿਆਨ ਦੇ ਵਗਦੇ ਦਰਿਆ। ਚੇਤਿਆਂ ’ਚ ਪੰਜਾਬ ਦੀ ਗਾਥਾ। ਸਿਰਫਿਰਿਆ ਅਤੀਤ। ਸਾਹਿਤ ਦੀਆਂ ਤੈਹਾਂ ’ਚੋਂ ਗਰਦ ਝਾੜਦਾ ਵਰਤਮਾਨ। ਗਿਆਨ ਦੀ ਸਿਖਰ ਵੱਲ ਤੁਰਦਾ ਭਵਿੱਖ। ਜੇਲ੍ਹ ਦੀ ਚਾਰ ਦੀਵਾਰੀ ਤੋਂ ਬਾਹਰ ਦੇ ਰੰਗ। ਅੰਦਰਲਾ ਗਿਆਨ। ਭਰਵਾਂ ਜੁੱਸਾ ਤੇ ਅੜਬ ਅੰਦਾਜ਼। ਬੁੱਲ੍ਹਾਂ ’ਤੇ ਚੁੱਪ ਦਾ ਸ਼ੋਰ। ਆਪਣੇ ਮੇਚ ਦਾ ਬੰਦਾ ਲੱਭਣ ਦੀ ਤਾਂਘ ਨਾਲ ਭਿੱਜਿਆ ਹੋਇਆ ਮਨ। ਫਿਕਰਾਂ ਦੇ ਪਹਾੜਿਆਂ ਤੋਂ ਲੱਥਾ ਹੋਇਆ ਆਪਾ। ਕਿੰਨਾ ਕੁਝ ਜੋ ਅਜੇ ਉਸਨੇ ਕਹਿਣੈ। ਇੱਕ ਰੰਗ ਨੇ ਉਸਦੀ ਜ਼ਿੰਦਗੀ ਵਿੱਚ ਚਾਰ ਸ਼ਬਦ ਖੁਣੇ - ਕੁੱਟਮਾਰ, ਠਾਣਾ, ਜੇਲ੍ਹ, ਸਮਝੌਤਾ।

ਇੱਕ ਰੰਗ ਨੇ ਉਸ ਅੰਦਰ - ਪੜ੍ਹਨਾ, ਸਮਝਣਾ ਅਤੇ ਗੱਲ ਕਹਿਣਾ ਖੁਣਿਐ। ਦੋਵਾਂ ਵਿੱਚ ਬਰਾਬਰ ਦੈ। ਸਾਹਿਤ ਪੜ੍ਹਨ ਨਾਲ ਬੰਦਾ ਕਿਵੇਂ ਬਦਲਦੈ ਇਹ ਗੱਲ ਸਮਝਣ ਲਈ ਚਾਰ ਬੰਦਿਆਂ ਦੇ ਅੰਦਰ ਨੂੰ ਪੜ੍ਹ ਲੈਣਾ ਚਾਹੀਦੈ। ਤਨਵੀਰ, ਸੁਖਜੀਤ, ਮਿੰਟੂ ਅਤੇ ਮੰਗਾ ਅੰਟਾਲ। ਪਹਿਲੀ ਉਮਰੇ ਇਨ੍ਹਾਂ ਅੰਦਰਲਾ ਬੰਦਾ ਬਰਬਰਤਾ ਵਾਲੈ। ਹੁਣ ਸੰਵੇਦਨਾ ਵਾਲੈ। ਟੌਹਰ, ਢੰਗ, ਅਦਾ, ਬੈਵਤਾਂ ਸਭ ਕੁਝ ਤਬਦੀਲ। ਇਹ ਉਸ ਨੂੰ ਦੁਬਾਰਾ ਵਿਉਂਤਦੇ ਨੇ। ਬਾਕੀਆਂ ਨੇ ਕਿਤਾਬਾਂ ’ਚ ਦੱਸਿਐ। ਇਹ ਗੱਲਾਂ ਤੰਗ ਬਹੁਤ ਕਰਦੀਆਂ ਬੰਦੇ ਨੂੰ। ਇਹ ਨਾ ਲਿਖੀਆਂ ਜਾਂਦੀਆਂ, ਇਹ ਪਾਗਲ ਹੋ ਜਾਂਦੇ। ਤਨਵੀਰ ਅੰਦਰ ਝਾਕਣਾ ਅਤੇ ਉਸ ਦੀਆਂ ਅੱਖਾਂ ਚ ਅੱਖਾਂ ਪਾ ਕੇ ਝਾਕਣਾ ਖਾਸਾ ਔਖੈ।

ਇੱਕ ਮੁਲਾਕਾਤ ਚ ਗੁਰਪ੍ਰੀਤ ਉਹਨੂੰ ਗੈਂਗਸਟਰ ਹੋਣ ਬਾਰੇ ਐਂ ਪੁੱਛਦੈ ਜਿਵੇਂ ਰੀੜੀ ਲੈ ਕੇ ਗਏ ਜਵਾਕ ਰਿਉੜੀਆਂ ਦਾ ਭਾਅ ਪੁੱਛਦੇ ਹੁੰਦੇ ਨੇ। ਉਹਨੂੰ ਪਤੈ ਕੀ ਪੁੱਛਦੈ?

ਮੈਂ ਤਾਂ ਸੁਣਿਆ ਤੂੰ ਚੜ੍ਹਦੀ ਉਮਰੇ ਗੈਂਗਸਟਰ ਰਿਹੈਂ?

ਹਾਂ। ਉਹ ਪੁਰਾਣੀਆਂ ਗੱਲਾਂ ਨੇ ਜਦ ਚਾਰ ਸ਼ਬਦ ਜ਼ਿੰਦਗੀ ਦਾ ਹਿੱਸਾ ਹੁੰਦੇ ਸੀ ਕੁੱਟਮਾਰ,ਠਾਣਾ, ਜੇਲ੍ਹ, ਸਮਝੌਤਾ। ਪਰ ਮੈਂ ਬਹੁਤ ਅੰਦਰ ਜਾਣ ਤੋਂ ਪਹਿਲਾਂ ਹੀ ਵਾਪਸ ਆ ਗਿਆ। ਸ਼ਾਇਦ ਸਾਹਿਤ ਨੇ ਬਚਾ ਲਿਆ। ਨਹੀਂ ਇਹ ਵਨ ਵੇਅ ਹੈ। ਉਂਝ ਇਸ ਸਮੇਂ 'ਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਸੱਚ 'ਚ ਬਹੁਤ ਤਾਕਤ ਹੁੰਦੀ ਹੈ। ਜੇ ਤੁਸੀਂ ਇਮਾਨਦਾਰ ਹੋਵੋਂ ਲੋਕ ਬਹੁਤ ਪਿਆਰ ਕਰਦੇ ਨੇੇ। ਇਥੋਂ ਤੱਕ ਕਿ ਪੁਲਿਸ ਵਾਲੇ ਵੀ ਥੋਡਾ ਸਾਥ ਦਿੰਦੇ ਨੇ। ਬਾਕੀ ਲੋਕ ਤੁਹਾਡੇ ਬਾਰੇ ਸਭ ਜਾਣਦੇ ਹੁੰਦੇ ਨੇ। ਵਿਰੋਧੀ ਵੀ। ਬਾਕੀ ਜੇਲ੍ਹ ਵੀ ਦੂਜੀ ਯੂਨੀਵਰਸਿਟੀ ਹੁੰਦੀ ਹੈ ਇੱਕ ਬਿਲਕੁਲ ਵੱਖਰਾ ਸੰਸਾਰ ਹੈ.... ਠਾਣਿਆਂ ਜੇਲ੍ਹਾਂ ਦਾ। ਇਕ ਦੋ ਵਾਰ ਇਲਜ਼ਾਮ ਵੀ ਲੱਗੇ ਪਰ ਮੈਨੂੰ ਸਫ਼ਾਈ ਦੇਣ ਦੀ ਲੋੜ ਨ੍ਹੀਂ ਪਈ। ਪਿਆਰ ਕਰਨ ਵਾਲੇ ਆਪੇ ਗੱਲ ਕਵਰ ਕਰ ਲੈਂਦੇ ਸੀ। ਇਕ ਵਾਰ ਘਰੇ ਪੁਲਿਸ ਫੜਨ ਆ ਗਈ ਮੈਂ ਘਰੇ ਨਹੀਂ ਸੀ। ਬਾਪੂ ਨੂੰ ਗੁਆਂਢੀਆਂ ਦੇ ਕੋਠੇ ਉੱਤੋ ਦੀ ਨੰਗੇ ਪੈਰ ਉੱਤਰ ਕੇ ਸੱਥ ਵਿਚਦੀ ਲੰਘਣਾ ਪਿਆ। ਮੈਂ ਘਰੇ ਆਇਆ। ਮਾਂ ਨੇ ਸਾਰੀ ਗੱਲ ਦੱਸੀ। ਮੈਂ ਕਿਹਾ ਛੱਡ ੳਏ ਮਨਾਂ। ਕਰੇਂ ਤੂੰ ਭਰੇ ਤੇਰਾ ਟੱਬਰ। ਬਾਪੂ ਲੋਕਾਂ ਦੀਆਂ ਮਿੰਨਤਾਂ ਕਰਦਾ ਫਿਰਦਾ ਰਹਿੰਦੈ। ਮਨ ਮੁੜ ਗਿਆ ਬੱਸ। ਹਾਲਾਂਕਿ ਕੰਬਲ ਨੇ ਕਾਫ਼ੀ ਦੇਰ ਖਹਿੜਾ ਨਹੀਂ ਛੱਡਿਆ।

ਐਂ ਗੱਲਾਂ ਕਰਦਾ ਪੰਜਾਬੀ ਦਾ ਕਵੀ ਭਲਾਂ ਚੰਗਾ ਲੱਗਦੈ। ਕਿੱਥੇ ਕਵਿਤਾ ਕਿੱਥੇ ਗੈਂਗਸਟਰ। ਵੈਸੇ ਇਸ ਗੱਲ ਨੂੰ ਪਿੰਡਾਂ ਆਲੇ ਬਾਬੇ ਕਹਿੰਦੇ ਨੇ ‘ਕਿੱਥੇ ਬੁੱਢੀ ਦਾ ਮਰਨਾ ਕਿੱਥੇ ਹਲ ਓਕੜੂ।‘ ਸੱਚੀ ਗੱਲ ਐ। ਇਹ ਕੰਮ ਸੁਖਜੀਤ ਨੇ ਵੀ ਕਰੇ। ਤਨਵੀਰ ਨੇ ਵੀ। ਉਦੋਂ ਤਾਂ ਪਤਾ ਨ੍ਹੀਂ, ਹੁਣ ਦੋਵੇਂ ਸਿਖ਼ਰ ਨੇ। ਮੇਰੇ ਨਾਲ ਇੱਕ ਦਿਨ ਦਾਬ ਕਵਿਤਾ ਬਾਰੇ ਗੱਲੀਂ ਪੈ ਗਿਆ। ਗੱਲਾਂ ਬਾਅਦ ਵਿੱਚ ਪਹਿਲਾਂ ‘ਦਾਬ’ ਨਜ਼ਮ ਪੜ੍ਹੋ -

ਬਾਪੂ ਨੇ

ਜ਼ਮੀਨ ਖਰੀਦੀ ਹੈ

ਮੇਰੇ ਲਈ

 

ਮੈਨੂੰ ਖੁਸ਼ ਹੋਣਾ ਚਾਹੀਦਾ ਹੈ।

 

ਵੇਚਣ ਵਾਲਾ ਰਜਿਸਟਰ ’ਤੇ ’ਗੂਠਾ ਲਾਉਂਦਾ ਹੈ

ਮੈੈਨੂੰ ਸੀਨੇ ’ਤੇ ਦਾਬ ਮਹਿਸੂਸ ਹੁੰਦੀ ਹੈ

 

’ਗੂਠਾ ਪੂੰਝਣ ਲਈ ਕੰਧ ’ਤੇ ਘਸਾਉਂਦਾ ਹੈ

ਕੰਧ ’ਤੇ ਅਨੇਕਾਂ ’ਗੂਠੇ ਘਸੇ ਹੋਏ ਨੇ

 

ਮੇਰਾ ਗੱਚ ਭਰ ਆਇਆ

 

ਬਾਪੂ ਨਾਲ ਆਏ ਬੰਦਿਆਂ ਨੂੰ ਹੋਟਲ ਚ ਲੈ ਵੜਿਆ

 

ਵੇਚਣ ਵਾਲ ਨੀਵੀਂ ਪਾ ਬੱਸ ਅੱਡੇ ਵੱਲ ਹੋ ਤੁਰਿਆ

 

ਮੈਂ ਕਿਧਰ ਜਾਵਾਂ?

ਇਸ ਨਜ਼ਮ ਦੀ ਸਿਰਜਣਾ ਕਿਵੇਂ ਹੋਈ? - ਮੈਂ ਪੁੱਛਿਆ।

ਇਸ ਬਾਰੇ ਦੱਸਣੋ ਪਹਿਲਾਂ ਤਾਂ ਓਹ ਟਲਦਾ ਰਿਹਾ। ਬਾਅਦ ’ਚ ਦੱਸਿਆ ਕਹਿੰਦਾ -

‘ਇਹ ਕਵਿਤਾ ਵਿਚਲੇ ਅਹਿਸਾਸ ਨੇ ਬਹੁਤ ਚਿਰ ਤੰਗ ਕੀਤਾ ਮੈਨੂੰ। ਮੈਨੂੰ ਲੱਗਦਾ ਸੀ ਕਿ ਇਹ ਅਹਿਸਾਸ ਫੜਿਆ ਜਾਵੇ। ਜਦ ਕਵਿਤਾ ਆਈ ਤਾਂ ਕੰਪਲੀਟ ਆਈ। ਇਕ ਵੀ ਸ਼ਬਦ ਬਦਲਣਾ ਨ੍ਹੀਂ ਪਿਆ। ਇਸ ਕਵਿਤਾ ਪਿੱਛੇ ਜਿਹੜੀ ਘਟਨਾ ਸੀ ਕਿ ਬਾਪੂ ਹੋਰੀਂ ਕਈ ਜਣੇ ਕਚਹਿਰੀਆਂ ਵਿੱਚ ਬੈਠੇ ਨੇ। ਦੂਜੇ ਪਾਸੇ ਇਕੱਲਾ ਵੇਚਣ ਵਾਲਾ ਬੈਠਾ ਹੈ। ਉਹਦੇ ਹੱਥ ਵਿੱਚ ਬੋਰੀ ਵਾਲਾ ਝੋਲਾ ਸੀ। ਜਿਸਦੀ ਤਣੀ ਉਸਨੇ ਗੁੱਟ ਵਿੱਚ ਪਾਈ ਹੋਈ ਸੀ। ਇਹ ਬੰਦਾ ਦੂਜਿਆਂ ਤੋਂ ਥੋੜ੍ਹਾ ਦੂਰ ਬੈਠਾ ਰਿਹਾ। ਮੈਂ ਪਰ੍ਹਾਂ ਬੈਠਾ ਇਹ ਸਭ ਕੁਝ ਵੇਖ ਰਿਹਾਂ। ਬਾਪੂ ਹੋਰੀਂ ਸੂਬੇ/ਪਿੰਡ ਦੀ ਸਿਆਸਤ ਬਾਰੇ ਗੱਲਾਂ ਕਰ ਰਹੇ ਨੇ। ਵੇਚਣ ਵਾਲਾ ਕਦੇ ਕਦੇ ਇਸ ਗੱਲਬਾਤ ਵਿੱਚ ਸ਼ਾਮਿਲ ਹੁੰਦਾ ਹੈ ਪਰ ਹਾਰਿਆ ਮਨ ਇਹਦਾ ਸਾਥ ਨਹੀਂ ਦੇ ਰਿਹਾ। ਇਹ ਗੱਲ ਮੈਨੂੰ ਸਭ ਤੋਂ ਵੱਧ ਚੁਭੀ ਕਿ ਉਹ ੳੇੁਨ੍ਹੇ ਕੌਨਫੀਡੈਂਸ ਨਾਲ ਗੱਲਬਾਤ ਵਿੱਚ ਕਿਉਂ ਨਹੀਂ ਸ਼ਾਮਿਲ ਹੋ ਸਕਦਾ?

ਮੈਂ ਇਹ ਕਵਿਤਾ ਲਿਖ ਹੌਲਾ ਫੁੱਲ ਹੋ ਗਿਆ।

ਬਾਪੂ ਜਿਸ ਦੀ ਵੀ ਜ਼ਮੀਨ ਖਰੀਦਦਾ ਹੈ। ਮੈਂ ਉਨ੍ਹਾਂ ਨਾਲ ਅੱਖ ਨ੍ਹੀਂ ਮਿਲਾ ਸਕਦਾ। ਉਹਨਾਂ ਨਾਲ ਬੋਲਣ ਤੋਂ ਟਲਦਾ ਰਹਿਨਾ। ਜੇ ਬੰਦਾ ਆਪ ਬੁਲਾ ਲਵੇ ਤਾਂ ਮੈਂ ਛੇਤੀ ਤੁਰਨ ਦੀ ਕੋਸ਼ਿਸ਼ ਕਰਦਾਂ।

‘ਤੂੰ ਗੈਗਸਟਰ ਰਿਹੈਂ। ਕਿਤੇ ਪਹਿਲੀ ਉਮਰੇ ਕੋਈ ਕਬਜ਼ਾ ਤਾਂ ਨਹੀਂ ਲਿਆ? - ਮੈਂ ਪੁੱਛਿਆ।

‘ਲਿਆ ਸੀ। ਆਪਣੇ ਕਿਸੇ ਮਿੱਤਰ ਦਾ ਸੀ। ਕੇਰਾਂ ਬਠਿੰਡੇ ਪਲਾਟ ਦੇ ਕਬਜ਼ੇ ਵੇਲੇ ਘਰ ਵਾਲਿਆਂ ਦਾ ਸਾਮਾਨ ਬਾਹਰ ਸੁੱਟਿਆ ਸੀ ਪਰ ਉਦੋਂ ਲੱਗਦਾ ਸੀ ਮਿੱਤਰਾਂ ਲਈ ਕੰਮ ਕਰਦੇ ਹਾਂ।’ - ਅੱਗਿਓਂ ਜਵਾਬ ਆਇਆ।

‘ਬਾਅਦ ਵਿੱਚ ਪਛਤਾਵਾ ਹੋਇਆ ਹੋਣੈ।’ - ਮੈਂ ਕਿਹਾ।

ਕਹਿੰਦਾ - ‘ਉਸ ਬੰਦੇ ਦੇ ਚਿਹਰੇ ਦੀ ਬੇਬਸੀ ਅਜੇ ਤੱੱਕ ਯਾਦ ਹੈ।’

‘ਸ਼ਾਇਦ ਇਹ ਅਨੁਭਵ ਰੂਪਾਂਤਰਨ ਹੋਏ ਹੋਣ?’ - ਮੈਂ ਕਿਹਾ।

ਕਹਿੰਦਾ - ‘ਇਹਦਾ ਇੱਕ ਪੱਖ ਹੋਰ ਵੀ ਆ। ਬਾਪੂ ਹਿੱਸੇ ਤੇ ਜ਼ਮੀਨ ਦਿੰਦਾ ਸੀ। ਲੈਣ ਵਾਲੇ ਵਗਾਰ ਕਰਦੇ। ਘਰਦੇ ਛੋਟੇ ਮੋਟੇ ਕੰਮ ਕਰਦੇ ਸੀ। ਜੇ ਕਦੇ ਬਾਪੂ ਦੇ ਕਹੇ ਮੈਂ ਉਨ੍ਹਾਂ ਨੂੰ ਸੱਦਣ ਲਈ ਉਨ੍ਹਾਂ ਦੇ ਘਰ ਜਾਂਦਾ। ਉਹ ਬੰਦਾ ਆਖਦਾ ਕਿ ਬਾਪੂ ਨੂੰ ਕਹਿ ਦੇਈਂ ਯਾਰ ਉਹ ਘਰੇ ਹੈਨੀ। ਮੈਂ ਝੂਠ ਬੋਲ ਦਿੰਦਾ ਸੀ ਵੀ ਘਰੇ ਹੈਨੀ।’

ਇੱਕ ਦਿਨ ਉਸ ਘੱਟ ਜ਼ਮੀਨੇ ਕਿਸਾਨ ਦਾ ਮੁੰਡਾ ਸਾਡੇ ਪੱਠੇ ਵੱਢਣ ਚੱਲਿਆ ਸੀ। ਉਹਦੀ ਮਾਂ ਦੇ ਚਿਹਰੇ ’ਤੇ ਮਜਬੂਰੀ ਦੇਖੀ ਸੀ। ਮੈਨੂੰ ਲੱਗਿਆ ਇਹ ਹੱਕ ਮੇਰਾ ਬਣਦਾ ਸੀ।

ਕੋਈ ਅੰਦਰੋਂ ਐਨਾ ਤਕੜਾ ਕਿਵੇਂ ਹੋ ਸਕਦੈ? ਬੱਨਵੇ ਤਰੰਨਵੇਂ ’ਚ ਜੇਲ੍ਹ ਵਿੱਚ ਰਿਹਾ ਬੰਦਾ ਐਨਾ ਸ਼ਾਂਤ। ਉਹ ਉਧਰੋਂ ਮੁੜਿਐ ਜਿੱਧਰੋਂ ਟਾਵੇਂ ਮੁੜਦੇ ਨੇ। ਉੱਧਰ ਤੁਰਦੈ ਜਿੱਧਰ ਟਾਵੇਂ ਤੁਰਦੇ ਨੇ। ਜਿਹੜਾ ਤਨਵੀਰ ਵੱਡਾ ਹੋ ਕੇ ਤਾਏ ਨੂੰ ਕੁੱਟਣ ਦੀਆਂ ਸਕੀਮਾਂ ਘੜਦੈ, ਉਹੀ ਤਨਵੀਰ ਵੱਡਾ ਹੋ ਕੇ ਆਪਣੇ ਵਿਰੋਧੀ ਗਰੁੱਪ ਆਲਿਆਂ ਨੂੰ ਘੜਦੈ। ਹੋਰ ਵੱਡਾ ਹੋ ਕੇ ਭੂਤਵਾੜੇ ਦਾ ਮੈਂਬਰ ਬਣਦੈ। ਪਹਿਲੇ ਭੂਤਵਾੜੇ ’ਚ ਵੱਡੇ ਭੂਤ ਰਹੇ ਹਨ। ਯੂਨੀਵਰਸਿਟੀ ’ਚ ਜਿਹੜਾ ਦੂਜਾ ਭੂਤਵਾੜਾ ਬਣਿਆ ਓਹ ’ਚ ਤਨਵੀਰ ਵੀ ਰਿਹੈ। ਉੱਥੇ ਰਹਿੰਦਿਆਂ ਉਹਨੇ ਵਿਸ਼ਵ ਸਾਹਿਤ ਦੇ ਸਿਆੜ ਕੱਢੇ ਜਿਹੜੇ ਹੁਣ ਫਲਾਂ ’ਤੇ ਨੇ। ਇਹੋ ਜੇ ਬੰਦੇ ਆਊਟਸਾਈਡਰ ਹੁੰਦੇ ਨੇ। ਜਿੱਧਰ ਵੀ ਤੁਰਨ ਸਿਖਰ ਕਰਦੇ ਨੇ। ਜੇ ਆਸ਼ਕੀ ਕਰਨ ਤਾਂ ਮਹਿਬੂਬ ਨੂੰ ਪੱਟ ਵਿੱਚੋਂ ਮਾਸ ਕੱਢ ਕੇ ਖਵਾ ਦਿੰਦੇ ਨੇ। ਜੇ ਵੈਲੀਪੁਣਾ ਕਰਨ ਤਾਂ ਵੀ ਸਿਖਰ। ਜੇ ਪੜ੍ਹਨ ਲੱਗ ਜਾਣ ਫਿਰ ਕਲਾਸਿਕ ਸਾਹਿਤ ਵਿਚਲੇ ਪਾਤਰਾਂ ਦੀਆਂ ਗੱਲਾਂ ਹਜ਼ਮ ਕਰਕੇ ਹਵਾ ’ਚ ਉਛਾਲਦੇ ਨੇ ਜਿਹੜੀਆਂ ਅਗਲੇ ਦਿਨ ਸਵੱਖਤੇ ਚੰਨ ਬਣ ਚੜ ਜਾਂਦੀਆਂ ਨੇ।

ਜਦੋਂ ਉਹ ਜੇਲ੍ਹ ’ਚ ਬੈਠਾ ਸੀ, ਮੈਂ ਉਦੋਂ ਦੂਜੀ ਕਲਾਸ ’ਚ ਸੀ। ਜ਼ਿੰਦਗੀ ਦੇ ਅਲਜ਼ਬਰੇ ਦਾ ਉਹ ਜੇਲ੍ਹ ’ਚ ਬੈਠਾ ਲਘੁਤਮ ਕੱਢ ਲਿਆਇਆ। ਸਮਝ ਆਇਆ ਬਈ ਰੱਖਿਆ ਏਥੇ ਵੀ ਕੁੱਝ ਨ੍ਹੀਂ। ਜੇਲ੍ਹ ਬੈਠੇ ਬੰਦੇ ਦਾ ਅੰਦਰਲਾ ਕਹਿੰਦਾ ਤਾਂ ਹੋਣੈ ਬੰਦਾ ਬਣ ਬੰਦਾ। ਜੇਲ੍ਹ ਚੋਂ ਆਇਆਂ ਵੀ ਮੁੱਦਤਾਂ ਬੀਤ ਗਈਆਂ ਪਰ ਉਹਦੇ ਸੁਭਾਅ ਤੋਂ ਅਜੇ ਵੀ ਉਹਦੇ ਗਰਾਈਂ ਡਰਦੇ ਆ। ਕੋਟ ਲੱਲੂ ਦਾ ਇੱਕ ਮੁੰਡਾ ਸਾਡੇ ਕੋਲ ਪੜ੍ਹਨ ਆਇਆ। ਮੈਂ ਉਹਨੂੰ ਪੁੱਛਿਆ -

‘ਤਨਵੀਰ ਨੂੰ ਜਾਣਦੈਂ।’

ਉਹ ਮੇਰੇ ਬੰਨ੍ਹੀ ਹੋਰੂ ਜੇ ਝਾਕਿਆ ਜਿਵੇਂ ਮੈਂ ਕੋਈ ਗਲਤ ਪੁੱਛ ਲਿਆ ਹੋਵੇ। ਕਹਿੰਦਾ - ‘ਹਾਂ ਜੀ।’

ਬਾਅਦ ’ਚ ਜਦੋਂ ਮੇਰੀ ਉਸ ਵਿਦਿਆਰਥੀ ਨਾਲ ਆੜੀ ਪਈ ਕਹਿੰਦਾ - ‘ਜਦੋਂ ਤਨਵੀਰ ਅਜੇ ਵੀ ਲੰਘਦੈ। ਲੋਕੀ ਤੁਰ ਜਾਂਦੇ ਆ।’

ਮੈਂ ਉਹਨੂੰ ਕਿਹਾ ਉਨ੍ਹਾਂ ਲੋਕਾਂ ਨੂੰ ਉਹਦੀ ਕਿਤਾਬ ਪੜ੍ਹਾ, ਓਹ ਹੁਣ ਬਦਲ ਗਿਐ।

ਉਹਦਾ ਬਦਲਣਾ ਸਾਰਿਆਂ ਨੂੰ ਪਸੰਦ ਐ। ਉਹਦੀਆਂ ਅੱਖਾਂ ’ਚ ਅਜੇ ਵੀ ਇਨਸਾਫ ਦਿਵਾਉਣ ਆਲਾ ਜੱਟਪੁਣੈ।

ਜੇਲ੍ਹ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦੀ ਐ। ਉਹ ਜੇਲ੍ਹ ਦੇ ਅਨੁਭਵ ਦੱਸਦੈ ਕਿ ‘ਜੇਲ੍ਹ ਜਾਣਾ ਪੁਨਰਜਨਮ ਵਰਗੀ ਗੱਲ ਹੈ। ਥੋਡੇ ਪਿਛਲਾ ਜਨਮ ਯਾਦ ਹੁੰਦਾ ਹੈ। ਜੇਲ੍ਹ 'ਚ ਤੁਸੀਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਦੇ ਹੋ। ਥੋਨੂੰ ਕਵੀਆਂ ਵਾਂਗ 'ਜਗਤ ਤਮਾਸ਼ੇ' ਨੂੰ ਇੱਕ ਪਾਸੇ ਖੜ੍ਹ ਕੇ ਦੇਖਣ ਦੀ ਜਾਚ ਆ ਜਾਂਦੀ ਹੈ। ਵਿਹਲ ਹੋਣ ਕਾਰਨ ਲੰਘੀ ਜ਼ਿੰਦਗੀ ਬਾਰੇ ਸੋਚਣ ਦਾ ਮੌਕਾ ਮਿਲਦਾ ਹੈ। ਮੈਨੂੰ ਲੱਗਦੈ ਪਾਸ਼ ਦੀਆਂ, ਨਾਜ਼ਮ ਹਿਕਮਤ ਦੀਆਂ ਜੇਲ੍ਹ ਨਾਲ ਸਬੰਧਿਤ ਕਵਿਤਾਵਾਂ। ਫੂਕੋ ਦਾ 'ਗੋਲ ਜੇਲ੍ਹ', 'ਪੁਨਿਸ਼ਮੈਂਟ ਐਂਡ ਡਸਿਪਲਨ' ਦੇ ਸਿਧਾਂਤ ਆਮ ਪਾਠਕ ਨਾਲੋਂ ਮੈਨੂੰ ਸ਼ਾਇਦ ਵੱਧ ਬਾਰੀਕੀ ਨਾਲ ਸਮਝ ਆਏ ਨੇ। ਇੱਕ ਵਾਰ ਮੇਰੇ ਵਿਰੋਧੀ ਗਰੁੱਪ ਦਾ ਮੁੰਡਾ ਪੇਸ਼ੀ ਭੁਗਤ ਕੇ ਬੱਸ 'ਚ ਵਾਪਸ ਜੇਲ੍ਹ ਜਾ ਰਿਹਾ ਸੀ ਉਹਨੇ ਮੇਰੇ ਵੱਲ ਮੁਸਕਰਾ ਕੇ ਹੱਥ ਖੜ੍ਹਾ ਕਰ ਦਿੱਤਾ। ਮੈਂ ਸੋਚਿਆ ਇਹ ਮੁੰਡੇ ਨੇ ਦੁਸ਼ਮਣ ਹੋਣ ਦੇ ਬਾਵਜੂਦ ਹੱਥ ਕਿਉਂ ਚੱਕਿਆ? ਇਹ ਗੱਲ ਮੈਨੂੰ ਉਦੋਂ ਸਮਝ ਆਈ ਜਦੋਂ ਮੈਂ ਖੁਦ ਪੇਸ਼ੀ ਭੁਗਤ ਕੇ ਬੱਸ 'ਚ ਜਾ ਰਿਹਾ ਸੀ ਉਹ ਮੁੰਡਾ ਅਸਲ 'ਚ ਬਾਹਰਲੀ ਜ਼ਿੰਦਗੀ ਨਾਲ ਨਾਤਾ ਬਣਾਉਣਾ ਚਾਹੁੰਦਾ ਸੀ ਤੇ ਮੈਨੂੰ ਆਖ ਰਿਹਾ ਸੀ- ਕੀ ਹੋ ਗਿਆ ਆਪਾਂ ਦੁਸ਼ਮਣ ਆਂ। ਪਰ ਮੈਂ ਤੈਨੂੰ ਜਾਣਦਾ ਤਾਂ ਹੈਗਾ ਨਾ। ਜੇਲ੍ਹ ਜਾ ਕੇ ਆਜ਼ਾਦੀ ਦੀ ਸਮਝ ਆ ਜਾਂਦੀ ਆ। ਜ਼ਿੰਦਗੀ ਖ਼ੂਬਸੂਰਤ ਲੱਗਣ ਲੱਗਦੀ ਐ। ਇਕ ਵਿਦੇਸ਼ੀ ਕਵਿਤਰੀ ਦੀ ਕਵਿਤਾ ਹੈ- ਛੁੱਟੀਆਂ ਬਿਤਾ ਕੇ ਰੇਲ-ਗੱਡੀ  'ਚ ਜਾ ਰਹੀ ਹਾਂ। ਲੋਕ ਬੀਚ 'ਤੇ ਮੌਜਾਂ ਮਾਣ ਰਹੇ ਨੇ ਕੀ ਮੌਤ ਤੋਂ ਬਾਅਦ ਅਜਿਹਾ ਹੀ ਅਹਿਸਾਸ ਹੋਵੇਗਾ? ਬੱਸ 'ਚ ਜਾ ਰਹੇ ਨੂੰ ਮੈਨੂੰ ਇਸ ਕਵਿਤਾ ਵਰਗਾ ਕੁਝ ਮਹਿਸੂਸ ਹੋ ਰਿਹਾ ਸੀ। ਬਾਕੀ ਜੇਲ੍ਹ 'ਚ ਬਦਲਾ ਲੈ ਕੇ ਗਏ ਬµਦੇ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਬਲਾਤਕਾਰੀ ਨੂੰ ਜ਼ਲੀਲ ਕੀਤਾ ਜਾਂਦਾ ਹੈ। ਚੋਰਾਂ ਬਲੈਕੀਆਂ ਨੂੰ ਇੱਜਤ ਨ੍ਹੀਂ ਮਿਲਦੀ। ਜੇਲ੍ਹ 'ਚ ਮੈਨੂੰ ਕੋਈ ਅਜਿਹਾ ਬੰਦਾ ਨ੍ਹੀਂ ਮਿਲਿਆ ਜਿਸਨੇ ਆਪਣਾ ਗੁਨਾਹ ਕਬੂਲ ਕੀਤਾ ਹੋਵੇ ਸਭ ਇਹੀ ਕਹਿੰਦੇ ਨੇ ਮੈਨੂੰ ਮਜ਼ਬੂਰੀ 'ਚ ਜੁਰਮ ਕਰਨਾ ਪਿਆ। ਕਈ ਬੇਕਸੂਰ ਵੀ ਫਸੇ ਦੇਖਕੇ ਤਰਸ ਆਉਂਦਾ ਸੀ।’

ਨੂਰਪੁਰੀ ਨੇ ਲਿਖਿਐ - ‘ਏਥੇ ਲੋਹੇ ਸੋਨੇ ਕੱਚ ਦਾ, ਬੀਬਾ ਇੱਕ ਬਜ਼ਾਰੀ ਭਾਅ।’ ਇਹ ਫਿਕਰਾ ਉਸਦੇ ਸਾਹਮਣੇ ਬੈਠਿਆਂ ਰੱਦ ਹੁੰਦੈ। ਉਸ ਅੰਦਰਲਾ ਜਦੋਂ ਬੋਲਦੈ ਤਾਂ ਫਿਰ ਨੂਰਪੁਰੀ ਯਾਦ ਆਉਂਦੈ - ‘ਤੂੰ ਸੁੱਤੇ ਫਨੀਅਰ ਛੇੜ ਨਾ, ਜਾਹ ਵੱਖਰੀ ਬੀਨ ਵਜਾ।’

ਡਾ. ਬਲਦੇਵ ਸਿੰਘ ਧਾਲੀਵਾਲ ਨੇ ਆਪਣੇ ਬਾਪੂ ਬਾਰੇ ਲਿਖਦਿਆਂ ਇੱਕ ਥਾਂ ਲਿਖਿਐ ਕਿ ‘ਯਾਰ ਮੇਰੇ ਵੰਨੀਉਂ ਤੁਸੀਂ ਪਟਿਆਲੇ ਆਲੇ ਰਾਜੇ ਦੇ ਮਹਿਲ ਬੈਅ ਕਰਾ-ਲੋ। ਪਰ ਜੇ ਪਿਉ-ਦਾਦੇ ਦੀ ਢੇਰੀ ਗਾਲ ਕੇ ਈ ਵਾਧਾ ਕਰਨੈਂ ਤਾਂ ਫਿਰ ਉਹ ਟੱਟੂ ਦਾ ਵਾਧੈ ?’ ਮੈਨੂੰ ਬਲਦੇਵ ਧਾਲੀਵਾਲ ਦਾ ਬਾਪੂ ਤਨਵੀਰ ਦੇ ਤਾਏ ਵਰਗਾ ਲੱਗਦੈ। ਉਹ ਗੱਲ ਹੋਰ ਕਹਿੰਦੈ, ਲਹਿਜਾ ਜਮਾਂ ਉਹੀ। ਉਸਦਾ ਤਾਇਆ ਆਪਣੇ ਸਮੇਂ ਦਾ ਤਕੜਾ ਵੈਲੀ ਰਿਹੈ। ਬੇਗਾਨਾ ਮਰਦ ਸਾਡੇ ਘਰ ਆ ਕੇ ਸਾਡੀਆਂ ਔਰਤਾਂ ਨੂੰ ਗਾਲਾਂ ਦੇ ਜੇ ਅਸੀਂ ਚੁੱਪ ਵੱਟ ਲਈਏ ਅਸੀਂ ਟੱਟੂ ਦੇ ਬੰਦੇ ਆਂ। ਤਨਵੀਰ ਦੀ ਖੂਨ ਕਵਿਤਾ ਵਿਚਲਾ ‘ਤਾਇਆ’ ਅਤੇ ‘ਸਜਾਖੀ ਦੀਵਾਲੀ’ ਵਿਚਲਾ ‘ਆਤਮਾ’ ਪੰਜਾਬੀ ਰਹਿਤਲ ਦੇ ਸ਼ਾਹਕਾਰ ਪਾਤਰ ਨੇ। ਆਤਮਾ ਤਪੱਸਵੀ ਸਾਧੂ ਵਰਗੈ। ਖਰਾ ਬੰਦਾ। ਜੀਹਦਾ ਜਿਉਂਣ ਕਿਸੇ ਦੂਜੇ ’ਤੇ ਨਿਰਭਰ ਐ ਪਰ ਉਸ ਕੋਲ ਦੇਣ ਲਈ ਦੁਆਵਾਂ ਨੇ। ਤਨਵੀਰ, ਤਾਏ ਰਾਹੀਂ ਪੰਜਾਬੀ ਬੰਦੇ ਦੇ ਕਰੈਕਟਰ ਨੂੰ ਫੜਦੈ। ਇਹ ਕਰੈਕਟਰ ਉਸਦੇ ਪਿੰਡ ਵਿੱਚ ਰਹਿੰਦੇ ਬੰਦਿਆਂ ਨੇ ਜਿਉਂਇਐ। ਉਹਦੀਆਂ ਇਨ੍ਹਾਂ ਦੋਹਾਂ ਨਜ਼ਮਾਂ ਵਿੱਚ ਪੇਂਡੂ ਰਹਿਤਲ ਦੇ ਅਣਕਹੇ ਬਿਰਤਾਂਤ ਨੇ, ਜਿਹੜੇ ਨਵੀਂ ਕਵਿਤਾ ’ਚੋਂ ਲਗਪਗ ਮਨਫ਼ੀ ਨੇ। ਉਹਦੀ ‘ਕਾਵਿ-ਮੈਂ’ ਤਾਏ ਨੂੰ ਕੁੱਟਣ ਦੀਆਂ ਸਕੀਮਾਂ ਘੜਦੀ ਐ। ਜੀਹਨੂੰ ਮਲਵਈ ‘ਬਣ’ ਕਹਿੰਦੇ ਨੇ ਦੋਵਾਂ ਭਰਾਵਾਂ ਚ ‘ਬਣ’ ਨਹੀਂ। ਸਾਕ ਸ਼ਕੀਰੀਆਂ ਸਾਂਝੇ ਨੇ। ਫੁੱਫੜ ਦਾ ਕਰੈਕਟਰ ਪਿਓਰ ਮਲਵਈ ਐ। ਮਾਲਵੇ ਵਿੱਚ ਕਹਿੰਦੇ ਨੇ ਕਿ ਪ੍ਰਾਹੁਣਾ ਕਾਹਦਾ ਜੀਹਨੇ ‘ਠਿੱਠ’ ਨਾ ਕੀਤਾ। ਸੱਭਿਆਚਾਰ ਦਾ ਗੌਰਵ ਐ ਕਿ ਜੀਜੇ ਸਾਲੇ ਦਾ ਰਿਸ਼ਤਾ ਰਿਹਾ ਇੱਕ ਬੰਨੇ ਪਰ ਸਾਲੇ ਦੇ ਘਰੋਂ ਔਰਤ ਪ੍ਰਹਾਉਣਿਆਂ ਦੇ ਭੈਣਾਂ ਦੀ ਥਾਂ ਹੁੰਦੀ ਐ। ਪ੍ਰਾਹੁਣੇ ਦਾ ਬੋਤਲ ਮੰਗਣਾ ਤਾਂ ਠੀਕ ਐ ਪਰ ਮੰਗਦਾ ‘ਭੈਣ’ ਤੋਂ ਐ। ਨਾ ਮਿਲਣ ਤੇ ਫੁੱਫੜ ਗਾਲਾਂ ਦਿੰਦੈ। ਲੜਿਆ ਹੋਇਆ ਤਾਇਆ ਪੰਜਾਬੀ ਬੰਦੇ ਦੀ ਭੂਮਿਕਾ ਨਿਭਾਉਂਦੈ। ਖੜਜਾ ਮੈਂ ਦਿਨਾਂ ਤੈਨੂੰ ਬੋਤਲ ਇਹ ਕਹਿ ਤਾਇਆ ਅਚਾਨਕ ਆ ਕੇ ਫੁੱਫੜ ਨੂੰ ਕੁੱਟਣ ਲੱਗਦੈ। ਐਲਾਨ ਕਰਦੈ - ‘ਅਸੀਂ ਭਾਈ ਭਾਈ/ਅਸੀਂ ਲੱਖ ਲੜੇ ਹੋਈਏ/ਕਿਸੇ ਦੀ ਕੀ ਮਜ਼ਾਲ ਐ/ਸਾਡੀਆਂ ਔਰਤਾਂ ਨੂੰ ਗਾਲਾਂ ਦੇ ਜੇ।’ ਐਨੀ ਜਾਨ ਨਾਲ ਕਰੈਕਟਰ ਫੜਨਾ ਬੜਾ ਔਖੈ। ਲੱਲੂਆਣੇ ਮੇਰਾ ਮਾਮਾ ਵਿਆਹਿਐ। ਲੱਲੂਆਣੇ, ਉਹਦੇ ਤਾਏ ਦੀ ਕੁੜੀ ਨੂੰ। ਅੱਜ ਬੱਨਵੇਂ ਸਾਲ ਦੇ ਮੰਜੇ ਤੇ ਪਏ ਬਜ਼ੁਰਗ ਨੇ ਮੇਰਾ ਮੋਢਾ ਪਲੋਸਿਐ। ਨਾਲ ਕਿਹੈ - ‘ਪੁੱਤ ਰਿਸ਼ਤੇ ਆਉਣ ਜਾਣ ਨਾਲ ਹੀ ਜਿਉਂਦੇ ਆ।’ ਸ਼ਾਇਦ ਇਹ ਓਹੀ ਤਾਇਐ ਜੀਹਦਾ ਜ਼ਿਕਰ ਤਨਵੀਰ ਦੀ ‘ਕਾਵਿ-ਮੈ ਕਰਦੀ ਐ। ਮੇਰਾ ਉਸ ਨੂੰ ਘੁੱਟ ਕੇ ਜੱਫੀ ਪਾਉਣ ਨੂੰ ਦਿਲ ਕਰਦੈ। ਮੈਨੂੰ ਲੱਗਦੈ ਮੰਜੇ ਤੇ ਬੀਮਾਰ ਪਿਆ ਤਾਇਆ ਫੁੱਫੜ ਦੀ ਗਾਲ ਨੂੰ ਵਿਚਾਲਿਓਂ ਪਾੜਨ ਵਾਲਾ ਹੈ। ‘ਪੁੱਤ ਰਿਸ਼ਤੇ ਆਉਣ ਜਾਣ ਨਾਲ ਹੀ ਜਿਉਂਦੇ ਆ।’ ਮੇਰੇ ਰਾਹੀਂ ਕਿਸੇ ਸਿਰਜਕ ਨੂੰ ਕਹਿ ਰਿਹਾ ਹੋਵੇ। ਤਨਵੀਰ ਨੇ ਬੱਝਵੀਂ ਬਿਰਤਾਂਤਕ ਲੜੀ ’ਚ ਸਾਲਮ ਦਾ ਸਾਲਮ ਕਰੈਕਟਰ ਫੜਿਐ। ਇਹ ਨਜ਼ਮ ਕੇਰਾਂ ਮੇਰੇ ਮਿੱਤਰ ਨੇ ਮੇਰੇ ਸਾਹਮਣੇ ਲਿਆ ਧਰੀ। ਉਹ ਦੋ ਨਜ਼ਮਾਂ ਬੈਗ ਵਿੱਚ ਪਾਈ ਫਿਰੇ। ਦੇਵਨੀਤ ਦੀ ਅਤੇ ਤਨਵੀਰ ਦੀ।

ਦੋਵੇਂ ਨਜ਼ਮਾਂ ਪੜ੍ਹ ਗੁਰਦੀਪ। ਤਨਵੀਰ ਦੀ ਨਜ਼ਮ ਜਮ੍ਹਾਂ ਦੇਵਨੀਤ ਦੀ ਨਜ਼ਮ ਵਰਗੀ ਐ। - ਮੇਰੇ ਮਿੱਤਰ ਨੇ ਕਿਹਾ।

ਮੈਂ ਉਸ ਦੇ ਕਹੇ ਤੋਂ ਦੁਬਾਰਾ ਦੋਵੇਂ ਪੜ੍ਹੀਆਂ।

ਕੋਈ ਸੁਣਾ ਨਵੀਂ ਤਾਜ਼ੀ' - ਆਦਤ ਮੁਤਾਬਕ ਮੈਂ ਕਿਹਾ।

ਆ ਤੈਨੂੰ ਨਵੀਂ ਤਾਜ਼ੀ ਨ੍ਹੀਂ ਲੱਗਦੀ - ਉਹ ਅੱਗੋਂ ਗੁੱਸੇ ਵਿੱਚ ਬੋਲਿਆ।

ਲੈ ਸੁਣ ਫਿਰ - ਇਹ ਘਟਨਾ ਸੱਚੀ ਐ। ਤਨਵੀਰ ਦੇ ਘਰੇ ਵਾਪਰੀ ਹੂ ਬ ਹੂ ਘਟਨਾ। ਤਨਵੀਰ ਨੇ ਇਹ ਗੱਲ ਆਪਣੇ ਆੜੀ ਦੇਵਨੀਤ ਨੂੰ ਦੱਸ ਦਿੱਤੀ। ਦੇਵਨੀਤ ਕਹਿੰਦਾ ਮਿੱਤਰਾ ਇਹ ਘਟਨਾ ਬਹੁਤ ਵੱਡੀ ਘਟਨਾ ਹੈ। ਦੇਵਨੀਤ ਨੇ ਪੂਰੀ ਘਟਨਾ ਤੇ ਕਵਿਤਾ ਲਿਖੀ। ਇਹ ਕਵਿਤਾ ਤਨਵੀਰ ਨੇ ਵੀ ਲਿਖੀ।

ਜਦੋਂ ਦੇਵਨੀਤ ਨੇ ਇਹ ਨਜ਼ਮ ਲਿਖ ਦਿੱਤੀ ਸੀ ਫਿਰ ਤਨਵੀਰ ਨੂੰ ਨਹੀਂ ਲਿਖਣੀ ਚਾਹੀਦੀ ਸੀ।

ਉਂਝ ਤਾਂ ਤੇਰੀ ਗੱਲ ਵੱਡੀ ਐ, ਪਰ ਇਹ ਦੋਵੇਂ ਨਜ਼ਮਾਂ ਸ਼ਾਨਦਾਰ ਨੇ। - ਅੱਗੋਂ ਮੈਂ ਕਿਹਾ।

ਮੇਰਾ ਆੜੀ ਅਣਮੰਨ ਐ, ਉਹ ਮੰਨਿਆ ਨ੍ਹੀਂ। ਕਹਿੰਦਾ ਰਿਹਾ ਇਹ ਨਕਲ ਐ। ਉਸਨੂੰ ਸਮਝਾਇਆ ਨ੍ਹੀਂ ਜਾ ਸਕਦਾ। - ਮੈਨੂੰ ਲੱਗਿਆ।

ਤਨਵੀਰ ਦੇ ਸਿਰਜੇ ਪਾਤਰ ’ਚ ਗੜਕ ਵੀ ਬਥੇਰੀ ਐ। ਮੜਕ ਵੀ ਬਥੇਰੀ ਐ ਤੇ ਸੰਤਪੁਣਾ ਵੀ ਲੋਹੜਿਆ ਦੈ। ਤਨਵੀਰ ਚੁੱਪ ਰਹਿੰਦੈ। ਜਦੋਂ ਬੋਲਦੈ ਕਵਿਤਾ ਰਾਹੀਂ ਬੋਲਦੈ। ਕਿਤੇ ਕਿਤੇ ਉਹਦੇ ਆਲੇ ਦੁਆਲੇ ਦਾ ਅੜਬਪੁਣਾ ਉਹਦੀ ਨਜ਼ਮ ਵਿੱਚ ਆ ਵੜਦੈ। ਬਹੁਤੀ ਵਾਰੀ ਓਹਦੀ ਸਿਰਜਣਾ ’ਚ ਉਹਦੀ ਚੁੱਪ ਬੋਲਦੀ ਐ। ਵਾਨਗਾਗ ਦੀਆਂ ਵਾਹੀਆਂ ਰੇਖਾਵਾਂ ਵਾਗੂੰ। ਐਂ ਲੱਗਦੈ ਚੜ੍ਹਦੀ ਉਮਰੇ ਖਾੜਕੂਪੁਣਾ ਉਹਦੇ ਹੱਡਾਂ ’ਚ ਬਹਿ ਗਿਆ ਹੋਵੇ। ਇਹ ਖਾੜਕੂਪੁਣਾ ਤਾਏ ਰਾਹੀਂ ਬੜਕਦੈ। ਦਾਬ ਰਾਹੀਂ ਆਊਟਸੈਡਰ ਬਣਦੈ। ਉਹਨੇ ਦਾਬ ਕਾਹਦੀ ਲਿਖੀ ਉਹ ਦਾਬ ਆਲਾ ਤਨਵੀਰ ਬਣ ਗਿਆ। ਪਹਿਲਾਂ ਆਲਾ ਸਾਰਾ ਕੰਮ ਜਿਵੇਂ ਦਾਬ ਨੇ ਧੋ ਦਿੱਤਾ ਹੋਵੇ। ਐਂ ਵੀ ਲੱਗਦੈ ਜੇ ਕਿਤੇ ਉਹ ਚੜ੍ਹਦੀ ਉਮਰੇ ਬੇਲੀਆਂ ਦੇ ਨਾਲ ਨਾ ਰਲਿਆ ਹੁੰਦਾ ਫਿਰ ਦਾਬ ਨ੍ਹੀਂ ਲਿਖ ਸਕਦਾ ਸੀ। ਬੰਦੇ ਨੂੰ ਉਹਦੇ ਕੰਮ ਬਹੁਤ ਕੁੱਝ ਸਿਖਾਉਂਦੇ ਆ।

ਐਹੋ ਜੇ ਕੰਮਾਂ ’ਚ ਬੰਦਾ ਸਵਾਦ ਲੈਣ ਨੂੰ ਥੋੜਾ ਜਾਂਦੈ। ਸੌ ਸੌ ਮਜਬੂਰੀਆਂ ਹੁੰਦੀਆਂ ਨੇ। ਸਿਰੇ ਦਾ ਪੜਾਕੂ ਮੇਰਾ ਜਮਾਤੀ ਓਨੀ ਦਿਨੀਂ ਟਰੈਕ ਬਦਲ ਗਿਆ ਜਦੋਂ ਅਸੀਂ ਕੱਠੇ ਅਰਥ ਸ਼ਾਸਤਰ ਦੇ ਸਿਧਾਂਤ ਪੜ੍ਹਦੇ ਹੁੰਦੇ ਸਾਂ। ਬਹੁਤ ਸਮਾਂ ਬਾਅਦ ਉਹ ਮੇਰੇ ਕਾਲਜ ਆਇਆ। ਉਹ ਮੇਨ ਗੇਟ ਤੇ ਆਪਣੇ ਕਿਸੇ ਹਿਮਾਇਤੀ ਦਾ ਪ੍ਰਧਾਨਗੀ ਦਾ ਪੋਸਟਰ ਲਾ ਰਿਹਾ ਸੀ, ਮੈਂ ਰਜਿਸਟਰ ’ਤੇ ਹਾਜ਼ਰੀ। ਮੈਨੂੰ ਇੱਕ ਬੰਦੇ ਨੇ ਦੱਸਿਆ ਕਿ ਜੇਲ੍ਹ ਬੰਦੇ ਨੂੰ ਬਾਦਸ਼ਾਹ ਵੀ ਬਣਾ ਦਿੰਦੀ ਹੈ। ਜੇਲ੍ਹ ਤੋਂ ਬਾਹਰ ਆਉਣ ਬਾਅਦ ਬੰਦਾ ਤੇਰ ਮੇਰ ਕਰਨੀ ਛੱਡ ਦਿੰਦੈ। ਇਹ ਗੱਲ ਤੋਂ ਬਾਅਦ ਮੇਰੇ ਤਨਵੀਰ ਦੀ ਕਵਿਤਾ ‘ਸਜਾਖੀ ਦੀਵਾਲੀ’ ਯਾਦ ਆਉਂਦੀ ਐ। ਦੀਵਾਲੀ ਦੇ ਦਿਨ ਉਹਦਾ ਸੀਰੀ ਉਹਤੋਂ ਅਧੀਆ ਮੰਗਾਉਂਦੈ। ਅਧੀਆ ਫੜਦਾ ਆਤਮਾ ਕਹਿੰਦੈ - ‘ਕੋ ਨਾ ਬਾਈ ਇਹਦੇ ਪੈਸੇ ਮੈਂ ਦੇਦੂ।’ ਯਾਰ। ਪੈਸੇ ਤੈਥੋਂ ਮੰਗੈ ਐ ਕਿਸੇ ਨੇ ਤੂੰ ਪੈੱਗ ਲਾ ਦੀਵਾਲੀ ਮਨਾ। ਇਹ ਗੱਲ ਜਿੰਨੀ ਸਿੱਧੀ ਐ ਉਸ ਤੋਂ ਕਿਤੇ ਵੱਧ ਅਸਿੱਧੀ। ਜੇਲ੍ਹ ਤੋਂ ਬਾਅਦ ਬੰਦਾ ਜ਼ੀਰੋ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਦੈ ਪਰ ਕਰਦੈ ਕੋਈ ਆ। ਮਿੰਟੂ, ਲੱਖਾ ਅਤੇ ਤਨਵੀਰ ਜ਼ਿੰਦਗੀ ਸ਼ੁਰੂ ਕਰਨ ਆਲੇ ਬੰਦੇ ਆ। ਰਾਹ ਵੱਖ ਵੱਖ ਆ। ਇਨ੍ਹਾਂ ਦੇ ਜੇਲ੍ਹ ਜਾਣ ਦੇ ਕਾਰਨ ਹੁੰਦੇ ਨੇ। ਉਹਦੇ ਜੇਲ੍ਹ ਜਾਣ ਦੇ ਕੀ ਕਾਰਨ ਨੇ ਉਹਨੇ ਗੁਰਪ੍ਰੀਤ ਨਾਲ ਕੀਤੀ ਮੁਲਾਕਾਤ ਵਿੱਚ ਦੱਸਿਆ।

ਉਹ ਕਹਿੰਦਾ - ‘ਇਕ ਤਾਂ ਉਹ ਉਮਰ ਹੀ ਇਹੋ-ਜਿਹੀ ਹੁੰਦੀ ਹੈ, ਸਮਝ ਨ੍ਹੀਂ ਹੁੰਦੀ। ਦੂਜਾ ਉਸ ਉਮਰ 'ਚ ਮੈਨੂੰ ਦੁੱਲਾ ਭੱਟੀ, ਸੁੱਚਾ ਸੂਰਮਾ ਹੋਰ ਬਹਾਦਰ ਲੋਕ ਬੜੇ ਮਹਾਨ ਬੰਦੇ ਲੱਗਦੇ ਸੀ। ਤੀਜਾ ਮੇਰਾ ਪਿਛੋਕੜ ਇਹੋ ਜਿਹੇ ਮੇਰੇ ਨਾਨਕਿਆਂ ਦੇ ਲਾਣੇ ਦੀ, ਮੇਰੇ ਬਾਪੂ ਦੇ ਨਾਨਕਿਆਂ ਦੇ ਲਾਣੇ ਦੀਆਂ ਖ਼ੂਨੀ ਦੁਸ਼ਮਣੀਆਂ ਰਹੀਆਂ ਨੇ। ਮੇਰਾ ਤਾਇਆ-ਦਾਦਾ ਖਾੜਕੂ ਬੰਦੇ ਰਹੇ ਨੇ। ਮੇਰੇ ਇਕ ਕਜ਼ਨ ਦਾ ਕਦੇ ਬਠਿੰਡੇ ਸ਼ਹਿਰ ’ਚ ਬਹੁਤ ਦਬਦਬਾ ਰਿਹੈ। ਸਾਡੇ ਦੋਵਾਂ ਦੇ 'ਕਾਰਨਾਮੇ' ਜਦ ਮਾਮੇ ਸੁਣਦੇ। ਉਹ ਆਖਦੇ - ਭਾਣਜੇ ਮਾਮਿਆਂ 'ਤੇ ਗਏ ਨੇ। ਮਾਂ ਦੱਸਦੀ ਹੁੰਦੀ ਹੈ ਬਚਪਨ 'ਚ ਕੋਠਿਆਂ 'ਤੇ ਮੋਰਚੇ ਬਣਾਏ ਹੁੰਦੇ ਚੌਵੀਂ ਘੰਟੇ ਪਹਿਰਾ ਲੱਗਿਆ ਰਹਿੰਦਾ ਸਾਨੂੰ ਬੱਚਿਆਂ ਨੂੰ ਕਿਹਾ ਗਿਆ ਸੀ ਜਦੋਂ ਗੋਲੀ ਚਲੇ ਬੱਸ ਧਰਤੀ ’ਤੇ ਲਿਟ ਜਾਇਓ। ਜਦੋਂ ਮੇਰੇ ਬਲਦੇਵ ਮਾਮੇ ਦੀ ਜੰਨ ਚੜ੍ਹੀ ਤਾਂ ਪੁਲਿਸ ਵੱਧ ਸੀ ਬਰਾਤੀ ਘੱਟ ਸੀ। ਜਿਸ ਬੰਦੇ ਨਾਲ ਦੁਸ਼ਮਣੀ ਸੀ, ਉਹ ਸ਼ਰੀਕੇ 'ਚੋਂ ਹੀ ਸੀ। ਹੱਦੋਂ ਵੱਧ ਜ਼ਾਲਿਮ। ਰਾਤ ਨੂੰ ਹਮਲਾ ਕਰ ਦਿੰਦਾ ਸੀ। ਜਦੋਂ ਦੋਵੇਂ ਪਾਸਿਓ ਗੋਲੀ ਚਲਦੀ ਤਾਂ ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਲੋਕ ਕਹਿੰਦੇ ਸੀ ਅੱਜ ਤਾਂ ਪੂਹਲੇ ’ਤੇ ਚਾਂਦਮਾਰੀ ਹੋਈ ਜਾਂਦੀ ਸੀ। ਮੇਰੇ ਦੋ ਨਾਨੇ ਤੇ ਦੋ ਮਾਮੇ ਫੌਜ ’ਚ ਅਫਸਰ ਸੀ। ਇਹਨਾਂ ਕੋਲ ਅਸਲਾ ਵਾਧੂ ਸੀ, ਮਾਮੇ ਦੱਸਦੇ ਸੀ, ਅਸੀਂ ਡਰਦੇ ਸੀ ਦੁਸ਼ਮਣ ਤੋਂ। ਅਸੀਂ ਕਬੀਲਦਾਰ ਸੀ। ਉਹ ਭਗੌੜਾ ਸੀ ਐਨਾ ਜ਼ਾਲਿਮ ਕਿ ਇਕ ਬੰਦੇ ਦਾ ਗਲ ਵੱਢ ਕੇ ਦੋ ਕਿਲੋਮੀਟਰ ਦੂਰ ਜਾ ਕੇ ਨਹਿਰ ’ਚ ਸਿੱਟ ਆਇਆ ਸੀ ਪਰ ਜਦ ਉਹ ਟਲਿਆ ਨਾ ਇਹ ਸਿੱਧੇ ਹੋਗੇ। ਅਸਲ ’ਚ ਉਸ ਬੰਦੇ ਨੇ ਮੇਰੇ ਨਾਨੇ ਦਾ ਭਰਾ ਮਾਰਤਾ ਸੀ ਫੇਰ ਕਾਫ਼ੀ ਖ਼ੁੂਨ-ਖਰਾਬੇ ਬਾਅਦ ਸਮਝੌਤਾ ਹੋ ਗਿਆ। ਦੁਸ਼ਮਣ ਨੇ ਆਪ ਕਿਹਾ- ਮੈਂ ਕਿਹਰ ਸਿਓ (ਮੇਰੇ ਨਾਨੇ ਦਾ ਭਰਾ) ਤੋਂ ਡਰਦਾ ਸੀ ਨਹੀਂ ਸਾਰੇ ਖਾਨਦਾਨ ਨੂੰ ਮਾਰ ਦਿੰਦਾ। ਮੈਂ ਤਿੰਨ ਵਾਰ ਅਜਮੇਰ ਸਿਓ ਨੂੰ ਮਾਰਨ ਆਇਆ ਪਰ ਹਰ ਵਾਰ ਕੋਈ ਚੀਜ਼ ਮੈਨੂੰ ਅੱਗੇ ਵੱਧਣ ਤੋਂ ਰੋਕ ਲੈਂਦੀ ਸੀ। ਤੀਜੀ ਵਾਰ ਫੇਰ ਮੈਂ ਪੱਕਾ ਇਰਾਦਾ ਧਾਰ ਕੇ ਆਇਆ ਪਰ ਮੇਰਾ ਹੌਸਲਾ ਜਵਾਬ ਦੇ ਗਿਆ। ਇਹ ਅਜਮੇਰ ਸਿੰਘ ਮੇਰਾ ਸਕਾ ਨਾਨਾ ਸੀ, ਰੱਬ ਦਾ ਭਗਤ। ਨਾਮ ਸਿਮਰਨ ਕਰਨ ਵਾਲਾ। ਸਬਰ ਸੰਤੋਖ ਵਾਲਾ ਬੰਦਾ। ਸ਼ਾਇਦ ਨਾਨੇ ਦੀ ਚੰਗਿਆਈ ਦੁਸ਼ਮਣ ਨੂੰ ਰੋਕ ਲੈਂਦੀ ਹੋਵੇ। ਬਾਅਦ 'ਚ ਮੇਰੇ ਮਾਮੇ ਨੇ ਉਹ ਬੰਦਾ ਮਾਰਤਾ ਸੀ ਛੋਟੀ ਉਮਰ 'ਚ ਹੀ।

ਹੁਣ ਮੈਨੂੰ ਲੱਗਦੈ ਅਸਲ 'ਚ ਮੇਰਾ ਉਹ ਸਮਾਜ ਤੇ ਸਿਸਟਮ ਸਬੰਧੀ ਰੋਸ ਸੀ ਪਰ ਰੋਸ ਪ੍ਰਗਟਾਉਣ ਲਈ ਰਾਹ ਗਲਤ ਸੀ ਹੁਣ ਉਹੀ ਰੋਸ ਸ਼ਾਇਦ ਕਵਿਤਾ ਰਾਹੀਂ ਪ੍ਰਗਟਾਉਣ ਦੀ ਕੋਸ਼ਿਸ਼ ਕਰ ਰਿਹਾਂ।  

ਉਹਨੇ ਜਿੰਨੇ ਚਾਅ ਨਾਲ ਓਸ਼ੋ ਦੀ 'ਬੁੱਕਸ ਆਈ ਹੈਵ ਲਵਅਡ'', ਲਾਓਤਸੇ ਦੀ 'ਤਾਓ-ਤੇ-ਚਿੰਗ', ਮਿਖਾਇਲ ਨਾਈਮੀ ਦੀ 'ਮੀਰਦਾਦ ਦੀ ਪੁਸਤਕ' ਈਜ਼ਾਡੋਰਾ ਦੀ 'ਮੇਰੀ ਜ਼ਿੰਦਗੀ' ਇੰਰਵਿੰਗ ਸਟੋਨ ਦੀ 'ਲਸਟ ਫਾਰ ਲਾਇਫ', ਪਾਸਤੋਵਸਕੀ ਦੀ 'ਸੁਨਹਿਰਾ ਗੁਲਾਬ' ਗੁਰਭਗਤ ਸਿੰਘ ਦੀ 'ਉੱਤਰਆਧੁਨਿਕਵਾਦ', ਵਿਜੇ ਕੁਮਾਰ-ਅੰਧੇਰੇ ਸਮੇਂ ਮੇਂ ਵਿਚਾਰ, ਹੋਰ ਮੰਟੋ, ਕੁਲਵੰਤ ਵਿਰਕ, ਮੋਪਾਸਾਂ, ਕਾਫ਼ਕਾ ਦੀਆਂ ਕਹਾਣੀਆਂ, ਨਾਵਲ-ਰਾਗ ਦਰਬਾਰੀ, ਹਿੰਦੀ ਕਵੀ ਮਨਮੋਹਨ, ਰਾਮ ਕੁਮਾਰ ਤ੍ਰਿਵਾੜੀ, ਰਘੂਵੀਰ ਸਹਾਏ, ਵੱਡੇ ਕਵੀ 'ਚੋਂ ਫਰਨਾਂਦੋ ਪੇਸੋਆਂ, ਵਿਸਲਾਵਾ ਸਿੰਬੋਰਸਕਾ, ਉਲਾਵ ਐਚ. ਹਿਊਜ਼, ਪੰਜਾਬੀ ਦੀ ਬਹੁੁੁਤੀ ਪੋਇਟਰੀ ਪੜ੍ਹਦੈ। ਇਸ ਤੋਂ ਵੱਧ ਚਾਅ ਨਾਲ ਭਰੋਵਾਲੀਏ ਦੀਦਾਰ ਸੰਧੂ ਨੂੰ ਸੁਣਦੈ। ਭਰੋਵਾਲੀਏ ਦੀਦਾਰ ਦੇ ਅੰਦਰਲੇ ਤੱਕ ਜਾਂਦੈ ਤਾਂਹੀ ਉਹ ਦੀਦਾਰ ਨੂੰ ਸਧਾਰਨ ਗਾਇਕ ਅਤੇ ਅਸਧਾਰਨ ਕਵੀ ਆਖਦੈ। ਉਹਦੇ ਕੋਲੇ ਗੱਲ ਨੂੰ ਵੇਖਣ ਦੇ ਕੋਣ ਨੇ। ਦੀਦਾਰ ਬਾਰੇ ਲਿਖਦਿਆਂ ਓਹ ਆਖਦੈ - ‘ਇਸ਼ਕ ਮਜ਼ਾਜ਼ੀ ਵਾਲੀ ਰੋਕ ਇਸ਼ਕ ਹਕੀਕੀ ’ਚ ਵੀ ਹਾਜ਼ਿਰ ਹੈ। ਸ਼ਾਹ ਹੂਸੈਨ ਦੇ ‘ਰਾਂਝਣ ਦਾ ਠਾਣਾ’। ‘ਨਦੀਓ ਪਾਰ’ ਹੈ। ਬਾਬੇ ਫਰੀਦ ਦੇ ਪਿਆਰੇ ਦਾ ‘ਘਰ ਦੂਰ’ ਹੈ ਤੇ ‘ਗਲੀਏ ਚਿਕੜੁ’ ਹੈ। ਬਾਬਾ ਫਰੀਦ ‘ਸਮਾਜਿਕ ਬਦਨਾਮੀ’ ਲਈ ‘ਕੰਬਲੀ ਭਿੱਜਣ’ ਦਾ ਤੇ ਦੀਦਾਰ ਸੰਧੂ ‘ਘੱਗਰੇ ਦੀ ਲੌਣ ਭਿੱਜਣ’ ਦਾ ਚਿੰਨ੍ਹ ਵਰਤਦਾ ਹੈ- ਮਿੱਤਰਾ ਵੇ ਪਾਰ ਪਾਣੀ ਤੇਰਾ ਡੇਰਾ/ ਪੱਟ-ਪੱਟ ਪਾਣੀ ਮੈਂ ਟੰਗਿਆ ਬਥੇਰਾ/ ਤਾਂ ਵੀ ਘੱਗਰੇ ਦੀ ਵੇ ਲੌਣ ਭਿੱਜ ਗਈ।’ ਉਹਦੇ ਕੋਲੇ ਖੜ੍ਹਨ ਬੈਠਣ ਦਾ ਫਾਇਦਾ ਇਹ ਹੈ ਕਿ ਗੱਲ ਖਰੀ ਕਰਦੈ। ਡਰ ਉਹ ਜੰਮਣ ਵੇਲੇ ਉੱਥੇ ਹੀ ਛੱਡ ਆਇਆ ਸੀ। ਛੁਪੇ ਰਹਿਣ ਦਾ ਚਾਅ ਉੱਥੋਂ ਲੈ ਆਇਆ ਸੀ। ਰਾਂਝੇ ਦੇ ਚਾਕ ਹੋਣ ਵਾਂਗ ਉਹ ਦਿੱਖਦਾ ਘੱਟ ਐ। ਜਦੋਂ ਦਿਖਦੈ ਨਵੇਂ ਰੰਗ ’ਚ।

‘ਗੁਰਦੀਪ ਆ ਤਾਂ ਸਿਰੈ।’ - ਡਾ. ਸਤਿੰਦਰ ਨੂਰ ਦੀ ਤਿੰਨ ਕਵੀਆਂ ਬਾਰੇ ਸੰਪਾਦਿਤ ਕਿਤਾਬ ਦੀ ਦੂਜੀ ਤੀਜੀ ਨਜ਼ਮ ਖੋਲ ਕੇ ਮੇਰੇ ਸਾਹਮਣੇ ਕਰਦੈ।

‘ਓਏ ਹੋਏ।’ - ਮੈਂ ਆਖਦਾਂ।

‘ਨਾ ਸ਼ਬਦ ਵੱਧ ਐ ਨਾ ਘੱਟ।’ - ਉਹ ਆਖਦੈ।

ਦੱਸਣ ਦੀ ਕੀ ਲੋੜ ਐ? ਚਲੋ ਦੱਸਾਂ ਇਹ ਨਜ਼ਮ ਸਤੀ ਕੁਮਾਰ ਦੀ ਐ। ਸਤੀ ਕੁਮਾਰ ਦੀ ਬਾਰੀਕੀ ਤੋਂ ਤਾਂ ਹਰ ਪਾਠਕ ਜਾਣੂ ਐ। ਆਪਣੀ ਲਿਖਤ ਦੇ ਰੱਦ ਹੋਣ ਤੋਂ ਡਰਨ ਵਰਗਾ ਭੈਅ ਉਹਦੇ ਕੋਲ ਦੀ ਲੰਘਦਾ। ਆਪਣੀ ਕਿਤਾਬ ’ਚ ਉਸਨੇ ਵਾਰਤਕਨੁਮਾ ਟਿੱਪਣੀਆਂ ਕੀਤੀਆਂ। ਯੂਨੀਵਰਸਿਟੀ ਤੋਂ ਕਿਸੇ ਵਿਦਵਾਨ ਦਾ ਖਤ ਮਿਲਿਆ। ਉਹ ਇਨ੍ਹਾਂ ਟਿੱਪਣੀਆਂ ਨੂੰ ਹਊਂਮੈ ਦੱਸ ਰਹੇ ਸਨ। ਪਹਿਲੀ ਨਜ਼ਰੇ ਇਹ ਗੱਲ ਲੱਗਦੀ ਐ, ਅਗਲੀ ਪੜ੍ਹਤ ਵਿੱਚ ਇਹ ਜ਼ਰੂਰੀ ਲੱਗਦੀਆਂ ਹਨ। ਦੂਜੀ ਛਾਪ ਵਿੱਚ ਇਹ ਟਿੱਪਣੀਆਂ ਉਸਨੇ ਕੱਢ ਦਿੱਤੀਆਂ ਹਨ। ਵੱਡੀ ਖੂਬੀ ਐ ਉਹ ਆਪਣੇ ਆਪ ਨੂੰ ਰੱਦ ਕਰ ਲੈਂਦੈ। ਉਹਦਾ ਵੱਸ ਚੱਲੇ ਬਹੁਤ ਕੁਝ ਰੱਦ ਕਰੇ। ਉਹ ਮਨਿੰਦਰ ਕਾਂਗ ਨੂੰ ਲੰਮੀ ਕਹਾਣੀ ਚ ਬਾਕੀਆਂ ਨਾਲੋਂ ਵੱਡਾ ਸਮਝਦੈ। ਇਹ ਗੱਲ ਸੱਚ ਐ। ਵਰਿਆਮ ਸੰਧੂ ਨਾਲੋਂ ਕਾਂਗ ਵੱਡਾ ਕਹਾਣੀਕਾਰ ਐ। ਮਨਿੰਦਰ ਕਾਂਗ ਜ਼ਾਨਦਾਰ ਬੰਦਾ ਸੀ, ਉਸਨੇ ਤਨਵੀਰ ਨੂੰ ਕਿਹਾ, ‘ਸਾਰਾ ਕੁਝ ਛੱਡ, ਵਾਰਤਕ ਲਿਖ। ਹਿੰਦੋਸਤਾਨ ਸਰ ਕਰੇਂਗਾ। ਤਨਵੀਰ ਅਕਸਰ ਟਿੱਪਣੀਆਂ ਕਰਦਾ ਰਹਿੰਦਾ ਹੈ। ਕੁਝ ਕੁ ਹੇਠਾਂ ਦੇ ਰਿਹਾਂ -  

- ਸਿਰਜਕ ਸੈਲਫਿਸ਼  ਹੁੰਦੇ ਨੇ, ਬੱਸ ਖ਼ੁਦ ਨੂੰ ਤੇ ਕਲਾ ਨੂੰ ਪਿਆਰ ਕਰਨ ਵਾਲੇ। ਦੂਜੇ ਦਾ ਸਾਥ ਆਪਣੀ ਮਰਜ਼ੀ ਅਨੁਸਾਰ ਚਾਹੁੰਦੇ ਨੇ।

- ਉਦੈ ਪ੍ਰਕਾਸ਼। ਹਿੰਦੀ ਦਾ ਵਿਵਾਦਗ੍ਰਸਤ, ਚਰਚਿਤ ਤੇ ਵੱਡਾ ਕਹਾਣੀਕਾਰ। ਆਲੋਚਕ ਤੋਂ ਪੁਰਾਣੇ/ਪੱਛਮੀ ਸੰਦਾਂ ਨਾਲ ਉਹਦੀ ਕਹਾਣੀ ਖੁੱਲ੍ਹੀ ਨਹੀਂ, ਪਾਠਕ ਕਹਿੰਦੇ ਤੁਹਾਡੇ ਕਹਿਣ ਨਾਲ ਕੀ ਹੁੰਦੈ? ਆਲੋਚਕ ਕਹਿੰਦੇ ਇਹ ਕਹਾਣੀ ਨਹੀਂ।

- ਸੋਲਜ਼ੇਨਿਤਿਸਨ। ਲਾਲ ਸੈਨਾ ਦਾ ਬੈਟਰੀ ਕਮਾਡਰ॥ ਦੋਸਤ ਨੂੰ ਲਿਖੀ ਚਿੱਠੀ ਚ ‘ਰਿੰਗ ਲੀਡਰ’ ਦੀ ਆਲੋਚਨਾ ਕਰ ਬੈਠਾ। ਸੱਤਾ ਵਿਰੁੱਧ ਦੋ ਜਣਿਆ ਦਾ ਸੰਗਠਨ ਬਣਾ ਪ੍ਰਾਪੇਗੰਡਾ ਕਰਨ ਲਈ ਅੱਠ ਸਾਲਾਂ ਦੀ ਸਜ਼ਾ ਸੁਣਾਈ ਗਈ ਤੇ ਜੇਲ੍ਹ ਕੈਂਪ ਭੇਜ ਦਿੱਤਾ। ਇਸੇ ਅਨੁਭਵ ਚੋਂ ਉਸਨੇ ‘ਡੈਨਿਸੋਵਿਚ ਦੇ ਜੀਵਨ ਦਾ ਇੱਕ ਦਿਨ’ ਚਰਚਿਤ ਨਾਵਲ ਲਿਖਿਆ।

- ਨੀਰੋ ਨੇ ਕਦੇ ਬੰਸਰੀ ਨਹੀਂ ਬਜਾਈ ਇਹ ਅਨੁਵਾਦ ਕਰਨ ਵਾਲੇ ਦੀ ਗੜਬੜ ਹੈ। ਨੀਰੋ ਅੰਗਰੇਜ਼ੀ ਦੇ ਅੱਖਰ ਯੂ ਦੇ ਆਕਾਰ ਦਾ ਤਾਰਾਂ ਵਾਲਾ ਸਾਜ਼ ਵਜਾਉਂਦਾ ਸੀ ਬਾਕੀ ਰੋਮ ਨੂੰ ਅੱਗ ਉਸਨੇ ਆਪ ਲਵਾਈ ਸੀ ਤੇ ਮਹਿਲ 'ਤੇ ਖੜ੍ਹ ਕੇ ‘ਟਰਾਏ ਦੀ ਅੱਗ’ ਨਾਮ ਦੀ ਕਵਿਤਾ ਪੜ੍ਹਦਾ ਰਿਹਾ। ਤੱਥ ਇਹ ਵੀ ਹੈ ਕਿ ਉਸਨੇ ਅਜਿਹਾ ਰੋਮ ਬਣਾਇਆ ਕਿ ਲੋਕ ਅਸ਼ ਅਸ਼ ਕਰ ਉੱਠੇ। ਨੀਰੋ ਸੰਗੀਤਕਾਰ ਸੀ, ਐਕਟਰ ਸੀ, ਕਵੀ ਸੀ ਪਰ ਧੱਕੇ ਨਾਲ ਬਣਿਆ ਸੀ ਸਭ ਕੁਝ। ਨਾਟਕ ਕਰਨ ਸਮੇਂ ਤਿੰਨ ਵੱਖ ਵੱਖ ਢੰਗ ਦੀਆਂ ਤਾੜੀਆਂ ਮਾਰਨ ਵਾਸਤੇ ਬੰਦੇ ਰੱਖੇ ਹੋਏ ਸੀ ਸਿਰੇ ਦਾ ਜ਼ਾਲਿਮ ਬੰਦਾ ਸੀ। ਇੱਕ ਵਾਰ ਸਟੇਡੀਅਮ ਚ ਇੱਕ ਔਰਤ ਨੇ ਡਰਦੀ ਨੇ ਬੱਚੇ ਨੂੰ ਉੱਥੇ ਹੀ ਜਨਮ ਦਿੱਤਾ।

ਜਾਂਦੇ ਜਾਂਦੇ ਆਖਰੀ ਗੱਲ ਸੁਣਾਂ ਦਿਆਂ ਉਸ ਅੰਦਰਲਾ ਨਫ਼ਰਤ ਦੀ ਸਿਆਸਤ ਨ੍ਹੀਂ ਜਾਣਦਾ। ਚੁਰਾਸੀ ਉਸਦੇ ਅੰਦਰ ਉੱਤਰੀ ਹੋਈ ਐ। ਅਸੀਂ ਜਿੰਨਾਂ ਨੇ ਮੂਰਤਾਂ ਵੇਖੀਆਂ ਉਸਨੇ ਸੰਤ ਵੇਖਿਐ। ਸੰਤ ਜੀ ਨਾਲ ਅੰਦਰੋਂ ਮੁਹੱਬਤ ਨਾਲ ਭਰਿਐ। ਉਸਦਾ ਨਾਂ ਸੁਣ ਕੇ ਰੋ ਪੈਂਦੈ। ਇਹ ਮੁਹੱਬਤ ਰੋਗ ਨਹੀਂ ਬਣੀ। ਬਣ ਸਕਦੀ ਐ। ਉਸ ਅੰਦਰ ਕਿਸੇ ਬਾਹਰੀ ਭੈਅ ਦਾ ਦਾਬੈ। ਜਿਹੜਾ ਸਾਡੇ ਸਾਰਿਆਂ ਅੰਦਰ ਐ। ਵੱਡੀ ਗੱਲ ਐ ਉਹ ਰੱਦ ਹੋਣ ਤੋਂ ਨਹੀਂ ਡਰਦਾ। ਉਹਦੇ ਅੰਦਰ ਦੋ ਧਿਰਾਂ ਨੇ। ਉਸਨੇ ਕਿਤੇ ਟਿੱਪਣੀ ਕਰੀ ਹੈ ਕਿ 'ਕਾਮਰੇਡ ਨੇ ਆਥਣੇ ਪੈੱਗ ਲੱਗੇ 'ਚ ਕਿਸੇ ਦੇ ਖੇਤੋਂ ਗੰਡੇ ਪੱਟ ਲਏ। ਖੇਤ ਵਾਲੇ ਨੇ ਉਲਾਂਭਾ ਦਿੱਤਾ। ਕਾਮਰੇਡ ਮੁਕਰ ਗਿਆ। ਜੱਟ ਕਹਿੰਦਾ ਗੁਰਦੁਆਰੇ ਚੜ੍ਹ ਜਾ। ਕਾਮਰੇਡ ਨਾਸਤਕ॥ ਗੁਰਦੁਆਰੇ ਵੀ ਮੁਕਰ ਗਿਆ। ਪਰ ਬਾਅਦ ਵਿੱਚ ਆਖੀ ਜਾਵੇ…ਮੈਂ ਮੁਕਰ ਤਾਂ ਗਿਆ ਨਾਲੇ ਮੈਨੂੰ ਲੱਗੀ ਜਾਵੇ ਕਿਤੇ ਗੁਰਦੁਆਰੇ ਦਾ ਗੁੰਬਦ ਜਾ ਉੱਤੇ ਨਾ ਆ ਡਿੱਗੇ।

ਇਹਦੇ ਉਲਟ ਜੇ ਮੈਂ ਕਹਾਂ…ਮੈਂ ਰੱਬ ਨੂੰ ਮੰਨਦਾ। ਇਹ ਵੀ ਮੇਰੀ ਜਾਣਕਾਰੀ ਹੈ। ਮੈਨੂੰ ਕਹਿਣਾ ਇਹ ਚਾਹੀਦੈ…ਰੱਬ ਦੇ ਹੋਣ, ਨਾ ਹੋਣ ਦਾ ਮੈਨੂੰ ਪਤਾ ਨਹੀਂ।

----ਸਮਾਪਤ

ਲਿਖਤ-ਗੁਰਦੀਪ ਸਿੰਘ ਢਿੱਲੋ

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ