ਸਾਰੇ ਲੇਖ
Literature/Education 28 Jun 2026 4 min read 51 views

ਬੇਖੌਫ਼ ,ਨਿਡਰ ਤੇ ਦਲੇਰ ਲੇਖਕ ਸਨ - ਜਸਵੰਤ ਸਿੰਘ ਕੰਵਲ

ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਜੀਵਨ, ਸਾਹਿਤਕ ਸਫ਼ਰ, ਪ੍ਰਸਿੱਧ ਨਾਵਲਾਂ, ਵਿਚਾਰਾਂ ਅਤੇ ਪੰਜਾਬੀ ਸਾਹਿਤ ਲਈ ਉਨ੍ਹਾਂ ਦੇ ਅਮੁੱਲੇ ਯੋਗਦਾਨ ਬਾਰੇ ਜਾਣੋ।

Sirlekh Team

Updated 15 Jul 2026

ਸਾਂਝਾ ਕਰੋ:

fWATG
ਬੇਖੌਫ਼ ,ਨਿਡਰ ਤੇ ਦਲੇਰ ਲੇਖਕ ਸਨ - ਜਸਵੰਤ ਸਿੰਘ ਕੰਵਲ

ਪੰਜਾਬੀ ਸਾਹਿਤ 'ਚ ਜਸਵੰਤ ਸਿੰਘ ਕੰਵਲ ਇਕ ਅਜਿਹਾ ਨਾਂ ਹੈ, ਜੋ ਪ੍ਰਸਿੱਧ ਸਾਹਿਤਕਾਰ ਨਾਨਕ ਸਿੰਘ ਦਾ ਵਾਰਸ ਬਣਿਆ। ਉਸਦੀ ਲਿਖਣ ਸ਼ੈਲੀ ਐਨੀ ਪ੍ਰਭਾਵਸਾਲੀ ਸੀ ਕਿ ਪਾਠਕ ਮੱਲੋ-ਮੱਲੀ ਉਨ੍ਹਾ ਦੀਆਂ ਰਚਨਾਵਾਂ ਨੂੰ ਪੜ੍ਹਨ ਖਿੱਚੇ ਜਾਂਦੇ।ਉਨ੍ਹਾ ਨੇ ਬੇਖ਼ੌਫ਼,ਨਿਡਰਤਾ,ਦਲੇਰੀ ਤੇ ਬੇਝਿਜਕ ਹੋ ਕੇ ਨਾਵਲਾਂ ਅਤੇ ਕਲਮ ਚਲਾਈ ਅਤੇ 101 ਕਿਤਾਬਾਂ ਲਿਖ ਕਿ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਜਿਨਾਂ 'ਚ 30 ਤੋਂ ਵੱਧ ਨਾਵਲ ,12 ਕਹਾਣੀਆਂ,17 ਸਿਆਸੀ ਫੀਚਰ, 5 ਰੇਖਾ ਚਿੱਤਰ,3 ਜੀਵਨ ਅਨੁਭਵ ,6 ਵਾਰਤਕ ਕਾਵਿ ਸੰਗ੍ਰਹਿ,11 ਰਚਨਾ ਸੰਗ੍ਰਹਿ,ਜਸਵੰਤ ਸਿੰਘ ਕੰਵਲ ਇਕ ਨਾਵਲਕਾਰ,ਕਹਾਣੀਕਾਰ ਤੇ ਉੱਘੇ ਲੇਖਕ ਸਨ। ਜਿੰਨ੍ਹਾ ਦੀਆਂ ਲਿਖਤਾਂ ਪੰਜਾਬ ਤੇ ਪੰਜਾਬੀਅਤ ਨੂੰ ਸੇਧ ਦੇਣ ਵਾਲੀਆਂ ਸਨ ।

ਜਸਵੰਤ ਸਿੰਘ ਕੰਵਲ ਦਾ ਜਨਮ 27 ਜੂਨ 1919 ਨੂੰ ਜ਼ਿਲ੍ਹਾ ਮੋਗੇ ਦੇ ਪਿੰਡ ਢੁੱਡੀਕੇ ਵਿਖੇ ਪਿਤਾ ਮਾਹਲ ਸਿੰਘ ਦੇ ਘਰ ਹੋਇਆ। ਮੁੱਢਲੀ ਪੜ੍ਹਾਈ ਉਨ੍ਹਾ ਪਿੰਡ ਦੇ ਸਕੂਲ ਤੋ ਹੀ ਕੀਤੀ। ਉੱਹਨਾਂ ਦਸਵੀਂ ਨਹੀਂ ਕੀਤੀ ਪਰ ਗਿਆਨੀ ਕੀਤੀ ਹੋਈ ਸੀ। ਉੱਹਨਾਂ ਨੂੰ ਪਹਿਲਾ ਇਕ ਚੀਨੀ ਕੁੜੀ ਨਾਲ ਪਿਆਰ ਹੋਇਆ ਸੀ।ਜੋ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਪਰ ਉਹ ਆਪਣਾ ਦੇਸ਼ ਨਹੀਂ ਛੱਡਣਾ ਚਾਹੁੰਦੀ ਸੀ ਤੇ ਜਸਵੰਤ ਸਿੰਘ ਕੰਵਲ ਉੱਥੇ ਪੱਕੇ ਤੌਰ ਤੇ ਰਹਿਣਾ ਨਹੀਂ ਚਾਹੁੰਦੇ ਸਨ। ਜਿਸ ਕਾਰਨ ਉਨਾਂ ਦੇ ਰਿਸ਼ਤੇ ਦਾ ਅੰਤ ਉੱਥੇ ਹੀ ਹੋ ਗਿਆ। ਫੇਰ ਸੰਨ 1943 ਚ ਉੱਹਨਾਂ ਦਾ ਵਿਆਹ ਮੁਖਤਿਆਰ ਕੌਰ ਨਾਲ ਹੋ ਗਿਆ। ਉੱਹਨਾਂ ਦੇ ਘਰ ਚਾਰ ਧੀਆ ਤੇ ਇਕ ਲੜਕੇ ਨੇ ਜਨਮ ਲਿਆ।ਜਸਵੰਤ ਸਿੰਘ ਕੰਵਲ ਹੁਰਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਚ ਲੱਗੀ।ਉੱਹਨਾਂ ਪਿੰਡ ਵਿਚ ਖੇਤੀ ਕੀਤੀ ਅਤੇ ਰੋਜ਼ੀ ਰੋਟੀ ਲਈ ਮਲਾਇਆ ਚ ਚੌਂਕੀਦਾਰੀ ਵੀ ਕੀਤੀ ।ਉੱਹਨਾਂ ਅੰਮ੍ਰਿਤਸਰ ਵਿਖੇ ਕੁਝ ਵਕਤ ਕਲਰਕ ਦੀ ਨੌਕਰੀ ਵੀ ਕੀਤੀ। ਉਹ ਆਪਣੀ ਸਾਹਿਤਕ ਭੁੱਖ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿਚ ਸਮਾਂ ਬਿਤਾਉਂਦੇ। ਇੱਥੇ ਉੱਹਨਾਂ ਸੰਸਾਰ ਦੇ ਵਧੀਆ ਨਾਵਲ ਤੇ ਕਹਾਣੀਆ ਪੜ੍ਹੀਆਂ ਤੇ ਇੱਥੇ ਹੀ 'ਜੀਵਨ ਕਣੀਆਂ' ਦੇ ਪਬਲਿਸ਼ਰ ਨੇ ਉਨਾਂ ਨੂੰ ਨਾਵਲ ਲਿਖਣ ਲਈ ਪ੍ਰੇਰਿਤ ਕੀਤਾ। ਇਸ ਤਰ੍ਹਾ ਸਭ ਤੋਂ ਪਹਿਲਾਂ ਜਸਵੰਤ ਸਿੰਘ ਕੰਵਲ ਨੇ ਇਕ ਗੈਰ ਪੰਜਾਬੀ ਲੇਖਕ ਤੋਂ ਪ੍ਰਭਾਵਤ ਹੋ ਕਿ 1941-42 ਚ ਵਾਰਤਕ ਦੀ ਪਹਿਲੀ ਕਿਤਾਬ ‘ਜੀਵਨ ਕਣੀਆਂ’ ਲਿਖੀ ।ਜਿਸ ਨੇ ਉਨਾਂ ਦੀ ਸਾਹਿਤਕ ਖੇਤਰ ਚ ਚਰਚਾ ਛੇੜ ਦਿੱਤੀ।ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ 1944 ਚ ‘ਸੱਚ ਨੂੰ ਫਾਂਸੀ’ ਲੋਕ ਕਚਹਿਰੀ ਚ ਆਇਆ। ਜੋ ਲਾਹੌਰ ਚ ਇਕ ਹੌਲਦਾਰ ਦੇ ਕਤਲ ਦੀ ਘਟਨਾ ਨੂੰ ਲੈ ਕੇ ਉਸ ਦੁਆਲੇ ਘੁੰਮਦੇ ਹੋਏ ਸਿਰਜਿਆ ਗਿਆ ।

ਉੱਹਨਾਂ ਦਾ ਦੂਜਾ ਨਾਵਲ ‘ਪਾਲੀ’ ਆਇਆ ਜੋ ਪਿਆਰ ਦੀ ਪੀੜ ਵੇਦਨਾ ਅਤੇ ਦਿਲੀ ਵਲਵਲਿਆਂ ਦਾ ਪ੍ਰਤੀਕ ਸੀ। ਜਦੋ ਉੱਹਨਾਂ ਦਾ ਪਾਲੀ ਨਾਵਲ ਲੋਕ ਕਚਹਿਰੀ ਚ ਆਇਆ ਤਾਂ ਉਸ ਵੇਲੇ ਦੇ ਨਾਵਲ ਪਿਤਾਮਾ ਮੰਨੇ ਜਾਂਦੇ ਨਾਨਕ ਸਿੰਘ ਉੱਹਨਾਂ ਦਾ ਇਹ ਨਾਵਲ ਪੜ੍ਹ ਕੇ ਉਨਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਮਿਲਣ ਆਏ। ਉੱਹਨਾਂ ਜਸਵੰਤ ਸਿੰਘ ਨੂੰ ਕਿਹਾ ਕਿ ਤੂੰ ਬਹੁਤ ਵਧੀਆ ਲਿਖਦਾ ਹੈ ਤੇ ਲਿਖਣਾ ਨਾ ਛੱਡੀਂ। ਜਿਸ ਤੋਂ ਉਤਸ਼ਾਹਿਤ ਹੋ ਕਿ ਜਸਵੰਤ ਸਿੰਘ ਕੰਵਲ ਹੁਰਾਂ ਲਗਾਤਾਰ ਲਿਖਣਾ ਸ਼ੁਰੂ ਕਰ ਦਿੱਤਾ। ਫਿਰ ਉੱਹਨਾਂ ਦਾ ਤੀਜਾ ਨਾਵਲ ‘ਪੂਰਨਮਾਸ਼ੀ’ ਆਇਆ।। ਇਹ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀ ਪੇਂਡੂ ਜੀਵਨ ਦੀ ਝਲਕ ਸੀ । ਜੋ ਹਰ ਪੰਜਾਬੀ ਦੀ ਪਸੰਦ ਦਾ ਪਹਿਲਾ ਨਾਵਲ ਹੈ। ਜਦ ਕੇ ‘ਰਾਤ ਬਾਕੀ ਹੈ’ ਜਸਵੰਤ ਸਿੰਘ ਕੰਵਲ ਦਾ ਚੌਥਾ ਨਾਵਲ ਸੀ। ਇਸ ਤੋਂ ਬਾਅਦ 1971 -72 ਚ ਉੱਹਨਾਂ ਪੰਜਾਬ ਤੇ ਕੌਮ ਦੇ ਹਾਲਾਤਾਂ ਤੇ ‘ਲਹੂ ਦੀ ਲੋਅ’ ਨਾਵਲ ਦੀ ਰਚਨਾ ਕੀਤੀ। ਉਦੋਂ ਹੀ ਦੇਸ਼ ਚ ਐਮਰਜੈਂਸੀ ਲੱਗ ਗਈ।

ਹਾਲਾਤ ਇਹ ਹੋ ਗਏ ਕਿ ਜੋ ਪਬਲਿਸ਼ਰ ਕਦੇ ਉਨਾਂ ਦੇ ਨਾਵਲ ਛਾਪਣ ਵਾਸਤੇ ਉਨਾਂ ਦੇ ਮਗਰ ਮਗਰ ਤੁਰੇ ਫਿਰਦੇ ਸਨ ਉਹ ਲਹੂ ਦੀ ਲੋਅ ਨੂੰ ਛਾਪਣ ਤੋ ਡਰ ਗਏ। ਕਿਉਂਕਿ ਐਮਰਜੈਂਸੀ ਕਰਕੇ ਛਾਪੇਖ਼ਾਨਿਆਂ ਤੇ ਛਾਪੇ ਪੈਣ ਲੱਗੇ। ਪੂਰੇ ਦੇਸ਼ 'ਚ ਪ੍ਰੈਸ ਉੱਤੇ ਪਾਬੰਦੀ ਲੱਗ ਗਈ ।ਕੋਈ ਵੀ ਪਬਲਿਸ਼ਰ ਉਨਾਂ ਦਾ ਨਾਵਲ ਛਾਪਣ ਤੋਂ ਕੰਨੀ ਕਤਰਾਉਣ ਲੱਗੇ ।ਜਿਸ ਪਿੱਛੋਂ ਆਖਿਰ 'ਲਹੂ ਦੀ ਲੋਅ' ਨਾਵਲ ਸਿੰਘਾਪੁਰ ਦੀ ਵਿਦੇਸ਼ੀ ਧਰਤੀ ਤੇ ਪਬਲਿਸ਼ ਹੋਇਆ। ਜਿਸ ਨੂੰ ਸਭ ਤੋਂ ਵੱਧ ਪਰਵਾਸੀ ਪੰਜਾਬੀਆਂ ਨੇ ਪੜ੍ਹਿਆ ।ਉਸ ਵਕਤ ਇਸਦੀ ਕੀਮਤ 30 ਰੁਪਏ ਰੱਖੀ ਗਈ। ਇਹ ਨਾਵਲ ਸਮਗਲ ਵੀ ਹੋਇਆ। ਜਿਸ ਦੀਆਂ ਕਾਪੀਆਂ ਹੱਥੋ ਹੱਥੀ ਵਿਕ ਗਈਆਂ। ਐਮਰਜੈਂਸੀ ਮਗਰੋਂ ਇਸ ਦੀ ਕੀਮਤ 15 ਰੁਪਏ ਰੱਖ ਕੇ ਆਰਸੀ ਵਾਲਿਆਂ ਨੇ ਇਸ ਦੀਆਂ 12 ਹਜ਼ਾਰ ਕਾਪੀਆਂ ਪਬਲਿਸ਼ ਕਰਕੇ ਵੇਚੀਆਂ। ਜਸਵੰਤ ਸਿੰਘ ਕੰਵਲ ਦਾ ਸਭ ਤੋ ਮਨ ਪਸੰਦ ਨਾਵਲ 'ਤੋਸ਼ਾਲੀ ਦੀ ਹੰਸੋ' ਸੀ। ਜੋ ਅਸ਼ੋਕ ਸਮਰਾਟ ਵੱਲੋਂ ਕਲਿੰਗਾ 'ਚ ਕੀਤੇ ਕਤਲੇਆਮ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਸੀ ।

ਉਹ ਆਪ ਕਹਿੰਦੇ ਸਨ ਕੇ ਬੇਸ਼ੱਕ ਉਨਾਂ 30 ਤੋਂ ਵੱਧ ਨਾਵਲ ਲਿਖੇ ਹਨ ।ਪਰ 'ਤੋਸ਼ਾਲੀ ਦੀ ਹੰਸੋ' ਨੇ ਉਨਾਂ ਦੀ ਰੂਹ ਦਾ ਰੱਜ ਕੀਤਾ ਹੈ । ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਵੀ ਮਿਲਿਆ।

ਮੈਂ ਖ਼ੁਦ ਉੱਹਨਾਂ ਦੇ “ਸੱਚ ਨੂੰ ਫਾਂਸੀ” ਸਣੇ ਕਈ ਨਾਵਲ ਪੜ੍ਹੇ ਹਨ।ਉੱਹਨਾਂ ਦੀ ਲੇਖਣੀ 'ਚ ਪੰਜਾਬ ਤੇ ਪੰਜਾਬੀਅਤ ਦਾ ਦਰਦ ਝਲਕਦਾ ਸੀ। ਉਹ ਘੱਟ ਗਿਣਤੀ ਉੱਤੇ ਹੁੰਦੇ ਅਤਿਆਚਾਰ ਖਿਲਾਫ ਵੀ ਖੁੱਲ੍ਹ ਕਿ ਬੋਲੇ। ਉਹ ਦਲੇਰੀ ਨਾਲ ਬੇਬਾਕ ਹੋ ਕਿ ਲਿਖਣ ਵਾਲੇ ਪ੍ਰਸਿੱਧ ਲੇਖਕ ਹੋਏ ਹਨ। ਪਰ 1 ਫਰਵਰੀ 2020 ਚ ਇਕ ਸਦੀ ਹੰਢਾ ਕੇ ਪੰਜਾਬੀ ਸਾਹਿਤ ਦਾ ਇਹ ਅਨਮੋਲ ਹੀਰਾ ਸਾਥੋ ਸਦਾ ਲਈ ਵਿੱਛੜ ਗਿਆ।

—-

ਅਜੀਤ ਖੰਨਾ

( ਲੈਕਚਰਾਰ)

ਮੋਬਾਈਲ:76967-54679

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ