ਸਾਰੇ ਲੇਖ
social 8 Sep 2025 4 min read 124 views

ਆਬਾਂ ਦੀ ਧਰਤ ਆਬ ਦੀ ਮਾਰ ਹੇਠ !

ਇਹਨਾਂ ਪਾਣੀਆਂ ਦੀ ਮਾਰ ਹੇਠ ਗਈਆਂ ਜਾਨਾਂ ਦਾ ਹਰਜ਼ਾਨਾ ਕੌਣ ਭਰੇਗਾ ?

Sirlekh Team

Updated 15 Jul 2026

ਸਾਂਝਾ ਕਰੋ:

fWATG
ਆਬਾਂ ਦੀ ਧਰਤ ਆਬ ਦੀ ਮਾਰ ਹੇਠ !

ਕਹਿੰਦੇ ਨੇ ਕਿ ਕੁਦਰਤ ਜਦੋਂ ਮਿਹਰਬਾਨ ਹੁੰਦੀ ਹੈ ਤਾਂ ਉਹ ਕਣੀਆਂ ਪਾ ਕੇ ਆਪਣਾ ਮੋਹ ਪ੍ਰਗਟ ਕਰਦੀ ਹੈ ਅਤੇ ਜਦੋਂ ਕੁਦਰਤ ਕਹਿਰਵਾਨ ਹੁੰਦੀ ਹੈ ਤਾਂ ਇਹ ਕਣੀਆਂ ਲਹਿਰਾਂ, ਤੂਫ਼ਾਨਾਂ ਵਿੱਚ ਬਦਲ ਜਾਂਦੀਆਂ ਨੇ। ਕੁਦਰਤ ਦੀ ਮਿਹਰਬਾਨੀ ਦਾ ਅਤੇ ਕੁਦਰਤ ਦੀ ਕਰੋਪੀ ਦਾ ਭੇਦ ਸਿਰਫ਼ ਕੁਦਰਤ ਦੇ ਹੱਥ ਹੀ ਹੈ।

ਪੰਜਾਬ ਇਸ ਵਕਤ ਹੜ੍ਹਾਂ ਦੀ ਲਪੇਟ ਵਿੱਚ ਹੈ। ਪੰਜਾਬ ਦੇ ਖ਼ਾਸ ਕਰਕੇ ਦਰਿਆਵਾਂ ਦੇ ਨਾਲ਼ ਲੱਗਦੇ ਇਲਾਕੇ ਜਿਨ੍ਹਾਂ ਦੇ ਵਿੱਚ ਮਾਝੇ ਦਾ ਖ਼ੇਤਰ ਪ੍ਰਮੁੱਖ ਹੈ , ਬੇਹੱਦ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ । ਪਾਣੀ ਘਰਾਂ ਦੇ ਅੰਦਰ ਵੜ ਗਿਆ ਹੈ ਅਤੇ ਪਾਣੀ ਦੀ ਮਾਰ ਦੇ ਨਾਲ਼ ਘਰਾਂ ਦੇ ਘਰ ਡੁੱਬ ਗਏ ਹਨ ।

ਕਿਧਰੇ ਕੋਈ ਘਰ ਦਾ ਨਿਸ਼ਾਨ ਵੀ ਨਹੀਂ ਲੱਭਦਾ । ਹਰ ਚੀਜ਼ ਆਪਣੀ ਹੋਂਦ ਗਵਾ ਚੁੱਕੀ ਹੈ । ਮਾਝੇ ਦੇ ਕਈ ਖੇਤਰਾਂ ਦੇ ਵਿੱਚ ਤਾਂ ਗਲ਼- ਗਲ਼ ਪਾਣੀ ਆਇਆ ਹੋਇਆ ਹੈ , ਜਿਸਨੇ ਨਾ ਕੇਵਲ ਮਨੁੱਖਾਂ ਨੂੰ ਸਗੋਂ ਪਸ਼ੂ-ਪੰਛੀਆਂ ਨੂੰ ਵੀ ਆਪਣੀ ਮਾਰ ਹੇਠ ਲਿਆਂਦਾ ਹੈ।

ਪੰਜਾਬ ਦੀ ਕਿਰਸਾਨੀ ਤਾਂ ਡੁੱਬੀ ਹੀ ਹੈ ਸਗੋਂ ਕਿਸਾਨੀ ਸਹਾਇਕ ਧੰਦਿਆਂ ਦਾ ਵੀ ਕੋਈ ਹਾਲ ਨਹੀਂ ਰਿਹਾ। ਬੱਝੇ ਹੋਏ ਡੰਗਰ ਪਸ਼ੂ ਉਥੇ ਹੀ ਪਾਣੀ ਦੀ ਮਾਰ ਹੇਠ ਆ ਗਏ ਕਿਉਂਕਿ ਪਾਣੀ ਦੀ ਮਾਰ ਇਕਦਮ ਐਨੀ ਜ਼ਿਆਦਾ ਸੀ ਕਿ ਕਈਆਂ ਨੂੰ ਉਹਨਾਂ ਦਾ ਬਚਾਅ ਕਰਨ ਦਾ ਮੌਕਾ ਹੀ ਨਹੀਂ ਮਿਲਿਆ ।

ਹਰ ਤਰ੍ਹਾਂ ਦਾ ਜੀਵ ਬੇਹੱਦ ਦੁਖੀ ਅਤੇ ਉਦਾਸੀ ਦੇ ਆਲਮ ਵਿੱਚੋਂ ਲੰਘ ਰਿਹਾ ਹੈ । ਪੰਜਾਬ ਦੇ ਅਰਥਚਾਰੇ ਨੂੰ ਬਹੁਤ ਗਹਿਰੀ ਸੱਟ ਵੱਜੀ ਹੈ। ਚਾਰੇ ਪਾਸੇ ਨਜ਼ਰ ਮਾਰੀਏ ਤਾਂ ਪਾਣੀ ਹੀ ਪਾਣੀ ਦਿਖਾਈ ਦਿੰਦਾ ਹੈ। ਘਰਾਂ ਦੇ ਵਿੱਚ ਵੜੀ ਹੋਈ ਪਾਣੀ ਦੀ ਗਾਰ ਹਰ ਤਰ੍ਹਾਂ ਦੀਆਂ ਉਮੀਦਾਂ 'ਤੇ ਭਾਰੀ ਪੈਂਦੀ ਜਾਪਦੀ ਹੈ।

ਪਰ ਉਹ ਕਹਿੰਦੇ ਨੇ ਕਿ ' ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ ' । ਪੰਜਾਬ ਦੇ ਲਹੂ ਦੇ ਵਿੱਚ ਹੈ ਕਿ ਇਹ ਕਦੇ ਵੀ ਟੁੱਟ ਨਹੀਂ ਸਕਦਾ, ਕਦੇ ਵੀ ਝੁਕ ਨਹੀਂ ਸਕਦਾ ਕਿਉਂਕਿ ਇਸਨੂੰ ਗੁਰੂਆਂ-ਪੀਰਾਂ ਦੀ ਮਿਹਰ ਅਤੇ ਸਿਦਕ ਦਾ ਵਰ ਪ੍ਰਾਪਤ ਹੈ। ਬੇਸ਼ੱਕ ਇਸ ਸਮੇਂ ਚਾਰੇ ਪਾਸੇ ਉਦਾਸੀ ਦਾ ਆਲਮ ਹੈ ਪਰ ਆਸ ਦੀ ਕਿਰਨ ਵੀ ਕਿਧਰੇ ਨਹੀਂ ਗਈ।

ਇਸ ਮੌਕੇ ਕਈ ਸਮਾਜਿਕ ਸਰਕਾਰੀ, ਗ਼ੈਰ ਸਰਕਾਰੀ ਜਥੇਬੰਦੀਆਂ ਨੇ ਪੰਜਾਬ ਨੂੰ ਮੁੜ ਤੋਂ ਪੈਰਾਂ ਸਿਰ ਖੜ੍ਹੇ ਕਰਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਪੰਜਾਬ ਦੀ ਨੌਜਵਾਨੀ ਸ਼ਾਬਾਸ਼ੇ ਦੀ ਹੱਕਦਾਰ ਹੈ ਜਿਹੜੀ ਇਹਨਾਂ ਜ਼ਰੂਰਤਮੰਦਾਂ ਦੇ ਘਰ -ਘਰ ਜਾ ਕੇ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾ ਰਹੀ ਹੈ। ਪੰਜਾਬ ਦੀ ਪੱਤਰਕਾਰੀ ਵੀ ਇਸ ਮੌਕੇ ਪ੍ਰਸ਼ੰਸਾ ਦੇ ਕਾਬਿਲ ਹੈ ਜਿਹੜੀ ਹਰ ਆਦਮੀ ਦੇ ਦੁੱਖ ਨੂੰ ਸਰਕਾਰੇ - ਦਰਬਾਰੇ ਪਹੁੰਚਾਉਣ ਦੇ ਵਿੱਚ ਜੁਟੀ ਹੋਈ ਹੈ।

ਇਸ ਮੌਕੇ ਪੰਜਾਬ ਦੇ ਕਲਾਕਾਰਾਂ ਦੇ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤੀਆਂ ਜਾ ਸਕਦਾ ਜਿਨ੍ਹਾਂ ਨੇ ਪੰਜਾਬ ਦੀ ਡੁੱਬਦੀ ਹੋਈ ਬੇੜੀ ਨੂੰ ਮੁੜ ਤੋਂ ਕਿਨਾਰੇ ਲਾਉਣ ਦੇ ਲਈ ਆਪਣਾ ਪੂਰਾ ਜ਼ੋਰ ਲਗਾਇਆ ਹੋਇਆ ਹੈ।

ਪੰਜਾਬ ਦੇ ਪ੍ਰਤੀ ਮੋਹ ਰੱਖਣ ਵਾਲਾ ਕੋਈ ਵੀ ਕਲਾਕਾਰ, ਕੋਈ ਵੀ ਫ਼ਨਕਾਰ ਚਾਹੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੈ ਉਹ ਅੱਜ ਵੀ ਮੌਜੂਦਾ ਸਥਿਤੀ ਨੂੰ ਦੇਖ ਕੇ ਉਦਾਸ ਵੀ ਹੁੰਦਾ ਹੈ ਅਤੇ ਨਾਲ ਵੀ ਖੜ੍ਹਾ ਹੈ ।

ਇਕੱਲੇ ਪੰਜਾਬ ਦੇ ਕਲਾਕਾਰ ਹੀ ਨਹੀਂ ਸਗੋਂ ਜਿੱਥੇ ਜਿੱਥੇ ਤੱਕ ਵੀ ਪੰਜਾਬ ਅਤੇ ਪੰਜਾਬੀਅਤ ਜਿਉਂਦੀ ਹੈ, ਹਰ ਇੱਕ ਨੇ ਹਰ ਤਰ੍ਹਾਂ ਦੇ ਨਸਲੀ, ਧਾਰਮਿਕ ਭੇਦਭਾਵ ਤੋਂ ਉੱਪਰ ਉੱਠ ਕੇ ਆਪਣਾ ਬਣਦਾ ਯੋਗਦਾਨ ਦੇਣ ਦੀ ਕੋਸ਼ਿਸ਼ ਕੀਤੀ ਹੈ।

ਪੂਰਨ ਭਰੋਸਾ ਹੈ ਕਿ ਪੰਜਾਬ ਫਿਰ ਤੋਂ ਉੱਠ ਖੜ੍ਹੇਗਾ। ਆਫ਼ਤਾਂ ਉਹਨਾਂ ਉੱਪਰ ਹੀ ਆਉਂਦੀਆਂ ਹਨ ਜਿਨਾਂ ਕੋਲ ਆਫ਼ਤਾਂ ਵਿੱਚੋਂ ਨਿਕਲਣ ਦਾ ਹੁਨਰ ਹੁੰਦਾ ਹੈ ਅਤੇ ਪੰਜਾਬ ਨੇ ਹਰ ਵਾਰ ਇਹ ਸਿੱਧ ਕਰਕੇ ਵਿਖਾਇਆ ਹੈ।

ਪੰਜਾਬ ਦੀ ਮੌਜੂਦਾ ਹੜ੍ਹਾਂ ਦੀ ਸਥਿਤੀ ਨੂੰ ਵੇਖਦੇ ਹੋਏ ਕਈ ਸਵਾਲ ਵੀ ਮਨ ਵਿੱਚ ਉੱਠਦੇ ਹਨ । ਸਵਾਲ ਇਹ..........

ਕਿ ਇਹਨਾਂ ਹੜ੍ਹਾਂ ਦੇ ਲਈ ਜ਼ਿੰਮੇਵਾਰ ਕੌਣ ਹੈ ?

ਕੀ ਇਹ ਖ਼ਤਰਾ ਟਾਲਿਆ ਜਾ ਸਕਦਾ ਸੀ?

ਸਰਕਾਰਾਂ ਦੀ ਲਾਪਰਵਾਹੀ ਜਾਂ ਕੁਦਰਤ ਦਾ ਕਹਿਰ ?

ਇਹ ਪਾਣੀਆਂ ਦੀ ਮਾਰ ਹੇਠ ਗਈਆਂ ਜਾਨਾਂ ਦਾ ਹਰਜ਼ਾਨਾ ਕੌਣ ਭਰੇਗਾ?

ਮਾਵਾਂ ਆਪਣੇ ਬੱਚਿਆਂ ਨੂੰ ਢਿੱਡ ਨਾਲ ਲਗਾ ਕੇ ਲੁਕੋ ਕੇ ਬੈਠੀਆਂ ਹਨ, ਕੌਣ ਜ਼ਿੰਮੇਵਾਰ ਹੈ ?

ਉਹ ਘਰ ਜਿਨ੍ਹਾਂ ਦਾ ਕੋਈ ਨਾਮੋ - ਨਿਸ਼ਾਨ ਨਹੀਂ ਰਿਹਾ ਉਹਨਾਂ ਦੇ ਲਈ ਕੌਣ ਜ਼ਿੰਮੇਵਾਰ ਹੈ ?

ਉਹ ਬੱਚੇ ਜਿਹੜੇ ਦੋ -ਦੋ , ਤਿੰਨ- ਤਿੰਨ ਦਿਨ ਭੁੱਖੇ ਰਹਿ ਕੇ ਫ਼ਾਕੇ ਕੱਟ ਰਹੇ ਹਨ , ਉਹ ਬਜ਼ੁਰਗ ਅੱਖਾਂ ਜਿਹੜੀ ਆਪਣੀ ਜਵਾਨੀ ਦੀ ਸਾਰੀ ਕਿਰਤ ਨੂੰ ਪਾਣੀ ਦੇ ਵਿੱਚ ਵਹਿੰਦੇ ਹੋਏ ਦੇਖ ਰਹੀਆਂ ਹਨ, ਕੌਣ ਜ਼ਿੰਮੇਵਾਰ ਹੈ ?

ਕੀ ਸਾਡੇ ਸੂਬੇ ਕੋਲ ਐਨੀ ਵਿਵਸਥਾ ਨਹੀਂ ਹੈ ਕਿ ਉਹ ਪਾਣੀ ਦੀ ਮਿਕਦਾਰ ਨੂੰ ਸਹੀ ਤਰੀਕੇ ਨਾਲ ਮਾਪ ਸਕੇ ਅਤੇ ਖ਼ਤਰੇ ਨੂੰ ਅਗਾਊ ਭਾਂਪ ਸਕੇ ਜਾਂ ਫਿਰ ਅੱਖਾਂ ਮੀਚ ਕੇ ਆਉਣ ਵਾਲੇ ਤੂਫਾਨ ਤੋਂ ਪਾਸਾ ਵੱਟਿਆ ਜਾ ਰਿਹਾ ਸੀ?

ਸਵਾਲ ਬਹੁਤ ਨੇ...

ਅੱਜ ਪੰਜਾਬ ਜਵਾਬ ਮੰਗਦਾ ਹੈ ਸਮੇਂ ਦੀ ਹਕੂਮਤ ਕੋਲੋਂ.....

ਖ਼ੈਰ! ਇਸ ਮੌਕੇ ਸਭ ਤੋਂ ਵੱਡਾ ਮੁੱਦਾ ਹੈ ਪੰਜਾਬ ਨੂੰ ਮੁੜ ਤੋਂ ਲੀਹ ਤੇ ਲੈ ਕੇ ਆਉਣ ਦਾ । ਸੋ ਆਓ! ਆਪਣਾ ਬਣਦਾ ਯੋਗਦਾਨ ਦੇਈਏ ਅਤੇ ਪੰਜਾਬ ਪ੍ਰਤੀ ਆਪਣੇ ਫ਼ਰਜ਼ ਨੂੰ ਅਦਾ ਕਰੀਏ।

ਜਾਗਦੀ ਜ਼ਮੀਰ ਵਾਲੇ ਬਣੀਏ,

ਸਰਬੱਤ ਦੇ ਭਲੇ ਦੀ ਅਰਦਾਸ ਨਾਲ਼

ਜਸ ਜੀਤ

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ