ਕਥਾ ਵਿੱਚ ਤੁਰਦਾ ਪਿੰਡ - ਦਰਸ਼ਨ ਜੋਗਾ
"ਕਥਾ ਵਿੱਚ ਤੁਰਦਾ ਪਿੰਡ-ਦਰਸ਼ਣ ਜੋਗਾ" ਮਾਲਵਾ ਖੇਤਰ ਦੀ ਰੂਹ ,ਪਿੰਡ ਨਾਲ ਮੁਹੱਬਤ ਅਤੇ ਇੱਕ ਕਹਾਣੀਕਾਰ ਦੀ ਜਿੰਦਗੀ ਨੂੰ ਦਰਸਾਉਦੀ ਪ੍ਰਭਾਵਸ਼ਾਲੀ ਪੰਜਾਬੀ ਲਿਖਤ ਹੈ। ਇਸ ਵਿੱਚ ਮਿੱਟੀ ,ਸੰਘਰਸ਼...

(ੳ)
ਮਲਵਈਆਂ ਦੇ ਸੁਭਾਅ ਅਤੇ ਜ਼ੁਬਾਨ ’ਚ ਬਾਈ ਸ਼ਬਦ ਜਿਵੇਂ ਕੁਦਰਤ ਨੇ ਖੁਣਿਆ ਹੋਵੇ। ਪੂਰੇ ਵਿਸ਼ਵ ਦੇ ਲੋਕ ਮਲਵਈਆਂ ਦੇ ਬਾਈ ਨੇ। ਮਾਲਵਾ ਸਰਗਰਮੀਆਂ ਦਾ ਗੜ੍ਹ ਐ ਤੇ ਮਾਨਸਾ ਆਲੇ ਬਾਈ ਜਮ੍ਹਾਂ ਮੋਹਰੀ। ਜਿੰੰਨੀਆਂ ਵੀ ਲਹਿਰਾਂ ਉੱਠੀਆਂ ਮਾਨਸਾ ਦੇ ਲੋਕ ਹਿੱਕਾਂ ਡਾਹ ਕੇ ਲੜੇ। ਇਨ੍ਹਾਂ ਦਾ ਮੁਹਾਵਰਾ ਬਣ ਗਿਆ ‘ਅੜੇ ਸੋ ਝੜੇ’।
ਇਸ ਜ਼ਮੀਨ ਵਿੱਚ ਦਸਵੇਂ ਪਾਤਸ਼ਾਹ ਨੇ ਐਸੀ ਰੰਗਤ ਭਰੀ ਐ ਕਿ ਇਸ ਧਰਤ ਨੇ ਨਵੀਆਂ ਪੈੜਾਂ ਪਾਈਆਂ। ਇਹ ਧਰਤੀ ਦਰਵੇਸ਼ ਧਰਤੀ ਹੈ। ਹੱਡਾਂ 'ਤੇ ਝੱਲ ਕੇ ਨਵੀਆਂ ਪੈੜਾਂ ਪਾਉਣ ਵਾਲੀ। ਫਕੀਰੀ ਇਸ ਨੂੰ ਭਾਈ ਬਹਿਲੋ ਜੀ ਨੇ ਦਿੱਤੀ ਅਤੇ ਹੱਕ ਲਈ ਲੜਨ ਦੀ ਦ੍ਰਿੜਤਾ ਗੁਰੂ ਬਾਬੇ ਨੇ।
ਰੰਗ ਇਸ ਦਾ ਜਝਾਰੂਆਂ ਦੇ ਇਸ਼ਕ ਚ ਰੰਗਿਐ। ਬਗਾਵਤ ਦਾ ਰੰਗ ਇਸ ਨੂੰ ਜਿਵੇਂ ਗੁੜ੍ਹਤੀ ਚ ਕਿਸੇ ਰੰਗ ਰੱਤੇ ਨੇ ਦਿੱਤੈ। ਸਦੀਆਂ ਪਹਿਲਾਂ ਕਿਸੇ ਤਪੱਸਵੀ ਨੇ ਤਪ ਕੀਤਾ ਹੋਣੇ ਇੱਥੋਂ ਦੇ ਲੋਕ ਪੂਰਨ ਸਿੰਘ ਦੇ ਪੰਜਾਬ ਦੇ ਫੱਕਰ ਨੇ। ਪਿਆਰ ਨਾਲ ਗੁਲਾਮੀ ਕਰਨ ਵਾਲੇ ਅਤੇ ਜ਼ਬਰ ਅੱਗੇ ਨਾਬਰ ਬਣ ਖੜ੍ਹਨ ਵਾਲੇ। ਇਥੋਂ ਦਾ ਨਾਬਰ ਬੰਦਾ ਸੱਤਾ ਦੀ ਹਿੱਕ ਵਿੱਚ ਕਿੱਲ ਬਣ ਠੁਕਦੈ। ਦਿੱਖ ਵਿੱਚ ਏਨਾ ਬਾਗੀਪੁਣੇ ਮਰੀਆਂ ਜ਼ਮੀਰਾਂ ਨੂੰ ਜਿਉਂਦਾ ਕਰਦੈ।
ਮਾਲਵੇ ਦਾ ਪਿੰਡ ਜੋਗਾ ਵੀ ਸੱਤਾ ਦੀ ਹਿੱਕ 'ਚ ਕਿੱਲ ਬਣ ਕੇ ਠੁਕਿਐ। ਇੱਥੋਂ ਦੇ ਲੋਕ ਗੋਲ ਮੋਰੀ 'ਚ ਚੌਰਸ ਕਿੱਲ ਵਾਂਗੂੰ ਠੁਕੇ। ਇੱਥੋਂ ਦਾ ਬੱਚਾ-ਬੱਚਾ ਕੈਰਮ ਬੋਰਡ ਨਹੀਂ ਖਤਰਿਆਂ ਨਾਲ ਖੇਡਦਾ ਰਿਹੈ। ਮਰਾੜ੍ਹਾਂ ਵਾਲੇ ਮਾਨ ਦੇ ਗੀਤ ਵਾਂਗ ਇਸ ਪਿੰਡ ਦੀ ਅੱਖ ਨੇ ਅੱਗ ਦੇ ਅੱਥਰੂ ਰੋਏ ਨੇ। ਏਸੇ ਪਿੰਡ ਦਾ ਜੰਮਪਲ ਹੈ ਸਾਡਾ ਕਹਾਣੀਕਾਰ ਦਰਸ਼ਨ ਜੋਗਾ।
‘ਤੁਸੀਂ ਤਾਂ ਡਾਇਰੀ ਦੇ ਪੰਨੇ ਲਿਖਦੇ ਓਂ। ਮੇਰੇ ਤਾਂ ਹਿੱਕ 'ਤੇ ਉਕਰੀਆਂ ਪਈਆਂ ਨੇ ਲੋਕ ਤੱਥਾਂ ਵਾਂਗੂੰ ਗੱਲਾਂ, ਜਦੋਂ ਮਰਜ਼ੀ ਸੁਣਲੇ ਕੋਈ।’ ਇਹ ਗੱਲ ਦਰਸ਼ਨ ਜੋਗੇ ਨੇ ਜੋਗੇ ਪਿੰਡ ਦੇ ਥੜ੍ਹੇ ਤੋਂ ਅਖਵਾਈ।
ਪਿੰਡ ਉਹਦੇ ਹੱਡਾਂ ਚ ਬੈਠਿਆ ਹੋਇਐ। ਸਿਰਜਕ ਤਖ਼ੱਲਸ ਲੱਭਦੈ ਬਈ ਅਵੱਲਾ ਜਾ ਹੋਵੇ। ਓਹਨੇ ਤਖ਼ੱਲਸ ਆਪਣੇ ਪਿੰਡ ਦਾ ਨਾਂ ਰੱਖਿਐ। ਦਰਸ਼ਨ ਓਹਦਾ ਨਾਂ ਐ ਅਤੇ ਜੋਗਾ ਤਖੱਲਸ। ਪਾਠਕਾਂ ਚ ਓਹ ਦਰਸ਼ਨ ਜੋਗੇ ਦੇ ਨਾਂ ਨਾਲ ਜਾਣਿਆ ਜਾਂਦੈ। ਕੋਈ ਉਸਨੂੰ ਉਸਦੀ ਅਫਸਰੀ ਕਰਦੇ ਜਾਣਦੈ, ਕੋਈ ਨਮਸਕਾਰ ਕਹਾਣੀ ਕਰਕੇ ਪਰ ਮੈਂ ਉਹਨੂੰ ‘ਕੈਰਮ ਬੋਰਡ’ ਕਹਾਣੀ ਕਰਕੇ ਜਾਣਦਾਂ।
ਉੱਨੀ ਸੌ ਅਠਾਹਟ ਉਨੱਤਰ 'ਚ ਦਰਸ਼ਨ ਛੇਵੀਂ ਕਲਾਸ ਚ ਪੜ੍ਹਦਾ ਸੀ ਜਦੋਂ ਓਹ 'ਨਵਾਂ ਜ਼ਮਾਨਾਂ' ਅਖਬਾਰ ਦਾ ਪਾਠਕ ਬਣਿਆ। ਮੈਂ ਪੁੱਛਿਆ-
‘ਜੋਗਾ ਸਾਬ੍ਹ। ਪੜ੍ਹਾਈ ਨਾਲ ਐਨਾ ਇਸ਼ਕ ਕਿਵੇਂ?’
‘ਮੇਰਾ ਪਿਤਾ ਵੈਦ ਸੀ। ਉਹਦੀ ਇਲਾਕੇ ’ਚ ਬਣੀ ਬਹੁਤ ਸੀ। ਦਵਾਖਾਨੇ 'ਚ ਅਖਬਾਰ ਆਉਂਦਾ। ਪਿਤਾ ਜੀ ਅਖਬਾਰ ਪੜ੍ਹਦੇ ਅਤੇ ਪਿੰਡ ਦੇ ਵੀਹ-ਤੀਹ ਬੰਦੇ ਬੈਠ ਕੇ ਸੁਣਦੇ। ਗੁਰਦੀਪ ਉਦੋਂ ਚਾਅ ਹੁੰਦਾ ਪੜ੍ਹਨ ਦਾ। ਕਦੇ-ਕਦੇ ਲਾਲ ਅੱਖਰਾਂ 'ਚ ਛੱਪ ਕੇ ਆਉਂਦਾ।’ - ਅੱਗਿਓਂ ਜਵਾਬ ਆਇਆ।
ਆਪਣੇ ਪਿੰਡ ਨਾਲ ਤਾਂ ਉਹਦੀ ਮੁਹੱਬਤ ਬਹੁਤ ਆ।
‘ਮੈਨੂੰ ਆਪਣਾ ਪਿੰਡ ਪਾਰਟੀਬਾਜ਼ੀ ਤੋਂ ਉੱਪਰ ਉੱਠਿਆ ਲੱਗਦਾ ਹੈ।’ - ਉਸਨੇ ਕਿਹਾ।
‘ਨਹੀਂ ਤੂੰ ਤਾਂ ਸ਼ਹਿਰ ਰਹਿਣ ਲੱਗ ਗਿਆ।’ - ਅੱਗੋਂ ਅਵਾਜ਼ ਆਈ।
‘ਮੈਨੂੰ ਕੋਈ ਓਪਰਾ ਨ੍ਹੀਂ ਲੱਗਦਾ। ਅਪਣੱਤ ਬਹੁਤ ਆ ਪਿੰਡ 'ਚ।’ - ਉਸਨੇ ਕਿਹਾ।
ਇਹ ਆਪਣਾਪਣ ਓਹਦਾ ਮਿੱਟੀ ਨਾਲ ਮੋਹ ਕਰਕੇ ਆ। ਮੈਂ ਉਹਦੇ ਨਾਲ ਪਿੰਡ ਨਾਲ ਮੋਹ ਦੀ ਗੱਲ ਕਰਦਾਂ।
‘ਗੁਰਦੀਪ, ਰਾਮ ਸਿੰਘ ਚਾਹਲ ਐਤਵਾਰ ਨੂੰ ਪਿੰਡ ਗੇੜਾ ਮਾਰਦਾ ਕਹਿੰਦਾ ਮੇਰਾ ਪਿੰਡ ਬਿਨ੍ਹਾਂ ਜੀ ਨ੍ਹੀਂ ਲੱਗਦਾ। ਮੇਰਾ ਹਾਲ ਵੀ ਉਹੀ ਆ। ਮੈਂ ਸਿਰਜਣਾ ਵੇਲੇ ਪਿੰਡ ਹੁੰਨਾ। ਮੇਰੇ 'ਚ ਪਿੰਡ ਤੁਰਦੈ ਮੈਂ ਪਿੰਡ ਚ ਤੁਰਦਾਂ।’
‘ਪਿੰਡ ਸਾਰਿਆਂ ਦੇ ਵਿੱਚ ਥੋੜਾ ਤੁਰਦੈ। ਜਿੰਨ੍ਹਾਂ ਦੇ ਪਿੰਡ ਇਸ਼ਕ ਵਾਗੂੰ ਹੱਡੀ ਬਹਿੰਦੈ, ਉਨ੍ਹਾਂ ਦੇ ਹੀ ਤੁਰਦੈ ਜੋਗਾ ਸਾਬ੍ਹ।’ - ਮੈਂ ਕਿਹਾ।
ਪਿੰਡ ਨੂੰ ਮੁਹੱਬਤ ਕਰਨ ਵਾਲਿਆਂ ਦੀਆਂ ਗੱਲਾਂ ਤਾਂ ਉਹ ਬੜੇ ਚਾਅ ਨਾਲ ਕਰਦੈ। ਨੰਗਲੇ ਪਿੰਡ ਦਾ ਬੱਲਾ ਸਿਓਂ ਦਫਤਰੀ ਕਾਗਜ਼ਾਂ ਦਾ ਬਲਦੇਵ ਸਿੰਘ ਬਣਿਆ ਅਤੇ ਸ਼ਾਇਰੀ ਵਿੱਚ ਦੇਵਨੀਤ। ਦੇਵਨੀਤ ਆਪਣੀ ਮਿੱਟੀ ਨੂੰ ਲੋਹੜਿਆਂ ਦਾ ਪਿਆਰ ਕਰਦਾ ਰਿਹੈ। ਮੈਂ ਉਹਨੂੰ ਕਦੇ ਮਿਲਿਆ ਨ੍ਹੀਂ ਪਰ ਉਹਦੀ ਸ਼ਾਇਰੀ ਵਿੱਚ ਪਿੰਡ ਤੋਂ ਸ਼ਹਿਰ 'ਚ ਵਸੇ ਪੇਂਡੂ ਬੰਦੇ ਦਾ ਚਿਤਰਨ ਮਿਲਦੈ ਜੀਹਨੂੰ ਅਸੀਂ ਸਥਾਨਕ ਪਰਵਾਸ ਕਹਿੰਨੇ ਆ। ਤਾਂਹੀ ਦੇਵਨੀਤ ਆਪਣੇ ਪਾਤਰਾਂ ਰਾਹੀਂ ਪਿੰਡ ਘੁੰਮਦੈ। ਦਰਸ਼ਨ ਜੋਗਾ ਜਦੋਂ ਦੇਵਨੀਤ ਦਾ ਖਰੜਾ ਫਰੋਲਦੈ ਤਾਂ ਦੇਵਨੀਤ ਦੀਆਂ ਗੱਲਾਂ ਬਹਾਨੇ ਆਪਣੇ ਪਿੰਡ ਨਾਲ ਜੁੜਦੈ। ਦੇਵਨੀਤ ਜਦੋਂ ਕੈਸਰ ਨਾਲ ਜੰਗ ਲੜ ਰਿਹਾ ਸੀ ਤਾਂ ਦਰਸ਼ਨ ਉਸਨੂੰ ਮਿਲਣ ਗਿਆ। ਗੱਲਾਂ ਗੱਲਾਂ ਚ ਕਹਿੰਦਾ-
‘ਹਾਂ ਸੱਚ ਦੇਵਨੀਤ ਪਿਛਲੇ ਹਫਤੇ ਮੈਂ ਤੇਰੇ ਪਿੰਡ ਜਾਂਦਾ ਰਿਹਾ ਦੋ ਦਿਨ।’ - ਜੋਗਾ ਜੀ ਨੇ ਕਿਹਾ।
‘ਕਿਵੇਂ।’ - ਜਿਹੜਾ ਦੇਵਨੀਤ ਬੋਲ ਨ੍ਹੀਂ ਸਕਦਾ ਸੀ ਪਿੰਡ ਦਾ ਜ਼ਿਕਰ ਆਉਂਦਿਆਂ ਉਤਸੁਕਤਾ ਨਾਲ ਪੁੱਛਦੈ।
‘ਦੇਵਨੀਤ ਜ਼ਮੀਨਾਂ ਦੀਆਂ ਕੀਮਤਾਂ ਬਹੁਤ ਵਧ ਗਈਆਂ। ਚੰਗੇ ਪਾਣੀ ਕਰਕੇ ਥੋਡੇ ਪਿੰਡ।’
‘ਅੱਛਾ! ਜਿਹੜਾ ਤੂੰ ਦੋ ਸੌ ਕਿੱਲਾ ਵਿਕਿਆ ਦੱਸਦੈ। ਉੱਥੇ ਐਨ ਵਿਚਾਲੇ ਮੇਰਾ ਇੱਕ ਕਿੱਲਾ ਆ ਗਿਆ। ਤਿੰਨ ਪਾਸੇ ਬਾਹਰਲਿਆਂ ਦੀ ਜ਼ਮੀਨ ਆ। ਮੈਥੋਂ ਮੰਗਦੇ ਸੀ ਕੀ ਕਰਾਂ?’ - ਦੇਵਨੀਤ ਨੇ ਕਿਹਾ।
ਮੈਨੂੰ ਲੱਗਿਆ ‘ਮਿਰਜ਼ਾ ਅੱਜ ਮਰਿਆ ਹੈ’ ਵਰਗੀ ਕਵਿਤਾ ਕਿਸੇ ਕਰਜ਼ਈ ਕਿਸਾਨ ਦੀ ਹਾਲਤ ਵੇਖ ਕੇ ਕਦੇ ਅਜਿਹੇ ਦਿਨਾਂ 'ਚੋਂ ਪਿੰਡ ਆ ਕੇ ਮਾਨਸਾ ਬਹਿ ਕੇ ਲਿਖੀ ਹੋਵੇਗੀ।
‘ਦੇਈਂ ਨਾ।’ - ਦਰਸ਼ਨ ਜੋਗੇ ਨੇ ਕਿਹਾ।
‘ਨਾ ਮੈਂ ਕਾਹਨੂੰ ਦਿੰਨਾਂ।’- ਦੇਵਨੀਤ ਨੇ ਕਿਹਾ।
‘ਜਿਵੇਂ ਕਹਿ ਰਿਹਾ ਹੋਵੇ ਮੈਂ ਪਿੰਡ ਨਾਲੋਂ ਨੀ ਟੁੱਟਦਾ।’
ਇਹ ਗੱਲਾਂ ਕੋਈ ਐਵੇਂ ਥੋੜ੍ਹਾ ਕਰਦੈ। ਕਰਨ ਵਾਲੇ ਦੇ ਦਿਲ ’ਚ ਪਿੰਡ ਡੂੰਘਾ ਖੁਣਿਆ ਹੁੰਦੈ। ‘ਸਰਾਂ ਯਾਦ ਕਰਦੀ ਹੈ ਜਾਂ ਵਕਤ ਦਾ ਚਸ਼ਮਦੀਦ’ ਵਰਗੇ ਨਿਬੰਧ ਲਿਖ ਕੇ ਓਹ ਪਿੰਡ 'ਚ ਉੱਤਰਦੈ। ਮੋਹ ਮੁਹੱਬਤ ਕਰਨਾ ਉਹਨੂੰ ਪਿੰਡ ਦੀ ਸੱਥ ਨੇ ਦਿੱਤੈ। ਬੰਦੇ ਅੰਦਰ ਕਿੰਨਾ ਕੁਝ ਦੱਬਿਆ ਹੁੰਦੈ ਜਿਹੜਾ ਉਹ ਯਾਦ ਕਰਦੈ। ਐਨ ਏਸ ਵਕਤ ਮੇਰੇ ਪਤਾ ਨ੍ਹੀਂ ਕਿਉਂ ਤਿੰਨ ਲਿਖਤਾਂ ਕੁਲਵੰਤ ਵਿਰਕ ਦੀ ਕਹਾਣੀ ਧਰਤੀ ਹੇਠਲਾ ਬੌਲਦ, ਤਨਵੀਰ ਦੀ ਕਵਿਤਾ ਦਾਬ ਅਤੇ ਗੁਰਪ੍ਰੀਤ ਦੀ ਨਜ਼ਮ ਵਿਕਿਆ ਹੋਇਆ ਮਕਾਨ ਤੇ ਉਹ ਚਿੜੀ ਯਾਦ ਆ ਰਹੀਆਂ ਨੇ। ਇਹ ਕਿਉਂ ਆਈਆਂ ਪਤਾ ਨ੍ਹੀਂ ਕਿਉਂ ਪਰ ਦਰਸ਼ਨ ਮੈਨੂੰ ਵਿਰਕ ਦੀ ਕਹਾਣੀ ਵਿਚਲਾ ਬਾਪੂ ਲੱਗਦੈ ਜੀਹਨੇ ਮੇਰੇ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ। ਜਿਨ੍ਹਾਂ ਨੇ ਮੈਨੂੰ ਰੁਆਇਆ। ਕਿਸੇ ਸ਼ਹਿਰ ਰਹਿੰਦੇ ਬੰਦੇ ਨੂੰ ਪਿੰਡ ਯਾਦ ਆਉਣਾ ਉਹਦਾ ਹਾਸਿਲ ਹੁੰਦੈ। ਵੱਡੀ ਸਿਰਜਣਾ ਵੀ ਮਿੱਟੀ ਨਾਲ ਜੁੜੀ ਹੁੰਦੀ ਐ।
ਅੱਗੋ ਹੱਸ ਪਿਆ। ਹੱਸਦਿਆਂ ਹੱਸਦਿਆਂ ਯੂਨੀਵਰਸਿਟੀ ਦਾ ਕਿੱਸਾ ਛੋਹ ਲਿਆ।
‘ਕਿੱਥੇ ਹੈਂ ਅੱਜ।’ - ਉਸ ਕਿਹਾ।
‘ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।’
‘ਮੈਂ ਪੜ੍ਹਿਆ ਤਾਂ ਨ੍ਹੀਂ ਪੰਜਾਬ ਯੂਨੀਵਰਸਿਟੀ ਪਰ ਮੈਂ ਮਿੱਤਰਾਂ ਕੋਲ ਰਹਿੰਦਾ ਰਿਹਾ ਗੁਰਦੀਪ। ਲੋਕ ਐਵੇਂ ……… ਜਾਂਦੇ ਨੇ ਯੂਨੀਵਰਸਿਟੀਆਂ ਨੂੰ। ਇਹ ਤਾਂ ਗਿਆਨ ਦਾ ਸਮੁੰਦਰ ਨੇ। ਰਿਸ਼ੀਆਂ ਵਰਗੇ ਲੋਕ ਰਹਿੰਦੇ ਨੇ ਏਥੇ। ਮੇਰੇ ਯਾਦ ਆ ਇੱਕ ਵਾਰ ਮੈਂ ਗਿਆ ਹੋਇਆ। ਖਾਣਾ ਖਾ ਕੇ ਮੈਂ ਸੌ ਰਿਹਾ ਸੀ ਮੇਰੇ ਮਿੱਤਰ ਸੰਵਾਦ ਛੇੜ ਕੇ ਬਹਿ ਗਏ। ਅੱਧੀ ਰਾਤ ਤੱਕ ਬਹਿਸ ਕਰੀ ਗਏ। ਮੈਨੂੰ ਲੱਗਿਆ ਇਹ ਤਾਂ ਜਿਉਂਦੇ ਭੂਤ ਆ। ਹਰੇਕ ਬੰਦਾ ਹੀ ਅਧਿਆਪਕ ਬਣਿਆ ਇੱਕ ਦੂਜੇ ਨੂੰ ਪੜ੍ਹਾ ਰਿਹਾ ਸੀ। ਮੈਂ ਸਵੇਰੇ ਉੱਠ ਕੇ ਪੁੱਛਿਆ। ਰਾਤ ਕੀ ਮਸਲਾ ਸੀ।’
‘ਰਾਤ ਸ਼ੇਕਸਪੀਅਰ ਦੀ ਕਿਤਾਬ 'ਤੇ ਬਹਿਸ ਹੋ ਰਹੀ ਸੀ।’ - ਅੱਗਿਓਂ ਅਵਾਜ਼ ਆਈ।
ਇੰਝ ਆਪ ਵੀ ਦਰਸ਼ਨ ਜੋਗਾ ਜਦੋਂ ਗੱਲਾਂ ਕਰਦੈ ਸੰਵਾਦੀ ਸੁਭਾਅ ਦੀਆਂ। ਇਹ ਸੰਵਾਦ ਉਸਨੂੰ ਜਿਉਂਦਾ ਰੱਖਦੈ।
ਪਿਛਲੇ ਵਰ੍ਹੇ ਉਹਦੀ ਕਹਾਣੀ ਕੈਰਮ ਬੋਰਡ ਪੜ੍ਹੀ। ਮੈਂ ਕਈ ਦਿਨ ਥਾਂ ਸਿਰ ਨ੍ਹੀਂ ਰਿਹਾ। ਉਹਦਾ ਪਹਿਲਾ ਫਿਕਰਾਂ ਤਾਂ ਹੁਣ ਵੀ ਤੰਗ ਕਰਦੈ-
‘ਇਹ ਬੁੜ੍ਹਾ ਨੀ ਟਿਕਦਾ ਜਿੰਨਾ ਚਿਰ ਘਰ ਦਾ ਕੋਈ ਜੀਅ ਫਾਹਾ ਨੀ ਲੈਂਦਾ।’ - ਛੋਟੀ ਬਹੂ ਦੇ ਕਹੇ ਜ਼ਹਿਰ ਵਰਗੇ ਬੋਲ ਕੰਨਾਂ ਚ ਗੂੰਜਦੇ ਹਾਲੇ ਵੀ ਦਿਮਾਗ ਸੁੰਨ ਕਰੀ ਜਾਂਦੇ ਆ।
ਸ਼ਾਇਦ ਇਹ ਕਹਾਣੀ ਹੁਣ ਚ ਛਪੀ ਸੀ ਅੰਕ ਨੰਬਰ ਸ਼ਾਇਦ ਸੈਂਤੀ। ਮੈਂ ਕਹਾਣੀ ਦਾ ਬੱਝਵਾਂ ਪਾਠਕ ਨਹੀਂ ਪਰ ਚੰਗੀ ਲਿਖਤ ਮੈਂ ਪੜ੍ਹੇ ਬਿਨਾਂ ਰਹਿ ਨਹੀਂ ਸਕਦਾ।
(ੲ)
ਦਰਸ਼ਨ ਜੋਗਾ ਮੇਰੇ ਪਿੰਡ ਦਾ ਤੇ ਦਿਲ ਦਾ ਗੁਆਂਢੀ ਐ। ਹਾਕ ਮਾਰੋ ਭੱਜਿਆ ਆਉਂਦੈ। ਕਹਾਣੀ ਦੀ ਸਿਰਜਣਾ ਬਾਰੇ ਅਕਸਰ ਅਸੀਂ ਮਸ਼ਵਰੇ ਕਰ ਲੈਨੇ ਆਂ। ਉਹਦੀ ਇੱਕ ਗੱਲ ਮੈਂ ਬਰਨਾਲੇ ਵਾਲੀ ਗੋਸ਼ਟੀ 'ਚੋਂ ਪੱਲੇ ਬੰਨ੍ਹ ਲਿਆਇਆ ਸੀ। ਮੈਨੂੰ ਕਹਿੰਦਾ -‘ਢਿੱਲੋਂ ਤੇਰੇ ਕੋਲ ਗੱਲ ਵੀ ਹੈ ਅਤੇ ਅੰਦਾਜ਼ ਵੀ ਪਰ ਸਿਹਰਾ ਪੜ੍ਹਨ ਤੋਂ ਬਚੀਂ।’
ਇਹ ਗੱਲ ਦਾ ਐਸਾ ਜਾਦੂ ਮੇਰੀ ਤਾਸੀਰ ਚ ਘੁਲਿਐ ਕਿ ਬੇਬਾਕੀ ਦਾ ਰੰਗ ਹੋਰ ਗੂੜ੍ਹਾ ਹੋ ਗਿਐ।
ਮੇਰੇ ਪਿੰਡ ਨਾਲ ਓਹਦਾ ਡਾਢ੍ਹਾ ਮੋਹ ਐ। ਭਾਦੋਂ ਦੇ ਮੀਨ੍ਹੇ ਲੱਗਦੇ ਜੋਗੀਪੀਰ ਦੇ ਮੇਲੇ ਦਾ ਸਵਾਦ ਓਹਨੇ ਬਾਪੂ ਦੇ ਕੰਧਾੜ੍ਹੇ ਚੜ੍ਹ ਕੇ ਮਾਣਿਐ। ਜਿੰਨ੍ਹਾਂ ਦੇ ਅੰਦਰਲੇ ਚ ਸਿਰਜਣਾ ਹੁੰਦੀ ਐ ਉਨ੍ਹਾਂ ਨੂੰ ਜੰਗਲ ਚ ਵਿਚਰਕੇ ਲੋਹੜਿਆਂ ਦਾ ਚਾਅ ਚੜ੍ਹਦੈ। ਝਿੜੀ ’ਚ ਪੀਲ ਪਲਾਮਣਾ ਖੇਡ੍ਹਦਾ ਓਹ ਵੱਡਾ ਹੋਇਐ। ਪਿਛਲੇ ਵਰ੍ਹੇ ਜਦੋਂ ਮੈਂ ਓਪਰੇਸ਼ਨ ਕਰਵਾਇਆਂ ਤਾਂ ਦਰਸ਼ਨ ਜੋਗਾ ਤੇ ਕਹਾਣੀਕਾਰ ਜਸਵੀਰ ਢੰਡ ਮੈਨੂੰ ਮਿਲਣ ਆਏ। ਮੁਹੱਬਤ ਨਾਲ ਭਰੇ ਭਰਾਇਆਂ ਨੇ ਜਦੋਂ ਗੇਟ ਖੜਕਾਇਆ ਤਾਂ ਮੇਰਾ ਦਰਦ ਜਿਵੇਂ ਉੱਡ ਗਿਆ ਹੋਵੇ। ਬੋਲਾਂ ਦੀ ਮਿਠਾਸ ਜਿਵੇਂ ਮੇਰਾ ਦਰਦ ਚੁਗ ਕੇ ਲੈ ਗਈ ਹੋਵੇ। ਮੈਨੂੰ ਕਹਿੰਦਾ-
‘ਢਿੱਲੋਂ, ਅਸੀਂ ਤੈਨੂੰ ਤੇ ਤੇਰੇ ਪਿੰਡ ਨੂੰ ਮਿਲਣ ਆਏ ਆ। ਇਸ ਪਿੰਡ ਨਾਲ ਭਰਾਵਾ ਸਾਡੀ ਗੂੜੀ ਸਾਂਝ ਐ।’
ਮੇਰੇ ਪਿੰਡ ਦੇ ਕਿੰਨੇ ਗਭਰੀਟਾਂ ਨੂੰ ਯਾਦ ਕਰ ਅਸੀਂ ਗੱਲਾਂ ਕੀਤੀਆਂ।
ਦਰਸ਼ਨ ਜੋਗਾ ਆਖਦੈ-
ਮੇਰੀ ਪਹਿਲੀ ਕਹਾਣੀ ਆ ‘ਕੱਚੀਆਂ ਇੱਟਾਂ’। ਓਹ 'ਚ ਜਿਹੜਾ ਪਾਤਰ ਐ ਇਹ ਭੁਪਾਲਾਂ ਦੈ। ਭੁਪਾਲਾਂ ਦਾ ਇੱਕ ਮੁੰਡਾ ਮੇਰੇ ਘਰੇ ਰੰਗ ਕਰਦਾ ਹੁੰਦਾ ਸੀ। ਉਹਦਾ ਬਾਪ ਵਣਜਾਰਾ ਸੀ, ਮੇਲਿਆਂ 'ਚ ਚੂੜੀਆਂ ਵੇਚਣ ਜਾਂਦਾ ਹੁੰਦਾ ਸੀ। ਉਹ ਮੁੰਡਾ ਬੜਾ ਚੰਗਾ ਸੀ। ’
ਇਹ ਕਹਿੰਦਿਆਂ ਆਖਦੈ - ‘ਹੁਣ ਵੀ ਜਿਵੇਂ ਮੈਂ ਗਲੀ ਗਲੀ ਫਿਰ ਰਿਹਾਂ।’
(ਸ)
ਉਹਦੇ ਨਾਲ ਗੱਲਾਂ ਕਰਨ ਦਾ ਫਾਇਦਾ ਇਹ ਹੈ ਕਿ ਉਹ ਕਥਾ 'ਤੇ ਸਵਾਰ ਕਰ ਲੈਂਦੈ। ਦੇਵਨੀਤ ਬਾਰੇ ਗੱਲਾਂ ਚੱਲੀਆਂ। ਉਹ ਕਹਿੰਦਾ -
‘ਦੇਵਨੀਤ ਨੇ ਸੂਝ ਸਿਆਣਪ ਤੋਂ ਡਾਢ੍ਹਾ ਕੰਮ ਲਿਆ। ਸੂਖ਼ਮ ਤੇ ਕਾਵਿ ਭਾਸ਼ਾ ਪੱਖੋਂ ਮੌਲਿਕ ਤਾਂ ਪਹਿਲਾਂ ਹੀ ਸੀ ਪਰ ਆਪਣੇ ਲਿਖੇ ਦੀ ਛਾਂਟੀ ਕਰਨ ਜਾਣਦਾ ਸੀ। ਉਹਨੂੰ ਮੇਰੀ ਕਹਾਣੀ ਪਸੰਦ ਆਈ। ਸੱਤਪਾਲ ਭੀਖੀ ਅਤੇ ਉਸ ਦੀ ਮਿੱਤਰ ਮੰਡਲੀ ਨੇ ਭੀਖੀ ਮੰਦਰ ਚ ਪ੍ਰੋਗਰਾਮ ਰੱਖਿਆ। ਦੇਵਨੀਤ ਇਸ ਵਿੱਚ ਕਹਾਣੀ ਬਾਰੇ ਛਿਆਲੀ ਮਿੰਟ ਆਪ ਹੀ ਬੋਲਿਆ। ਕਹਿੰਦਾ ਕਹਾਣੀ ਮੰਗ ਕਰਦੀ ਆ।’
ਮਨਪ੍ਰੀਤ ਨੇ ਗਾਉਂਦਿਆਂ ਕਿਸੇ ਗੀਤ ਵਿੱਚ ਇੱਕ ਸਤਰ ਬੋਲੀ-
‘ਅਣਖੀਂ ਤੇ ਕੰਵਲ ਨੂੰ ਕਿੰਨਾ ਕੁ ਤੂੰ ਪੜ੍ਹਿਐ।’
ਜੇ ਮੈਂ ਉੱਤਰ ਦੇਣਾ ਹੋਵੇ ਕਹਾਂ - ‘ਦਰਸ਼ਨ ਜੋਗੇ ਨੇ ਸਾਰਾ ਪੜ੍ਹਿਐ। ਪੜ੍ਹਿਆ ਨ੍ਹੀਂ ਹਜ਼ਮ ਵੀ ਕੀਤੈ।’
(ਹ)
ਮੈਂ ਤੇ ਪਾਪਾ ਮਿਲਣ ਚਲੇ ਗਏ। ਕਹਿੰਦਾ -‘ਧੰਨਭਾਗ। ਗੁਰਦੀਪ ਸਿਆਂ ਸਵਾਦ ਆ ਗਿਆ।’
‘ਸਬੱਬ ਬਣਦੈ, ਜੋਗਾ ਸਾਬ੍ਹ। ਅਸੀਂ ਤਿੰਨ ਕੋਣੀ ਤੇ ਖੜ੍ਹੇ ਕਿਸੇ ਨੂੰ ਉਡੀਕ ਰਹੇ ਸੀ ਤਾਂ ਯਾਦ ਆਇਆ ਚਾਹ ਪੀ ਆਈਏ।’ - ਮੈਂ ਕਿਹਾ।
ਉਸ ਦਿਨ ਰੱਜ ਕੇ ਗੱਲਾਂ ਹੋਈਆਂ। ਸਾਹਿਤ, ਸਮਾਜ ਤੇ ਸਮਕਾਲ ਬਾਰੇ। ਨਵੀਂ ਸਿਰਜਣਾ ਬਾਰੇ। ਮੈਂ ਸਰੋਤਾ ਰਿਹਾ ਉਹ ਬੋਲਦਾ ਰਿਹਾ। ਅਚਾਨਕ ਬੂਹੇ ਤੋਂ ਆਵਾਜ਼ ਆਈ।
‘ਜੋਗਾ ਸਾਬ੍ਹ। ਘਰ ਹੀ ਹੋਂ।’ - ਬੂਹੇ ਤੇ ਖੜ੍ਹੇ ਸੱਜਣ ਨੇ ਕਿਹਾ।
ਮੈਂ ਆਵਾਜ਼ ਪਛਾਣ ਲਈ ਸੀ। ਆਵਾਜ਼ ਮਾਰਨ ਵਾਲਾ ਸੱਜਣ ਸ. ਨਾਜ਼ਰ ਸਿੰਘ ਮਾਨਸ਼ਾਹੀਆ ਸੀ।
ਫਿਰ ਸੰਵਾਦ ਛਿੜ ਪਿਆ। ਸੱਤਾ ਸਮਾਜ ਅਤੇ ਸਿਆਸਤ ਦਾ। ਮੈਂ ਸੁਣਦਾ ਰਿਹਾ। ਮੈਨੂੰ ਲੱਗਿਆ ਸਿਰਜਣਾ ਬੰਦੇ ਨੂੰ ਜ਼ਰੇ ਜ਼ਰੇ ਨਾਲ ਜੋੜਦੀ ਐ। ਜਿੰਨੀਆਂ ਕਮਾਲ ਦੀਆਂ ਗੱਲਾਂ ਅਸੀਂ ਹਿੰਦੀ ਦੀਆਂ ਕਹਾਣੀਆਂ ਬਾਰੇ ਕਰ ਰਹੇ ਸੀ ਉਸ ਤੋਂ ਕਮਾਲ ਦੀਆਂ ਗੱਲਾਂ ਹੁਣ ਦਰਸ਼ਨ ਜੋਗਾ ਸਿਆਸਤ ਬਾਰੇ ਕਰ ਰਿਹਾ ਸੀ।
ਵਾਪਸੀ ਤੇ ਆਉਂਦਿਆਂ ਪਾਪਾ ਕਹਿਣ ਲੱਗੇ-
‘ਇਹ ਤਾਂ ਭਾਈ ਵੱਡਾ ਬੰਦੈ। ਇਹਦੇ ਤਾਂ ਐੱਮ. ਐੱਲ. ਏ. ਵੀ ਗੇਟ ਤੇ ਅਵਾਜ਼ ਮਾਰਦੈ।’
ਮੈਂ ਖੁਸ਼ ਹੋ ਰਿਹਾ ਸੀ ਕਿ ਏਨਾ ਵੱਡਾ ਬੰਦਾ ਦਰਸ਼ਨ ਨੂੰ ਸਾਹਿਤ ਸਿਰਜਣਾ ਨੇ ਬਣਾਇਆ। ਸਾਊਪੁਣਾ ਅਤੇ ਨਿਮਰਤਾ ਉਹਨੂੰ ਪਿੰਡ ਦੀ ਮਿੱਟੀ ਤੋਂ ਮਿਲੀ ਹੈ, ਜਿਹੜੀ ਅੜਬ ਨੂੰ ਅੜਬਪੁਣੇ ਨਾਲ ਮਿਲਦੀ ਹੈ ਸਾਊ ਨੂੰ ਸਾਊਪੁਣੇ ਨਾਲ।
(ਕ)
ਆਖ਼ਰੀ ਗੱਲ। ਉਸ ਕੋਲ ਕਥਾਵਾਂ ਨੇ ਉਹ ਬੰਦੇ ਨੂੰ ਸਿੱਧਾ ਨਹੀਂ। ਕਥਾ ਸੁਣਾ ਕੇ ਸਮਝਾਉਂਦੈ। ਉਸ ਅੰਦਰ ਪਿੰਡ ਬੋਲਦੈ। ਗੱਲਾਂ ਲਾਲਚ ਦੀਆਂ ਚੱਲੀਆਂ।
‘ਗੁਰਦੀਪ ਸਿਆਂ, ਬੰਦੇ ਨੂੰ ਲਾਲਚ ਮਾਰਦੈ।’
‘ਜਦੋਂ ਬੰਦਾ ਲਾਲਚ ਕਰਦੈ ਉਦੋਂ ਬਹੁਤ ਕੁਝ ਵਾਪਰਦੈ।’ - ਮੈਂ ਕਿਹਾ।
ਗੱਲ ਸੁਣ ਗੁਰਦੀਪ, ਸੁਣਨ ਵਾਲੀ ਐ। ਕੇਰਾਂ ਇੱਕ ਫ਼ਕੀਰ ਤੋਂ ਕਿਸੇ ਲਾਲਚੀ ਨੇ ਵਰ ਲਿਆ। ਫ਼ਕੀਰ ਨੇ ਕਿਹਾ -
‘ਪਿਆਰੇ, ਪਹਿਲੀ ਕੂਟ ਜਾਵੇਂਗਾ ਤਾਂ ਧੰਨ, ਦੌਲਤ, ਸੋਨਾ, ਹੀਰੇ ਜਵਾਰਤ ਮਿਲਣਗੇ।’
‘ਦੂਜੀ ਕੂਟ ਵਿੱਚ ਜਿਉਣ ਦੀ ਜਾਂਚ ਐ।’
‘ਤੀਜੀ ਕੂਟ ਵਿੱਚ ਦੁਸ਼ਮਣੀਆਂ ਮਿਲਣਗੀਆਂ।’
ਉਸ ਬੰਦੇ ਨੇ ਧਿਆਨ ਨਾਲ ਸੁਣਿਆ। ਸਵਾਲ ਕੀਤਾ -
‘ਚੌਥੀ ਕੂਟ ਵਿੱਚ ਕੀ ਮਿਲੇਗਾ।’
‘ਚੌਥੀ ਕੂਟ ਵਿੱਚ ਜਾਣਾ ਮਨ੍ਹਾਂ ਹੈ।’ - ਫ਼ਕੀਰ ਨੇ ਕਿਹਾ।
ਬੰਦੇ ਅੰਦਰ ਲਾਲਚ ਉਸ ਨੂੰ ਨਰਕ ਵਿੱਚ ਲੈ ਜਾਂਦੈ।
ਉਸਨੂੰ ਲੱਗਿਆ ਚੌਥੀ ਕੂਟ ਵਿੱਚ ਜ਼ਰੂਰ ਕੁਝ ਵੱਖਰਾ ਤੇ ਮਹਿੰਗਾ ਹੋਵੇਗਾ। ਉਹ ਤਿੰਨ ਕੂਟਾਂ ਨੂੰ ਛੱਡ ਚੌਥੀ ਕੂਟ ਵੱਲ ਤੁਰਦਾ ਹੈ।
ਮੀਲਾਂ ਦਾ ਫਾਸਲਾ ਤਹਿ ਕਰਕੇ ਜਦ ਪੁੱਜਾ ਤਾਂ ਦਰਵਾਜਾ ਭਿੜਿਆ ਦਿਸਦਾ ਹੈ। ਉਹ ਦਰਵਾਜਾ ਖੋਲਦਾ ਹੈ। ਅੱਗੋਂ ਇੱਕ ਬੰਦਾ ਮੋਢੇ ਤੇ ਸਤੀਰ ਦਾ ਵਜ਼ਨ ਚੁੱਕੀ ਖੜ੍ਹਾ ਹੈ।
‘ਭਾਈ ਸਾਬ੍ਹ, ਜ਼ਰਾ ਇੱਧਰ ਆਓ ਦੋ ਮਿੰਟ। ਮੈਂ ਪਾਣੀ ਪੀ ਆਵਾਂ।’ ਅੰਦਰਲੇ ਬੰਦੇ ਨੇ ਕਿਹਾ।
ਲਾਲਚੀ ਬੰਦਾ ਇੱਕਦਮ ਆਪਣਾ ਮੋਢਾ ਸਤੀਰ ਹੇਠ ਦਿੰਦੈ। ਸਵਾਲ ਕਰਦੈ -
‘ਵਾਪਸੀ ਕਦੋਂ ਐ?’
‘ਜਦੋਂ ਤੇਰੇ ਤੋਂ ਵੀ ਲਾਲਚੀ ਇਸ ਕੂਟ ਵੱਲ ਆਇਆ।’ - ਉਸਦਾ ਜਵਾਬ ਸੀ।
ਚੀਕ ਕੇ ਪੁੱਛਦਾ ਹੈ - ‘ਕਿਉਂ?’
‘ਜਦੋਂ ਮੈਂ ਉਸ ਫਕੀਰ ਕੋਲ ਗਿਆ ਸੀ ਤਾਂ ਮੈਨੂੰ ਚੌਥੀ ਕੂਟ ਵਿੱਚ ਆਉਣੋਂ ਵਰਜਿਆ ਸੀ। ਮੈਂ ਆਇਆ ਤਾਂ ਉਦੋਂ ਤੱਕ ਇਹ ਭਾਰ ਚੁੱਕਿਆ ਜਿੰਨਾਂ ਸਮਾਂ ਮੇਰੇ ਤੋਂ ਲਾਲਚੀ ਇੱਥੇ ਨਹੀਂ ਆਇਆ।’
ਉਡੀਕਦਾ ਰਹੀਂ, ਆਵੇਗਾ ਜ਼ਰੂਰ ਪਰ ਉਡੀਕ ਰੱਖੀਂ। ਦੁਨੀਆਂ ਵਿੱਚ ਲਾਲਚ ਕੀਹਨੇ ਤਿਆਗਿਐ।
ਐਂ ਬਣਦੀ ਐ, ਲਾਲਚੀ ਨਾਲ। ਕਥਾ ਖਤਮ ਹੁੰਦਿਆਂ ਮੈਂ ਲੋਕਾਂ ਦੀਆਂ ਸ਼੍ਰੇਣੀਆਂ ਬਣਾਉਂਦਾ ਹਾਂ। ਮੈਂ ਨਤੀਜਾ ਕੱਢਦਾ ਹਾਂ ਕਿ ਜੋਗਾ ਆਪ ਦੂਜੀ ਕੂਟ ਵੱਲ ਤੁਰਿਐ ਪਰ ਉਸਨੇ ਚੌਥੀ ਕੂਟ ਵੱਲ ਤੁਰਦੇ ਕਈਆਂ ਨੂੰ ਦੂਜੀ ਵੱਲ ਤੋਰਿਐ। ਉਹਨੂੰ ਮਿਲਦਿਆਂ ਅਕਸਰ ਮੈਨੂੰ ਅੰਮ੍ਰਿਤਾ ਦੀ ਗੱਲ ਚੇਤੇ ਆਉਂਦੀ ਆ।
ਤੇਰੇ ਸਾਹ ਚੋਂ ਮਹਿਕ ਦਾ ਘੁੱਟ ਭਰਿਆ
ਪੌਣਾਂ ਭਿੱਜੀਆਂ ਨਾਲ ਸੁਗੰਧੀਆਂ ਦੇ।
ਸਾਹ ’ਚੋਂ ਮਹਿਕ ਦਾ ਘੁੱਟ ਭਰ ਉਹ ਬੰਦਾ ਨਾਲ ਤੁਰਦੈ, ਗੱਲਾਂ ਕਰਦੈ। ਮੈਨੂੰ ਲੱਗਦੇ ਉਹ ਕਿਸੇ ਦੀ ਆਈ ਆਪ ਮਰ ਸਕਦੈ। ਅਫਸਰ ਤਾਂ ਉਹ ਬਣਿਆ ਪਰ ਸਾਹਿਤ ਨੇ ਉਹਨੂੰ ਬੰਦਾ ਬਣਾਈ ਰੱਖਿਆ। ਸਾਹਿਤ ਕਰਕੇ ਉਹ ਜਿਉਂਦੈ। ਕੁਦਰਤ ਨੇ ਉਹਨੂੰ ਮਾਰਨ ਦੀ ਕਸਰ ਨ੍ਹੀਂ ਛੱਡੀ। ਆਪਣੀ ਅਫਸਰੀ ਦੌਰਾਨ ਉਸਨੇ ਝੰਡੇ ਕਲਾਂ ਇੱਕ ਪ੍ਰੋਜੈਕਟ ਲਵਾਇਆ। ਉਸਦਾ ਨਿਰੀਖਣ ਕਰਨ ਟੀਮ ਪਹੁੰਚੀ। ਸਰਕਾਰੀ ਜਿਪਸੀ ਲੈ ਕੇ ਜੋ ਜੀ ਵੀ ਤੁਰ ਪਏ, ਸਰਦੂਲਗੜ੍ਹ ਵਾਲੀ ਕੂਟ ਵਿੱਚ। ਜਦੋਂ ਐਨ ਸਾਹਣੇ ਪਹੁੰਚੇ ਤਾਂ ਅਜਮੇਰ ਔਲਖ ਦਾ ਫੋਨ ਆ ਗਿਆ। ਜੋਗਾ ਜੀ ਨੇ ਫੋਨ ਸੁਣਿਆ। ਘੱਟੋ ਘੱਟ ਦਸ ਮਿੰਟ। ਐਕਸ਼ਨ ਕੋਲ ਆ ਕੇ ਕਹਿਣ ਲੱਗਿਆ -
‘ਸਰ, ਉੱਧਰਲਾ ਕੰਮ ਜ਼ਰੂਰੀ ਆ।’
‘ਨਹੀਂ, ਐਧਰਲਾ ਉਸਤੋਂ ਵੀ ਜ਼ਰੂਰੀ ਆ।’ - ਜੋਗੇ ਦਾ ਜਵਾਬ ਸੀ।
ਉਸਨੇ ਮਿੰਨੀ ਕਹਾਣੀ ਲਿਖੀ। ਲੰਮੀ ਕਹਾਣੀ ਲਿਖੀ, ਲਿਖ ਰਿਹੈ। ਪਿੰਡ ਉਸਦੀ ਕਹਾਣੀ ਦਾ ਕੇਂਦਰ ਬਣਿਐ। ਮਿੰਨੀ ਕਹਾਣੀ ਦੇ ਕਈ ਇਨਾਮ ਉਸਨੂੰ ਮਿਲੇ। ਉਸਨੇ ਮਿੰਨੀ ਕਹਾਣੀ ਉਦੋਂ ਪੜ੍ਹਨੀ ਛੱਡੀ ਜਦੋਂ ਉਸਦੇ ਸਾਹਿਤਕ ਸਾਥੀ ਨੇ ਕਿਹਾ -
‘ਜਿੰਨਾ ਸਮਾਂ ਜੋਗਾ ਆਪਣੇ ਨਾਲ ਜਾਂਦਾ ਰਹੂ, ਆਪਾਂ ਨਾ ਤਿੰਨ 'ਚ ਰਹਿਣੈ ਨਾ ਤੇਰਾਂ ਵਿੱਚ।’
ਇਹ ਗੱਲ ਨੇ ਉਸਨੂੰ ਲੰਮੀ ਕਹਾਣੀ ਦੇ ਰਾਹ ਤੋਰਿਆ।
(ਖ)
ਸਿਆਣੇ ਆਖਦੇ ਨੇ ਕਰਨੀ ਰੱਬ ਦੀ ਹੁਕਮ ਖ਼ੁਦਾ ਦਾ। ਸਾਡਾ ਭਰਾ ਜਹਾਨ ਤੋਂ ਤੁਰਿਆ। ਉਮਰੋਂ ਪਹਿਲਾਂ। ਨੇੜਲੇ ਸੱਜਣ ਦੇ ਤੁਰਨ ਤੋਂ ਬਾਅਦ ਬੰਦੇ ਕੋਲ ਭਾਣਾ ਮੰਨਣ ਤੋਂ ਬਿਨ੍ਹਾਂ ਰਹਿੰਦਾ ਕੀ ਐ। ਦੁਨੀਆਂਦਾਰੀ ਵਜੋਂ ਮੈਂ ਵੀ ਕਿਹਾ- ‘ਸਰ, ਜਿਹੜੀਆਂ ਸਾਨੂੰ ਖੂਬਸੂਰਤ ਲੱਗਦੀਆਂ ਨੇ ਓਹ ਉਹਨੂੰ ਵੀ।’
ਗੁਰਬਚਨ ਸਿੰਘ ਭੁੱਲਰ ਦੀ ਕਿਸੇ ਕਹਾਣੀ ਦਾ ਪ੍ਰਸੰਗ ਦਰਸ਼ਨ ਜੋਗੇ ਨੇ ਮੇਰੇ ਨਾਲ ਸਾਂਝਾ ਕੀਤਾ।
ਮੈਂ ਨਿਰ ਉੱਤਰ ਸਾਂ।
ਉਸ ਦਿਨ ਮੈਂ ਪਹਿਲਾਂ ਲਿਖੇ ਗੀਤ ਚ ਇੱਕ ਅੰਤਰਾ ਹੋਰ ਲਿਿਖਆ -
ਦੁਨੀਆਂਦਾਰ ਤਾਂ ਕਹਿੰਦੇ ਜੋਗਿਆ ਮੰਨ ਲਾ ਭਾਣੇ
ਜਿਸ ਤਨ ਲੱਗੀਆਂ ਦੁਨੀਆਂ ਵਾਲਿਓ ਸੋ ਤਨ ਜਾਣੇ
ਓਹਦੇ ਤੁਰਨ ਤੋਂ ਬਾਅਦ ਤਾਂ ਹੁਣ ਮੈਂ ਕੱਲਾ ਬੀਬਾ
ਢਕਿਆ ਰਹਿ ਤੇ ਢਕੀਆ ਰਹਿਣ ਦੇ ਗੱਲਾਂ ਬੀਬਾ
ਪਰਦਾ ਉੱਠਦਿਆਂ ਹੰਝੂ ਬਣਨੇ ਛੱਲਾਂ ਬੀਬਾ
ਉਸ ਦਿਨ ਮੈਂ ਘਰ ਆ ਕੇ ਬੜਾ ਰੋਇਆ। ਇਹ ਰੋਣਾ ਵੀ ਸ਼ਾਇਦ ਕਿਸੇ ਸਾਂਝ ਕਰਕੇ ਸੀ। ਉਹ ਸਾਂਝ ਜਿਹੜੀ ਆਪ ਮੁਹਾਰੇ ਬਣੀ। ਬਹੁਤਾ ਉਚੇਚ ਨ੍ਹੀਂ ਹੋਇਆ। ਮੈਨੂੰ ਸਤੀ ਕੁਮਾਰ ਯਾਦ ਆਇਆ, ਜਿਸਨੇ ਲਿਖਿਐ - 'ਹਾਥੀ ਦੇ ਪੈਰ ਹੇਠ ਆਇਆ ਫੁੱਲ, ਸਾਬਤ ਬਚ ਗਿਆ ਹੈ।'
ਸਮਾਪਤ
