ਸਾਰੇ ਲੇਖ
Literature/Education 15 Apr 2026 12 min read 91 views

ਪੁੱਠੇ ਦਿਮਾਗ ਦਾ ਸਿੱਧਾ ਸੁਪਨਸਾਜ਼ : ਸੁਰਿੰਦਰ ਸਾਗਰ

ਸੁਰਿੰਦਰ ਸਾਗਰ ਦੀ ਸੰਘਰਸ਼ ਭਰੀ ਜਿੰਦਗੀ,ਰੰਗਮੰਚ ਪ੍ਰਤੀ ਸਮਰਪਣ, ਕਲਾ, ਅਦਾਕਾਰੀ ਅਤੇ ਪੰਜਾਬੀ ਥੀਏਟਰ ਦੇ ਯਾਦਗਾਰ ਸਫ਼ਰ ਦੀ ਦਿਲਛੂਹ ਕਹਾਣੀ ।

Sirlekh Team

Updated 15 Jul 2026

ਸਾਂਝਾ ਕਰੋ:

fWATG
ਪੁੱਠੇ ਦਿਮਾਗ ਦਾ ਸਿੱਧਾ ਸੁਪਨਸਾਜ਼ : ਸੁਰਿੰਦਰ ਸਾਗਰ

‘ਖਰੇ ਸੋਨਾ ਦਾ ਵੀ ਤਾਂਬੇ ਤੋਂ ਬਿਨ੍ਹਾਂ ਗਹਿਣਾ ਨਹੀਂ ਬਣਦਾ। ਜਦੋਂ ਪੁੱਠ ਚੜ੍ਹਦੀ ਐ ਉਦੋਂ ਉਹਦੀ ਉਮਰ ਵਧਦੀ ਹੈ। ਉਂਝ ਮੁੱਲ ਤਾਂ ਕਿਸੇ ਚੀਜ਼ ਦਾ ਕੀ ਪੈਣਾ। ਗੱਲਾਂ ਹੁੰਦੀਆਂ ਬਸ। ਗੱਲਾਂ ਗੱਲਾਂ ਵਿੱਚ ਤਾਂ ਅਸੀਂ ਕਲਾ ਦਾ ਮੁੱਲ ਵੀ ਪਾ ਲੈਨੇ ਆ। ਪਰ ਇਹ ਕਲਾ ਤਾਂ ਵਿਰਲਿਆਂ ਕੋਲ ਹੁੰਦੀ ਆ। ਜਿੰਨਾਂ ਕੋਲ ਕਲਾ ਹੁੰਦੀ ਆ ਉਹ ਤਾਂ ਮੁਰਦਿਆਂ ਵਿੱਚ ਵੀ ਜਾਨ ਪਾ ਲੈਂਦੇ ਆ।’ ਮੇਰੇ ਬਾਬੇ ਦੀ ਉਮਰ ਦਾ ਬਜ਼ੁਰਗ ਇਹ ਗੱਲਾਂ ਜਦੋਂ ਸੱਥ ਵਿੱਚ ਬਹਿ ਕੇ ਕਰਦਾ ਹੁੰਦਾ ਸੀ ਤਾਂ ਮੇਰੇ ਸਮਝ ਤੋਂ ਪਰੇ ਹੁੰਦੀਆ ਸੀ। ਜਦੋਂ ਸਮਝ ਆਈ ਉਹ ਬਾਬਾ ਤੁਰ ਗਿਆ। ਹੁਣ ਸੋਚਦਾਂ ਉਹ ਕੋਈ ਕਲਾਕਾਰ ਹੋਣੈ ਜਿਹੜਾ ਐਨਾ ਫਿਕਰਮੰਦ ਸੀ। ਕਲਾਕਾਰ ਬੰਦੇ ਫ਼ਿਕਰ ਹੀ ਤਾਂ ਕਰ ਸਕਦੇ ਆ। ਇਨ੍ਹਾਂ ਬੰਦਿਆਂ ਦੇ ਫ਼ਿਕਰ ਬੜੇ ਅਜ਼ੀਬ ਹੁੰਦੇ ਆ। ਜਿਵੇਂ ਅਸੀਂ ਸੋਚਦੇ ਆਂ ਇਹ ਕਈ ਵਾਰ ਉਸ ਤੋਂ ਬਿਲਕੁਲ ਵੱਖਰਾ ਸੋਚਦੇ ਆ। ਵੱਖਰਾ ਤੇ ਮੌਲਿਕ। ਇਨ੍ਹਾਂ ਕਲਾ ਕਰਮੀਆਂ ਦੀ ਧਰਤੀ ਤੇ ਦੇਸ਼ ਵੱਖਰੇ ਹੁੰਦੇ ਆ। ਰੰਗਕਰਮੀ ਬੰਦੇ ਮੈਨੂੰ ਪਸੰਦ ਹਨ। ਉਨ੍ਹਾਂ ਬੰਦਿਆਂ ਨਾਲ ਮੇਰੀ ਨੇੜਤਾ ਹੋ ਜਾਂਦੀ ਆਂ। ਸ਼ਾਇਦ ਮੈਂ ਵੀ ਕਿਸੇ ਸਮੇਂ ਕਿਸੇ ਨਾਟਕ ਵਿੱਚ ਹਿੱਸਾ ਲੈਣਾ ਚਾਹੁੰਦਾ ਸਾਂ। ਸਬੱਬ ਨਹੀਂ ਬਣਿਆ। ਸ਼ਾਇਦ ਨਾ ਬਣਨ ਦਾ ਕਾਰਨ ਵੀ ਇਹੋ ਸੀ ਕਿ ਉਹ ਨਾਟਕ ਘੱਟ ਜ਼ਮੀਨਿਆਂ ਦੀ ਗੱਲ ਕਰ ਰਿਹਾ ਸੀ, ਮੈਂ ਅਰਥ ਸ਼ਾਸਤਰ ਵਿੱਚ ਪੂੰਜੀ ਦਾ ਸਿਧਾਂਤ ਪੜ੍ਹ ਰਿਹਾ ਸੀ।

ਪੜ੍ਹਦਿਆਂ-ਪੜ੍ਹਦਿਆਂ ਮੈਂ ਕਾਲਜ ਵਿੱਚ ਪੜ੍ਹਾਉਣ ਲੱਗ ਗਿਆ। ਕਾਲਜ ਵਿੱਚ ਆ ਕੇ ਮੈਨੂੰ ਇੱਕ ਮਧਰੇ ਜਿਹੇ ਕੱਦ ਦਾ ਬੰਦਾ ਮਿਲਿਆ ਜਿਹੜਾ ਯੁਵਕ ਮੇਲੇ ਲਈ ਕਾਲਜ ਦੀ ਰੰਗਮੰਚ ਵਿਧਾ ਨਾਟਕ ਦੀ ਰਿਹਸਲ ਕਰਵਾਉਂਦਾ ਹੁੰਦਾ ਸੀ। ਬੰਦਾ ਕਾਹਦਾ ਮੇਰੇ ਪਿੰਡ ਦੇ ਬਜ਼ੁਰਗ ਦੇ ਕਹਿਣ ਵਾਂਗ ਖ਼ਰਾ ਸੋਨਾ। ਇਹ ਬੰਦਾ ਜਦੋਂ ਤਿਆਰੀ ਕਰਵਾਉਂਦਾ ਹਵਾ ਦੇ ਬੁੱਲਿਆ ਨੂੰ ਗੰਢਾਂ ਵਿੱਚ ਬੰਨ ਲਿਆ ਕਰੇ, ਮਰੇ ਪਾਤਰਾਂ ਨੂੰ ਜਿਉਂਦਾ ਕਰ ਲਿਆ ਕਰੇ, ਜਿਹੜਾ ਨਾਟਕ ਪੜ੍ਹਨ ਸਮੇਂ ਲੱਗਦੈ ਵੀ ਇਸ ਵਿੱਚ ਡਾਇਰੈਕਟਰ ਦੀ ਥਾਂ ਤਾਂ ਹੈ ਨਹੀਂ ਉਸ ਵਿੱਚ ਜਾਨ ਪਾ ਦਿਆ ਕਰੇ। ਮੈਨੂੰ ਫਿਰ ਬਾਬੇ ਦੀ ਗੱਲ ਸਮਝ ਆਈ ‘ਭਾਈ ਕਲਾ ਦਾ ਵੀ ਕੋਈ ਮੁੱਲ ਪਾ ਸਕਦੈ ?।’ ਇਹ ਬੰਦਾ ਮਾਲਵੇ ਦੇ ਟਿੱਬਿਆਂ ਵਿੱਚ ਹਰਿਆਣੇ ਦੀ ਹੱਦ ਨਾਲ ਲੱਗਦੇ ਪਿੰਡ ਬੋਹਾ ਦਾ ਜੰਮਪਲ ਸਾਗਰ ਸੁਰਿੰਦਰ। ਘਰੇ ਗਰੀਬੀ। ਬੇਬੇ ਬਾਪੂ ਦਿਹਾੜੀਦਾਰ। ਨਾ ਹਾੜ੍ਹੀ ਘਰੇ ਆਉਣੀ ਨਾ ਸਾਉਣੀ। ਤੁਰਦਾ ਗਿਆ। ਮੰਜ਼ਿਲ ਬੜੀ ਦੂਰ ਸੀ। ਕਿਨਾਰੇ 'ਤੇ ਕਿਸ਼ਤੀ ਠੇਲ ਕੇ ਦੂਸਰਾ ਕਿਨਾਰਾ ਵੇਖਣ ਬਹਿ ਜਾਂਦਾ, ਸ਼ਾਇਦ ਏਥੇ ਤਕ ਨਾ ਹੀ ਪਹੁੰਚਦਾ। ਸਾਹਮਣੇ ਕੁਝ ਦਿਸਦਾ ਹੀ ਨਹੀਂ ਸੀ। ਕਿਰਤ ਉਹਨੂੰ ਵਿਰਾਸਤ ਵਿੱਚ ਮਿਲੀ ਤੇ ਕਲਾ ਰੱਬੀ ਬਖਸ਼ਿਸ਼। ਤਪੜ ਮਾਰਕਾ ਸਕੂਲ ਵਿੱਚ ਪੜ੍ਹ ਕੇ ਕਾਲਜ ਪੜ੍ਹਨ ਆ ਗਿਆ। ਰੱਜ ਕੇ ਸਾਊ। ਉਮਰ ਤਾਂ ਬੀ. ਏ. ਵਾਲੇ ਬੱਚਿਆਂ ਵਾਂਗ ਖੜਮਸਤੀਆਂ ਕਰਨ ਦੀ ਪਰ ਇਹ ਭਲਾ ਪੁਰਸ਼ ਰੰਗਮੰਚ ਵੱਲ ਤੁਰ ਪਿਆ।

ਤੁਰਦਾ ਗਿਆ ਰਾਹ ਬਣਦੇ ਗਏ। ਅਦਾਕਾਰੀ ਵਿੱਚ ਯੁਵਕ ਮੇਲਿਆਂ ਵਿੱਚ ਲਗਾਤਾਰ ਕਈ ਸਾਲ ਲੋਹਾ ਮਨਵਾਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਨਸਾ ਫਰੀਦਕੋਟ ਵਾਲੇ ਖੇਤਰੀ ਯੁਵਕ ਮੇਲੇ ਵਿੱਚੋਂ ਲਗਾਤਾਰ ਤਿੰਨ ਸਾਲ ਵਧੀਆ ਅਦਾਕਾਰ ਦਾ ਖ਼ਿਤਾਬ ਜਿੱਤਦਾ ਰਿਹਾ। ਯੂਨੀਵਰਸਿਟੀ ਦੀ ਉਸ ਸਟੇਜ ਤੇ ਵੀ ਕਲਾ ਦੇ ਜੌਹਰ ਵਿਖਾਏ ਜਿੱਥੇ ਸਟੇਜ ਤੇ ਚੜ੍ਹਨ ਦਾ ਬਹੁਤਿਆਂ ਦਾ ਚਾਅ ਵਿੱਚੇ ਰਹਿ ਜਾਂਦਾ ਹੈ। ਉੱਨੀ ਸੌ ਨੜਿਨਵੇਂ ਵਿੱਚ ਸਟੇਟ ਪੱਧਰ ਦੇ ਮੋਨੋ ਐਕਟਿੰਗ ਵਿੱਚੋਂ ਪਹਿਲਾ ਸਥਾਨ ਅਤੇ ਅੱਜਕਲ੍ਹ ਮਾਸ ਥੀਏਟਰ ਗਰੁੱਪ ਚਲਾਉਂਦਾ ਹੈ ਜਿਸ ਦੀਆਂ ਪੇਸ਼ਕਾਰੀਆਂ ਵੱਖ ਵੱਖ ਥਾਵਾਂ ਤੇ ਕਰਦਾ ਹੈ। ਹਰ ਸਾਲ ਨਵੇਂ ਤਜ਼ਰਬੇ ਕਰਕੇ ਸਭ ਨੂੰ ਹੈਰਾਨ ਕਰਦਾ ਹੈ। ਬੀ. ਏ. ਕਰਦਾ ਕਰਦਾ ਰਸਤੇ ਤੋਂ ਲਾਂਭੇ ਹੋ ਗਿਆ। ਬੀ. ਏ. ਤਾਂ ਵਿੱਚੇ ਰਹਿ ਗਈ। ਭੂਤਰੇ ਹੁਸਨ ਨੇ ਉਹਦੀ ਪੱਕੀ ਫਸਲ ਡੋਬ ਤੀ। ਸਾਊ ਜੇ ਬੰਦੇ ਨੂੰ ਕੋਈ ਤੁਰਿਆ ਜਾਂਦਾ ਰੋਅਬ ਮਾਰ ਗਿਆ, ਕਹਿੰਦਾ ਤੈਨੂੰ ਵੇਖਾਂਗੇ। ਵੇਖਿਆ ਗਿਆ ਕਿਸੇ ਦੇ ਓਨਾ ਕਹਿਣ ਤੇ ਇਹ ਭਲਾਮਾਣਸ ਪੇਪਰ ਹੀ ਛੱਡ ਗਿਆ। ਲੜਨ ਦੇ ਰਾਹ ਨੀ ਤੁਰਿਆ, ਜਿਉਣ ਦੇ ਰਾਹ ਤੁਰਿਆ। ਸਾਊ ਬੰਦਿਆਂ ਦਾ ਵੀ ਆਪਣਾ ਸੰਸਾਰ ਹੁੰਦਾ। ਨੁਕਸਾਨ ਸਹਿ ਲੈਣਗੇ ਲੜਦੇ ਨਹੀਂ। ਲੜਨਾ ਉਹਦੇ ਸੁਭਾਅ ਵਿੱਚ ਨਹੀਂ ਤੇ ਰੁੱਸਣਾ ਸ਼ਾਇਦ ਹੈ ਥੋੜ੍ਹਾ ਥੋੜ੍ਹਾ। ਉਂਝ ਬੰਦਾ ਰੁੱਸਣ ਮਨਾਉਣ ਵਿੱਚ ਜ਼ਿੰਦਗੀ ਕੱਟਦਾ ਹੈ।

ਅਕਾਦਮਿਕ ਪੜ੍ਹਾਈ ’ਚ ਤਾਂ ਉਹਨੇ ਥੀਏਟਰ ਦੀ ਮਾਸਟਰ ਡਿਗਰੀ ਕਰੀ ਹੈ ਪਰ ਮਾਤ ਉਹ ਵੱਡੇ ਵੱਡੇ ਡਾਕਟਰਾਂ ਨੂੰ ਪਾ ਦਿੰਦਾ ਹੈ। ਇੰਝ ਲੱਗਦਾ ਹੈ ਗੁੜਤੀ ਦੇਣ ਵੇਲੇ ਉਸਨੂੰ ਕਿਸੇ ਭਲੇ ਪੁਰਸ਼ ਨੇ ਗੁੜਤੀ ਵਿੱਚ ਮੁਹੱਬਤ ਦਿੱਤੀ ਹੋਵੇ। ਉਸਦੇ ਜ਼ਰੇ ਜ਼ਰੇ ਵਿੱਚ ਮੁਹੱਬਤ ਹੈ। ਉਸਨੂੰ ਦੋ ਵਾਰੀ ਗੁੜਤੀ ਮਿਲੀ ਹੈ ਇੱਕ ਵਾਰੀ ਜੰਮਣ ਵੇਲੇ, ਦੁਜੀ ਵਾਰੀ ਕਾਲਜ ਦੀ ਪੜ੍ਹਾਈ ਵੇਲੇ। ਪਹਿਲੀ ਗੁੜਤੀ ਤਾਂ ਕਿਰਤੀਆਂ ਨੂੰ ਕੁਦਰਤ ਹੀ ਦਿੰਦੀ ਹੈ, ਦੂਜੀ ਮੁਹੱਬਤ ਦੀ ਗੁੜਤੀ ਉਸਨੂੰ ਡਾ. ਸਤਗੁਰ ਸਿੰਘ ਨੇ ਦਿੱਤੀ ਹੈ। ਮੈਂ ਉਸਨੂੰ ਇੱਕ ਦਿਨ ਪੁੱਛਿਆ, ਤੈਨੂੰ ਰੁਲੇ ਖੁਲੇ ਨੂੰ ਕੀਹਨੇ ਸਾਂਭਿਆ। ਉਹ ਦੱਸਦਾ ਦੱਸਦਾ ਅੱਖਾਂ ਭਰ ਆਇਆ। ਕਹਿਣ ਲੱਗਿਆ, ‘ਮੈਂ ਬੜੀ ਵਾਰ ਗਲਤੀਆਂ ਕਰੀਆਂ ਪਰ ਇਸ ਮਹਾਂਪੁਰਸ਼ ਨੇ ਮੈਨੂੰ ਵਾਰ ਵਾਰ ਸਾਂਭਿਆਂ। ਮੈਨੂੰ ਆਪਣਾ ਪੁੱਤ ਸਮਝਿਆ। ਘਰੋਂ ਰੋਟੀਆ ਖੁਆਈਆਂ ਤੇ ਪਿਆਰ ਦਿੱਤਾ। ਫੀਸਾਂ ਭਰੀਆਂ ਤੇ ਗਿਆਨ ਦਿੱਤਾ। ਮੈਂ ਕੌਣ ਹਾਂ ਮੈਨੂੰ ਨਹੀਂ ਪਤਾ। ਜੇ ਮੈਂ ਜ਼ਿੰਦਗੀ ਜਿਉਣ ਸਿੱਖਿਆ ਤਾਂ ਏਸ……।’ ਉਸ ਨੂੰ ਸਾਂਭਣ ਵਾਲਿਆਂ ਵਿੱਚ ਸਤਗੁਰ ਸਿੰਘ ਦਾ ਬੜਾ ਯੋਗਦਾਨ ਹੈ। ਜੌਹਰੀ ਜੋ ਹੋਇਆ। ਉਸਨੂੰ ਜਿਵੇਂ ਦਾ ਪਿਆਰ ਮਿਲਿਆ ਹੈ ਉਵੇਂ ਦਾ ਵੰਡ ਰਿਹਾ ਹੈ। ਪਾਤਰਾਂ ਨਾਲ ਵਿਚਰਦਾ ਉਹ ਖੁਦ ਪਾਤਰ ਹੁੰਦੈ। ਰੰਗਮੰਚ ਦੇ ਗੁਰਾਂ ਦਾ ਤਾਂ ਉਹ ਆਪ ਸਿਖ਼ਰ ਹੈ।

ਰੰਗਮੰਚ ਵੇਲੇ ਜਦੋਂ ਉਹ ਵਿਦਿਆਰਥੀਆਂ ਨੂੰ ਤਿਆਰ ਕਰਵਾ ਰਿਹਾ ਹੁੰਦੈ ਤਾਂ ਵੇਖਣ ਵਾਲੇ ਪਲ ਹੁੰਦੇ ਹਨ। ਅੱਕਣਾ ਤਾਂ ਸ਼ਾਇਦ ਉਸਦੇ ਕੋਸ਼ ਵਿੱਚ ਸ਼ਬਦ ਹੀ ਹੈ ਨਹੀਂ ਤੇ ਥੱਕਣਾ, ਥੱਕਣ ਵਾਲੀ ਉਹਦੀ ਅਜੇ ਉਮਰ ਨਹੀਂ। ਪਹਿਲੇ ਪਲ ਗਲਤੀ ਕਰਨ ਵਾਲੇ ਨੂੰ ਕੁੱਟਦੈ, ਅਗਲੇ ਪਲ ਉਹਨੂੰ ਆਪਣੇ ਪਿਆਰ ਵਿੱਚ ਡਬੋ ਲੈਂਦਾ ਹੈ। ਕਲਾ ਦਾ ਪਾਰਖੂ ਤੇ ਸਲੀਕੇ ਨਾਲ ਵਿਚਰਨ ਵਾਲਾ ਮਧਰੇ ਜੇ ਕੱਦ ਦਾ ਇਹ ਬੰਦਾ ਜਦੋਂ ਰਿਹਸਲਾਂ ਦੌਰਾਨ ਵਿਦਿਆਰਥੀਆਂ ਨੂੰ ਰੰਗਮੰਚ ਦੇ ਗੁਰ ਦੱਸ ਰਿਹਾ ਹੁੰਦਾ ਹੈ ਤਾਂ ਦੇਖਣ ਵਾਲਾ ਬੰਦਾ ਭੈਭੀਤ ਹੋ ਜਾਂਦੈ। ਕੋਈ ਏਨੀ ਮਿਹਨਤ ਨਾਲ ਵੀ ਤਿਆਰੀ ਕਰਵਾ ਸਕਦੈ। ਦਿਨ ਰਾਤ ਵਿੱਚ ਤਾਂ 24 ਘੰਟੇ ਹੀ ਹੁੰਦੇ ਨੇ ਪਰ ਉਹ ਤੇ ਉਹਦੇ ਪਾਤਰ ਤਾਂ…….ਹੱਦ ਹੈ ਯਾਰ। ਯੁਵਕ ਮੇਲੇ ਦੇ ਦਿਨ੍ਹਾਂ ਵਿੱਚ ਤਾਂ ਜਿਵੇ ਉਹ ਚੰਨ ਸੂਰਜ ਨੂੰ ਜਿਵੇਂ ਕਹਿ ਕੇ ਦੋ ਦੋ ਘੰਟੇ ਪਹਿਲਾਂ ਮਗਰੋਂ ਕਰ ਲੈਂਦਾ ਹੋਵੇ। ਸਾਰਾ ਦਿਨ ਇਕ ਇਕ ਵਾਰਤਾਲਾਪ 'ਤੇ ਕੰਮ…..ਨਾ ਅੱਕਣਾ ਨਾ ਥੱਕਣਾ…. ਸ਼ਾਮ ਦੇ ਸਮੇਂ ਉਹਦੇ ਅਦਾਕਾਰ ਵਿਦਿਆਰਥੀ ਸਕਰਿਪਟ ਨੂੰ ਐਂ ਪੜ੍ਹਦੇ ਆ ਜਿਵੇਂ ਲਿਖਣ ਵਾਲੇ ਦੀ ਆਤਮਾ ਸਮਝਦੇ ਹੋਣ। ਫਿਰ ਰਿਹਸਲ…..ਫਿਰ ਰਿਹਸਲ। ਰਾਤ ਨੂੰ ਜਦੋਂ ਦੁਨੀਆਂ ਸੌਂ ਰਹੀ ਹੁੰਦੀ ਹੈ ਇਹ ਭਲਾਮਾਣਸ ਸੈੱਟ ਡਿਜ਼ਾਇਨ ਕਰ ਰਿਹਾ ਹੁੰਦੈ। ਜੇ ਐਂ ਨਾ ਕਰੇ ਫਿਰ ਮੁਰਦਾ ਰੂਹਾਂ ਵਿੱਚ ਜਾਨ ਕਿਵੇਂ ਪਵੇਗੀ। ਜੇ ਉਸ ਦੇ ਕੰਮ ਨੂੰ ਕੋਈ ਉਸ ਕੋਲ ਰਹਿ ਕੇ ਵੇਖੇ ਸ਼ਾਇਦ ਉਸ ਤੋਂ ਆਪਾ ਵਾਰ ਦੇਵੇ। ਉਸ ਦੇ ਕਈ ਪਾਤਰ ਤਾਂ ਜਿਵੇਂ ਮੇਰੇ ਅੰਦਰ ਐਨੇ ਘਰ ਕਰ ਗਏ ਉਨ੍ਹਾਂ ਦੀ ਅਦਾਕਾਰੀ ਤੋਂ ਆਪਣੀ ਉਮਰ ਵਾਰ ਦੇਣ ਨੂੰ ਜੀਅ ਕਰਦਾ। ਕੁਝ ਘਟਨਾਵਾਂ ਹਨ ਜਿੰਨ੍ਹਾਂ ਨਾਲ ਉਹਦਾ ਕੰਮ ਬੋਲੇਗਾ। ਉਹਨੇ ਕਈ ਵਰੇ ਪਹਿਲਾਂ ਇੱਕ ਨਾਟਕ ਤਿਆਰ ਕੀਤਾ ‘ਬਾਬਾ ਬੰਤੂ।’ ਹੈਰਾਨ ਕਰ ਦੇਣ ਵਾਲੀ ਪੇਸ਼ਕਾਰੀ। ਉਸ ਪੇਸ਼ਕਾਰੀ ਵਿੱਚ ਚੁੱਪ ਵੀ ਝਾਂਜਰਾਂ ਪਾਈ ਫਿਰਦੀ ਸੀ। ਖਲਾਅ ਵੀ ਕੁਝ ਕਹਿ ਰਿਹਾ ਸੀ। ਅਦਾਕਾਰ ਜਿਵੇਂ ਕਿਸੇ ਕਾਰੀਗਰ ਨੇ ਸੈਣ ਲਾਏ ਹੋਣ। 440 ਵੋਲਟੇਜ ਦੇ ਕਰੰਟ ਵਾਲੇ। ਇਸ ਨਾਟਕ ਵਿੱਚ ਇੱਕ ਸਾਉ ਜੇ ਮੁੰਡੇ ਤੋਂ ਉਸਨੇ ਅਦਾਕਾਰੀ ਕਰਵਾਈ, ਨਾਟਕ ਵਿੱਚ ਉਸਨੇ ਬਿਹਾਰੀ ਦਾ ਰੋਲ ਅਦਾ ਕੀਤਾ। ਸੱਚ ਜਾਣਿਓਂ ਮੈਨੂੰ ਦੋ ਸਾਲਾਂ ਬਾਅਦ ਆਪਣੇ ਵਿਭਾਗ ’ਚੋਂ ਪਤਾ ਚੱਲਿਆ ਕਿ ਉਹਦਾ ਨਾਂ ਤਾਂ ਗੁਰਪ੍ਰੀਤ ਸਿੰਘ ਆ। ਸ਼ਾਇਦ ਉਸਦੀ ਉਸ ਅਦਾਕਾਰੀ ਨੂੰ ਮਾਣਨ ਵਾਲਿਆ ਦਾ ਉਹ ਸਾਰੀ ਉਮਰ ਬਿਹਾਰੀ ਰਹੇ। ਉਹ ਬਿਹਾਰੀ ਦਾ ਰੋਲ ਕਰਦਾ ਮਨ ’ਚ ਹੀ ਇੰਨਾ ਡੂੰਘਾ ਉੱਤਰ ਗਿਆ ਕਿ ਉਮਰ ਭਰ ਯਾਦ ਰਹੂ। ਇਹ ਬਿਹਾਰੀ ਨਹੀਂ ਅਸਲ ਵਿੱਚ ਉਹਨੂੰ ਤਿਆਰ ਕਰਨ ਵਾਲਾ ਸਾਗਰ ਹੈ, ਜਿਸਨੇ ਉਸਨੂੰ ਜਿਉਂਦਾ ਕੀਤਾ। ਨਾਟਕ ਦੀ ਤਿਆਰੀ ਸਮੇਂ ਅਦਾਕਾਰਾਂ ਦੀ ਵਰਦੀ ਤਿਆਰ ਕਰਨੀ ਸੀ, ਵਿਚਾਰਾ ਇਹ ਸਾਊ ਜਾ ਮੁੰਡਾ ਵੀ ਵਰਦੀ ਪਾ ਕੇ ਖੜ੍ਹ ਗਿਆ। ਗੁੱਸੇ ਵਿੱਚ ਆਇਆ ਉਹ ਬਿਹਾਰੀ ਦੇ ਰੋਲ ਕਰਨ ਵਾਲੇ ਇਸ ਮੁੰਡੇ ਨੂੰ ਕਹਿੰਦਾ “ਸਾ…..ਅ…ਲਿ….. ਇਹ ਵਰਦੀ ਪਾਏਗਾ, ਇਹ ਪਾ ਕੇ ਕੀ ਲੱਗੇਗਾ, ਬੇ…ਅ…ਕ…ਲ… ਨਾ ਹੋਵੇ।” ਦੋ ਮਿੰਟ ਦੇ ਸਨਾਟੇ ਤੋਂ ਬਾਅਦ ਫਿਰ ਬੋਲਦਾ ਹੈ, ‘ਬਾਈ…. ਤੈਂ ਬਿਹਾਰੀ ਦਾ ਰੋਲ ਕਰਨੈਂ ਉਸ ਹਿਸਾਬ ਨਾਲ ਕੱਪੜੇ ਲਿਆ। ਬਿਹਾਰੀ ਲੱਗੇ ਨਾ ਕਿ …………..ਗੁਰਪ੍ਰੀਤ।”

ਪਿਛਲੇ ਸਾਲ ਜਦੋਂ ਉਹ ਕੁਲਦੀਪ ਦੀਪ ਦੇ ਲਿਖੇ 'ਸਿਲਸਿਲੇ' ਨਾਟਕ ਦੀ ਤਿਆਰੀ ਕਰਵਾ ਰਿਹਾ ਸੀ ਤਾਂ ਮੇਰਾ ਸਿੱਧਾ ਅਸਿੱਧਾ ਵਾਹ ਰਿਹਾ ਉਹਦੇ ਨਾਲ। ਪਤਾ ਨਹੀਂ ਉਸ ਬੰਦੇ ਨੇ ਕਿੰਨੇ ਕੁ ਵਾਰ ਨਾਟਕ ਪੜ੍ਹਿਆ। ਆਤਮਾ ਤੱਕ ਅੱਪੜ ਗਿਆ। ਕਾਲਜ ’ਚ ਪਾਤਰ ਲੱਭਣ ਤੁਰਿਆ, ਕਿੰਨੇ ਦਿਨ ਬੇਚੈਨ ਰਿਹਾ। ਅਸੀਂ ਕਈ ਅਦਾਕਾਰ ਮੁੰਡੇ ਕੁੜੀਆਂ ਲੱਭੇ, ਕੋਈ ਮੇਚ ਨਾ ਆਵੇ। ਫਿਰ ਇੱਕ ਮੁੰਡਾ ਬਿਕਰਮ ਲੱਭਿਆ ਅਤੇ ਬਾਅਦ ਵਿੱਚ ਹੋਰ ਕਿੰਨੇ ਬਿਕਰਮ। ਨਾਟਕ ਤਿਆਰ ਹੋਣਾ ਸ਼ੁਰੂ ਹੋਇਆ। ਐਂ ਜੇ ਲੱਗੇ ਯਾਰ, ਕੀ ਐ ਇਹ ਸਭ। ਨਾਟਕ ਦੇ ਹਰੇਕ ਵਾਰਤਾਲਾਪ ਵਿੱਚ ਮੇਰਾ ਸਾ…….ਲਾ, ਖੜ੍ਹਜਾ ਤੇਰੀ ਮੈਂ….ਭੈਂ….. । ਹੋਰ ਪਤਾ ਨਹੀਂ ਕੀ ਕੀ। ਨਾਟਕ ਕਈ ਦਿਨ੍ਹਾਂ ਵਿੱਚ ਤਿਆਰ ਹੋਇਆ। ਜਦੋਂ ਦਿਖਾਇਆ…ਬੰਦਾ ਸਿੰਘ ਬਹਾਦਰ ਇੰਡੋਰ ਕੰਪਲੈਕਸ ਵਿੱਚ ਸੀਟਾਂ ਮੱਲੀ ਬੈਠੇ ਦਰਸ਼ਕ ਅਸ਼ ਅਸ਼ ਕਰ ਉੱਠੇ। ਉਸਦੀ ਡਾਇਰੈਕਸ਼ਨ ਬੋਲਦੀ ਸੀ। ਇਕੱਲੀ ਇਕੱਲੀ ਗੱਲ 'ਤੇ ਏਨਾ ਧਿਆਨ ਤਾਂ ਸ਼ਾਇਦ ਸਾਗਰ ਵਰਗਾ ਬੰਦਾ ਹੀ ਦੇ ਸਕਦੈ। ਖੇਤਰੀ ਯੁਵਕ ਮੇਲੇ ਵਿੱਚ ਜਦੋਂ ਸਟੇਜ ਤੇ ਖੇਡਿਆ ਗਿਆ ਤਾਂ ਦਰਸ਼ਕਾਂ ਦੇ ਹੰਝੂਆਂ ਦੇ ਹੜ੍ਹ ਆਏ ਪਏ ਸਨ। ਕਿੰਨਾ ਸਮਾਂ ਥਾਂ ਸਿਰ ਨਹੀਂ ਆਏ ਸਨ। ਉਸ ਕੋਲ ਜੁਗਤ ਹੈ ਗੱਲ ਸਮਝਾਉਣ ਦੀ। ਉਸਦੇ ਪਾਤਰ ਗੁਰਪ੍ਰੀਤ, ਮਿਊਟ, ਸੋਹੀ ਤੇ ਜਗਦੇਵ, ਮਨਪ੍ਰੀਤ ਤੇ ਬਿਕਰਮ ਨੇ ਤਾਂ ਲੋਕਾਂ ਦਾ ਦਿਲ ਜਿੱਤ ਲਿਆ ਸੀ। ਇਸ ਨਾਟਕ ਦੇ ਚਰਚੇ ਪਤਾ ਨਹੀਂ ਕਿੰਨਾ ਕਿੰਨਾ ਲੋਕਾਂ ਨੇ ਕਿੱਥੇ ਕਿੱਥੇ ਕੀਤੇ ਪਰ ਮੇਰੇ ਮਿੱਤਰ ਹਠੂਰੀਏ ਦਾ ਬਾਹਰਲੇ ਮੁਲਕ ’ਚੋਂ ਫੋਨ ਆਇਆ। ਕਹਿੰਦਾ,‘ਦਿਲੋਂ ਕਹਿਨਾ ਬਾਈ ਕਮਾਲ ਦੀ ਪੇਸ਼ਕਾਰੀ ਸੀ। ਢਿੱਲੋਂ ਏਹਦਾ ਡਾਇਰੈਕਟਰ ਕੌਣ ਆ? ਲਿਖਿਆ ਕੀਹਨੇ ਆ?’ ਮੇਰੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਫਿਰ ਅਗਲੇ ਦਿਨ ਯੂਨੀਵਰਸਿਟੀ ਵਿੱਚੋਂ ਕਿਸੇ ਜਾਣੂ ਦਾ ਫੋਨ ਆਇਆ। ਕਹਿਣ ਲੱਗਾ, ‘ਸਾਡੇ ਕਾਲਜਾਂ ਕੋਲ ਤਾਂ ਪੈਸਾ ਹੈ ਨਹੀਂ, ਰੰਗਮੰਚ ਤਾਂ ਤੁਹਾਡਾ, ਡਾਇਰੈਕਟਰ ਕੌਣ ਆ? ਕਿੰਨੇ ਕੁ ਪੈਸੇ ਖਰਚ ਕਰ ਦਿੰਨੇ ਹੋ?’ ਹੈਰਾਨੀ ਭਰੀ ਖੁਸ਼ੀ ਹੋਈ ਪਰ ਬਜ਼ੁਰਗ ਬਾਬੇ ਦੀ ਗੱਲ ਫਿਰ ਯਾਦ ਆਈ, ‘ਕੋਈ ਕਲਾ ਦਾ ਮੁੱਲ ਵੀ ਪਾ ਸਕਦਾ।’ ਏਹੀ ਨਾਟਕ ਜਦੋਂ ਯੂਨੀਵਰਸਿਟੀ ਦੀ ਸਟੇਜ ਤੇ ਖੇਡਿਆ ਗਿਆ ਤਾਂ ਆਖਰੀ ਪਲਾਂ ਵਿੱਚ ਦਰਸ਼ਕਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਆਪਣੀ ਆਪਣੀ ਥਾਂ ਤੇ ਖੜੋ ਕੇ, ਪਾਤਰਾਂ, ਸਕਰਿਪਟ ਤੇ ਡਾਇਰੈਕਟਰ ਨੂੰ ਸਲਾਮ ਕੀਤੀ। ਦਰਸ਼ਕਾਂ ਵਿੱਚ ਬੈਠੇ ਬਜ਼ੁਰਗ ਕਿੰਨਾ ਸਮਾਂ ਰੋਂਦੇ ਰਹੇ। ਪੰਜਾਬ ਨਾਲ ਹਮਦਰਦੀ ਰੱਖਣ ਵਾਲੇ ਤਾਂ ਸਦਾ ਰੋਂਦੇ ਰਹਿਣਗੇ। ਉਸਦਾ ਇੱਕ ਸ਼ਾਗਿਰਦ ਬਤੌਰ ਹੀਰੋ ਸੱਗੀ ਫੁੱਲ ਫਿਲਮ ਵਿੱਚ ਅਦਾਕਾਰੀ ਕਰ ਚੁਕਿਆ ਤੇ ਹਰਮਨ ਫੁਰਤੀਲਾ ਕਈ ਫਿਲਮਾਂ ਤੇ ਗੀਤਾਂ ਦੀ ਮਾਡਲਿੰਗ ਵਿੱਚ ਲੋਹਾ ਮਨਵਾ ਚੁੱਕਿਆ ਹੈ। ਗੁਰਸੇਵਕ, ਹੀਰਾ ਸਿੰਘ ਤੇ ਅੰਮ੍ਰਿਤਪਾਲ ਵੀ ਫਿਲਮਾਂ ਵੱਲ ਹੋ ਤੁਰੇ ਹਨ। ਵੱਖ ਵੱਖ ਥਾਵਾਂ ਤੇ ਨਾਟਕਾਂ ਦੀਆਂ ਪੰਜਾਹ ਤੋਂ ਵੱਧ ਨਾਟਕਾਂ ਦੀਆਂ ਪੇਸ਼ਕਾਰੀਆਂ ਕਰਨ ਵਾਲੇ ਇਸ ਬੰਦੇ ਨੇ ਲਗਾਤਾਰ ਐਨ. ਐਸ. ਡੀ. ਦੀਆਂ ਵਰਕਸ਼ਾਪਾਂ ਲਗਾਈਆਂ ਹਨ। ਉਸ ਕੋਲ ਬੜੇ ਮੌਲਿਕ ਖਿਆਲ ਨੇ।

ਵੱਡੀ ਗੱਲ ਇਹ ਹੈ ਕਿ ਉਹ ਆਪ ਸੰਗੀਤ ਤਿਆਰ ਕਰਦੈ, ਆਪ ਪਹਿਰਾਵੇ ਦੀ ਚੋਣ ਕਰਦੈ ਤੇ ਆਪ ਮੇਕਅੱਪ ਕਰਦੈ। ਡਿਪਲੋਮਾ ਹੋਣ ਕਰਕੇ ਹਰ ਖੇਤਰ ਵਿੱਚ ਮੁਹਾਰਤ ਰੱਖਦੈ। ਦਿਲ ਦਰਿਆ ਬੰਦੈ। ਆਪਣਾ ਆਪਾ ਪਾਤਰਾਂ 'ਤੇ ਲੁਟਾ ਦਿੰਦਾ ਹੈ। ਸੌਦੇਬਾਜ਼ੀ ਤਾਂ ਜਿਵੇਂ ਜਾਣਦਾ ਹੀ ਨਹੀਂ। ਪੈਸਿਆਂ ਦੀ ਗੱਲ ਤੁਰਦੀ ਹੈ ਤਾਂ ਕਹਿੰਦਾ ਪਹਿਲਾਂ ਮੈਨੂੰ ਕੰਮ ਸ਼ੁਰੂ ਕਰ ਲੈਣ ਦਿਓ। ਕੰਮ ਸ਼ੁਰੂ ਕਰਦਾ ਹੈ ਤਾਂ ਵੇਖਣ ਵਾਲਾ ਜਿੰਨੇ ਕੁ ਮੰਗਦਾ ਹੈ ਉਸਤੋਂ ਦੁੱਗਣੇ ਦੇਣ ਨੂੰ ਕਾਹਲਾ ਪੈ ਜਾਂਦਾ ਹੈ। ਸ਼ਾਇਦ ਇਹੀ ਗੱਲ ਉਸਨੂੰ ਮਿੱਟੀ ਨਾਲ ਜੋੜੀ ਬੈਠੀ ਹੈ। ਬੋਹਾ ਖੇਤਰ ਦੇ ਕਿੰਨੇ ਮੁੰਡੇ ਕੁੜੀਆਂ ਵਿੱਚ ਉਸਨੇ ਅਦਾਕਾਰੀ ਦੀ ਰੂਹ ਭਰ ਦਿੱਤੀ ਹੈ। ਕਈ ਸਾਲ ਪਹਿਲਾਂ ਇੱਕ ਮੁੰਡਾ ਆਇਆ - ਕਾਗਜੀ ਨਾਂ ਤਾਂ ਖਬਨੀ ਉਹਦਾ ਦਿਲਪ੍ਰੀਤ ਸੀ ਪਰ ਸਿਲਸਿਲੇ ਨਾਟਕ ਚ ਅਦਾਕਾਰੀ ਕਰਦਾ ਉਹ ਮਿਊਟ ਬਣ ਗਿਆ। ਮਾਨਸੇ ਵਾਲੇ ਸੁਭਾਸ਼ ਬਿੱਟੂ ਨਾਲ ਰੰਗਮੰਚ ਕਰਦੈ ਪਰ ਅੱਜਕੱਲ ਚੰਡੀਗੜ੍ਹ ਰਹਿੰਦੈ। ਉਂਝ ਸੁਣਿਐ ਇਹ ਚੰਡੀਗੜ੍ਹ ਘੱਟ ਹੀ ਰਾਸ ਆਉਂਦੇ ਪਰ ਜਿੰਨ੍ਹਾਂ ਦੇ ਰਾਸ ਆਉਂਦੇ ਹੱਡਾਂ ਵਿੱਚ ਉੱਤਰਦੈ। ਉਹ ਭਾਵੇਂ ਛੱਡਣਾ ਚਾਹੁਣ ਪਰ ਚੰਡੀਗੜ੍ਹ ਛੱਡਦਾ ਨ੍ਹੀਂ। ਜੰਨਤ ਹੈ। ਇਹ ਜੰਨਤ ਦੇ ਪੱਟੇ ਕਈ ਕੰਨ ਪੜਵਾਉਂਦੇ ਨੇ ਤੇ ਕਈ ਅੰਬਰੀਂ ਉੱਡਦੇ ਨੇ। ਮਿਊਟ ਕਹਿੰਦੈ ਮੇਰਾ ਪਾਪਾ ਵੀ ਛੋਟਾ ਹੁੰਦਾ ਥੀਏਟਰ ਕਰਦਾ ਸੀ ਪਰ ਮਜਬੂਰੀਆਂ ’ਚ ਛੱਡ ਗਿਆ। ਉਹਦਾ ਸੁਪਨੇ ਵੀ ਮੈਂ ਬਿਜਲਈ ਪਰਛਾਵੇਂ ਤੇ ਆਵਾਂ। ਉਹਦੀ ਅਦਾਕਾਰੀ ਮੈਨੂੰ ਪਸੰਦ ਐ। ਨਿਰਾ ਬਰੂਦ ਆ। ਦੀਪ ਦੇ ਲਿਖੇ ਨਾਟਕ ‘ਛੱਲਾ’ ਵਿੱਚ ਉਸਨੇ ਲੈਪੀ ਬਾਬੇ ਦਾ ਰੋਲ ਕੀਤਾ। ਉਹ ਨਾਟਕ ਕਈ ਥਾਂ ਖੇਡਿਆ ਗਿਆ। ਸ਼ਾਇਦ ਰੋਪੜ ਵੀ। ਰੋਪੜ ਤੋਂ ਮੇਰੇ ਕਿਸੇ ਮੁਲਾਜ਼ੇਦਾਰ ਦਾ ਫੋਨ ਆਇਆ ਸੀ ਕਿ ਕੋਈ ਬੋਹੇ ਬੰਨੀਂ ਦੀ ਟੀਮ ਸਾਡੇ ਏਥੇ ਨਾਟਕ ਖੇਡ ਕੇ ਗਈ ਆ, ਕਮਾਲ ਕਰਤੀ। ਇਸ ਲੈਪੀ ਦੀ ਤਾਂ ਉਹ ਖਾਸੀ ਤਾਰੀਫ਼ ਕਰਦਾ ਸੀ। ਇਸੇ ਚੰਡੀਗੜ੍ਹ ਵਿੱਚ ਇੱਕ ਪਾਤਰ ਰਹਿੰਦੈ - ਜਗਦੇਵ। ਉਹਨੂੰ ਉਸਦੇ ਸਾਥੀ ਬੁੜਾ ਕਹਿੰਦੇ ਨੇ। ਵਿਚਾਰੇ ਨੇ ਕੋਈ ਰੋਲ ਕਰਤਾ ਹੋਣੈ। ਬੰਦਾ ਖਰਾ ਸੋਨਾ। ਐੱਮ. ਏ ਕਰਦੈ ਥੀਏਟਰ ਦੀ। ਮੈਂ ਅਚਾਨਕ ਉਹਦੇ ਵਿਭਾਗ ਵਿੱਚ ਗਿਆ, ਉਹਦੀ ਖ਼ਬਰਸਾਰ ਲੈਣ। ਉਹਦੇ ਸਾਥੀਆਂ ਨੇ ਉਹਦੀ ਅਦਾਕਾਰੀ ਦੀ ਤਾਰੀਫ਼ ਕੀਤੀ। ਮੈਂ ਖੁਸ਼ੀ ਨਾਲ ਭਿੱਜ ਗਿਆ। ਮੇਰਾ ਹਰਮਨਜੀਤ ਦੇ ਲਿਖੇ ਗੀਤ ਦੇ ਬੋਲ ਯਾਦ ਆਏ। ਪੈਰ ਕਬੂਤਰ ਚੀਨੇ ਬਣ ਗਏ, ਪਲਕਾਂ ਤੋਂ ਪਸ਼ਮੀਨੇ ਬਣ ਗਏ, ਨੈਣੀਂ ਉੱਡਣ ਘੁੱਗੀਆਂ ਕੋਲਾਂ, ਇਹ ਗੱਲਾਂ ਮੈਂ ਕਿਸ ਨਾਲ ਖੋਲਾਂ। ਕੁਦਰਤ ਨੇ ਉਸਨੂੰ ਰੱਜ ਕੇ ਗਰੀਬੀ ਦਿੱਤੀ ਹੈ, ਰੱਜ ਕੇ ਅਦਾਕਾਰੀ। ਸਾਗਰ ਸੁਰਿੰਦਰ ਨੇ ਉਸਨੂੰ ਤਰਾਸ਼ਿਆ ਹੈ। ਉਸ ਕੋਲ ਪਿਆਰ ਭਿੱਜੇ ਖਿਆਲ ਨੇ।

ਕਈ ਸਾਲ ਪਹਿਲਾਂ ਡਸਕੇ ਦਾ ਇੱੱਕ ਮੁੰਡਾ ਕਾਲਜ ਪੜ੍ਹਨ ਆਇਆ - ਗੁਰਪ੍ਰੀਤ। ਐਨਾ ਸਾਊ ਨਿਰਾ…। ਖੇਤਰੀ ਯੁਵਕ ਮੇਲੇ ਦਾ ਬੈਸਟ ਐਕਟਰ ਬਣਿਆ। ਉਹਦੇ ਚਿਹਰੇ ਤੋਂ ਲੱਗਦੈ ਇਹ ਆਸ਼ਕ ਹੋਣੈ। ਸੱਚੀਓਂ ਆਸ਼ਕ ਆ। ਰੰਗਮੰਚ ਨੂੰ ਇਸ਼ਕ ਕਰਦੈ। ਗਰੀਬੜਾ। ਸੁਹਿਰਦ ਤੇ ਸੰਵੇਦਨਸ਼ੀਲ। ਯੂਨੀਵਰਸਿਟੀ ਪਟਿਆਲੇ ਚ ਥੀਏਟਰ ਦੀ ਐੱਮ.ਏ. ਕਰਦੈ। ਅਦਾਕਾਰੀ ਉਹਦੇ ਖੂਨ ਵਿੱਚ ਹੈ। ਸਿਲਸਿਲੇ ਨਾਟਕ ਕਰਦਿਆਂ ਉਹ ਮੇਰੇ ਕਰੀਬ ਹੋਇਆ। ਮੈਂ ਉਹਨੂੰ ਜਾਣਿਆ। ਬਹੁਤਾ ਨਹੀਂ ਸਿਰਫ਼ ਉਨਾ ਕ ਜਿੰਨਾ ਜਾਨਣਾ ਚਾਹੀਦਾ ਸੀ। ਉਹ ਖੁੱਲਿਆ ਨ੍ਹੀਂ। ਉਸਦੀ ਹਰ ਅਦਾ ਵਿੱਚ ਅਦਾਕਾਰੀ ਹੈ। ਤੁਰਨ ਵਿੱਚ ਵੀ, ਬੋਲਣ ਵਿੱਚ ਵੀ ਤੇ ਖੜ੍ਹਨ ਵਿੱਚ ਵੀ। ਬਹਾਦਰਪੁਰੀਆ ਸੁਖਪ੍ਰੀਤ ਸਿੰਘ ਸਾਰੀ ਉਮਰ ਸਾਡੇ ਲਈ ਸੋਹੀ ਰਹੂ। ਉਹ ਅਸਲ ਵਿੱਚ ਕਈ ਆਵਾਜ਼ਾਂ ਕੱਢ ਲੈਂਦੈ। ਯੁਵਕ ਮੇਲੇ ਲਈ ਮਮਿੱਕਰੀ ਦੀ ਤਿਆਰੀ ਕਰਦਿਆਂ ਉਹ ਬਿਜਲਈ ਪਰਛਾਵੇਂ ਦੇ ਅਦਾਕਾਰ ਸਰਦਾਰ ਸੋਹੀ ਦੀ ਆਵਾਜ਼ ਤਾਂ ਐਂ ਕੱਢਦਾ ਸੀ ਕਿ ਜਿਵੇਂ ਸਰਦਾਰ ਸੋਹੀ ਆਪ ਹੋਵੇ। ਵਾਇਆ ਮਮਿੱਕਰੀ ਉਹ ਰੰਗਮੰਚ ਨਾਲ ਐਸਾ ਜੁੜਿਆ ਕਿ ਅੱਜਕੱਲ ਵਿਦੇਸ਼ ਜਾਣ ਦੇ ਚੱਕਰ ਵਿੱਚ ਪਿਆ। ਉਸਦੇ ਸਿਰ ਰੰਗਮੰਚ ਦਾ ਭੂਤ ਸਵਾਰ ਹੈ। ਕਹਿੰਦਾ ਕੈਨੇਡਾ ਜਾ ਕੇ ਵੀ ਥੀਏਟਰ ਕਰਨੈ। ਅੰਤਰ ਖੇਤਰੀ ਯੁਵਕ ਮੇਲੇ ਵਿੱਚ ਉਹ ਬੈਸਟ ਅਦਾਕਾਰ ਬਣਿਆ।

ਸਿਲਸਿਲੇ ਨਾਟਕ ਵਿੱਚ ਜਿਸ ਸਪਿਰਟ ਨਾਲ ਉਸਨੇ ਕੰਮ ਕੀਤਾ ਇੰਝ ਲੱਗਦਾ ਸੀ ਕਿ ਇਸ ਕੰਮ ਲਈ ਹੀ ਬਣਿਐ। ਅੰਗਰੇਜ਼ੀ ਏਵੇਂ ਬੋਲਦੈ ਜਿਵੇਂ ਵੀਹ ਦੀ ਮੋਟਰ ਪਾਣੀ ਕੱਢਦੀ ਹੈ। ਸਾਊ ਰੱਜ ਕੇ। ਬਾਪੂ ਦਾ ਕੱਲਾ ਪੁੱਤ ਹੋਣ ਕਰਕੇ ਆਗਿਆਕਾਰ ਬਹੁਤ ਆ। ਗੁਰਸੇਵਕ ਸਿੰਘ ਨਾਲ ਮੇਰਾ ਨਵੀਂ ਤਰ੍ਹਾਂ ਦਾ ਤਜ਼ਰਬਾ। ਉਹ ਭੇਸ ਬਦਲਦੈ। ਕਦੇ ਤਹਾਨੂੰ ਸਾਲਮ ਮਿਲੇਗਾ ਕਦੇ ਅੱਧੋਰਾਣਾ ਜਾ ਹੋ ਕੇ। ਅਦਾਕਾਰੀ ਉਹ ਜਾਣਦੈ ਕਈ ਗੀਤਾਂ ਵਿੱਚ ਕੰਮ ਮਿਿਲਐ ਉਹਨੂੰ। ਸਾਊ ਬਹੁਤ ਆ। ਮੈਨੂੰ ਯਾਦ ਇੱਕ ਵਾਰੀ ਉਹਨੇ ਪੰਜਾਬੀ ਪਹਿਰਾਵੇ ’ਚ ਅਜਿਹਾ ਸੀਨ ਕਰਿਆ ਜਿਹੜਾ ਠੀਕ ਨਹੀਂ ਸੀ। ਫਿਰ ਬੰਦਾ ਬਣ ਗਿਆ। ਬਾਬੇ ਬੇਲੀ ਤੇ ਸੰਧੂ ਸੁਰਜੀਤ ਦੇ ਗੀਤਾਂ ਵਿੱਚ ਬਤੌਰ ਨਾਇਕ ਅਦਾਕਾਰੀ ਕੀਤੀ। ਅੰਮ੍ਰਿਤ ਸੰਵੇਦਨਸ਼ੀਲ ਬਹੁਤ ਆ। ਪਿਛਲੇ ਦਿਨੀਂ ਉਹਨੇ ਕੋਈ ਕੰਮ ਕਰਿਆ ਉਸ ਕਰਕੇ ਉਹਦਾ ਨਾ ਬਣੇਗਾ। ਟਾਈਟੈਨਕ ਫਿਲਮ ਵਿੱਚ ਚੰਗਾ ਰੋਲ ਮਿਿਲਆ। ਚੰਡੀਗੜ੍ਹ ਰਹਿੰਦਾ ਆਪਣੀ ਰੋਟੀ ਆਪ ਬਣਾਉਂਦੈ। ਮੇਕਅੱਪ ਕਰਨ ਦਾ ਮਾਹਰ ਆ। ਕਿਰਤੀ ਤੇ ਪੂਰਾ ਕਲਾਕਾਰ। ਨਵੇਂ ਬੰਦਿਆਂ ਵਿੱਚੋਂ ਦੀਪਕ ਤੇ ਭੰਬੀਰੀ ਸਿਖਰ ਛੋਹ ਸਕਦੇ ਨੇ। ਕਲਾਕਾਰ ਨੇ ਪੂਰੇ। ਦੀਪਕ ਤਾਂ ਏਨਾ ਕਮਾਲ ਦਾ ਬੰਦੈ ਕਿ ਮੁਰਦਿਆਂ ਵਿੱਚ ਜਾਨ ਪਾ ਸਕਦੈ। ਕਰੇਟਿਵ ਏਨਾ ਹੈ ਕਿ ਉਸਦੀ ਹਰ ਅਦਾ ਵਿੱਚ ਕਲਾਕਾਰ ਬੋਲਦੈ। ਸੈੱਟ ਤਿਆਰ ਕਰਨੈ ਤਾਂ ਕੋਈ ਉਹ ਤੋਂ ਸਿੱਖ ਲਵੇ। ਜਦੋਂ ਕਦੇ ਸ਼ਾਮ ਨੂੰ ਟੈਲੀਵਿਯਨ ਅੱਗੇ ਬੈਠ ਕੇ ਫਿਲਮਾਂ ਦੇਖੀ ਦੀਆਂ ਹਨ ਤਾਂ ਬਹੁਤ ਵਾਰ ਲੱਗਦਾ ਹੈ ਕਿ ਫਿਲਮਾਂ ਦੇ ਅਦਾਕਾਰ ਤਾਂ ਮਿੱਟੀ ਵਿੱਚ ਗੁਆਚੇ ਪਏ ਨੇ, ਕੋਈ ਲੱਭਦਾ ਹੀ ਨਹੀਂ। ਫਿਲਮ ਵੇਖਦੇ ਵੇਖਦੇ ਲੱਗਦੈ ਕਿ ਏਥੇ ਸਾਗਰ ਹੁੰਦਾ, ਮਜ਼ਾਲ ਸੀ ਇਹ ਗਲਤੀ ਹੋ ਜਾਂਦੀ। ਉਸ ਅੰਦਰ ਵੱਡਾ ਕਲਾਕਾਰ ਬੈਠਾ ਹੈ। ਜਦੋਂ ਫਿਲਮਾਂ ਵਿੱਚ ਅਦਾਕਾਰਾਂ ਦੀ ਮੰਗ ਹੋਣ ਲੱਗੀ ਤਾਂ ਸਾਗਰ ਵੀ ਲੱਭਿਆ ਜਾਵੇਗਾ। ਫਿਰ ਸਿਨੇਮਾ ਨਵੀ ਦਿਸ਼ਾ ਵੱਲ ਤੁਰੇਗਾ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਫਿਕਰਾਂ ਬਾਰੇ ਲਘੂ ਫਿਲਮਾਂ ਤਿਆਰ ਕਰਨ ਦੀ ਸੋਚ ਰਿਹਾ ਹੈ ਪਰ ਮਾੜੀ ਆਰਥਿਕਤਾ ਅਜੇ ਉਹਦਾ ਪੱਲਾ ਨਹੀਂ ਛੱਡਦੀ। ਕੋਈ ਦਰਿਆਓ ਪਾਰ ਦਾ ਪਾਰਖੂ ਆਵੇਗਾ ਇਸ ਹੀਰੇ ਨੂੰ ਛੂਹੇਗਾ ਫਿਰ ਨਵੀਂ ਆਮਦ ਹੋਵੇਗੀ। ਉਡੀਕ ਅਸੀਂ ਸਾਰੇ ਕਰਾਂਗੇ।

……ਸਮਾਪਤ……

ਲਿਖਤ

ਗੁਰਦੀਪ ਸਿੰਘ ਢਿੱਲੋਂ

ਪ੍ਰੋਫ਼ੈਸਰ, ਗੁਰੂ ਨਾਨਕ ਕਾਲਜ ਬੁਢਲਾਡਾ

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ