“ਹਲਦੀ ਦੀ ਖੇਤੀ : ਕਿਸਾਨਾਂ ਲਈ ਲਾਭਕਾਰੀ ਫਸਲ |"
“ਸੋਨੇ ਵਰਗੀ ਫਸਲ ਹਲਦੀ: ਸਿਹਤ, ਆਰਥਿਕ ਮਜ਼ਬੂਤੀ ਅਤੇ ਕਿਸਾਨੀ ਵਿੱਚ ਨਵਾਂ ਰਾਹ। ਹਲਦੀ ਦੀ ਖੇਤੀ ਨੂੰ ਅਪਣਾਉਣ ਦੀ ਲੋੜ ਹੈ।”

ਹਲਦੀ ਸਿਰਫ਼ ਇੱਕ ਮਸਾਲਾ ਨਹੀਂ, ਸਗੋਂ ਕਿਸਾਨਾਂ ਲਈ ਨਵੀਂ ਉਮੀਦ ਦਾ ਸਰੋਤ ਹੈ। ਇਹ ਸਿਹਤਮੰਦ ਭਵਿੱਖ, ਆਰਥਿਕ ਖੁਸ਼ਹਾਲੀ ਅਤੇ ਮੌਸਮੀ ਟਿਕਾਊ ਖੇਤੀ ਦਾ ਪ੍ਰਤੀਕ ਹੈ।
ਜੇ ਕਿਸਾਨ ਰਵਾਇਤੀ ਫਸਲਾਂ ਤੋਂ ਇਲਾਵਾ ਹਲਦੀ ਦੀ ਖੇਤੀ ਵੱਲ ਧਿਆਨ ਦੇਣ, ਤਾਂ ਨਾ ਸਿਰਫ਼ ਉਹ ਆਪਣੀ ਜ਼ਿੰਦਗੀ ਸੁਧਾਰ ਸਕਦੇ ਹਨ, ਸਗੋਂ ਸਮਾਜ ਨੂੰ ਵੀ ਸਿਹਤਮੰਦ ਉਤਪਾਦ ਮੁਹੱਈਆ ਕਰਵਾ ਸਕਦੇ ਹਨ।
ਇਹ ਭਗਤ ਪੂਰਨ ਸਿੰਘ ਪਿੰਗਲਵਾੜਾ ਦੇ ਸੇਵਾਦਾਰ ਗੌਰਵਦੀਪ ਸਿੰਘ ਹਨ ਜੋ ਭਗਤ ਪੂਰਨ ਸਿੰਘ ਆਰਗੈਨਿਕ ਫਾਰਮ ਵਿੱਚ ਖੇਤੀਬਾੜੀ ਦਾ ਕੰਮ ਸੰਭਾਲਦੇ ਹਨ । ਇਥੇ ਇਕ ਨਹੀਂ ਸਗੋਂ ਕਈ ਤਰ੍ਹਾਂ ਦੀਆਂ ਫਸਲਾਂ ਦੀ ਖੇਤੀ organic ਤਰੀਕੇ ਨਾਲ ਕੀਤੀ ਜਾਂਦੀ ਹੈ ।
ਇਹਨਾਂ ਖੇਤਾਂ ਵਿੱਚ ਜ਼ਰੂਰਤ ਦੀਆਂ ਬਹੁਤ ਚੀਜ਼ਾਂ ਦੀ ਖੇਤੀ ਕੀਤੀ ਜਾਂਦੀ ਹੈ ਜਿਨਾਂ ਵਿੱਚੋਂ ਇੱਕ ਹੈ ਹਲਦੀ । ਹਲਦੀ, ਜਿਸਨੂੰ “ਸੋਨੇ ਵਰਗੀ ਫ਼ਸਲ” ਵੀ ਕਿਹਾ ਜਾਂਦਾ ਹੈ, ਨਾ ਸਿਰਫ਼ ਰਸੋਈ ਦਾ ਅਟੁੱਟ ਹਿੱਸਾ ਹੈ, ਸਗੋਂ ਇਹ ਸਾਡੀ ਸਿਹਤ, ਧਾਰਮਿਕ ਪਰੰਪਰਾਵਾਂ ਨਾਲ ਵੀ ਗਹਿਰਾਈ ਨਾਲ ਜੁੜੀ ਹੋਈ ਹੈ।
ਭਗਤ ਪੂਰਨ ਸਿੰਘ ਜੀ ਖੇਤਾਂ ਵਿੱਚ ਕਈ ਤਰ੍ਹਾਂ ਦੀ ਹਲਦੀ ਦੀ ਫ਼ਸਲ ਉਗਾਈ ਜਾਂਦੀ ਹੈ । ਹਲਦੀ ਦੀ ਖੇਤੀ ਦੀ ਸ਼ੁਰੂਆਤ 2010 ਤੋਂ ਕੀਤੀ ਗਈ ਸੀ । ਪਿੰਗਲਵਾੜੇ ਵਿੱਚ ਤਿਆਰ ਹੋਣ ਵਾਲੇ ਲੰਗਰ ਲਈ ਔਰਗੈਨਿਕ ਹਲਦੀ ਦਾ ਪ੍ਰਯੋਗ ਕੀਤਾ ਜਾਂਦਾ ਹੈ ।
ਹਲਦੀ ਸਿਰਫ਼ ਮਸਾਲਾ ਨਹੀਂ, ਸਗੋਂ ਦਵਾਈਆਂ ਵਿੱਚ ਵੀ ਵਰਤੀ ਜਾਣ ਵਾਲਾ ਬੇਹੱਦ ਲਾਭਕਾਰੀ ਪੌਦਾ ਹੈ। ਆਯੂਰਵੇਦ ਆਦਿ ਸਭ ਨੇ ਹੀ ਇਸ ਦੀਆਂ ਖੂਬੀਆਂ ਨੂੰ ਮੰਨਿਆ ਹੈ।
ਇਸ ਵਿੱਚ ਮੌਜੂਦ ਕੁਰਕੁਮਿਨ ਤੱਤ ਸਰੀਰ ਦੀ ਰੋਗ-ਰੋਧਕ ਤਾਕਤ ਵਧਾਉਂਦਾ ਹੈ, ਜ਼ਖ਼ਮ ਜਲਦੀ ਭਰਦਾ ਹੈ ਅਤੇ ਕਈ ਖ਼ਤਰਨਾਕ ਬਿਮਾਰੀਆਂ ਤੋਂ ਬਚਾਉਂਦਾ ਹੈ। ਖਾਣੇ ਵਿੱਚ ਇਸ ਦੀ ਵਰਤੋਂ ਰੰਗ, ਸੁਆਦ ਅਤੇ ਸਿਹਤ ਲਈ ਬਹੁਤ ਜ਼ਰੂਰੀ ਹੈ।
ਇਸੇ ਸਮੇਂ, ਹਲਦੀ ਵਰਗੀਆਂ ਵਪਾਰਕ ਫ਼ਸਲਾਂ ਦੀ ਮੰਗ ਦੇਸੀ ਤੇ ਵਿਦੇਸ਼ੀ ਦੋਵੇਂ ਮਾਰਕੀਟਾਂ ਵਿੱਚ ਤੇਜ਼ੀ ਨਾਲ ਵਧ ਰਹੀ ਹੈ। ਪਰ ਅਫ਼ਸੋਸ, ਇਸ ਖੇਤਰ ਵਿੱਚ ਸਾਡੀ ਉਤਪਾਦਨ ਸਮਰੱਥਾ ਘੱਟ ਹੈ।
ਹਲਦੀ ਕੁਦਰਤੀ ਐਂਟੀਬਾਇਓਟਿਕ ਹੈ। ਇਹ ਖੂਨ ਸਾਫ਼ ਕਰਦੀ ਹੈ ਤੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੀ ਹੈ। ਕੋਵਿਡ ਮਹਾਂਮਾਰੀ ਦੇ ਸਮੇਂ ਵੀ ਹਲਦੀ ਵਾਲਾ ਦੁੱਧ ਘਰ-ਘਰ ਵਿੱਚ ਵਰਤਿਆ ਗਿਆ।
ਹਲਦੀ ਦੀ ਵਰਤੋਂ ਨਾ ਸਿਰਫ਼ ਘਰੇਲੂ ਰਸੋਈ ਵਿੱਚ ਹੁੰਦੀ ਹੈ, ਸਗੋਂ ਫਾਰਮਾਸਿਊਟਿਕਲ, ਕਾਸਮੈਟਿਕ ਅਤੇ ਖਾਦ -ਪਦਾਰਥ ਉਦਯੋਗ ਵਿੱਚ ਵੀ ਹੁੰਦੀ ਹੈ। ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਹਲਦੀ ਉਤਪਾਦਕ ਦੇਸ਼ ਹੈ, ਪਰ ਮੰਗ ਦੇ ਮੁਕਾਬਲੇ ਸਾਡਾ ਨਿਰਯਾਤ ਅਜੇ ਵੀ ਘੱਟ ਹੈ।
ਹਲਦੀ ਇੱਕ ਅਜਿਹੀ ਫ਼ਸਲ ਹੈ ਜੋ ਵੱਖ-ਵੱਖ ਮੌਸਮੀ ਹਾਲਾਤਾਂ ਵਿੱਚ ਵੀ ਵਧੀਆ ਪੈਦਾ ਹੋ ਸਕਦੀ ਹੈ। ਇਹ ਲਈ ਪਾਣੀ ਦੀ ਬਹੁਤ ਜ਼ਿਆਦਾ ਲੋੜ ਨਹੀਂ ਪੈਂਦੀ , ਜਿਸ ਕਾਰਨ ਪਾਣੀ ਸੰਭਾਲ ਦਾ ਵੱਡਾ ਹਿੱਸਾ ਬਚਾਇਆ ਜਾ ਸਕਦਾ ਹੈ।
ਇੱਕ ਏਕੜ ਵਿੱਚ ਹਲਦੀ ਦੀ ਖੇਤੀ ਤੋਂ ਕਿਸਾਨ ਨੂੰ ਰਵਾਇਤੀ ਫ਼ਸਲਾਂ ਨਾਲੋਂ ਵੱਧ ਆਮਦਨੀ ਹੋ ਸਕਦੀ ਹੈ। ਜੇ ਕਿਸਾਨ ਆਰਗੈਨਿਕ ਤਰੀਕੇ ਨਾਲ ਖੇਤੀ ਕਰੇ ਤਾਂ ਉਸਦੀ ਉਤਪਾਦਨ ਵਿਦੇਸ਼ੀ ਮਾਰਕੀਟ ਵਿੱਚ ਹੋਰ ਮਹਿੰਗੀ ਕੀਮਤ ’ਤੇ ਵਿਕ ਸਕਦੀ ਹੈ।
ਅੱਜ ਕਿਸਾਨ ਕਰਜ਼ਿਆਂ, ਮਹਿੰਗਾਈ ਅਤੇ ਬਦਲਦੇ ਮੌਸਮ ਕਾਰਨ ਬਹੁਤ ਪਰੇਸ਼ਾਨ ਹਨ। ਹਲਦੀ ਵਰਗੀਆਂ ਨਫ਼ੇ ਵਾਲੀਆਂ ਅਤੇ ਘੱਟ ਖਰਚ ਵਾਲੀਆਂ ਫਸਲਾਂ ਨੂੰ ਅਪਣਾਉਣ ਨਾਲ ਉਹ ਆਪਣੀ ਆਰਥਿਕਤਾ ਮਜ਼ਬੂਤ ਕਰ ਸਕਦੇ ਹਨ।
ਲੋਕ ਹੁਣ ਸਿਹਤ ਪ੍ਰਤੀ ਹੋਰ ਜਾਗਰੂਕ ਹੋ ਰਹੇ ਹਨ। ਬਾਜ਼ਾਰ ਵਿੱਚ ਆਰਗੈਨਿਕ ਉਤਪਾਦਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਹਲਦੀ ਦੀ ਆਰਗੈਨਿਕ ਖੇਤੀ ਕਿਸਾਨਾਂ ਨੂੰ ਵਧੀਆ ਮੁੱਲ ਦੇ ਸਕਦੀ ਹੈ।
ਵਿਦੇਸ਼ੀ ਮਾਰਕੀਟ ਵਿੱਚ ਭਾਰਤੀ ਹਲਦੀ ਦੀ ਵੱਖਰੀ ਪਛਾਣ ਹੈ। ਜੇ ਇਸ ਦੀ ਉਤਪਾਦਨ ਨੂੰ ਵਧਾਇਆ ਜਾਵੇ, ਤਾਂ ਭਾਰਤ ਵਿਸ਼ਵ ਮੰਡੀ ਵਿੱਚ ਆਪਣਾ ਹਿੱਸਾ ਹੋਰ ਵਧਾ ਸਕਦਾ ਹੈ। ਇਸ ਨਾਲ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਵੇਗੀ ਅਤੇ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ।
ਇਸ ਲਈ, ਸਮਾਂ ਆ ਗਿਆ ਹੈ ਕਿ ਹਲਦੀ ਦੀ ਖੇਤੀ ਨੂੰ ਅਪਣਾਇਆ ਜਾਵੇ। ਇਹ ਕਿਸਾਨਾਂ ਦੀਆਂ ਆਰਥਿਕ ਸਮੱਸਿਆਵਾਂ ਦਾ ਹੱਲ, ਸਾਡੀ ਸਿਹਤ ਲਈ ਦਵਾਈ ਅਤੇ ਦੇਸ਼ ਦੀ ਅਰਥਵਿਵਸਥਾ ਲਈ ਮਜ਼ਬੂਤੀ ਦਾ ਸਾਧਨ ਬਣ ਸਕਦੀ ਹੈ।
