ਜਸਵੰਤ ਸਿੰਘ ਕੰਵਲ ਦੀ ਲੋਕ ਸਾਧਨਾ -ਸੁਮੇਲ ਸਿੰਘ ਸਿੱਧੂ
ਜਸਵੰਤ ਸਿੰਘ ਕੰਵਲ ਦੀ ਲੋਕ-ਸਾਧਨਾ, ਪੰਜਾਬੀ ਸਾਹਿਤ, ਲੋਕ-ਚੇਤਨਾ, ਇਨਕਲਾਬੀ ਵਿਚਾਰਧਾਰਾ ਅਤੇ ਪੰਜਾਬ ਦੇ ਸਮਾਜਕ ਸਰੋਕਾਰਾਂ 'ਤੇ ਸੁਮੇਲ ਸਿੰਘ ਸਿੱਧੂ ਦਾ ਵਿਸ਼ਲੇਸ਼ਣਾਤਮਕ ਲੇਖ।

*ਜਸਵੰਤ ਸਿੰਘ ਕੰਵਲ ਦੀ ਲੋਕ-ਸਾਧਨਾ*
– ਸੁਮੇਲ ਸਿੰਘ ਸਿੱਧੂ
*ਗੱਲ ਜ਼ਰਾ ਲੰਮੀ ਹੈ। ਗੱਲ ਤੋਂ ਪਹਿਲਾਂ ਭੂਮਿਕਾ –*
ਪਿਆਰੇ ਦੋਸਤੋ,
*ਸਿਰਮੌਰ ਪੰਜਾਬੀ ਸਾਹਿਤਕਾਰ ਜਸਵੰਤ ਸਿੰਘ ਕੰਵਲ ਦੀ 80 ਸਾਲਾਂ ਤੱਕ ਫੈਲੀ ਰਚਨਾਕਾਰੀ ਵੀਹਵੀਂ ਸਦੀ ਦੇ ਪੰਜਾਬ ਦੇ ਰੌਂਅ-ਰੁਖ਼-ਰਮਜ਼ ਦੀ ਵਿਆਖਿਆ ਵੀ ਹੈ; ਨਿਰਮਾਣਕਾਰੀ ਵੀ ਹੈ ਅਤੇ ਪੰਜਾਬ ਦੇ ਹੁਸਨ-ਇਖ਼ਲਾਕ ਦੀ ਆਬ ਕਾਇਮ ਰੱਖਣ ਦਾ ਇਕਰਾਰ ਵੀ। ਉਨ੍ਹਾਂ ਦੇ ਲੋਕ-ਪਿਆਰ ਨਾਲ ਕਮਾਏ ਸਿਦਕੀ ਸ਼ਬਦ ਨਿਆਂਕਾਰੀ ਸਮਾਜ ਦੀ ਸਿਰਜਣਾ ਹਿਤ ਜੂਝਣ ਦਾ ਹੁਲਾਸ ਭਰਿਆ ਸੱਦਾ ਦਿੰਦੇ ਹਨ।*
ਗੁਰਬਾਣੀ, ਸੂਫ਼ੀਮਤ ਤੇ ਵੇਦਾਂਤ ਦਰਸ਼ਨ ਦੇ ਮਰਮੱਗ ਕੰਵਲ ਜੀ ਨੇ ਜੁਝਾਰੂ ਪੰਜਾਬੀ ਵਿਚਾਰਕ ਪਰੰਪਰਾ ਨੂੰ ਲਗਾਤਾਰ ਨਵਿਆਇਆ। *ਆਪਣੇ ਲੋਕਾਂ ਦੀ ਕਿਰਤੀ ਨੁਹਾਰ 'ਤੇ ਟੇਕ ਰੱਖਦਿਆਂ ਉਹਨਾਂ ਨੇ ਪੇਂਡੂ ਜਵਾਨੀ ਦੇ ਵਲਵਲੇ, ਤਾਂਘਾਂ, ਉਦਾਸੀਆਂ, ਸੰਘਰਸ਼ਾਂ ਨੂੰ ਜ਼ਬਾਨ ਦਿੱਤੀ। ਕਿਸੇ ਵੀ ਹੰਢਣਸਾਰ ਇਨਕਲਾਬੀ ਕਾਰਜ ਲਈ ਮਨੁੱਖ ਦੇ ਭਾਵਨਾਤਮਕ ਸੰਸਾਰ ਨੂੰ ਸਵਾਹਰਾ ਕਰਨਾ; ਅਹਿਸਾਸ ਨੂੰ ਨਿਰਮਲ ਕਰਦਿਆਂ ਚੇਤਨਾ ਹਾਸਲ ਕਰਨੀ; ਚੇਤਨਾ ਨੂੰ ਲੋਕਾਈ ਦੇ ਪਿੜ ਵਿਚ ਖਲ੍ਹਿਆਰਨਾ ਕੰਵਲ ਜੀ ਦੀ ਸ਼ਬਦ ਸਾਧਨਾ ਦੀ ਬੁਨਿਆਦ ਰਿਹਾ ਹੈ।*
ਪੰਜਾਬੀ ਸਮਾਜ ਵਿਚ ਸ਼ਹਿਰੀ ਵਸੇਬ ਦੀ ਪੰਜਾਬ-ਸਰੋਕਾਰ ਤੋਂ ਉਦਾਸੀਨਤਾ ਨੇ ਵੀਹਵੀਂ ਸਦੀ ਵਿਚ ਨਵੀਂ ਪੇਚੀਦਗੀ ਖੜ੍ਹੀ ਕਰ ਦਿੱਤੀ ਹੈ। ਉਦਾਸੀਨ ਦਿਸਦੇ ਭਵਿੱਖ ਦੇ ਮੁਕਾਬਲੇ ਪਿੰਡ ਦੀ ਕਿਰਤੀ ਹਸਤੀ ਨੂੰ, ਉਸ ਦੀ ਧੜਕਦੀ ਬੋਲੀ ਨੂੰ ਪੰਜਾਬ-ਸਿਰਜਣਾ ਦੀ ਜ਼ਰੂਰੀ ਇਕਾਈ ਮੰਨਦਿਆਂ ਉਹਨਾਂ ਨੇ ਪਿੰਡਾਂ ਵਿਚ ਗਿਆਨ ਅਤੇ ਬਲ ਦੇ ਅਣਜੋੜ ਨੂੰ ਪੰਜਾਬ ਦੀ ਵੱਡੀ ਤ੍ਰਾਸਦੀ ਦਰਸਾਇਆ ਹੈ। ਉਹਨਾਂ ਦੀਆਂ ਮੁਢਲੀਆਂ ਲਿਖਤਾਂ ਤੋਂ ਹੀ ਇਹ ਸਮੱਸਿਆਕਾਰ ਦਿਸਣਾ ਸ਼ੁਰੂ ਹੋ ਜਾਂਦਾ ਹੈ ਜਿਹੜਾ ਅਗਾਂਹ ਜਾ ਕੇ ਕੇਂਦਰੀ ਮੁੱਦਾ ਬਣ ਜਾਂਦਾ ਹੈ।
*ਪੰਜਾਬੀ ਲੋਕ-ਬੋਧ ਤੋਂ ਲੋਅ ਲੈਂਦਿਆਂ ਆਪਣੇ ਲੋਕਾਂ ਦੀ ਬਾਤ ਉਨ੍ਹਾਂ ਦੀ ਬੋਲੀ ਵਿਚ ਪਾਉਣ ਦੀ ਪਰਪੱਕ ਸੁਰਤਕਾਰੀ ਨੇ ਕੰਵਲ ਨੂੰ ਲੋਕਾਂ ਦਾ ਅਥਾਹ ਮੋਹ-ਸਤਿਕਾਰ ਬਖ਼ਸ਼ਿਆ ਹੈ। ਲੋਕਾਈ ਦੇ ਅਜਿੱਤ ਸਿਰੜੀ ਜਜ਼ਬੇ ਤੇ ਬਲ ਨੂੰ ਤਰਾਸ਼ਣ ਵਿਚ ਮਾਰਕਸਵਾਦੀ ਵਿਚਾਰ ਨੂੰ ਪੰਜਾਬੀ ਇਤਿਹਾਸ ਨਾਲ ਰੰਗ-ਰੱਤਾ ਕਰਦਿਆਂ ਆਪਣੀ ਲੇਖਣੀ ਦਾ ਲੋਹਾ ਮਨਵਾਇਆ ਤੇ ਆਲਮੀ ਪੱਧਰ ਦੇ ਮਾਰਕਸੀ ਪਿੜ ਵਿਚ ਪੰਜਾਬ ਦੀ ਹਾਜ਼ਰੀ ਬਣਾ ਕੇ ਰੱਖੀ। ਸਮਕਾਲੀ ਸਾਹਿਤਕਾਰਾਂ ਨੇ ਕੰਵਲ ਜੀ ਦੀ ਅਗਵਾਈ ਪ੍ਰਵਾਨ ਕਰਦਿਆਂ 'ਢੁੱਡੀਕੇ ਯੂਨੀਵਰਸਿਟੀ' ਕਿਹਾ ਤਾਂ ਪਾਸ਼ ਨੇ ਕੰਵਲ ਜੀ ਦੀ ਘਾਲਣਾ ਨੂੰ ਤਾਲਸਤਾਏ ਦੀ ਦੇਣ ਦੇ ਬਰਾਬਰ ਰੱਖਿਆ।*
*ਪੰਜਾਬੀ ਬੋਲੀ ਦੀ ਚਿੰਤਨੀ ਤੇ ਭਾਵਾਤਮਕ ਸਮਰੱਥਾ ਨੂੰ ਨਿਖਾਰਨ ਵਿਚ; ਨਵੀਆਂ ਵੰਗਾਰਾਂ ਨਾਲ ਮੱਥਾ ਲਾਉਣ ਦਾ ਹੌਸਲਾ ਰੱਖਣ ਵਿਚ; ਤੇ ਇਕੱਲਿਆਂ ਰਹਿ ਜਾਣ ਦੇ ਖ਼ਤਰੇ ਦੀ ਸਾਣ 'ਤੇ ਚੜ੍ਹ ਕੇ ਆਪਣੇ ਵੇਲੇ ਦਾ ਸੱਚ ਕਹਿਣ ਵਿਚ ਕੰਵਲ ਜੀ ਦੀ ਪੰਜਾਬ ਦੇ ਸੁਪਨੇ ਨਾਲ ਗਹਿਰੇ ਇਸ਼ਕ ਦੀ ਦਾਸਤਾਨ ਪੂਰਨਮਾਸ਼ੀ ਦੇ ਪੂਰੇ ਚੰਨ ਵਾਂਗ ਦਮਕਦੀ ਹੈ।**
ਇਸ ਲੋਕ-ਦਾਰਸ਼ਨਿਕ ਦੇ ਸ਼ਬਦ-ਸਮੁੰਦਰ ਦੀਆਂ ਪਰਤਾ-ਤੈਹਾਂ, ਲਹਿਰਾਂ -ਲੜੀਆਂ ਤੇ ਸਿਰਜਣਾ-ਸਰੋਕਾਰ 'ਚੋਂ ਉੱਭਰਦੇ ਕੁਝ ਕੁਝ ਮਸਲਿਆਂ ਨੂੰ ਅੱਜ ਦੇ ਨਵਾਂ ਜ਼ਮਾਨਾ ਦੇ ਸਾਲਾਨਾ ਸਾਹਿਤਕ ਅੰਕ ਵਿਚ ਛਪੇ ਮਜ਼ਮੂਨ ਵਿਚ ਛੋਹਿਆ ਹੈ।
****। ****। ****
ਹੁਣ ਗੱਲ ਸ਼ੁਰੂ ਕਰਦੇ ਹਾਂ –
ਜਸਵੰਤ ਸਿੰਘ ਕੰਵਲ ਦੀ ਸਰੀਰਕ ਰੁਖ਼ਸਤੀ ਤੋਂ ਬਾਅਦ ਉਹਨਾਂ ਦੀਆਂ ਲਿਖਤਾਂ ਦੀ ਕਣੀ ਹੋਰ-ਹੋਰ ਰਾਗ, ਰੰਗ, ਰਮਜ਼ਾਂ ਉਘਾੜ ਰਹੀ ਹੈ। ਕੰਵਲ ਜੀ ਦੀ ਵਾਰਤਕ ਜਾਂ ਕਾਵਿ ਆਪਣੀ ਕਮਾਈ ਹੋਈ ਭਾਸ਼ਾ ਨਾਲ ਆਪਣੀ ਲੋਕ-ਬੋਧ ਦੀ ਜ਼ਮੀਨ 'ਤੇ ਵਗਦਿਆਂ, ਜਿਸ ਨਿਰਉਚੇਚ ਸਹਿਜ ਨਾਲ ਆਪਣੇ ਪਾਠਕ ਨੂੰ ਰਸ ਨਾਲ ਵੱਤਰ ਕਰਦਿਆਂ, ਕਿਸੇ ਮਹਾਂਖਿਆਲ ਦੇ ਲੜ ਲਾ ਦਿੰਦੀ ਹੈ – ਇਹ ਇੱਕ ਵੱਡੀ ਪ੍ਰਾਪਤੀ ਹੈ।
ਪਾਠਕ ਨੂੰ ਲਗਦਾ ਹੈ ਕਿ ਉਹ ਚੰਗਾ ਬਿਆਨ ਪੜ੍ਹ ਰਿਹਾ ਹੈ, ਰਸਵੰਤੀ ਜ਼ੁਬਾਨ ਮਾਣ ਰਿਹਾ ਹੈ, ਪਾਤਰਾਂ ਦੇ ਸੰਗ-ਸਾਥ ਨੂੰ ਮਾਣ ਰਿਹਾ ਹੈ, ਸਥਿਤੀਆਂ ਦੀ ਹੱਡਵਰਤੀ ਪੇਸ਼ਕਾਰੀ ਨਾਲ ਸਿੱਝ ਰਿਹਾ ਹੈ। ਇਹ ਸਭ ਕੁਝ ਵਿੱਚੋਂ ਗੁਜ਼ਰਦਿਆਂ ਹੋਇਆਂ ਉਸ ਦੇ ਭਾਵ ਜਗਤ ਨੂੰ ਝਟਕੇ ਵੱਜ ਰਹੇ ਹੁੰਦੇ ਹਨ ਤੇ ਫਿਰ ਕੰਵਲ ਦਾ ਕੋਈ ਸ਼ਬਦ, ਕੋਈ ਸਤਰ, ਕੋਈ ਵਾਕੰਸ਼, ਕੋਈ ਵਾਰਤਾਲਾਪ ਐਸੀ ਕਹਿਰ ਦੀ ਉਠਾਨ ਲੈਂਦਾ ਹੈ ਕਿ ਜਿਵੇਂ ਕਾਲੇ ਬਾਗ਼ ਵਿੱਚ ਚਿਲ੍ਹਾ ਕੱਟ ਰਹੇ ਰਾਂਝੇ ਨੂੰ ਇਸ਼ਕ ਦੇ ਹੜ੍ਹ ਵਿੱਚ ਰੋੜ੍ਹਨ ਜਾ ਰਹੀ ਹੀਰ ਦੇ ਦੀਦਾਰ ਕਰਨ ਵੇਲੇ ਵਾਪਰਦਾ ਹੈ:
'ਘੁੰਡ ਲਾਹ ਕੇ ਹੀਰ ਦੀਦਾਰ ਦਿੱਤਾ,
ਰਿਹਾ ਹੋਸ਼ ਨਾ, ਅਕਲ ਥੀਂ ਤਾਕ ਕੀਤਾ ।'
*ਕੰਵਲ ਦੇ ਮਜੀਠੀ ਅੱਗ ਵਿੱਚ ਤਪੇ ਹੋਏ ਸ਼ਬਦ ਤੁਹਾਨੂੰ ਧੁਰ ਡੂੰਘ ਲਰਜ਼ਾ ਦਿੰਦੇ ਹਨ। ਇਸ ਸਾਣ 'ਤੇ ਚੜ੍ਹੇ ਹੋਏ ਪਾਠਕ ਦੇ ਸਾਹਮਣੇ ਕੰਵਲ ਫਿਰ ਇੱਕ ਇਖ਼ਲਾਕੀ ਚੋਣ ਕਰਨ ਦੀ ਵੰਗਾਰ ਖੜ੍ਹੀ ਕਰਦਾ ਹੈ।*
*ਉਸ ਦੀ ਮਹਾਨ ਕਹਾਣੀ 'ਮਾਈ ਦਾ ਲਾਲ'* ਵਿਚਲਾ ਸਧਾਰਨ ਕਿਸਾਨ ਜਦੋਂ ਕਿਸਾਨ ਸੰਘਰਸ਼ ਦੇ ਭਖੇ ਪਿੜ ਵਿੱਚ ਲਾਲ ਝੰਡਾ ਖੜ੍ਹਾ ਰੱਖਣ ਦੀ ਕੀਮਤ ਆਪਣੀ ਜਾਨ ਨਾਲ ਦਿੰਦਾ ਹੈ ਤਾਂ ਪਾਠਕ ਲਈ ਇਮਤਿਹਾਨ ਖੜ੍ਹਾ ਹੋ ਜਾਂਦਾ ਹੈ ਕਿ ਆਪਣੀ ਵਾਰੀ ਆਉਣ 'ਤੇ ਉਹ ਲਚਰ ਸਿਆਣਪਾਂ ਦੇ ਪੱਜ ਲਾ ਕੇ ਖਿਸਕ ਜਾਏਗਾ ਜਾਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਉਸ ਇਖ਼ਲਾਕੀ ਮੋਰਚੇ 'ਤੇ ਡਟਿਆ ਰਹੇਗਾ। *ਕੰਵਲ ਦਾ ਇਹ ਪਾਤਰ 'ਜੁੱਸੇ ਦਾ ਜੜ੍ਹ ਜੱਟ' ਬਖਸ਼ਾ, ਜਿਸ ਦੇ ਅੰਦਰ ਕਿਰਤੀ ਹੋਣ ਦਾ ਮਾਣ ਹੈ, ਜੋ ਸਿਆਲਾਂ ਦੀਆਂ ਠੰਢੀਆਂ ਰਾਤਾਂ ਨੂੰ ਵੀ, 'ਗੋਡੇ-ਗੋਡੇ ਭਰੇ ਪਾਣੀ ਵਿੱਚ ਖਲੋਤਾ ਉਹ ਅੰਦਰਲੇ ਸੇਕ ਨਾਲ ਤਪੀ ਜਾ ਰਿਹਾ ਸੀ.. ਖੱਦਰ ਦੇ ਝੱਗੇ ਅਤੇ ਮਾਘ ਦੇ ਠੱਕੇ ਵਿਚਕਾਰ ਅੱਧੀ ਰਾਤ ਤੋਂ ਮੁਕਾਬਲਾ ਅੜਿਆ ਆ ਰਿਹਾ ਸੀ।' ਇਸ ਕਿਰਤੀ ਕਿਸਾਨ ਨੂੰ ਧਰਤੀ 'ਤੇ ਅਥਾਹ ਭਰੋਸਾ ਹੈ, ਇਹੋ ਉਸ ਦਾ ਇਸ਼ਟ ਹੈ, ਇਸ਼ਕ ਹੈ, ਇਖ਼ਲਾਕ ਹੈ। ਇਸ ਧਰਤੀ-ਧਰਮ ਦੀ ਸੌਗਾਤ ਵਜੋਂ ਉਸ ਦੀ ਵਾਹੀ, ਬੀਜੀ, ਪਾਲੀ ਕਣਕ 'ਸਾਰਿਆਂ ਤੋਂ ਵੱਲਰੀ ਖਲੋਤੀ ਹੈ। ਪੰਜਾਬੀ ਕਿਸਾਨ ਦਾ ਰਾਗ-ਵੈਰਾਗ ਕੰਵਲ ਨੇ ਇਉਂ ਬੀੜਿਆ ਹੈ, "ਮੇਰੀ ਕਣਕ?" ਬਖਸ਼ੇ ਨੂੰ ਚਾਹ ਦੇ ਸੁੜਾਕੇ ਨਾਲ ਈ ਨਸ਼ਾ ਚੜ੍ਹ ਗਿਆ, "ਰੋਹ ਨਾਲ ਮੇਰਾ ਸਾਰਾ ਮੁੜ੍ਹਕਾ ਖੇਤ ਵਿੱਚ ਹੀ ਡਿੱਗਦਾ ਏ। ਕੰਮ ਕਰੀਏ ਤਾਂ ਜੀ ਜਾਨ ਨਾਲ, ਨਹੀਂ ਨਾ ਈ ਕਰੀਏ।"*
ਕੰਵਲ ਦਾ ਆਪਣਾ ਲੇਖਣ-ਕਰਮ ਇਨ-ਬਿਨ ਬਖਸ਼ੇ ਦੇ ਸੁਭਾਅ ਵਾਲਾ ਰਿਹਾ ਹੈ। *ਪ੍ਰਿੰ. ਸਰਵਣ ਸਿੰਘ ਉਨ੍ਹਾ ਦੇ ਮੇਜ਼-ਕੁਰਸੀ ਦੀ ਬਾਤ ਦਾ ਜ਼ਿਕਰ ਬਹੁਤ ਹੁੱਬ ਨਾਲ ਕਰਦੇ ਹਨ।* ਕੰਵਲ ਦਾ ਅੱਠ-ਅੱਠ ਘੰਟੇ ਲਿਖਣ ਦਾ ਅਭਿਆਸ ਰਿਹਾ ਹੈ। ਜਦੋਂ ਹੱਥ ਵਿੱਚ ਕਲਮ ਨਹੀਂ ਤਾਂ ਤੁਸੀਂ ਉਸਨੂੰ ਸਖ਼ਤ ਮਾਨਸਿਕ ਮੁਸ਼ੱਕਤ ਕਰਦਿਆਂ ਵੇਖ ਸਕਦੇ ਹੋ। *ਤੁਹਾਡੇ ਨਾਲ ਤੁਰਿਆ ਜਾਂਦਾ ਉਹ ਕਿਸੇ ਅੜਾਉਣੀ ਨੂੰ ਸੁਲਝਾ ਰਿਹਾ ਹੁੰਦਾ ਹੈ; ਆਪਣੇ ਪਾਤਰ ਦੀ ਮਖ਼ਸੂਸ ਬਿਰਤੀ ਲਈ ਢੁੱਕਵਾਂ ਸ਼ਬਦ ਜਾਂ ਸਮਾਸ ਘੜ-ਤਰਾਸ਼ ਰਿਹਾ ਹੁੰਦਾ ਹੈ, ਨਹੀਂ ਤਾਂ ਉਹ ਐਸਾ ਵਾਕ ਬੁਣ ਰਿਹਾ ਹੁੰਦਾ ਹੈ ਕਿ ਸੁਣਦਿਆਂ ਹੀ ਮੈਂ ਤਾਂ ਧੰਨ ਹੋ ਗਿਆ ਸਾਂ। ਉਸ ਕਿਹਾ, "ਗੁਣ ਬਿਨਾਂ ਜਵਾਨੀ ਨਿੱਖਰਦੀ ਨਹੀਂ।"*
*ਇਹ ਵਾਕ ਬੋਲਣ ਤੋਂ ਪਹਿਲਾਂ ਕੰਵਲ ਜਿਸ ਸਿਰਜਣੀ ਲਹਿਰ ਵਿੱਚ ਸੀ, ਉਸ ਦੀਆਂ ਬਾਹਾਂ, ਹੱਥ ਤੇ ਉਂਗਲਾਂ ਜਿਵੇਂ ਗ਼ੈਬ ਵਿੱਚ ਪੱਥਰ ਘੜ ਰਹੀਆਂ ਹੋਣ, ਜਿਵੇਂ ਉਹ ਸ਼ਤਰੰਜ ਦੀ ਚਾਲ ਉਂਗਲਾਂ ਨਾਲ ਵਿਉਂਤਦਾ ਸੀ, ਜਿਵੇਂ ਬੇਗ਼ਮ ਅਖ਼ਤਰ ਦੇ ਖ਼ਮ 'ਤੇ ਦਾਦ ਦਿੰਦਾ ਸੀ – ਇਸ ਸਾਰੇ ਅਮਲ ਵਿੱਚੋਂ ਫੁਟਿਆ ਇਹ ਵਾਕ ਐਨ ਲਿਉਨਾਰਦੋ ਦ ਵਿੰਚੀ ਦੇ ਸੁਡੌਲ, ਸੰਤੁਲਿਤ ਬੁੱਤ ਵਰਗਾ ਸੀ। ਬਖਸ਼ੇ ਦੀ ਪਾਲੀ ਕਣਕ ਵਾਂਗ ਝੂਮਦਾ, ਝਰਮਲ੍ਹਦਾ – ਪਰ ਧਰਤੀ ਦੇ ਮੁੱਢ ਦਾ ਵਫ਼ਾਦਾਰ ਵਾਕ। ਪੰਜਾਬ ਦੀ ਜਵਾਨੀ ਦੇ ਅੱਥਰੇਪਣ, ਜਜ਼ਬਾਤ, ਵੇਗ ਦਾ ਕਦਰਦਾਨ ਅਤੇ ਨਾਲ ਹੀ ਇਸ ਤੋਂ ਸੂਝ, ਸਹਿਜ, ਗਿਆਨ ਗੁਣ ਨੂੰ ਰਚਾਉਂਦਿਆਂ ਇਸ ਵੇਗ ਨੂੰ ਨਿਖਾਰਨ ਦੀ ਯਰਾਨਾ ਵੰਗਾਰ ਪਾਉਣ ਵਾਲਾ।*
ਮੈਨੂੰ ਯਾਦ ਆਇਆ ਕਿ ਇਸ ਰੌਂਅ ਦੀ ਤਰਜਮਾਨੀ ਕਰਦੇ ਵਾਕ ਥਾਂ ਪੁਰ ਥਾਂ ਕੰਵਲ ਦੀ ਰਚਨਾਕਾਰੀ ਵਿੱਚ ਗੁੰਦੇ ਪਏ ਹਨ। 'ਜੀਵਨ ਕਣੀਆਂ' ਵਿੱਚ ਆਉਂਦਾ ਹੈ; *'ਸੁੱਤੀ ਮਿੱਟੀ ਮੌਤ ਵਾਂਗ ਹੁੰਦੀ ਹੈ। ਜੇ ਇਸ ਨੂੰ ਵਾਹ ਲਈਏ ਜ਼ਿੰਦਗੀ ਬਣ ਜਾਂਦੀ ਹੈ।'* ਹਰ ਮਨੁੱਖ ਸੰਭਾਵਨਾਵਾਂ ਦੀ ਖਾਣ ਹੁੰਦਾ ਹੈ। ਕਈ ਵਾਰ ਉਹ ਇਸ ਅਹਿਸਾਸ ਤੋਂ ਬੇਗਾਨਾ ਹੀ ਬੀਤ ਜਾਂਦਾ ਹੈ ਕਿ 'ਮੇਰੇ ਵਿੱਚ ਵੀ ਫੁੱਲ ਹਨ।' *ਆਪਣੀ ਬੇਪਰਵਾਹੀ ਜਦੋਂ ਸਮੇਂ ਦੇ ਸ਼ੀਸ਼ੇ ਸਾਹਮਣੇ ਬੇਰੰਗ ਹੋ ਜਾਵੇ ਤਾਂ ਦੋਸ਼ ਸਿਰਫ਼ ਮੁਖ਼ਾਲਿਫ਼ ਹਾਲਾਤ ਦਾ ਨਹੀਂ ਹੁੰਦਾ, ਸਾਡੀ ਆਪਣੀ ਕਾਇਰਤਾ ਦਾ ਵੀ ਹੁੰਦਾ ਹੈ, ਜਿਨ੍ਹਾਂ ਆਪਣੀ ਮਿੱਟੀ ਨੂੰ ਸੁੱਤਾ ਹੀ ਰਹਿਣ ਦਿੱਤਾ। ਕੰਵਲ ਬਖਸ਼ੇ ਵਾਂਗ ਇਸ ਸੁੱਤੀ ਸੰਭਾਵਨਾ ਨੂੰ ਵਾਹ-ਸਵਾਰ ਕੇ 'ਜ਼ਿੰਦਗੀ' ਬਣਾਉਣ ਵਾਸਤੇ ਸਾਨੂੰ ਪਿਆਰ-ਉਤਸ਼ਾਹ ਦਿੰਦਾ ਹੈ।*
ਇਸ ਕਾਰਜ ਤੋਂ ਪਾਸਾ ਵੱਟਣ ਵਾਲੇ, ਪੰਜਲ ਸਿਆਣਪਾਂ ਦੀ ਪੰਡ ਢੋਣ ਵਾਲਿਆਂ ਲਈ ਵੀ ਵੀਹਾਂ-ਇੱਕੀਆਂ ਦੀ ਉਮਰ ਵਿੱਚ ਲਿਖੀ 'ਜੀਵਨ ਕਣੀਆਂ' (1943) ਵਿੱਚ ਆਉਂਦਾ ਹੈ: *"ਅੰਨ੍ਹੇਰਾ ਚੰਗਾ ਹੈ, ਜੇ ਚਾਨਣ ਵਿੱਚ ਕੋਈ ਲਿਸ਼ਕ ਨਹੀਂ"।* ਸੂਝ ਦਾ ਚਾਨਣ ਜੇ ਲੋਕਾਈ ਦੇ ਹਿੱਤ ਵਿੱਚ ਜੂਝਣ ਨੂੰ ਤਿਆਰ ਨਹੀਂ, ਜੇ ਉਹ ਚਾਨਣ ਗੁਰੂ ਗੋਬਿੰਦ ਸਿੰਘ ਦੀ ਵੰਗਾਰ, ‘ਤੁਧ ਬਿਨ ਰੋਗ ਰਜਾਈਆਂ ਦਾ ਓਢਣ' ਨੂੰ ਪਿੱਠ ਦੇਈ ਖੜ੍ਹਾ ਹੈ, ਜੇ ਇਹ ਲਿਆਕਤ ਮੰਡੀ, ਰੁਤਬਾ ਤੇ ਡਾਢਿਆਂ ਦੀ ਸਰਕਸ ਦਾ ਹਾਥੀ ਬਣਨ ਲਈ ਕਮਰਕੱਸਾ ਕੱਸੀ ਬੈਠੀ ਹੈ ਤਾਂ ਕੰਵਲ ਅਜਿਹੇ ਕਾਨੀਕਾਰਾਂ ਬਾਰੇ ਬਹੁਤ ਸਾਫ਼ਗੋਈ ਨਾਲ ਕਹਿੰਦਾ ਹੈ - ‘ਅੰਨ੍ਹੇਰਾ ਚੰਗਾ ਹੈ।' ਅਜਿਹੇ ਹੁਸ਼ਿਆਰ ਬੁੱਧੀਜੀਵੀਆਂ ਨੂੰ ਈਰਾਨੀ ਮਾਰਕਸਵਾਦੀ ਮੋਸਤਫ਼ਾ ਸ਼ੋਆਇਯਨ *'ਰੌਸ਼ਨ ਖ਼ਿਆਲ'* ਆਖਦਾ ਹੈ ਤੇ ਇਨ੍ਹਾਂ ਦੇ ਉਲਟ ਲੋਕ ਧਰਮੀ ਬੁਧੀਜੀਵੀ, ਜਿਹੜਿਆਂ ਨੇ ਆਪਣੇ ਰੌਸ਼ਨ-ਖ਼ਿਆਲ ਹੋਣ ਦੇ ਚਾਨਣ ਨੂੰ ਲੋਕਾਈ ਦੇ ਸੱਥਰ ਨਾਲ ਵੱਤਰ ਕੀਤਾ ਹੈ, ਜਿਹੜੇ ‘ਨਾਲਿ ਪਿਆਰੇ ਨੇਹੁ' ਦੀ ਲਿਸ਼ਕ ਨਾਲ ਭਰਪੂਰ ਹਨ, ਉਨ੍ਹਾਂ ਨੂੰ ਮੋਸਤਫ਼ਾ ਸੋਆਇਯਨ *'ਰੌਸ਼ਨ-ਫ਼ਿਕਰ'* ਹੋਣ ਦਾ ਦਰਜਾ ਦਿੰਦਾ ਹੈ। ਕੰਵਲ ਦੀ ਰਚਨਾਕਾਰੀ ਵਿੱਚ ਸੰਸਥਾਈ ਸੱਤਾ ਦੇ ਨੁਮਾਇੰਦੇ ਬੁਧੀਜੀਵੀ ਰੌਸ਼ਨ-ਖ਼ਿਆਲ ਹਨ ਤੇ *ਉਸ ਦੇ ਨਾਇਕ ਚਰਨ (ਰਾਤ ਬਾਕੀ ਹੈ), ਪੀਤੂ, ਮਿਹਰ ਸਿੰਘ (ਲਹੂ ਦੀ ਲੋਅ), ਗਿਆਨੀ (ਪੂਰਨਮਾਸ਼ੀ) ਰੌਸ਼ਨ ਫਿਕਰ ਹਨ।*
ਇਸੇ ਵਾਕ ਦੇ ਪਹਿਲੇ ਹਿੱਸੇ 'ਅੰਨ੍ਹੇਰਾ ਚੰਗਾ ਹੈ' 'ਤੇ ਗੌਰ ਕਰੀਏ ਤਾਂ ਇੱਕ ਹੋਰ ਪਸਾਰ ਨਜ਼ਰੀਂ ਪੈਦਾ ਹੈ। ਅੰਨ੍ਹੇਰਾ ਕਿਉਂ ਚੰਗਾ ਹੈ? ਕੀ ਇਹ ਸਿਰਫ਼ ਵਾਕ ਚਮਕਾਉਣ ਲਈ ਧੁਰਾ ਕੱਢਿਆ ਹੈ ਜਾਂ ਫਿਰ ਕੋਈ ਰਮਜ਼ ਹੈ ? ਨਿਰਾ ਚਾਨਣ ਜਾਂ ਕੋਰਾ ਚਾਨਣ ਇੱਕ ਮਾਦਾ ਹਕੀਕਤ ਹੈ ਤੇ ਅੰਨ੍ਹੇਰਾ ਵੀ। ਮਸਲਾ ਲਿਸ਼ਕ ਭਰਨ ਦਾ ਹੈ, ਗੁਣ ਕਮਾਉਣ ਦਾ ਹੈ, ਜਿਸ ਨਾਲ ਅੰਨ੍ਹੇਰੇ ਤੇ ਚਾਨਣ ਦੇ ਧੁਰਿਆਂ ਨੂੰ ਇੱਕ ਸੂਤਰ ਵਿੱਚ ਲਿਆਂਦਾ ਜਾ ਸਕਦਾ ਹੈ, ਇਕਸੁਰ ਕੀਤਾ ਜਾ ਸਕਦਾ ਹੈ। ਯਾਦ ਕਰੀਏ ਕਿ *ਰਾਂਝੇ ਦੀ ਵੰਝਲੀ ਹੀ ਉਸ ਦੀ ਕਮਾਈ ਹੋਈ ਲਿਸ਼ਕ ਹੈ, ਜਿਸ ਸਦਕਾ ਉਹ ਲੋਕਾਈ ਵਿੱਚ ਧੜਕਦਾ ਹੈ। ਇਸੇ ਲਿਸ਼ਕ ਨੇ ਉਸ ਨੂੰ ਸਾਣ 'ਤੇ ਲਾਇਆ, ਹੀਰ ਦੇ ਹੁਸਨ ਦੀ ਤਾਬ ਝੱਲਣ ਜੋਗਾ ਕੀਤਾ।* ਕੰਵਲ ਵੰਗਾਰਦਾ ਹੈ ਕਿ ਜੇ ਸਾਡੇ ਸੰਸਥਾਈ ਬੁੱਧੀਜੀਵੀ ਲੋਕ ਧਰਮੀ ਲਿਸ਼ਕ ਕਮਾਉਣ ਦੀ ਸਾਧਨਾ ਤੋਂ ਗੱਦਾਰੀ ਕਰ ਰਹੇ ਹਨ ਤਾਂ ਫਿਰ ਉਹ ਐਲਾਨ ਕਰਦਾ ਹੈ ਕਿ ਅੰਨ੍ਹੇਰਾ ਹੀ ਸਹੀ। *ਘੱਟ ਚਾਨਣ ਵਾਲੇ, ਰੌਸ਼ਨੀ ਤੋਂ ਸੱਖਣੇ ਜੇ ਕੋਈ ਬਗ਼ਾਵਤ ਕਰਦਿਆਂ ਉਲਝ ਜਾਂਦੇ ਹਨ ਤਾਂ ਉਨ੍ਹਾਂ ਨੂੰ ਨਿੰਦ ਕੇ ਅਸੀਂ ਸਿਆਣੇ ਨਹੀਂ ਹੋ ਜਾਂਦੇ।* *1980ਵਿਆਂ ਵਿੱਚ ਅਤੇ ਹੁਣ ਦੇ ਹਾਲਾਤ ਵਿੱਚ ਜੇ ਅੰਨ੍ਹੇਰਾ ਹੀ ਹਰਕਤ ਵਿੱਚ ਹੈ ਤਾਂ ਸਾਡੇ ਚਾਨਣ ਦੀ ਚੁੱਪ ਦਾ ਅਭਿਆਸ, ਦਰਅਸਲ ਸਾਡੀ ਵੰਝਲੀ ਦੀ ਲਿਸ਼ਕ ਦੀ ਗੈਰ-ਹਾਜ਼ਰੀ ਦਾ ਇਸ਼ਤਿਹਾਰ ਹੈ।*
*ਕੰਵਲ ਦੀ ਇਸ ਸਾਦੀ, ਸਹਿਜ-ਸਮੁੰਦ ਸਤਰ ਦੀ ਜ਼ਮੀਨ 'ਤੇ ਵਗਦਿਆਂ ਪਾਸ਼ ਨੇ ਵੀ ਆਪਣੇ ਦੌਰ ਦੇ ਬੁੱਧੀਜੀਵੀਆਂ ਨੂੰ ਕਾਟੇ ਹੇਠ ਲਿਆਉਂਦਿਆਂ ਕਿਹਾ ਸੀ:*
'ਤੁਸਾਂ ਨੇ ਜਾਣ ਬੁੱਝ ਕੇ ਅਰਥਾਂ ਦਾ ਅਪਮਾਨ ਕੀਤਾ ਹੈ
ਆਵਾਰਾ ਸ਼ਬਦਾਂ ਦਾ ਇਲਜ਼ਾਮ
ਹੁਣ ਕਿਸ ਨੂੰ ਦੇਵੋਗੇ?'
ਮੈਨੂੰ ਇਹ ਰੁੱਖ ਪੁੱਛਦੇ ਹਨ
ਕਿ ਉਸ ਸੂਰਜ ਨੂੰ ਕੀ ਕਹੀਏ
ਜਿਹੜਾ ਕਿ ਗਰਮ ਨਾ ਹੋਵੇ
ਜਿਦ੍ਹਾ ਰੰਗ ਲਾਲ ਨਾ ਹੋਵੇ।'
ਪਾਸ਼ ਨੇ ਆਪਣੀਆਂ ਕਾਵਿ-ਸਤਰਾਂ ਵਿੱਚ ਦਲੀਲ ਰੱਖੀ ਹੈ ਤੇ ਸਵਾਲ ਪਾਇਆ ਹੈ ਕਿ ਅਰਥਾਂ ਦਾ ਜਾਣ ਬੁੱਝ ਕੇ ਅਪਮਾਨ ਕਰਨ ਵਾਲੇ ਸੂਰਜ, ਆਪਣੀ ਲਾਲੀ ਤੋਂ ਬਿਨਾਂ ਸੂਰਜ ਕਿਵੇਂ ਕਹੇ ਜਾ ਸਕਦੇ ਹਨ? *ਧੁੰਦਾਂ ਦੇ ਝੰਬੇ ਹੋਏ ਅਜਿਹੇ ਸੂਰਜ ਆਪਣਾ ਸੇਕ ਕਿੱਥੇ ਵੇਚ ਆਏ ਹਨ ? ਕੀ ਅਜਿਹੇ ਸੁਖਾਲੇ ਬੁੱਧੀਜੀਵੀਆਂ ਕੋਲ ਸਾਡੇ ਕਿਰਤੀ ਲੋਕਾਂ ਦੇ ਕਮਾਏ ਹਰੇ-ਕਚੂਚ ਸ਼ਬਦ ਸੁਰੱਖਿਅਤ ਵੀ ਰਹਿ ਗਏ ਹਨ?* ਪਾਸ਼ ਇਥੇ ਕੰਵਲ ਦੀ ਰਮਜ਼ 'ਅੰਨ੍ਹੇਰਾ ਚੰਗਾ ਹੈ' ਨੂੰ ਹੀ 'ਸਮਾਂ ਗੱਲ ਆਪ ਕਰਦਾ ਹੈ' ਆਖਦਾ ਹੈ:
'ਸ਼ਬਦ ਗਿਰਵੀ ਨਹੀਂ
ਸਮਾਂ ਗੱਲ ਆਪ ਕਰਦਾ ਹੈ
ਪਲ, ਗੁੰਗੇ ਨਹੀਂ !'
*ਕਿਆ ਕਮਾਲ ਹੈ ਕਿ ਗਲਪਕਾਰ ਕੰਵਲ ਗਹਿਰੀ ਵਿਚਾਰਧਾਰਾਈ ਦਲੀਲ ਨੂੰ ਅਜਿਹੀ ਰਮਜ਼ ਵਿੱਚ ਰਚਾ ਲੈਂਦਾ ਹੈ ਕਿ ਕਵਿਤਾ ਦੀ ਲੈਅ ਤਾਲ ਦੇ ਨੇੜੇ ਪੁੱਜ ਜਾਂਦਾ ਹੈ ਤੇ ਦੂਜੇ ਪਾਸੇ ਕਵੀ ਪਾਸ਼ ਜਿਵੇਂ ਇਸ ਮੁੱਢਲੀ ਰਮਜ਼ ਨੂੰ ਖੋਲ੍ਹਦਾ-ਪਸਾਰਦਾ ਹੋਇਆ ‘ਆਵਾਰਾ ਸ਼ਬਦਾਂ ਅਤੇ 'ਪਲ, ਗੁੰਗੇ ਨਹੀਂ' ਵਾਲੀ ਅਗਲੇਰੀ ਰਮਜ਼ ਬੁਣਦਾ ਹੈ।*
ਇਸ ਸਤਰ ਵਿੱਚੋਂ ਕੰਵਲ ਦੀ ਅੱਸੀ ਵਰ੍ਹਿਆਂ ਤੱਕ ਫੈਲੀ ਹੋਈ ਭਰਪੂਰ ਸ਼ਬਦਕਾਰੀ ਦੇ ਮਰਕਜ਼ੀ ਸਰੋਕਾਰ ਦੀ ਸੂਹ ਮਿਲਦੀ ਹੈ। *ਕੰਵਲ ਨੇ ਪੰਜਾਬੀ ਸਮਾਜ ਦੇ ਪੇਂਡੂ ਅੰਗ ਦੇ ਕਿਰਤੀ ਅਧਾਰ ਦੀ, ਪੂਰਾ ਚੰਨ ਮਾਨਣ ਦੀ ਜੱਦੋ-ਜਹਿਦ ਦੇ ਸਰਬਾਂਗੀ ਪਸਾਰ ਆਪਣੀ ਲੇਖਣੀ-ਵਿਚਾਰਧਾਰਾ-ਕਰਮਧਾਰਾ ਵਿੱਚ ਉਲੀਕੇ, ਉਨ੍ਹਾਂ ਵਿੱਚ ਰੰਗ-ਰਸ ਭਰਿਆ ਤੇ ਪੰਜਾਬ ਦੀ ਉੱਠ ਰਹੀ ਜਵਾਨੀ ਨੂੰ ਆਪਣਾ ਹਮਰਾਹ ਬਣਾਇਆ।* ਗੱਲ ਇਉਂ ਤੁਰੀ ਕਿ 1949 ਵਿੱਚ ਆਇਆ 'ਪੂਰਨਮਾਸ਼ੀ' ਪਿੰਡ ਦੀਆਂ ਸੱਥਾਂ ਵਿੱਚ ਰੇਲ੍ਹ 'ਤੇ ਰੱਖ ਕੇ ਉੱਚੀ ਆਵਾਜ਼ ਵਿੱਚ ਸੁਣਾਇਆ ਗਿਆ, ਜਿੱਥੇ ਪਹਿਲਾਂ ਹੀਰ ਵਾਰਿਸ ਤੇ ਹੋਰ ਕਿੱਸੇ, ਪ੍ਰਸੰਗ ਜਾਂ ਵਾਰਾਂ ਸੁਣਾਈਆਂ ਜਾਂਦੀਆਂ ਸਨ। 1955 ਵਿੱਚ ਕਿਸੇ ਵਾਰਦਾਤ ਵਾਂਗ ਆਏ 'ਰਾਤ ਬਾਕੀ ਹੈ' ਨੂੰ ਦੋਆਬੇ ਦੇ ਜਾਂਞੀਆਂ ਨੇ ਸਾਰੇ ਪਿੰਡ ਨੂੰ ਸਪੀਕਰ ਲਾ ਕੇ ਨਾਵਲ ਸੁਣਾਇਆ ਤੇ ਲੋਕ ਦਰਵਾਜ਼ਿਆਂ ਉੱਤੇ, ਆਪਣੇ ਬਨੇਰਿਆਂ 'ਤੇ ਚੜ੍ਹ ਕੇ ਸਾਰੇ ਨਾਵਲ ਦਾ 'ਅਖੰਡ ਪਾਠ' ਸੁਣਦੇ ਰਹੇ। 1976 ਵਿਚ 'ਲਹੂ ਦੀ ਲੋਅ' ਸਿੰਗਾਪੁਰ ਤੋਂ ਛਪ ਕੇ, ਸਮਗਲ ਹੋ ਕੇ ਪੰਜਾਬ ਪਹੁੰਚਿਆ ਤਾਂ ਪਿੰਡਾਂ ਦੇ ਪਾਠਕਾਂ ਨੇ ਸਾਂਝੇ ਤੋਂ ਹੋ ਕੇ ਨਾਵਲ ਰਾਖਵਾਂ ਕਰਵਾਉਣਾ ਤੇ ਫਿਰ ਚੌਵੀ - ਘੰਟਿਆਂ ਦੇ ਅੰਦਰ-ਅੰਦਰ ਪੜ੍ਹ ਕੇ ਵਾਪਸ ਵੀ ਕਰਨਾ, ਤਾਂ ਕਿ ਅਗਲੇ ਪਿੰਡ ਵਾਲੇ ਪੜ੍ਹ ਸਕਣ। *ਲੋਕਾਈ ਵੱਲੋਂ ਇਹ ਸਤਿਕਾਰ, ਇਹ ਮੋਹ, ਇਹ ਵਫ਼ਾਦਾਰੀ ਹੋਰ ਕਿਸੇ ਸਾਹਿਤਕਾਰ ਦੇ ਹਿੱਸੇ ਘੱਟ ਹੀ ਆਈ ਹੈ।*
ਇਸ ਨੁਕਤੇ ਦੀ ਗਵਾਹੀ ਵਜੋਂ ਉਮਰੋਂ ਪਹਿਲਾਂ ਤੁਰ ਗਏ *ਕਹਾਣੀਕਾਰ ਸੁਖਜੀਤ ਦਾ ਬਿਆਨ ਹੈ: “ਇਹ ਕਦੇ ਲੱਗਿਆ ਈ ਨਹੀਂ ਸੀ, ਕਦੇ ਮੰਨਿਆ ਵੀ ਨਹੀਂ ਸੀ ਕਿ ਮੈਂ ਕੰਵਲ ਹੁਰਾਂ ਦਾ ‘ਨਾਵਲ' ਪੜ੍ਹ ਰਿਹੈਂ। ਓਸ ਵੇਲੇ ਲੱਗਦਾ ਸੀ ਕਿ ਇਹ ਜੋ ਕੁਝ ਲਿਖਿਆ ਹੋਇਐ, ਜਸਵੰਤ ਸਿੰਘ ਕੰਵਲ ਹੁਰਾਂ ਨੇ, ਇਹ ਅੱਖਰ-ਅੱਖਰ ਸੱਚ ਹੈ। .. ਏਥੋਂ ਤੱਕ ਕਿ ਜੇ ਕਿਸੇ ਨਾਵਲ ਦੇ ਪਾਤਰ ਉੱਤੇ ਗੁੱਸਾ ਆਉਣ ਲੱਗ ਜਾਣਾ, ਤਾਂ ਜੀਅ ਕਰਨਾ ਕਿ, ਕਿਉਂਕਿ ਓਸ ਪਿੰਡ ਦਾ ਵੀ ਨਾਂਅ ਲਿਖਿਆ ਹੁੰਦਾ ਸੀ ਕਿ ਉਸ ਦੇ ਪਿੰਡ ਜਾਈਏ ਯਾਰ, ਏਹਦੇ ਨਾਲ ਗੱਲ ਕਰੀਏ ਸਿੱਧੇ ਓਸ ਪਾਤਰ ਨਾਲ... ''*
ਮੈਨੂੰ ਖ਼ਿਆਲ ਆਉਂਦਾ ਹੈ ਕਿ ਵਲਾਦਿਮੀਰ ਲੈਨਿਨ ਕਿਸੇ ਵੀ ਲੇਖਕ ਲਈ ਇਹ ਮਿਆਰ ਮਿਥਦਾ ਹੈ ਕਿ ਹਰ ਲੇਖਕ ਨੂੰ ਆਪਣੇ ਮਖਸੂਸ ਪਾਠਕਗਣ ਖੜ੍ਹੇ ਕਰਨੇ ਚਾਹੀਦੇ ਹਨ। ਇਸ ਨੁਕਤੇ ਨੂੰ ਸਿਰਫ਼ ਪਾਠਕ ਸੰਖਿਆ, ਸ੍ਰੋਤਾ ਸੰਖਿਆ ਜਾਂ ਕਦਰਦਾਨਾਂ ਦੀ ਸੰਖਿਆ ਤੱਕ ਨਹੀਂ ਘਟਾਇਆ ਜਾ ਸਕਦਾ। *ਦੱਸਣਾ ਬਣਦਾ ਹੈ ਕਿ ਨਕਸਲੀ ਲਹਿਰ ਦੇ ਪਹਿਲੇ ਪੂਰ ਵਿੱਚ ਹੀ ਸ਼ਹੀਦ ਹੋਏ ਨੌਜਵਾਨ, ਕੰਵਲ ਦੇ ਨਾਵਲ 'ਰਾਤ ਬਾਕੀ ਹੈ' ਨੂੰ 'ਪੜ੍ਹ ਕੇ' ('ਪੜ੍ਹ ਕੇ ’ਤੇ ਗ਼ੌਰ ਕਰੀਏ) ਖੱਬੇ-ਪੱਖੀ ਸਰਗਰਮੀਆਂ ਵਿੱਚ ਸ਼ਾਮਲ ਹੋਏ ਸਨ। ਕੰਵਲ ਨੇ ਰਾਜਸੀ ਵਿਚਾਰਧਾਰਕ ਪੱਧਰ 'ਤੇ ਨਕਸਲੀ ਲਹਿਰ ਦੀ 'ਜਮਾਤੀ ਦੁਸ਼ਮਣਾਂ ਦੇ ਸਫ਼ਾਏ' ਨਾਲ ਡੂੰਘੀ ਅਸਹਿਮਤੀ ਰੱਖਦਿਆਂ ਹੋਇਆਂ ਵੀ ਉਨ੍ਹਾਂ ਸਿਦਕੀ ਨੌਜਵਾਨਾਂ ਦੀ ਲੋਕ-ਹਿੱਤ ਖਾਤਰ ਕੁਰਬਾਨੀ ਦੀ ਅਜਿਹੀ ਮਹਾਂ-ਕਾਵਿਕ ਬਾਤ ਪਾਈ ਹੈ ਕਿ ਪੰਜਾਬ ਦਾ ਤਤ-ਸਤ ਸਾਂਭ ਲਿਆ ਗਿਆ। ਵੱਡੀ ਰਾਜਸੀ ਹਾਰ ਦੇ ਤੱਥ ਨੂੰ ਸਾਹਮਣੇ ਰੱਖਦਿਆਂ ਪੰਜਾਬ ਦੇ ਹੁਸਨ-ਇਖ਼ਲਾਕ ਨੂੰ ਆਪਣੇ ਸ਼ਬਦਾਂ ਨਾਲ ਖੜ੍ਹਾ ਕਰ ਲਿਆ।* ਔਸਤ ਕਿਸਮ ਦੇ ਪੜਚੋਲੀਏ ਜਦੋਂ ਅਜਿਹੀਆਂ ਇਤਿਹਾਸਘਾੜ੍ਹੀ ਪੁਸਤਕਾਂ ਨੂੰ ਸਿਰਫ਼ 'ਟੈਕਸਟ' ਤੱਕ ਘਟਾਅ ਲੈਂਦੇ ਹਨ ਤਾਂ ਉਹ ਪੰਜਾਬੀ ਇਤਿਹਾਸ ਵਿੱਚ ਕੰਵਲ ਦੇ ਦਖ਼ਲ ਨੂੰ ਵਿਸਾਰਨ ਦੀ, ਕੰਵਲ ਦੀ 'ਲਿਸ਼ਕ' ਨੂੰ ਆਪਣੇ ਕਮਾਏ ਹੋਏ 'ਅਰਥਾਂ ਦੇ ਅਪਮਾਨ' ਸਦਕਾ ਮਾਂਦਾ ਪਾਉਣ ਦੀ ਸਰਾਪੀ ਹੋਈ ਕਿਰਿਆ ਦਾ ਦੁਹਰਾਅ ਕਰਦੇ ਹਨ।
*ਕੰਵਲ ਦੇ ਪਾਠਕ ਹੀ ਉਸ ਦੀ ਤਾਕਤ ਹਨ, ਜਿਨ੍ਹਾਂ ਨਾਲ ਵਫ਼ਾ ਨਿਭਾਉਂਦਿਆਂ ਉਹ ਕਿਸੇ ਵੀ ਅਕਾਦਮਿਕ ਸੱਤਾ, ਰਾਜਸੀ ਸੱਤਾ, ਵਿਚਾਰਧਾਰਾਈ ਸੱਤਾ ਨਾਲ ਬੇਨਿਆਜ਼ ਰਹਿੰਦਿਆਂ ਭਿੜ ਸਕਦਾ ਸੀ।* ਕੰਵਲ ਨੇ ਕਦੇ ਵੀ ਆਪਣੀਆਂ ਲਿਖਤਾਂ 'ਚੋਂ ਉੱਠਦੇ ਨੁਕਤਿਆਂ ਬਾਰੇ ਬਹਿਸ ਤੋਂ ਪਾਸਾ ਨਹੀਂ ਵੱਟਿਆਂ, ਹਰ ਥਾਂ 'ਤੇ ਗਿਆ, ਹਰ ਨੁਕਤੇ ਦਾ ਜਵਾਬ ਦਿੱਤਾ ਤੇ ਇੰਞ ਕਰਦਿਆਂ ਇਕੱਲਾ ਰਹਿ ਜਾਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਆਪਣੀ ਲਿਖਤ ਬਾਰੇ ਸੁਹਿਰਦ ਆਲੋਚਨਾ ਨੂੰ ਹਮੇਸ਼ਾ ਜੀ ਆਇਆਂ ਕਿਹਾ ਤੇ ਬੜੀ ਖੁੱਲ੍ਹਦਿਲੀ ਨਾਲ ਆਪੂੰ ਲਿਖਿਆ : "ਫੈਸਲੇ ਦੀ ਘੜੀ ਨੇ ਮੈਨੂੰ ਬਾਰ-ਬਾਰ ਕਲਪਾਇਆ ਹੈ। ਦੇਰ ਅਵੇਰ, ਥਿੜਕਦਿਆਂ, ਡੋਲਦਿਆਂ ਮੈਂ ਮੁੜ ਪੈਰਾਂ ਸਿਰ ਹੋ ਜਾਂਦਾ ਹਾਂ। ਉਹਦਾ ਵੱਡਾ ਕਾਰਨ ਮੇਰੀ ਠੀਕ ਬੁਨਿਆਦ ਸੀ। *ਉਸਾਰੀ ਕਈ ਵਾਰ ਗ਼ਲਤ ਵੀ ਹੋ ਜਾਂਦੀ ਹੈ।* ਪਰ ਮੇਰੀ ਜ਼ਮੀਰ ਨੂੰ ਗ਼ਲਤ ਕੰਮ ਚੁਭਦਾ ਸੀ ਤੇ ਕਈ ਵਾਰੀ ਬੁਰੀ ਤਰ੍ਹਾਂ ਚੁਭਦਾ ਸੀ। ਮੈਨੂੰ ਮੁੜ ਆਪਣੇ ਬੁਨਿਆਦੀ ਪੈਂਤੜੇ ਉਤੇ ਆਉਣਾ ਪੈਂਦਾ।"
ਇਹ ਸ਼ਬਦ 'ਲਹੂ ਦੀ ਲੋਅ' ਦੀ ਭੂਮਿਕਾ ਦੇ ਸ਼ੁਰੂ ਵਿੱਚ ਹੀ ਲਿਖੇ ਹੋਏ ਹਨ। *ਇਹ ਭੂਮਿਕਾ ਮੇਰੀ ਨਜ਼ਰ ਵਿੱਚ ਕੰਵਲ ਦੇ ਵਿਚਾਰਕ ਉਸਾਰ ਵਿੱਚ, ਪੰਜਾਬੀ ਲੇਖਕ ਹੋਣ ਦੀ ਜ਼ਿੰਮੇਵਾਰੀ ਬਾਬਤ ਉਸ ਵੱਲੋਂ ਜਾਰੀ ਐਲਾਨਨਾਮਾ ਹੈ। ਪੰਜਾਬੀ ਲੇਖਕ ਹੋਣ ਕਹਾਉਣ ਦਾ ਪ੍ਰਤਿਮਾਨ ਸਥਾਪਤ ਕਰਦਾ ਹੋਇਆ ਮੈਨੀਫੈਸਟੋ ਹੈ। ਧਿਆਨ ਨਾਲ ਪੜ੍ਹਿਆਂ ਇਹ ਇਤਿਹਾਸਕ ਪਦਾਰਥਵਾਦ ਦੀ ਲੋਅ ਵਿੱਚ ਵਿਚਾਰਕ ਸੰਘਰਸ਼ ਦੀਆਂ ਚਤੁਰਾਈਆਂ, ਦੁਬਿਧਾਵਾਂ, ਸਮਝੌਤਿਆਂ, ਸਥਾਪਤ ਧਿਰਾਂ ਦੀ ਆਰਤੀ ਲਾਹੁਣ ਵਾਲੇ 'ਚੇਤਨ' ਲੇਖਕ ਨੂੰ ਵੰਗਾਰ ਹੈ। ਪੰਜਾਬੀ ਬੁੱਧੀਜੀਵੀਆਂ ਬਾਬਤ ਇਸ ਸੰਘਣੇ ਵਿਸ਼ਲੇਸ਼ਣ 'ਚੋਂ ਕਈ ਵਾਰ ਗੁਜ਼ਰਦਿਆਂ ਮੈਨੂੰ ਮਾਰਕਸਵਾਦੀ ਵਿਦਵਾਨ ਮੈਨੇਜਰ ਪਾਂਡੇ ਦਾ ਕਥਨ ਯਾਦ ਆਉਂਦਾ ਹੈ: " ਸੁਵਿਧਾ ਕੀ ਰਾਜਨੀਤੀ ਦੁਬਿਧਾ ਕੀ ਭਾਸ਼ਾ ਮੇਂ ਪ੍ਰਗਟ ਹੋਤੀ ਹੈ।"*
ਜੁਝਾਰੂ ਪੰਜਾਬੀ ਵਿਚਾਰਕ ਪਰੰਪਰਾ ਨੂੰ ਆਪਣੇ ਦੇਸ-ਕਾਲ ਵਿੱਚ ਉਲੀਕਦਿਆਂ ਕੰਵਲ ਨੇ ਆਪਣੀ ਦਾਰਸ਼ਨਿਕ ਸੁਰਤ ਨੂੰ ਜਿਸ ਲੋਕ-ਬੋਧ ਦੀ ਜ਼ਮੀਨ 'ਤੇ ਵਗਦਿਆਂ ਸਾਡੇ ਤੱਕ ਨਰੋਏ ਰੂਪ ਵਿੱਚ ਪੁੱਜਦਾ ਕੀਤਾ ਹੈ, ਇਹ ਕੋਈ ਆਵਾਗਉਣ ਕਾਰਜ ਨਹੀਂ ਹੈ। *ਕੰਵਲ ਨੇ ਇੱਕ ਪਾਸੇ ਪੰਜਾਬ ਦੀ ਸ਼ਹਿਰੀ-ਸੰਸਥਾਈ ਉਦਾਸੀਨਤਾ ਦੇ ਕੱਲਰ ਨਾਲ ਮੱਥਾ ਲਾ ਕੇ ਰੱਖਿਆ ਅਤੇ ਆਪਣੇ ਕਮਾਏ-ਹੰਢਾਏ ਵੇਗਵਾਨ ਸ਼ਬਦਾਂ ਦਾ ਰੱਥ ਗਤੀਮਾਨ ਰੱਖਿਆ। ਦੂਜੇ ਪਾਸੇ, ਪੰਜਾਬੀ ਪਿੰਡ ਦੀ ਕਬਾਇਲੀ ਕਿਸਮ ਦੀ ਧੜੇਬੰਦੀ ਅਤੇ ਅੰਨ੍ਹੇ ਜਜ਼ਬੇ ਦੀ ਮਾਰਖੋਰੀ ਬਿਸਾਤ ਨਾਲ ਬਰਾਬਰ ਦੀ ਟੱਕਰ ਲਾਈ ਰੱਖੀ।*
ਜੂਨ 1986 ਵਿੱਚ ਸਾਕਾ ਨੀਲਾ ਤਾਰਾ ਦੀ ਦੂਜੀ ਬਰਸੀ 'ਤੇ ਕੰਵਲ ਨੇ *'ਮੌਤ ਨਾਲ ਹੋਲੀ ਖੇਡਦੇ ਪੁੱਤਰੋ' ਨਾਲ ਸੰਬੋਧਨ ਕਰਦਿਆ ਖਾੜਕੂਆਂ ਦਾ ਅੱਗਾ ਜਾ ਵਲਿਆ,* " ਪਹਾੜ ਨਾਲ ਸੂਰਮੇ ਮੱਥਾ ਲਾਉਂਦੇ ਐ, ਪਰ ਜੋਧਿਓ ਪਹਾੜ ਨਾਲ ਮੱਥਾ ਲਾਉਣ ਦੀ ਵੀ ਇੱਕ ਖਾਸ ਵੱਤ ਹੁੰਦੀ ਐ। ਪਰ *ਤੁਹਾਡਾ ਮੱਥਾ ਪਹਾੜ ਵੱਲੋਂ ਹਟਾ ਕੇ ਸਾਧਾਰਨ ਜਨਤਾ ਵੱਲ ਫੇਰ ਦਿੱਤਾ ਗਿਆ ਹੈ।* .. ਸਰਮਾਏਦਾਰੀ ਦੀ ਆਪਣੀ ਕਾਣੀ ਕੌਡੀ ਨਾ ਫੁੱਟੇ, ਦੁਨੀਆਂ ਜਿੰਨੀ ਮਰਜ਼ੀ ਮਰੀ-ਖਪੀ ਜਾਵੇ, ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। - *ਮੈਂ ਤੁਹਾਨੂੰ ਪੁੱਛਦਾ ਆਂ, ਗੁਰੂ ਗੋਬਿੰਦ ਸਿੰਘ 'ਤੇ ਭਰੋਸਾ ਕਰਨ ਵਾਲਿਓ, ਜਦੋਂ ਤੁਹਾਡੇ ਹੱਥੋਂ ਸਾਧਾਰਨ ਮਨੁੱਖ ਮਾਰੇ ਜਾਂਦੇ ਹਨ, ਉਹ ਖੁਸ਼ ਹੁੰਦਾ ਏ ? ਬੇਗੁਨਾਹ ਦੇ ਮਾਰੇ ਜਾਣ ਨਾਲ ਸਿੱਖੀ ਦਾ ਘਾਤ ਨਹੀਂ ਹੁੰਦਾ ? ਤਲੀ 'ਤੇ ਧਰ ਕੇ ਲੋਕ-ਦੁਸ਼ਮਣ ਨਾਲ ਜੂਝਣ ਵਾਲੇ ਤਾਂ ਇਨਕਲਾਬੀ ਹੁੰਦੇ ਹਨ। ਪਰ ਜੇ ਸੁੱਚੀ ਭਗਤੀ ਨਿਰਦੋਸ਼ਾਂ ਦੇ ਸਿਰਾਂ 'ਤੇ ਆ ਕੇ ਲਿਸ਼ਕੇ, ਉਹ ਲੋਕਾਂ ਦੀ ਕਾਤਲ ਹੋ ਜਾਂਦੀ ਐ। ਤੁਸੀਂ ਆਪ ਨਿਰਣਾ ਕਰੋ, ਇਤਿਹਾਸ ਵਿੱਚ ਕਿਹੜੀ ਥਾਂ ਖਲੋਣਾ ਏ ? ਸਾਊਓ, ਆਪਣੇ ਪੁਰਖਿਆਂ ਦੀ ਨੇਕ ਕਮਾਈ ਵੱਲ ਝਾਤ ਮਾਰੋ। ਅਕਾਲ ਤਖ਼ਤ ਸਰਕਾਰ ਨੇ ਢਾਹਿਆ, ਇਸ ਖੁੰਦਕ ਨੂੰ ਮਨ ਵਿੱਚ ਨਸ਼ੰਗ ਰੱਖੋ, ਪਰ ਆਪਣੀ ਬਲਕਾਰਤਾ ਦਾ ਵਹਿਣ ਨਿਰਦੋਸ਼ਾਂ ਵੱਲ ਨਾ ਫੇਰੋ। ਤੁਹਾਡਾ ਧਰਮ ਤੇ ਇਤਿਹਾਸ ਦੋਵੇਂ ਕਲੰਕਤ ਹੁੰਦੇ ਐ। ਤੁਹਾਡੇ ਗੁਰੂ ਦਾ ਸਿਰ ਨੀਵਾਂ ਹੁੰਦਾ ਏ। ਤੁਸੀਂ ਤਾਂ ਘਰੋਂ ਪੰਥ ਦਾ ਸਿਰ ਉੱਚਾ ਕਰਨ ਲਈ ਤੁਰੇ ਸੀ, ਪਹਾੜ ਚੜ੍ਹਦੇ ਖਾਈ ਵਿੱਚ ਕਿਵੇਂ ਆ ਡਿੱਗੇ ?.. ਸਿੱਖੀ ਦਾ ਮੂਲ ਪਛਾਣੇ ਬਿਨਾਂ ਵਿੱਢੀ ਲੜਾਈ ਗ਼ਲਤ ਰਾਹ ਫੜ ਸਕਦੀ ਐ। ਧੀਰਜ ਧਾਰੋ ਤੇ ਲੰਮਾ ਸੋਚੋ।"*
*ਇਹਨਾਂ ਸਤਰਾਂ ਵਿਚ ਕੰਵਲ ਸਿੱਖ ਲਹਿਰ ਦੇ ਇਤਿਹਾਸਕ ਯੋਗਦਾਨ ਦੀ ਜ਼ਮੀਨ 'ਤੇ ਖੜ੍ਹਦਿਆਂ, ਮਾਰਕਸੀ ਸੂਝ ਨਾਲ ਲੈਸ ਹੋ ਕੇ, ਲੋਕਾਈ ਦੇ ਹਿੱਤ ਦੀ ਵਿਆਖਿਆ ਕਰ ਰਿਹਾ ਹੈ। ਆਪਣੇ 'ਰੌਸ਼ਨ ਫ਼ਿਕਰ' ਬੁਧੀਜੀਵੀ ਹੋਣ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਇਹ ਸਿਰਫ਼ ਕਿਤਾਬੀ ਟੂਕਾਂ ਜਾਂ ਸੁਰੱਖਿਅਤ ਫਾਸਲੇ 'ਤੇ ਹੋ ਕੇ ਲਿਖੇ ਨਸੀਹਤ-ਵਾਕ ਨਹੀਂ ਹਨ, ਸਗੋਂ ਖਾੜਕੂਆਂ ਦੀ ਚੜ੍ਹਾਈ ਵੇਲੇ ਸਾਕਾ ਨੀਲਾ ਤਾਰਾ ਦੀ ਦੂਜੀ ਬਰਸੀ ਦੇ ਜ਼ਖ਼ਮੀ ਦਿਨਾਂ ਤੋਂ ਅਗਾਂਹ ਦੇ ਸਫ਼ਰ ਦੀ ਸੇਧ ਪਛਾਣਨ; ਉਦਾਸ ਤੇ ਹਰਾਸੀ ਲੋਕਾਈ ਦੀ ਬੁੱਕਲ ਦਾ ਸਤਿਕਾਰ ਕਰਦਿਆਂ; ਧੀਰਜ, ਸਹਿਜ ਤੇ ਸੂਝ ਨਾਲ ਤੁਰਨ ਦੀ ਵੇਗਵਾਨ ਦਲੀਲ ਹੈ।*
ਇਸ ਦਲੇਰੀ ਦਾ ਖਾਲਸ ਕੰਵਲੀ ਸਿਦਕ ਮੁੜ 'ਲਹੂ ਦੀ ਲੋਅ' ਦੀ ਭੂਮਿਕਾ ਵੱਲ ਲੈ ਜਾਂਦਾ ਹੈ: " ਸਾਹਿਤਕਾਰੀ ਸੂਰਮਤਾਈ ਹੈ-ਆਦਮ ਦੀਆਂ ਸਾਰੀਆਂ ਮੁਸੀਬਤਾਂ ਦੀ ਹਿੱਸੇਦਾਰੀ ਹੈ।" *ਅੱਜ ਦੇ ਖੁਸ਼-ਖੁਸ਼ ਲੇਖਕਾਂ ਨਾਲ, ਖਚਰੇ ਫੇਸਬੁਕੀਏ ਬੁਧੀਜੀਵੀਆਂ ਨਾਲ ਅਜਿਹੇ ਸ਼ਬਦਾਂ ਦੇ ਸੇਕ ਬਾਰੇ ਗੱਲ ਤੋਰਨਾ, ਉਨ੍ਹਾਂ ਦੀ ਲੇਖਕ ਯੂਨੀਅਨ ਦੇ ਪਾਸ ਕੀਤੇ ਰੂਹਾਨੀ ਮਤਿਆਂ ਦੀ ਬੇਅਦਬੀ ਦੇ ਤੁੱਲ ਹੈ। ਇਸ ਬੱਜਰ ਕੁਰਹਿਤ ਸਦਕਾ ਕੰਵਲ ਨੂੰ ਅਜੋਕੇ ਲੇਖਕਾਂ ਦੇ ਲਾਣੇ ਵਿੱਚੋਂ ਛੇਕਿਆ ਵੀ ਜਾ ਸਕਦਾ ਹੈ।*
ਪਰ ਕੰਵਲ ਬੇਨਿਆਜ਼ ਹੈ। *ਲੇਖਕਾਂ ਦਾ ਲੇਖਕ, ਇਹ ਸ਼ਬਦ-ਸਾਧਕ ਲਿਖਦਾ ਹੈ:*
*"ਮਨੁੱਖਤਾ ਦਾ ਦੇਣ ਦਿੱਤੇ ਬਿਨਾਂ ਕੋਈ ਲੇਖਕ ਸੁਰਖਰੂ ਨਹੀਂ ਹੋ ਸਕਦਾ। ਸਮੇਂ ਦਾ ਸੱਚ ਆਖੇ ਬਿਨਾਂ ਉਹ ਲੋਕਾਂ ਦਾ ਜਾਇਆ ਨਹੀਂ ਬਣ ਸਕਦਾ। ਔਕੜਾਂ ਨੂੰ ਵੰਗਾਰਨਾ ਆਦਮ ਦੀ ਪੁਰਾਣੀ ਲਲਕਾਰ ਹੈ। ਲੋਕਾਂ ਨਾਲ ਜੀਣਾ, ਲੋਕਾਂ ਨਾਲ ਹੀ ਮਰਨਾ ਲੇਖਕ ਦਾ ਕਰਤੱਵ ਹੈ। ਕਰਤੱਵ ਦੀ ਪਾਲਣਾ ਉਹਦਾ ਮੁੱਢਲਾ ਧਰਮ ਹੈ।"*
ਇਨ੍ਹਾਂ ਚਾਰ ਸਤਰਾਂ ਦੀ ਬੁਣਤੀ, ਵੇਗ ਤੇ ਦਲੀਲ ਦਾ ਵਹਾਅ ਸਿਰਫ਼ ਪੜ੍ਹਨ ਤੱਕ ਨਹੀਂ ਰਹਿੰਦਾ, ਸਗੋਂ ਸਾਨੂੰ ਬੋਲ ਕੇ ਇਨ੍ਹਾਂ ਵਾਕਾਂ ਦੀ ਤਾਕਤ ਦਾ ਅਹਿਸਾਸ ਹੁੰਦਾ ਹੈ। 1976 ਵਿੱਚ 'ਲਹੂ ਦੀ ਲੋਅ' ਲਿਖ ਕੇ ਕੰਵਲ ਨੇ ਆਪਣੇ ਸ਼ਬਦਾਂ ਦਾ ਸਨਮਾਨ ਕਾਇਮ ਰੱਖਿਆ ਤੇ ਫਿਰ ਪੂਰੇ ਦਸ ਸਾਲ ਬਾਅਦ 1986 ਵਿੱਚ ਵੀ 'ਸਮੇਂ ਦਾ ਸੱਚ' ਆਖ ਕੇ 'ਲੋਕਾਂ ਦਾ ਜਾਇਆ' ਹੋਣ ਦੀ ਵੰਗਾਰ ਨੂੰ ਹੱਥ ਪਾਇਆ। 'ਲੋਕਾਂ ਨਾਲ ਜੀਣਾ-ਮਰਨਾ' ਨੂੰ ਲੇਖਕ ਦੇ ਕਰਤੱਵ ਵਜੋਂ ਦ੍ਰਿੜ੍ਹ ਕਰਵਾਇਆ ਅਤੇ ਇਸ ਕਰਤੱਵ ਪਾਲਣ ਨੂੰ ਲੇਖਕ ਦੇ ‘ਮੁੱਢਲਾ ਧਰਮ' ਵਜੋਂ ਸਥਿਰ ਕਰ ਦਿੱਤਾ।
ਇਸ ਮਜ਼ਮੂਨ ਦੇ ਸ਼ੁਰੂ ਵਿੱਚ ਮੈਂ ਕਿਹਾ ਹੈ ਕਿ ਲਿਖਤ ਨਾਲ ਵਹਿ ਰਹੇ ਪਾਠਕ ਨੂੰ ਕੰਵਲ ਦਾ ਕੋਈ ਸ਼ਬਦ ਐਸੀ ਕਹਿਰ ਦੀ ਉਠਾਨ ਲੈਂਦਾ ਹੈ ਕਿ ਉਸ ਦੇ ਭਾਵ ਜਗਤ ਨੂੰ ਝਟਕੇ ਵੱਜਦੇ ਹਨ।
*ਲੇਖਕ ਦੀ ਸੱਚੀ ਪਛਾਣ ਉਸ ਦਾ ਰਵਾਇਤੀ ਧਰਮ ਨਹੀਂ, ਸਗੋਂ ਲੇਖਕ ਹੋਣ ਦਾ ‘ਮੁੱਢਲਾ ਧਰਮ' ਆਪਣੇ ਲੋਕਾਂ ਦੀਆਂ ਸਾਰੀਆਂ ਮੁਸੀਬਤਾਂ ਦੀ ਹਿੱਸੇਦਾਰੀ ਹੈ।* ਕੰਵਲ ਨੇ ਇਨ੍ਹਾਂ ਪੜਾਵਾਂ ਵਿੱਚੋਂ ਤਪ ਕੇ ਲੰਘੇ ਲੇਖਕਾਂ ਦੀ ਮਿਸਾਲ ਸਾਹਮਣੇ ਰੱਖਦਿਆਂ ਕਿਹਾ ਹੈ ਕਿ 'ਸਾਹਿਤਕਾਰੀ ਸੂਰਮਤਾਈ ਹੈ। ਇਸ ਤੋਂ ਇਹ ਮਤਲਬ ਹਰਗਿਜ਼ ਨਹੀਂ ਲੈਣਾ ਚਾਹੀਦਾ ਕਿ ਹਰ ਸਿਆਹੀਕਾਰ ਸੂਰਮਾ ਹੈ।
ਕੰਵਲ ਦੀ ਵਾਰਤਕ ਜਾਂ ਗਲਪੀ ਭਾਸ਼ਾ ਵੱਡੀ ਹੱਦ ਤੱਕ ਵਾਰਿਸ ਸ਼ਾਹ ਦੀ ਜ਼ਮੀਨ 'ਤੇ ਉੱਸਰੀ-ਨਿੱਸਰੀ ਹੈ। *ਔਸਤ ਵਿਦਵਾਨਾਂ ਵੱਲੋਂ ਸਿੱਧ-ਪੱਧਰੇ ਢੰਗ ਨਾਲ ਪੜ੍ਹਦਿਆਂ ਕੰਵਲ ਨੂੰ ਕਥਾ ਰਸ ਅਤੇ ਭਾਸ਼ਾਈ ਰੰਗ ਤੱਕ ਘਟਾਅ ਲਿਆ ਜਾਂਦਾ ਹੈ। ਰਾਜਸੀ-ਵਿਚਾਰਧਾਰਕ ਪੱਧਰ 'ਤੇ ਉਸ ਦੀ ਪੜ੍ਹਤ ਅਜੇ ਆਪਣੇ ਮੁਢਲੇ ਪੜਾਅ 'ਤੇ ਹੀ ਪੀਚੋ ਬੱਕਰੀ ਖੇਡ ਰਹੀ ਹੈ।*
*ਇਸ ਆਲੇਖ ਅੰਦਰ ਕੰਵਲ ਦੀ ਗਲਪੀ ਭਾਸ਼ਾ ਦੇ ਉਸਾਰ, ਬਣਤਰ ਤੇ ਵਿਉਂਤ ਬਾਰੇ ਸੋਚਣਾ, ਉਸ ਦੀਆਂ ਬਿਰਤਾਂਤਕ ਛੋਹਾਂ ਦੀ ਰਮਜ਼, ਤੇ ਸਭ ਤੋਂ ਵੱਧ, ਇਕ ਨਿਆਂਕਾਰੀ ਪੰਜਾਬੀ ਸਮਾਜ ਦੀ ਉਸਾਰੀ ਲਈ ਨਾਵਲ ਦੀ ਵਿਧਾ ਨੂੰ ਰਣਨੀਤਕ ਹਥਿਆਰ ਵਜੋਂ ਵਾਹੁਣ ਦੀ ਅਟਕਲ ਸਮਝਣ ਦੀ ਜੂਹ ਵੱਲ ਆਉਣ ਦਾ ਸੱਦਾ ਹੈ।* ਪਿਛਲੇ ਸਾਲਾਂ ਤੋਂ ਆਰੰਭ ਹੋਇਆ 'ਪੂਰਨਮਾਸ਼ੀ ਪੰਜਾਬੀ ਜੋੜ ਮੇਲਾ, ਢੁੱਡੀਕੇ' ਇਸ ਪਿੜ ਨੂੰ ਸਵਾਰਨ ਦਾ ਇੱਕ ਛੋਟਾ, ਪਰ ਅਹਿਮ ਉੱਦਮ ਹੈ।
ਤੁਹਾਡੇ ਸ਼ੁਭਚਿੰਤਨੀ ਹੁੰਗਾਰੇ ਦੀ ਆਸ ਵਿਚ...
– ਸੁਮੇਲ ਸਿੰਘ ਸਿੱਧੂ | ਅਦਾਰਾ 23 ਮਾਰਚ
