Rajveer jawanda ਦੀ Death ਲਈ ਜਿੰਮੇਵਾਰ ਕੌਣ ?
ਪੰਜਾਬੀ ਗਾਇਕ ਰਾਜਵੀਰ ਜਵੰਧਾ ਦਾ 35 ਸਾਲ ਦੀ ਉਮਰ ਵਿੱਚ ਸੜਕ ਹਾਦਸੇ ਬਾਅਦ ਦੇਹਾਂਤ। ਉਸਦੀ ਬੁਲੰਦ ਆਵਾਜ਼ ਅਤੇ ਗੀਤ ਹਮੇਸ਼ਾ ਯਾਦ ਰਹਿਣਗੇ।

12 ਦਿਨ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਰਾਜਵੀਰ ਜਵੰਧਾ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ,,, ਸੜਕ ਹਾਦਸੇ ਤੋਂ ਬਾਅਦ ਰਾਜਵੀਰ ਦੇ ਵੱਜੀ ਰੀੜ ਦੀ ਹੱਡੀ ਦੀ ਸੱਟ ਅਤੇ ਦਿਮਾਗ ਦੀ ਸੱਟ ਮੌਤ ਦਾ ਕਾਰਨ ਬਣੀ| ਰਾਜਵੀਰ ਜਵੰਦਾ 35 ਸਾਲ ਦੀ ਉਮਰ ਵਿੱਚ ਗੈਰ ਕੁਦਰਤੀ ਮੌਤ ਕਰਕੇ ਜਹਾਨ ਤੋਂ ਚਲਾ ਗਿਆ ਤੇ ਪਿੱਛੇ ਛੱਡ ਗਿਆ ਆਪਣੀ ਗੀਤ ਤੇ ਬੁਲੰਦ ਆਵਾਜ਼ ਜਿਸਦੇ ਕਰਕੇ ਉਹ ਹਮੇਸ਼ਾ ਜਿਉਂਦਾ ਰਹੇਗਾ | ਹਾਲਾਂਕਿ ਰਾਜਵੀਰ ਜਵੰਦਾ ਕੋਈ ਪਹਿਲਾ ਗਾਇਕ ਨਹੀਂ ਸੀ ਜੋ ਜੋਬਨ ਰੁੱਤੇ ਇਸ ਜਹਾਨ ਤੋਂ ਚਲਾ ਗਿਆ,,, ਸਗੋਂ ਹੋਰ ਬਹੁਤ ਅਜਿਹੇ ਕਲਾਕਾਰ ਸਨ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਇਸ ਸੰਸਾਰ ਨੂੰ ਛੋਟੀ ਉਮਰ ਵਿੱਚ ਅਲਵਿਦਾ ਆਖ ਗਏ ਅਤੇ ਪਿੱਛੇ ਰਹਿ ਗਏ ਉਨ੍ਹਾਂ ਦੇ ਗੀਤ,,, ਜੋ ਕਈ ਦਹਾਕਿਆਂ ਤੋਂ ਬਾਅਦ ,ਅੱਜ ਤੱਕ ਸੁਣੇ ਜਾ ਰਹੇ ਹਨ |
ਦੱਸ ਦੇਈਏ ਕਿ ਰਾਜਵੀਰ ਜਵੰਦਾ, 27 ਸਿਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਮੋਟਰਸਾਈਕਲ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸਤੋ ਬਾਅਦ ਉਸਨੇ ਬੁਧਵਾਰ ਨੂੰ ਸਵੇਰੇ 10.55 'ਤੇ ਆਖਰੀ ਸਾਹ ਲਏ । ਸਾਲ 1990 ਵਿਚ ਲੁਧਿਆਣਾ ਦੇ ਜਗਰਾਓਂ ਨੇੜੇ ਪਿੰਡ ਪੋਨਾ ਵਿੱਚ ਜਨਮੇ ਰਾਜਵੀਰ ਨੇ ਪੰਜਾਬ ਪੁਲੀਸ ਵਿੱਚ ਇੱਕ ਕਾਂਸਟੇਬਲ ਵਜੋਂ ਸ਼ੁਰੂਆਤ ਕੀਤੀ ਅਤੇ ਫਿਰ ਸੰਗੀਤ ਨੂੰ ਆਪਣਾ ਕਰੀਅਰ ਬਣਾਇਆ । ਰਾਜਵੀਰ ਨੇ 2014 ਵਿੱਚ ਆਪਣੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ,,, ਜਵੰਦੇ ਦੀ ਕਲੀ ਦੇ ਨਾਲ ਸੰਗੀਤ ਦੀ ਦੁਨੀਆ ਵਿਚ ਪੈਰ ਜਮਾਇਆ ਤੇ ਉਸ ਤੋਂ ਬਾਅਦ ਸਰਦਾਰੀ, ਕੰਗਣੀ , ਸਰਨੇਮ, ਧੀਆਂ, ਜੰਮੇ ਨਾਲ ਦੇ ਵਰਗੇ ਅਨੇਕਾਂ ਪਰਿਵਾਰਕ ਅਤੇ ਸੱਭਿਆਚਾਰਕ ਗੀਤ ਸਰੋਤਿਆਂ ਦੀ ਝੋਲੀ ਵਿੱਚ ਪਾਏ... ਇਸਦੇ ਨਾਲ ਹੀ ਰਾਜਵੀਰ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਕਰ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ |
ਜੋਬਨ ਰੁਤੇ ਮਰਨ ਵਾਲੇ ਗਾਇਕਾਂ ਦੀ ਸੂਚੀ ਵਿੱਚ ਅਗਲਾ ਨਾਮ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਹੈ... ਮਹਿਜ 28 ਸਾਲ ਦੀ ਉਮਰ ਵਿੱਚ ਸਿੱਧੂ ਮੂਸੇਵਾਲਾ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ | ਮਾਨਸਾ ਦੇ ਮੂਸਾ ਪਿੰਡ ਵਿੱਚ 11 ਜੂਨ, 1993 ਨੂੰ ਜਨਮਿਆ ਸ਼ੁਭਦੀਪ ਸਿੰਘ ਸਿੱਧੂ ਨੇ ਇਲੈਕਟ੍ਰੀਕਲ ਇੰਜਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਕੈਨੇਡਾ ਚਲਾ ਗਿਆ। ਉਸ ਨੇ ਨਿੰਜਾ ਲਈ ਗੀਤ ਲਿਖਣ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਪਹਿਲੇ ਗੀਤ ‘ਸੋ ਹਾਈ’ ਦੇ ਨਾਲ ਹੀ ਮਕਬੂਲੀਅਤ ਹਾਸਿਲ ਕਰ ਲਈ । PBX 1 ਅਤੇ 47, 295, GOAT ਅਤੇ Legend ਵਰਗੇ ਹਿੱਟ ਗੀਤਾਂ ਦੇ ਨਾਲ ਸਿੱਧੂ ਮੂਸੇਵਾਲਾ ਨੇ ਪੂਰੀ ਪੰਜਾਬੀ ਇੰਡਸਟਰੀ ਦੇ ਵਿੱਚ ਜਿਥੇ ਇੱਕ ਇਤਿਹਾਸਕ ਮੁਕਾਮ ਹਾਸਿਲ ਕੀਤਾ, ਉਥੇ ਹੀ ਪੂਰੀ ਇੰਡਸਟਰੀ ਦੇ ਵਿੱਚ ਇੱਕ ਨਵਾਂ ਦੌਰ ਸ਼ੁਰੂ ਕਰ ਦਿੱਤਾ | ਗੀਤਾਂ ਦੇ ਨਾਲ ਨਾਲ ਸਿੱਧੂ ਮੂਸੇਵਾਲਾ ਨੇ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਵੀ ਕੀਤੀ ਅਤੇ 2022 ਵਿੱਚ ਮਾਨਸਾ ਤੋਂ ਵਿਧਾਨ ਸਭਾ ਚੋਣ ਲੜ੍ਹ ਰਾਜਨੀਤੀ ਵਿੱਚ ਵੀ ਕਿਸਮਤ ਅਜਮਾਈ..28 ਸਾਲ ਦੀ ਉਮਰ ਵਿੱਚ ਸਿੱਧੂ ਦਾ 29 ਮਈ, 2022 ਨੂੰ ਮਾਨਸਾ ਦੇ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ।
ਗਾਇਕਾਂ ਦੀ ਸੂਚੀ ਵਿੱਚ ਅਗਲਾ ਨਾਮ ਦਿਲਜਾਨ ਦਾ ਹੈ, ਜਿਸਦੇ ਕਾਰ ਹਾਦਸੇ ਵਿੱਚ ਜਾਨ ਚਲੀ ਗਈ ਸੀ | 31 ਮਾਰਚ, 1984 ਨੂੰ ਪਟਿਆਲਾ ਵਿੱਚ ਇੱਕ ਸੰਗੀਤਕ ਪਰਿਵਾਰ ਵਿੱਚ ਜਨਮੇ ਪਰਮਾਰ ਦਿਲਜਾਨ ਸਿੰਘਨੇ ਉਸਤਾਦ ਪੂਰਨ ਸ਼ਾਹਕੋਟੀ ਤੋਂ ਸੂਫ਼ੀ-ਕਲਾਸੀਕਲ ਸੰਗੀਤ ਦੀ ਸਿਖਲਾਈ ਪ੍ਰਾਪਤ ਕੀਤੀ। ਉਹ ‘ਆਵਾਜ਼ ਪੰਜਾਬ ਦੀ’ ਵਰਗੇ ਸ਼ੋਅ ਨਾਲ ਚਮਕਿਆ ਅਤੇ 2012 ਦੇ ਭਾਰਤ-ਪਾਕਿਸਤਾਨ ਮੁਕਾਬਲੇ ਸੁਰ ਖੇਤਰ ਵਿੱਚ ਪਹਿਲਾ ਰਨਰਅੱਪ ਰਿਹਾ। ਦਿਲਜਾਨ ਨੇ ‘ਅੱਧਾ ਪਿੰਡ’, ‘ਯਾਰਾਂ ਦੀ ਗੱਲ’, ‘ਪਹਿਲਾ ਪਿਆਰ’, ‘ਸਾਈਂ ਕੇ ਦੀਵਾਨੇ’, ਅਤੇ ‘ਤੇਰੇ ਵਰਗੇ 2’ ਜਿਹੇ ਹਿੱਟ ਗੀਤ ਦਿੱਤੇ। ਜ਼ਿਕਰਯੋਗ ਹੈ ਕਿ ਦਿਲਜਾਨ ਦੀ 31 ਸਾਲ ਦੀ ਉਮਰ ਵਿੱਚ 30 ਮਾਰਚ, 2021 ਨੂੰ ਜੰਡਿਆਲਾ ਗੁਰੂ, ਅੰਮ੍ਰਿਤਸਰ ਨੇੜੇ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ।
ਅਮੂਲ ਸਟਾਰ ਵੁਆਇਸ ਆਫ਼ ਇੰਡੀਆ ਮੁਕਾਬਲਾ ਜਿੱਤਣ ਵਾਲਾ ਇਸ਼ਮੀਤ ਸਿੰਘ ਵੀ 19 ਸਾਲ ਦੀ ਉਮਰ ਵਿੱਚ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ | 2 ਸਤੰਬਰ, 1989 ਨੂੰ ਲੁਧਿਆਣਾ ਵਿੱਚ ਜਨਮੇ ਇਸ਼ਮੀਤ ਸਿੰਘ ਨੇ 2007 ਵਿੱਚ 17 ਸਾਲ ਦੀ ਉਮਰ ਵਿੱਚ ਅਮੂਲ ਸਟਾਰ ਵੁਆਇਸ ਆਫ਼ ਇੰਡੀਆ ਮੁਕਾਬਲਾ ਜਿੱਤਿਆ ਸੀ । ਉਸ ਦੀ ਭਗਤੀ ਐਲਬਮ ‘ਸਤਗੁਰ ਤੁਮਰੇ ਕਾਜ ਸਵਾਰੇ’ ਇੱਕ ਉੱਜਵਲ ਭਵਿੱਖ ਵੱਲ ਇਸ਼ਾਰਾ ਕਰਦੀ ਸੀ। ਉਸ ਨੇ ਬਾਹਰਲੇ ਮੁਲਕਾਂ ਦਾ ਦੌਰਾ ਕੀਤਾ ਤੇ ਉਹ ਲਲਿਤ ਪੰਡਿਤ ਨਾਲ ਇੱਕ ਐਲਬਮ ਰਿਲੀਜ਼ ਕਰਨ ਲਈ ਤਿਆਰ ਸੀ। ਪਰ ਇਸ਼ਮੀਤ ਦੀ 29 ਜੁਲਾਈ, 2008 ਨੂੰ 19 ਸਾਲ ਦੀ ਉਮਰ ਵਿੱਚ ਇੱਕ ਪ੍ਰੋਮੋ ਪ੍ਰੋਗਰਾਮ ਦੌਰਾਨ ਮਾਲਦੀਵ ਦੇ ਇੱਕ ਰਿਜ਼ੌਰਟ ਪੂਲ ਵਿੱਚ ਮੌਤ ਹੋ ਗਈ। ਦਾਅਵਾ ਕੀਤਾ ਗਿਆ ਕਿ ਇਸ਼ਮੀਤ ਦੀ ਮੌਤ ਡੁੱਬਣ ਕਰਕੇ ਹੋਈ ਸੀ, ਹਾਲਾਂਕਿ ਪਰਿਵਾਰ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ।
ਅਗਲਾ ਨਾਮ ਹੈ ਸੋਨੀ ਪਾਬਲਾ,,, 29 ਜੂਨ, 1976 ਨੂੰ ਬਿਲਾਸਪੁਰ, ਹੁਸ਼ਿਆਰਪੁਰ ਨੇੜੇ ਜਨਮਿਆ ਤੇਜਪਾਲ ਸਿੰਘ ਪਾਬਲਾ ਉਰਫ਼ ਸੋਨੀ ਪਾਬਲਾ 1990 ਦੇ ਦਹਾਕੇ ਦੇ ਅੱਧ ਵਿੱਚ ਟੋਰਾਂਟੋ ਚਲਾ ਗਿਆ। ਸੰਗੀਤ ਜਗਤ ਵਿੱਚ ਪੈਰ ਧਰਨ ਤੋਂ ਪਹਿਲਾਂ ਸੋਨੀ ਨੇ ਟਰੱਕ ਚਲਾਇਆ। ਸੋਨੀ ਦੀ ਪਹਿਲੀ ਐਲਬਮ ‘ਹੀਰੇ’ ਸੀ ਅਤੇ ਸੁਖਸ਼ਿੰਦਰ ਸ਼ਿੰਦਾ ਨਾਲ ਉਸ ਦਾ ਗੀਤ ‘ਗਲ ਦਿਲ ਦੀ’ ਬਹੁਤ ਮਕਬੂਲ ਹੋਇਆ। ‘ਪੰਜੇਬ ਯਾਰ ਦੀ’, ‘ਜੱਟ ਦੀ ਦੁਸ਼ਮਣੀ’, ਅਤੇ ‘ਬੋਲੀ ਪਾਣੀ’ ਵਰਗੇ ਗੀਤਾਂ ਨੇ ਸੋਨੀ ਨੂੰ ਸੰਗੀਤ ਜਗਤ ਦਾ ਇੱਕ ਉਭਰਦਾ ਸਿਤਾਰਾ ਬਣਾ ਦਿੱਤਾ । ਪਰ ਪਰਮਾਤਮਾ ਕੁਝ ਹੋਰ ਹੀ ਮਨਜ਼ੂਰ ਸੀ, 14 ਅਕਤੂਬਰ, 2006 ਨੂੰ ਬਰੈਂਪਟਨ, ਓਨਟਾਰੀਓ 'ਚ ਇੱਕ ਸ਼ੋਅ ਦੌਰਾਨ 30 ਸਾਲਾ ਸੋਨੀ ਪਾਬਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਨਹਿਰੋਂ ਪਾਰ ਬੰਗਲਾ ਗੀਤ ਨਾਲ ਮਸ਼ਹੂਰ ਹੋਏ ਰੋਮੀ ਗਿੱਲ ਵੀ 30 ਸਾਲ ਦੀ ਉਮਰ ਹੰਢਾ ਕੇ ਸੰਸਾਰ ਤੋਂ ਚਲੇ ਗਾਏ | 1979 ਵਿੱਚ ਜਨਮੇ ਰੋਮੀ ਗਿੱਲ ਨੇ ਬੀਟ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ ਵਿੱਚ ਵੱਖਰਾ ਮੁਕਾਮ ਬਣਾਇਆ | ਜੀਤੋ, ਨਹਿਰੋਂ ਪਾਰ ਬੰਗਲਾ, ਜੋਗੀਆ, ਧਰੂ ਤਾਰਾ ਵਰਗੇ ਗੀਤਾਂ ਦੇ ਨਾਲ ਰੋਮੀ ਗਿੱਲ ਆਪਣੇ ਸਰੋਤਿਆਂ ਨੂੰ ਨੱਚਣ ਲਾ ਦਿੰਦੇ ਸੀ | ਪਰ 24 ਜੂਨ 2009 ਨੂੰ ਰੋਮੀ ਗਿੱਲ ਨੇ ਆਖਰੀ ਸਾਹ ਲਏ |
ਕਚਹਿਰੀਆਂ ਵਿੱਚ ਮੇਲੇ ਲੱਗਦੇ ਗੀਤ ਨਾਲ ਮਕਬੂਲ ਹੋਣ ਵਾਲੇ ਕੁਲਵਿੰਦਰ ਢਿੱਲੋਂ ਦੀ ਮੌਤ ਵੀ ਸੜਕ ਹਾਦਸੇ ਦੌਰਾਨ ਹੋਈ | 1975 ਵਿੱਚ ਜੰਮੇ ਕੁਲਵਿੰਦਰ ਢਿੱਲੋਂ ਨੇ ਕੱਲੀ ਕੀਤੇ ਮਿਲ, ਸੱਪ ਰੰਗ ਸੂਟ, ਕਾਲਜ, ਪਾਇਆ ਲਹਿੰਗਾ ਸ਼ੀਸ਼ਿਆਂ ਵਾਲੇ ਗੀਤ ਸਮੇਤ ਅਨੇਕਾਂ ਗੀਤ ਅਤੇ ਐਲਬਮ ਸਰੋਤਾਂ ਦੀ ਝੋਲੀ ਪਾਈਆਂ | ਬੁਲੰਦ ਆਵਾਜ਼ ਅਤੇ ਵੱਖਰੀ ਗਾਇਕੀ ਦੀ ਬਦੌਲਤ ਕੁਲਵਿੰਦਰ ਢਿੱਲੋਂ ਗਾਇਕੀ ਖੇਤਰ ਦਾ ਚਮਕਦਾ ਸਿਤਾਰਾ ਬਣ ਗਿਆ ਪਰ 19 ਮਾਰਚ 2006 ਫਗਵਾੜਾ-ਬੰਗਾ ਸੜਕ 'ਤੇ ਇੱਕ ਸੜਕ ਹਾਦਸੇ ਦੌਰਾਨ ਕੁਲਵਿੰਦਰ ਢਿੱਲੋਂ ਦੀ ਮੌਤ ਹੋ ਗਈ |
ਜਵਾਨ ਉਮਰ ਵਿੱਚ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਵਾਲਿਆਂ ਨੂੰ ਜੇਕਰ ਯਾਦ ਕੀਤਾ ਜਾ ਰਿਹਾ ਤਾਂ ਅਮਰ ਸਿੰਘ ਚਮਕੀਲਾ ਨੂੰ ਨਹੀਂ ਵਿਸਾਰ ਸਕਦੇ | 21 ਜੁਲਾਈ 1960 ਨੂੰ ਲੁਧਿਆਣਾ ਦੇ ਦੁੱਗਰੀ ਵਿੱਚ ਜਨਮੇ ਧਨੀ ਰਾਮ ਉਰਫ ਅਮਰ ਸਿੰਘ ਚਮਕੀਲਾ ਪਹਿਲਾਂ ਕਪੜਾ ਮਿੱਲ ਵਿੱਚ ਕੰਮ ਕਰਦਾ ਸੀ, ਪਰ ਬਾਅਦ ਵਿੱਚ ਉਸਦੀ ਮੁਲਾਕਾਤ ਸੁਰਿੰਦਰ ਸ਼ਿੰਦਾ ਨਾਲ ਹੁੰਦੀ ਹੈ,,, ਜਿਸ ਤੋਂ ਬਾਅਦ ਸੰਗੀਤ ਜਗਤ ਵਿੱਚ ਉਸਦਾ ਰਾਹ ਬਣਦਾ ਹੈ | ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੀ ਜੋੜੀ ਦੀ ਮਕਬੂਲੀਅਤ ਨੇ ਉਸ ਸਮੇ ਦੇ ਗਾਇਕਾਂ ਦੇ ਰੰਗ ਨੂੰ ਫਿੱਕਾ ਪਾ ਦਿੱਤਾ | ਚਮਕੀਲਾ ਨੇ ਆਪਣੇ ਗਾਇਕੀ ਦੇ ਸਫ਼ਰ ਦੌਰਾਨ ਅਨੇਕਾਂ ਗੀਤ ਗਏ, ਤੇ ਇਨ੍ਹਾਂ ਗੀਤਾਂ ਨੇ ਵੱਖਰੇ ਰਿਕਾਰਡ ਸਥਾਪਿਤ ਕੀਤੇ,, ਹਾਲਾਂਕਿ ਉਸ ਸਮੇ ਦੌਰਾਨ ਸਭ ਤੋਂ ਵੱਧ ਅਖਾੜੇ ਵੀ ਚਮਕੀਲਾ ਕੋਲ ਹੀ ਸਨ | ਪਰ ਆਪਣੇ ਦੋ ਅਰਥੀ ਗੀਤਾਂ ਕਰਕੇ ਚਮਕੀਲਾ ਹਮੇਸ਼ਾ ਵਿਵਾਦਾਂ ਵਿੱਚ ਰਿਹਾ ਤੇ ਅੰਤ 8 ਮਾਰਚ, 1988 ਨੂੰ ਮਹਿਸਮਪੁਰ, ਜਲੰਧਰ ਵਿੱਚ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ |
1966 ਵਿੱਚ ਕੋਟਕਪੂਰਾ ਦੇ ਪਿੰਡ ਗਿਲਜ਼ੇ ਵਾਲਾ ਵਿੱਚ ਜੰਮਪਲ ਦਿਲਸ਼ਾਦ ਅਖਤਰ ਦੀ ਮੌਤ ਵੀ ਜਵਾਨੀ ਵਾਲੀ ਉਮਰ ਵਿਚ ਹੀ ਹੋ ਗਈ ਸੀ | ਮਨ ਵਿੱਚ ਵਸਣੈ ਸੱਜਣਾਂ ਵੇ ਰਹਿਨੈ,ਅੱਖੀਆਂ 'ਤੋਂ ਦੂਰ,ਸਾਨੂੰ ਪਰਦੇਸੀਆਂ ਨੂੂੰ ਯਾਦ ਕਰਕੇ ਨੀ ਕਾਹਨੂੰ ਅੱਥਰੂੂ ਬਹਾਉਂਦੀ,ਚਰਖਾ ਬੋਲ ਪਿਆ,ਮੇਰੇ ਯਾਰ ਦੀ ਚਰਚਾ ਗਲ਼ੀ-ਗਲ਼ੀ ,ਕੁੰੰਡਾ ਖੋੋਲ੍ਹ ਬਸੰੰਤਰੀਏ ਵਰਗੇ ਮਕਬੂਲ ਗੀਤ ਗਾਉਣ ਵਾਲੇ ਦਿਲਸ਼ਾਦ ਦਾ ਗਾਇਕੀ ਦਾ ਸਫ਼ਰ ਬਹੁਤ ਲੰਬਾ ਨਹੀਂ ਰਿਹਾ | ਦਿਲਸ਼ਾਦ ਨੇ ਆਪਣੇ ਕਰੀਅਰ ਦੌਰਾਨ ਅਨੇਕਾਂ ਹਿੱਟ ਗੀਤ ਗਾਏ ,, ਪਰ 28 ਜਨਵਰੀ 1996 ਨੂੰ ਦਿਲਸ਼ਾਦ ਅਖ਼ਤਰ ਦੀ ਇੱਕ ਪੁਲਸ ਅਫ਼ਸਰ ਹਥੋਂ ਮੌਤ ਹੋ ਗਈ।
ਇੱਕ ਸ਼ਾਨਦਾਰ ਨੌਜਵਾਨ ਦੀ ਬੇਵਕਤੀ ਮੌਤ ਦਾ ਕਿਸ ਨੂੰ ਦੁੱਖ ਨਹੀਂ ! ਉਸਦਾ ਮੁਸਕਰਾਉਂਦਾ ਚਿਹਰਾ ਵੇਖ ਕੇ ਹੀ ਕਲੇਜੇ ਨੂੰ ਧੂ ਪੈਂਦੀ ਹੈ। ਪਰ ਕੀ ਤੁਹਾਡਾ ਸਾਰਾ ਗੁੱਸਾ ਪਸ਼ੂਆਂ 'ਤੇ ਕੱਢਣਾ ਜਾਇਜ਼ ਹੈ? 'ਅਵਾਰਾ ਪਸ਼ੂ'.. ਇਹ ਕਹਿ ਕੇ ਤੁਹਾਡਾ ਕਥਾਰਸਿਜ਼ ਹੁੰਦਾ ਹੈ ਪਰ ਇਹ ਵੀ ਤਾਂ ਸੋਚੋ, ਉਨ੍ਹਾਂ ਨੂੰ ਅਵਾਰਾ ਬਣਾਇਆ ਕਿਸੇ ਨੇ! ਅਸੀਂ ਇਨਸਾਨਾਂ ਨੇ। ਸਾਨੂੰ ਗੁੱਸਾ ਹੈ ਕਿ ਉਹ ਸਾਡੀਆਂ ਸੜਕਾਂ 'ਤੇ ਆਣ ਚੜ੍ਹਦੇ ਨੇ। ਪਰ ਇਹ ਵੀ ਨਾ ਭੁੱਲੋ ਕਿ ਅਸੀਂ ਸੜਕਾਂ ਕੱਢੀਆਂ ਹੀ ਉਨ੍ਹਾਂ ਦੇ ਘਰਾਂ ਵਿੱਚ ਦੀ ਨੇ। ਜਦੋਂ ਅਸੀਂ ਕਲੋਨੀਆਂ ਕੱਟ-ਕੱਟ ਜੰਗਲ-ਬੇਲੇ ਹੀ ਮੁਕਾ ਛੱਡੇ, ਉਹ ਜਾਣਗੇ ਵੀ ਕਿੱਥੇ ? ਸੜਕਾਂ 'ਤੇ ਹੀ ਆਉਣਗੇ। ਤੁਸੀਂ ਉਨ੍ਹਾਂ ਨੂੰ ਘਰ ਦੇ ਦਿਓ, ਉਹ ਨਹੀਂ ਆਉਂਦੇ ਤੁਹਾਡੀਆਂ ਸੜਕਾਂ 'ਤੇ! ਕਿੰਨਾ ਪਖੰਡ ਹੈ ਇਹ! ਅਸੀਂ ਉਨ੍ਹਾਂ ਪਸੂਆਂ ਨੂੰ ਪਾਲਦੇ ਹਾਂ, ਜੋ ਸਾਡੇ ਕੰਮ ਦੇ ਨੇ। ਜੋ ਸਾਡੇ ਕੰਮ ਦੇ ਨਹੀਂ, ਉਹ ਸਾਡੇ ਲਈ ਅਵਾਰਾ ਨੇ। ਇਹ ਅਸੀਂ ਹੀ ਤਾਂ ਹਾਂ ਜੋ ਇਨ੍ਹਾਂ ਗਊਆਂ ਨੂੰ ਉਦੋਂ ਸੜਕਾਂ 'ਤੇ ਛੱਡ ਦਿੰਦੇ ਹਾਂ, ਜਦੋਂ ਉਹ ਫੰਡਰ ਹੋ ਜਾਂਦੀਆਂ ਹਨ। ਕੀ ਤੁਹਾਨੂੰ ਇਹ ਸੋਚ ਜਾਇਜ਼ ਲੱਗਦੀ ਹੈ ?
ਇਸ ਧਰਤੀ 'ਤੇ ਪਸ਼ੂ-ਪੰਛੀਆਂ ਦਾ ਵੀ ਓਨਾ ਹੀ ਹੱਕ ਹੈ, ਜਿੰਨਾ ਸਾਡਾ ਮਨੁੱਖਾਂ ਦਾ। ਸਗੋਂ ਉਹ ਸਾਥੋਂ ਪਹਿਲਾਂ ਦੇ ਇੱਥੋਂ ਦੇ ਵਸਨੀਕ ਨੇ। ਕਰੋੜਾਂ ਸਾਲਾਂ ਤੋਂ ਰਹਿ ਰਹੇ ਨੇ ਉਹ ਇੱਥੇ, ਸਾਡੀ ਤਾਂ ਉਮਰ ਹੀ ਮਸਾਂ ਡੇਢ-ਦੋ ਲੱਖ ਸਾਲ ਹੈ। ਪਰ ਅਸੀਂ ਚਾਹੁੰਦੇ ਹਾਂ, ਉਹ ਸਾਰੇ ਇੱਥੋਂ ਚਲੇ ਜਾਣ। ਮਨੁੱਖ ਕੁਦਰਤ ਦੀ ਸਭ ਤੋਂ ਕਮੀਨੀ ਔਲਾਦ ਹੈ। ਡੇਢ ਅਰਬ ਲੋਕਾਂ ਨੂੰ ਝੱਲਣ ਜੋਗੀ ਇਹ ਧਰਤੀ, ਸਾਢੇ ਅੱਠ ਅਰਬ ਇਸ ਵਿੱਚ ਅਸੀਂ ਇਨਸਾਨ ਹਾਂ ਤੇ ਲਗਾਤਾਰ ਫੈਲਦੇ ਜਾ ਰਹੇ ਹਾਂ। ਸਾਨੂੰ ਵੱਡੇ ਘਰ, ਰਿਜ਼ੋਰਟ, ਫੈਕਟਰੀਆਂ, ਜਹਾਜ਼ ਅੱਡੇ.. ਕੀ ਨਹੀਂ ਚਾਹੀਦਾ! ਜ਼ਾਹਿਰ ਹੈ, ਇਹ ਸਭ ਜਾਨਵਰਾਂ ਨੂੰ ਮਾਰ ਕੇ ਹੀ ਹਾਸਿਲ ਹੋਵੇਗਾ। ਜਦੋਂ ਦੇ ਹੋਂਦ ਵਿੱਚ ਆਏ ਹਾਂ, ਇਹੀ ਕਰ ਰਹੇ ਹਾਂ ਅਸੀਂ। ਪੜ੍ਹੋ 'ਸੇਪੀਅੰਜ'। ਯੁਵਾਲ ਦੱਸਦਾ ਹੈ, ਡੇਢ-ਦੋ ਲੱਖ ਸਾਲ ਵਿੱਚ ਮਨੁੱਖ ਨੇ 2 ਲੱਖ ਤੋਂ ਵਧੀਕ ਜੰਤੂਆਂ ਦੀਆਂ ਪ੍ਰਜਾਤੀਆਂ ਮਾਰ ਸੁੱਟੀਆਂ। ਕਿਉਂ! ਕਿਉਂਕਿ ਉਸਨੇ ਜੰਗਲ ਸਾਫ ਕਰ ਕੇ ਆਪਣੀਆਂ ਬਸਤੀਆਂ ਵਸਾਉਣੀਆਂ ਸਨ। ਕੀ ਤੁਹਾਨੂੰ ਪਤਾ ਹੈ, ਪਿਛਲੇ ਸਾਲਾਂ ਵਿੱਚ ਕਿੰਨੇ ਜੰਗਲ ਸਰਕਾਰਾਂ ਨੇ ਅਦਾਨੀ-ਅੰਬਾਨੀਆਂ ਨੂੰ ਦਿੱਤੇ ਨੇ ਤਾਂ ਕਿ ਉਹ ਓਥੇ ਫੈਕਟਰੀਆਂ ਲਾ ਸਕਣ! ਕੀ ਤੁਸੀਂ ਉਦੋਂ ਇਹ ਸਵਾਲ ਕੀਤਾ ਸੀ, ਉੱਥੇ ਰਹਿਣ ਵਾਲੇ ਹਜ਼ਾਰਾਂ ਜਾਨਵਰ ਕਿੱਥੇ ਜਾਣਗੇ ! ਜਦੋਂ ਤੁਸੀਂ ਵੱਡੇ-ਵੱਡੇ ਹਾਈਵੇ ਵੇਖ ਖੁਸ਼ ਹੁੰਦੇ ਹੋ, ਕਦੇ ਨਹੀਂ ਸੋਚਦੇ ਕਿ ਇਨ੍ਹਾਂ 'ਤੇ ਆ ਸਕਣ ਵਾਲੇ ਜਾਨਵਰ ਵੀ ਹੁਣ ਸ਼ਹਿਰਾਂ ਤੇ ਪਿੰਡਾਂ ਦੀਆਂ ਸੜਕਾਂ 'ਤੇ ਆ ਜਾਣਗੇ।
ਹਿੰਦੂ ਸੰਗਠਨਾਂ ਦੀ ਨਿੰਦਾ ਕਰ ਕੇ ਵੀ ਕੁਝ ਨਹੀਂ ਹੋਣਾ। ਸਗੋਂ ਸ਼ੁਕਰ ਕਰੋ ਕਿ ਉਨ੍ਹਾਂ ਨੇ ਧਰਮ ਜਾਂ ਪੁੰਨ ਦੇ ਨਾਂ 'ਤੇ ਗਊਸ਼ਾਲਾਵਾਂ ਬਣਾ ਕੇ ਘੱਟੋ-ਘੱਟ ਇੱਕ ਜੀਵ-ਪ੍ਰਜਾਤੀ ਤਾਂ ਥੋੜ੍ਹੀ ਬਹੁਤ ਸਾਂਭ ਲਈ। ਬਾਕੀ ਤੁਸੀਂ ਸਾਂਭ ਲਵੋ। ਕਿੰਨੇ ਕੁੱਤੇ ਵੀ ਨੱਸੇ ਫਿਰਦੇ ਨੇ ਸੜਕਾਂ 'ਤੇ। ਉਨ੍ਹਾਂ ਕਰਕੇ ਵੀ ਬਥੇਰੇ ਹਾਦਸੇ ਹੁੰਦੇ ਨੇ। ਪਰ ਵੇਖੀ ਹੈ ਕਦੇ ਕਿਸੇ ਨੇ ਕੋਈ ਕੁੱਤ-ਸ਼ਾਲਾ! ਬਹੁਤ ਇਨਸਾਨ ਵੀ ਸੜਕਾਂ 'ਤੇ ਅਵਾਰਾ ਪਸ਼ੂਆਂ ਵਾਂਗ ਹੀ ਨੱਸੇ ਫਿਰਦੇ ਨੇ ਜਨਾਬ! ਪੁੱਠੇ-ਸਿੱਧੇ ਕੱਟ ਮਾਰਦੇ ਤੇ ਗਲਤ ਮੋੜ ਮੁੜਦੇ ਨੇ। ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ 'ਤੇ ਰੇਸਾਂ ਲਾਉਂਦੇ ਨੇ। ਉਨ੍ਹਾਂ ਕਰਕੇ ਵੀ ਬਹੁਤ ਹਾਦਸੇ ਹੁੰਦੇ ਨੇ। ਕਿਸਮਤ ਹੀ ਹੁੰਦੀ ਹੈ ਕਿ ਉਸ ਸਮੇਂ ਅਸੀਂ ਉਸ ਥਾਂ 'ਤੇ ਨਹੀਂ ਹੁੰਦੇ। #ਰਾਜਬੀਰ ਵਿਚਾਰੇ ਦੀ ਇਹ ਬਦਕਿਸਮਤੀ ਸੀ ਕਿ ਇੱਕ ਅਜਿਹੇ ਸਮੇਂ ਅਜਿਹੀ ਥਾਂ ਤੋਂ ਲੰਘ ਰਿਹਾ ਸੀ।
ਹਾਂ, ਸੜਕੀ ਅੱਤਵਾਦ ਬਹੁਤ ਭਿਆਨਕ ਹੈ ਪਰ ਇਸਨੂੰ ਰੋਕਣਾ ਸਾਡੇ ਸਾਰਿਆਂ ਦੀ ਜਿੰਮੇਵਾਰੀ ਹੈ। ਸਰਕਾਰਾਂ ਰੋਡ-ਟੈਕਸ ਲੈ ਕੇ 'ਰੋਡ' ਬਣਾ ਦੇਣ, ਇੰਨਾ ਹੀ ਕਾਫੀ ਹੈ। ਪਰ ਕਰੋੜਾਂ ਜਾਨਵਰਾਂ ਨੂੰ ਸੜਕਾਂ 'ਤੇ ਆ ਜਾਣ ਤੋਂ ਰੋਕ ਲੈਣਾ, ਇਹ ਸ਼ਾਇਦ ਤਾਂ ਹੀ ਸੰਭਵ ਹੈ ਕਿ ਉਨ੍ਹਾਂ ਨੂੰ ਮਾਰ ਦਿੱਤਾ ਜਾਵੇ ਤੇ ਅਸੀਂ ਸਾਰੀ ਧਰਤੀ ਦੇ ਇਕੱਲੇ ਮਾਲਕ ਹੋ ਜਾਈਏ। ਜਾਂ ਇਹ ਇੱਕ ਚੋਣ ਹੈ ਕਿ ਅਸੀਂ ਆਪਣੇ ਪਸਾਰ ਉੱਤੇ ਕੰਟਰੋਲ ਕਰ ਲਈਏ ਤੇ ਉਨ੍ਹਾਂ ਲਈ ਵੀ ਕੁਝ ਜੰਗਲ-ਬੇਲੇ ਛੱਡ ਦੇਈਏ।
ਪਰ ਪਤਾ ਇਹ ਤੁਹਾਨੂੰ ਵੀ ਹੈ ਤੇ ਮੈਨੂੰ ਵੀ, ਸਾਡੀ ਚੋਣ ਸ਼ਰਤੀਆ ਪਹਿਲੀ ਹੋਵੇਗੀ। ਕਿਹਾ ਨਾ, ਇਨਸਾਨ ਕੁਦਰਤ ਦੀ ਸਭ ਤੋਂ ਕਮੀਨੀ ਔਲਾਦ ਹੈ।
ਲਿਖਤ -ਪਾਲੀ ਭੁਪਿੰਦਰ ਸਿੰਘ
