ਹਜ਼ਾਰ ਰੰਗਾਂ ਦੀ ਰਮਜ਼ -ਡਾ. ਸੁਖਦੇਵ ਸਿੰਘ ਸਿਰਸਾ
"ਮਾਲਵੇ ਦੇ ਪਿੰਡ ਦੌਧਰ ਤੋ ਉਭਰੇ ਵਿਦਵਾਨ ਸੁਖਦੇਵ ਸਿੰਘ ਸਿਰਸਾ ਦੀ ਸਾਹਿਤਿਕ ਯਾਤਰਾ, ਵਿਦਿਆਰਥੀਆਂ ਨਾਲ ਰਿਸ਼ਤਾ ਅਤੇ ਪੰਜਾਬੀ ਸਾਹਿਤ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਯਾਦਗਾਰੀ ਕਥਾ"

ਮਾਲਵੇ ਦਾ ਸਿਰਕੱਢ ਪਿੰਡ ‘ਦੌਧਰ’ ਸੂਰਮਿਆਂ ਸਿੰਘਾਂ ਅਤੇ ਡਾਕੂਆਂ ਕਰਕੇ ਮਸ਼ਹੂਰ ਰਿਹੈ। ਗਦਰੀ ਬਾਬਿਆਂ ਦੀ ਧਰਤੀ ਅਤੇ ਕਮਿਊਨਿਸਟ ਲਹਿਰ ਦੇ ਸਰਗਰਮ ਇਨਕਲਾਬੀਆਂ ਕਰਕੇ ਇਨ੍ਹਾਂ ਪਿੰਡਾਂ ਵਿੱਚ ਪੁਲਿਸ ਦੀਆਂ ਚੌਕੀਆਂ ਬਣੀਆਂ। ਜਸਵੰਤ ਸਿੰਘ ਕੰਵਲ ਦੇ ਪਿੰਡ ਲਾਲਾ ਲਾਜਪਤ ਰਾਏ ਦੇ ਨਾਂ ਤੇ ਬਣੇ ਕਾਲਜ ਵਿੱਚ ਪੜ੍ਹਦਿਆਂ ਮੇਰੇ ਬੇਲੀ ਨੇ ਦੱਸਿਆ ਕਿ ਇਹ ਇਲਾਕਾ ਬਗਾਵਤ ਦਾ ਗੜ੍ਹ ਹੈ। ਇਨ੍ਹਾਂ ਪਿੰਡਾਂ ਦੇ ਕਿੱਸੇ ਦੁਨੀਆਂ ਭਰ ਵਿੱਚ ਮਸ਼ਹੂਰ ਨੇ। ਮੈਨੂੰ ਉਹ ਕਿੱਸੇ ਸੁਣਾਉਂਦਾ ਪਰ ਮੈਂ ਵੀਹ ਪੱਚੀ ਦਿਨ੍ਹਾਂ ਤੋਂ ਬਾਅਦ ਉਹ ਕਾਲਜ ਛੱਡ ਆਇਆ। ਡਾ. ਸੁਖਦੇਵ ਸਿੰਘ ਸਿਰਸਾ ਇਸੇ ਦੌਧਰ ਦਾ ਜੰਮਪਲ ਹੈ। ਬਹੁਤੇ ਲੋਕ ਸੁਖਦੇਵ ਸਿੰਘ ਦੇ ਤਖ਼ੱਲਸ 'ਸਿਰਸਾ' ਤੋਂ ਭੁਲੇਖਾ ਖਾ ਜਾਂਦੇ ਹਨ ਕਿ ਉਹ ਸਿਰਸੇ ਦਾ। ਕਾਮਰੇਡ ਚੰਨਣ ਸਿੰਘ, ਗੁਰਬਖਸ਼ ਸਿੰਘ, ਚੰਨਣ ਰਾਮ ਬੈਰਾਗੀ ਅਤੇ ਕਾਮਰੇਡ ਜੈ ਸਿੰਘ ਇਸੇ ਦੌਧਰ ਦੇ ਜੰਮਪਲ ਨੇ। ਕੀਹਦਾ ਕੀਹਦਾ ਨਾਂ ਦੱਸਾਂ ਇਹ ਤਾਂ ਸਾਰਾ ਪਿੰਡ ਹੀ ਮਕਬੂਲ ਹੋਏ ਲੋਕਾਂ ਦਾ। ਇੱਥੋ ਦੇ ਲੋਕਾਂ ਨੂੰ ਬਗਾਵਤ ਗੁੜਤੀ ਵਿੱਚ ਮਿਲੀ ਐ। ਡਾ. ਸੁਖਦੇਵ ਸਿੰਘ ਦੇ ਮਾਤਾ ਪਿਤਾ ਲਾਇਲਪੁਰੋ ਦੌਧਰ ਆਏ। ਲਾਇਲਪੁਰ ਅਤੇ ਦੌਧਰ ਦੋਵੇਂ ਦੁਨੀਆਂ ਵਿੱਚ ਮਸ਼ਹੂਰ ਨੇ। ਉਸਦੇ ਮਾਤਾ ਪਿਤਾ ਨੇ ਗਰੀਬੀ ਹੰਢਾਈ ਪਰ ਕਬੀਲਦਾਰੀ ਦੇ ਝੰਬੇ ਇਸ ਪਰਿਵਾਰ ਨੇ ਕਿਰਤ ਦਾ ਪੱਲਾ ਨਾ ਛੱਡਿਆ। ਹੌਲੀ ਹੌਲੀ ਪੈਰਾਂ ਸਿਰ ਹੋ ਗਏ। ਜੇ ਕਿਸੇ ਨੇ ਕਬੀਲਦਾਰੀ ਵਿੱਚ ਝੰਬੇ ਪਰਿਵਾਰ ਦੀ ਤਸਵੀਰ ਵੇਖਣੀ ਹੋਵੇ ਤਾਂ ਵੰਡ ਤੋਂ ਪਹਿਲਾਂ ਦਾ ਉਸਦਾ ਪਰਿਵਾਰ ਵੇਖ ਲਵੇ। ਚੜ੍ਹਦੀ ਉਮਰੇ ਵਿਰਸੇ ਵਿੱਚ ਮਿਲੀ ਗਰੀਬੀ ਨਾਲ ਨਜਿੱਠਣ ਲਈ ਉਹ ਲਾਲਾ ਲਾਜਪਤ ਰਾਏ ਕਾਲਜ ਵਿੱਚ ਬੀ. ਏ. ਕਰਨ ਲੱਗਿਆ ਅਤੇ ਅਗਲੀ ਪੜ੍ਹਾਈ ਲਈ ਚੰਡੀਗੜ੍ਹ ਡੇਰੇ ਲਾਏ। ਐੱਮ.ਫਿਲ. ਦੀ ਪੜ੍ਹਾਈ ਪੂਰੀ ਕਰਕੇ ਰੁਜ਼ਗਾਰ ਲਈ ਗੁਰਦਾਸਪੁਰ, ਸਠਿਆਲੇ ਅਤੇ ਪਾਤੜਾਂ ਦੇ ਕਾਲਜਾਂ ਵਿੱਚ ਆਰਜ਼ੀ ਨੌਕਰੀ ਕੀਤੀ। ਬਾਅਦ ਵਿੱਚ ਸਰਕਾਰੀ ਕਾਲਜ ਸਿਰਸੇ ਭਰਤੀ ਹੋਇਆ। ਇੱਥੇ ਰਹਿੰਦਿਆਂ ਉਸਨੇ ਅਜਿਹੀਆਂ ਸਰਗਰਮੀਆਂ ਕੀਤੀਆਂ ਤੇ ਪੱਕੇ ਤੌਰ ’ਤੇ ਤਖੱਲਸ ਵਜੋਂ ਸਿਰਸਾ ਉਸਦੇ ਨਾਂ ਨਾਲ ਜੁੜ ਗਿਆ। ਸੱਤਵੇਂ ਅੱਠਵੇੇਂ ਦਹਾਕੇ ਵਿੱਚ ਢੁੱਡੀਕਿਆਂ ਵਾਲੇ ਕਾਲਜ ਦੀ ਤੂਤੀ ਬੋਲਦੀ ਸੀ। ਉੱਥੇ ਪੜ੍ਹਦਿਆਂ ਵਿਦਿਆਰਥੀ ਹੱਕਾਂ ਲਈ ਲੜਾਈਆਂ ਲੜੀਆਂ। ਇਨ੍ਹਾਂ ਦਿਨਾਂ ਵਿੱਚ ਉਹ ਕੱਲਾ ਕਾਫ਼ਲਾ ਬਣਾਉਣ ਵਾਲਾ ਯੋਧਾ ਸੀ। ਪ੍ਰਿੰਸੀਪਲ ਸਰਵਣ ਸਿੰਘ ਤੇ ਪ੍ਰੋ. ਗੁਰਮੀਤ ਸਿੰਘ ਦੀ ਮਿਲੀ ਸੰਗਤ ਕਰਕੇ ਉਸਨੇ ਸਾਹਿਤ ਨੂੰ ਡੀਕ ਲਾ ਕੇ ਸੜ੍ਹਾਕਿਆ। ਇਨ੍ਹਾਂ ਦੋਵਾਂ ਵਿਦਵਾਨਾਂ ਨੇ ਐਸੀ ਚੇਟਕ ਲਾਈ ਕਿ ਉਹ ਸਾਹਿਤ ਨੂੰ ਸਮਰਪਿਤ ਹੋ ਗਿਆ। ਇਨਾਂ ਦਿਨਾਂ ਵਿੱਚ ਉਸਨੇ ਕਵਿਤਾ ਲਿਖਣੀ ਸ਼ੁਰੂ ਕੀਤੀ ਪਰ ਸਰਸਵਤੀ ਦੀ ਮਿਹਰ ਤੋਂ ਸ਼ਾਇਦ ਉਹ ਖੁੰਝ ਗਿਆ ਪਰ ਫਿਰ ਵੀ ਲਗਾਤਾਰਤਾ ਵਿੱਚ ਕਵਿਤਾ ਦਾ ਹਲ ਵਾਹ ਰਿਹਾ ਹੈ। ਸਿਰਜਣਾ ਦੀ ਬਜਾਇ ਉਸਨੇ ਆਲੋਚਨਾ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਸਨੂੰ ਸਿੰਜਣ ਵਾਲਿਆ ਵਿੱਚ ਉਸਦੇ ਅਧਿਆਪਕ ਡਾ. ਕੇਸਰ ਸਿੰਘ ਕੇਸਰ, ਪ੍ਰੋ. ਰਾਮ ਸਿੰਘ, ਪ੍ਰੋ. ਸੁਰਿੰਦਰ ਸਿੰਘ ਕੋਹਲੀ ਅਤੇ ਪ੍ਰੋ. ਅਤਰ ਸਿੰਘ ਵਰਗੇ ਵਿਦਵਾਨਾਂ ਦਾ ਹੱਥ ਹੈ। ਇਨ੍ਹਾਂ ਵਿਦਵਾਨਾਂ ਦੀ ਸੰਗਤ ਵਿੱਚ ਰਹਿ ਕੇ ਉਸਨੇ ਪੰਜਾਬ ਬੁੱਕ ਸੈਂਟਰ ਵਿੱਚ ਖੂੰਜਿਆਂ ਵਿੱਚ ਪਈਆਂ ਕਿਤਾਬਾਂ ਤੋਂ ਗਰਦ ਝਾੜੀ ਤੇ ਸਦਾ ਲਈ ਮਨ ਮਸਤਕ ਦੀ ਲਾਇਬਰੇਰੀ ਵਿੱਚ ਸਜਾ ਲਈਆਂ। ਇਹ ਉਨ੍ਹਾਂ ਸਮਿਆਂ ਦੀ ਗੱਲ ਹੈ ਜਦੋਂ ਪੰਜਾਬ ਵਿੱਚ ਖੱਬਿਆਂ ਦੀ ਚੜ੍ਹਤ ਸੀ ਤਾਂ ਕਰਕੇ ਉਸਨੇ ਖੱਬੇਪੱਖੀ ਸਾਹਿਤ ਨੂੰ ਧੁਰ ਅੰਦਰੋਂ ਵਾਚਿਆ। ਡਾ. ਸੁਖਦੇਵ ਸਿੰਘ ਆਖਦੇ ਹੁੰਦੇ ਹਨ ਕਿ ‘ਡਾ. ਕੇਸਰ ਸਿੰਘ ਨੂੰ ਨਵੀਆਂ ਪੁਸਤਕਾਂ ਖਰੀਦਣ ਤੇ ਪੜ੍ਹਨ ਦਾ ਸ਼ੌਕ ਰੋਗ ਦੀ ਹੱਦ ਤੱਕ ਸੀ। ਇਸ ਦੀ ਲਾਗ ਉਹ ਵਿਦਿਆਰਥੀਆਂ ਨੂੰ ਲਾਉਂਦੇ ਰਹਿੰਦੇ। ਕੋਈ ਨਾ ਕੋਈ ਵੱਡਾ ਲੇਖਕ, ਚਿੰਤਕ ਜਾਂ ਖੱਬੇਪੱਖੀ ਉਨ੍ਹਾਂ ਕੋਲ ਆਇਆ ਰਹਿੰਦਾ। ਉਨ੍ਹਾਂ ਦੇ ਘਰ ਮੇਲਾ ਲੱਗਿਆ ਰਹਿੰਦਾ। ਬੌਧਿਕ ਲੋਰ ਵਿੱਚ ਆਏ ਨਵੀਆਂ ਨਵੀਆਂ ਗੱਲਾਂ ਕਰਦੇ।’ ਡਾ. ਕੇਸਰ ਸਿੰਘ ਕੇਸਰ ਵੀ ਹਿੱਕ ਠੋਕ ਕੇ ਆਖਦੇ ਸਨ ਕਿ ‘ਜੇ ਮੈਂ ਆਪਣੇ ਦੋ ਹੁਸ਼ਿਆਰ ਵਿਦਿਆਰਥੀਆਂ ਦਾ ਨਾਂ ਲੈਣਾ ਹੋਵੇ ਤਾਂ ਉਨ੍ਹਾਂ ਵਿੱਚ ਇੱਕ ਡਾ. ਸੁਖਦੇਵ ਸਿੰਘ ਹੈ ਅਤੇ ਦੂਜਾ ਬਲਦੇਵ ਸਿੰਘ ਧਾਲੀਵਾਲ।’ ਡਾ. ਅਤਰ ਸਿੰਘ ਦੀ ਸਿਫ਼ਤ ਕਰਦਿਆਂ ਉਹ ਆਖਦੇ ਹਨ ਕਿ, ‘ਉਨ੍ਹਾਂ ਦਾ ਗਿਆਨ ਤੇ ਗੱਲ ਕਰਨ ਦਾ ਅੰਦਾਜ਼ ਕੀਲ ਲੈਣ ਵਾਲਾ ਸੀ।’ ਡਾ. ਜੋਗਾ ਸਿੰਘ ਬਾਰੇ ਵੀ ਆਖਦੇ ਹੁੰਦੇ ਨੇ ਕਿ ਉਸਦਾ ਘਰ ਪੁਸਤਕਾਂ ਦੇ ਨਵੇਂ ਗਿਆਨ ਦਾ ਮਰਕਜ਼ ਸੀ।’ ਸਾਹਿਤ ਦੇ ਮਹਾਂਰਥੀਆਂ ਬਾਰੇ ਉਹ ਤੁਰਦੇ ਫਿਰਦੇ, ਉਠਦੇ ਬਹਿੰਦੇ ਬਿਆਨ ਦਿੰਦੇ ਰਹਿੰਦੇ ਹਨ। ਇਹ ਗੱਲਾਂ ਮੇਰੇ ਨਾਲੋਂ ਉਸਦੇ ਨਾਲ ਰਹਿਣ ਵਾਲੇ ਵੱਧ ਜਾਣਦੇ ਹਨ। ਉਨਾਂ ਦੇ ਗੱਲ ਕਰਨ ਦਾ ਢੰਗ ਬੰਦੇ ਨੂੰ ਕੀਲਦਾ ਹੈ। ਕੁਲਿਕਟਿਵ ਬੁੱਕ ਸੈਂਟਰ ਵਾਲੇ ਪ੍ਰਤਾਪ ਮਹਿਤੇ ਬਾਰੇ ਉਸਨੇ ਇੱਕ ਥਾਂ ਲਿਿਖਆ ਹੈ ਕਿ, ‘ਪ੍ਰਤਾਪ ਮਹਿਤਾ ਬਹੁਤ ਜ਼ਿੰਦਾਦਿਲ ਇਨਸਾਨ ਹੈ। ਪੁਸਤਕਾਂ ਅਤੇ ਪੜ੍ਹਾਕੂਆਂ ਨੂੰ ਪਿਆਰ ਕਰਨ ਵਾਲਾ। ਸਤਾਰਾਂ ਸੈਕਟਰ ਵਿੱਚ ਉਸਦੀ ਬੇਸਮੈਂਟ ਵਾਲੀ ਦੁਕਾਨ ’ਤੇ ਕਈ ਵੱਡੇ ਨਾਮਣੇ ਵਾਲੇ ਲੇਖਕਾਂ ਦਾ ਅੱਡਾ ਸੀ। ਸ਼ਾਮ ਦੀ ਦਾਰੂ ਦੀ ਮਹਿਫ਼ਲ ਰੋਜ਼ਾਨਾ ਵਾਂਗ ਸੀ। ਜੋਗਾ ਸਿੰਘ, ਮੋਹਨ ਭੰਡਾਰੀ, ਹਰਸ਼ਰਨ ਸਿੰਘ, ਕੁਮਾਰ ਵਿਮਲ ਇੱਥੇ ਹੀ ਚਾਹ ਵਾਲੇ ਕੱਪਾਂ ਵਿੱਚ ਦਾਰੂ ਪੀਂਦੇ ਸਨ। ਆਉਣ ਵਾਲਾ ਲੇਖਕ ਮਲਕੜੇ ਜਿਹੇ ਅਧੀਆ ਮਹਿਤਾ ਜੀ ਨੂੰ ਭੇਂਟ ਕਰ ਦਿੰਦਾ।’ ਇਸ ਤਰਾਂ ਦੀਆਂ ਕਿੰਨੀਆਂ ਗੱਲਾਂ ਉਹ ਅਕਸਰ ਆਪਣੇ ਵਿਦਿਆਰਥੀਆਂ ਨਾਲ ਕਰਦੇ ਰਹਿੰਦੇ ਹਨ। ਯੂਨੀਵਰਸਿਟੀ ਦੀ ਹੱਟ ’ਤੇ ਬੈਠਾ ਚਾਹ ਪੀਂਦਾ ਬਾਬਾ ਕਿੰਨੇ ਸਾਹਿਤਕਾਰਾਂ ਦੇ ਕਿੱਸੇ ਛੋਹ ਲੈਂਦਾ ਹੈ। ਕਦੇ ਪਾਸ਼ ਨਾਲ ਰਾਤਾਂ ਕੱਟਣ ਦਾ ਜ਼ਿਕਰ, ਕਦੇ ਜਗਤਾਰ ਨਾਲ ਸਾਂਝ ਦੇ ਕਿੱਸੇ। ਕਦੇ ਡਾ. ਨਹਿਰੂ ਨਾਲ ਪੜ੍ਹਨ ਸਮੇਂ ਦੀਆਂ ਗਤੀਵਿਧੀਆਂ। ਮਸਤ ਮੌਲਾ ਇਹ ਬੰਦਾ ਇੱਕ ਨੰਬਰ ਹੋਸਟਲ ਵਿੱਚ ਦੁਪਿਹਰ ਦਾ ਖਾਣਾ ਖਾਣ ਗਿਆ, ਕਿੰਨੇ ਵਿਦਿਆਰਥੀਆਂ ਨਾਲ ਸਾਂਝ ਪਾ ਆਉਂਦਾ। ਪਾਸ਼ ਬਾਰੇ ਗੱਲਾਂ ਕਰਦੈ ਕਿ, ‘ਦਸੰਬਰ ਉੱਨੀ ਸੌ ਅਠੱਤਰ ਦੀ ਇਕ ਸ਼ਾਮ ਨੂੰ ਗੁਰਦਾਸਪੁਰ ਦੇ ਬਾਜ਼ਾਰ ਵਿੱਚ ਅਚਾਨਕ ਪਾਸ਼ ਮਿਲ ਗਿਆ। ਇਨ੍ਹੀ ਦਿਨੀਂ ਉਹ ਜੰਡਿਆਲੇ ਤੋਂ ਜੇ. ਬੀ. ਟੀ. ਕਰ ਰਿਹਾ ਸੀ। ਉਹ ਯੁਵਕ ਮੇਲੇ ਦੇ ਸਿਲਸਿਲੇ ਵਿੱਚ ਗੁਰਦਾਸਪੁਰ ਆਇਆ ਸੀ। ਗਲ਼ ਵਿੱਚ ਢੋਲਕੀ ਪਾਈ ਗਾਉਂਦਾ ਹੋਇਆ ਉਹ ਆਪਣੇ ਜਮਾਤੀਆਂ ਨਾਲ ਖੜਮਸਤੀਆਂ ਕਰਦਾ ਜਾ ਰਿਹਾ ਸੀ। ਉਹ ਅਤੇ ਉਸਦੇ ਜਮਾਤੀ ਪੂਰੇ ਰੰਗ ਵਿੱਚ ਸਨ, ਬਾਜ਼ਾਰ ਅਤੇ ਭੀੜ ਤੋਂ ਬੇਖ਼ਬਰ। ਮੈਨੂੰ ਗੁਰਦਾਸਪੁਰ ਆਏ ਨੂੰ ਅਜੇ ਕੁਝ ਦਿਨ ਹੀ ਹੋਏ ਸਨ, ਬਹੁਤੀ ਜਾਣ ਪਛਾਣ ਨਹੀਂ ਸੀ ਇੱਥੇ। ਦੋ ਸਾਬਕਾ ਫੌਜੀਆਂ ਅਫਸਰਾਂ ਨੇ ਤਿਬੜੀ ਰੋਡ ਤੇ ਇਕ ਨਵਾਂ ਰੈਸਟੋਰੈਂਟ ਖੋਲਿਆ ਸੀ। ਸ਼ਾਮ ਨੂੰ ਅਕਸਰ ਉੱਥੇ ਕੌਫੀ ਪੀਣ ਜਾਂਦਾ ਹੁੰਦਾ ਸੀ, ਉਹ ਦੋਵੇਂ ਪਾਰਟਨਰ ਬੜੇ ਜ਼ਹੀਨ ਬੰਦੇ ਸਨ, ਡਾਢੇ ਮਿਲਾਪੜੇ ਤੇ ਰਸੀਏ ਗੱਲਕਾਰ। ਮੈਨੂੰ ਪਛਾਣ ਕੇ ਪਾਸ਼ ਵੀ ਰੁਕ ਗਿਆ। ਢੋਲਕੀ ਸਾਥੀਆਂ ਨੂੰ ਸੰਭਾਲ ਕੇ ਉਹ ਸਾਡੇ ਨਾਲ ਹੋ ਤੁਰਿਆ। ਕੌਫੀ ਪੀਂਦਿਆਂ ਇਧਰਲੀਆਂ ਉਧਰਲੀਆਂ ਗੱਲਾਂ ਦੌਰਾਨ ਪਾਸ਼ ਨੇ ਮੇਰੇ ਪਿੰਡ ਦਾ ਨਾਮ ਪੁੱਛਿਆ। ‘ਦੌਧਰ’ ਦਾ ਨਾਂ ਸੁਣਦਿਆਂ ਹੀ ਉਹ ਇਕਦਮ ਚੁਕੰਨਾ ਹੋ ਗਿਆ। ਮੈਂ ਲ਼ੱਖਣ ਲਾਇਆ ਕਿ ਉਹ ਲੋਕ ਗੀਤਾਂ ਦੇ ਹਵਾਲੇ ਨਾਲ ਮੇਰੇ ਪਿੰਡ ਵਾਲੀ ‘ਮਾਈ’, ਵੱਡੇ ਡੇਰੇ ਵਾਲੇ ‘ਸੂਰਮੇ ਸਿੰਘਾਂ’ ਜਾਂ ‘ਅਰਜਨ ਡਾਕੂ’ ਬਾਰੇ ਪੁੱਛੇਗਾ। ਪਰ ਮੇਰਾ ਅੰਦਾਜ਼ਾ ਗਲਤ ਨਿਕਲਿਆ। ਪਾਸ਼ ਨੇ ਆਪਣੀਆਂ ਵੱਡੀਆਂ ਵੱਡੀਆਂ ਅੱਖਾਂ ਮੇਰੇ ਚਿਹਰੇ ਤੇ ਗੱਡ ਦਿੱਤੀਆਂ, ਕੌਫ਼ੀ ਦਾ ਵੱਡਾ ਸਾਰਾ ਘੁੱਟ ਭਰਿਆ ਤੇ ਹਰਜੀਤ ਦੀ ਕਵਿਤਾ ਸੁਣਾਉਣ ਲੱਗਾ- “ਮਾਹਾਂ ’ਚ ਕੋਕੜੂਆਂ ਦੇ ਦਾਣੇ/ ਮਾਹਾਂ ਦੇ ਦਾਣਿਆਂ ਵਰਗੇ ਲਗਦੇ ਨੇ/…ਮੜੰਗਿਆਂ ਤੋਂ ਸਿਆਣਪ ਦਾ ਅੰਦਾਜ਼ਾ ਲਾਉਣਾ/ ਸਿਆਣਪ ਨਹੀਂ ਹੁੰਦੀ/…ਮੱਕੀ ਦੇ ਫਸਲ ਵਿੱਚ ਖੱਸੀ ਟਾਂਡੇ ਵੀ ਹੁੰਦੇ ਨੇ/…ਉਂਝ ਤਾਂ ਖੁਸਰੇ ਵੀ ਮਨੁੱਖਾਂ ਵਰਗੇ ਹੀ ਹੁੰਦੇ ਨੇ।” ਕੁਝ ਕੁ ਛਿਣ ਖਾਮੋਸ਼ ਰਹਿਣ ਬਾਅਦ ਪਾਸ਼ ਨੇ ਦੱਸਿਆ ਕਿ ਉਹ ਹਰਜੀਤ ਦੌਧਰੀਏ ਦੀ ਕਵਿਤਾ ਨਿਵੇਕਲੇ ਸ਼ਬਦ ਭੰਡਾਰ ਕਰਕੇ ਪੜ੍ਹਦਾ ਹੈ। ਅਜਮੇਰ ਔਲਖ ਦੱਸਦਾ ਹੁੰਦਾ ਸੀ ਕਿ, ‘ਜਦੋਂ ਡਾ. ਸੁਖਦੇਵ ਸਿੰਘ ਗੌਰਮਿੰਟ ਕਾਲਜ ਸਿਰਸੇ ਪੜਾਉਂਦੇ ਸਨ, ਉਨ੍ਹਾਂ ਨੇ ਸਿਰਸੇ ਮੇਰਾ ਨਾਟਕ ਕਰਵਾਇਆ, ਨਾਟਕ ਵਿੱਚ ਸਮੇਂ ਦੀ ਸੱਤਾ ਬਾਰੇ ਕੁੱਝ ਵਾਰਤਾਲਾਪ ਸਨ ਜਿਹੜੇ ਸਾਹਮਣੇ ਬੈਠੇ ਕੁੱਝ ਦਰਸ਼ਕਾਂ ਨੂੰ ਹਾਜ਼ਮ ਨਾ ਆਏ। ਸਾਨੂੰ ਨਾਟਕ ਅੱਧ ਵਿਚਕਾਰੋਂ ਬੰਦ ਕਰਨਾ ਪਿਆ। ਕੁੱਝ ਸਮੇਂ ਬਾਅਦ ਡਾ. ਸਾਬ੍ਹ ਮਾਨਸਾ ਪੈਸੇ ਦੇਣ ਆਏ, ਮੈਂ ਇਨਕਾਰ ਕਰਦਾ ਰਿਹਾ, ਉਹ ਧੱਕੇ ਨਾਲ ਮੇਰੇ ਘਰ ਪੈਸੇ ਦੇ ਗਿਆ। ਡਾ. ਸੁਖਦੇਵ ਸਿੰਘ ਰੰਗਮੰਚ ਨੂੰ ਪਿਆਰ ਕਰਨ ਵਾਲਾ ਬੰਦਾ ਹੈ ਜਿਸਨੇ ਆਪਣੀ ਜੇਬ ਵਿੱਚੋਂ ਪੈਸੇ ਦਿੱਤੇ।’ ਜਦੋਂ ਵੀ ਮੈਂ ਉਨਾਂ ਨੂੰ ਮਿਲਣ ਜਾਂਦਾ ਤਾਂ ਡਾ. ਸੁਖਦੇਵ ਸਿੰਘ ਦਾ ਜ਼ਿਕਰ ਚੱਲਦਾ। ਇਹ ਜ਼ਿਕਰ ਕਥਾ ਬਣ ਜਾਂਦੀ। ਜਿੱਥੇ ਜਿੱਥੇ ਔਲਖ਼ ਸਾਬ੍ਹ ਗੱਲ ਭੁੱਲ ਜਾਂਦੇ ਬੇਬੇ ਮਨਜੀਤ ਕੌਰ ਪੂਰੀ ਕਰ ਦਿੰਦੇ। ਜਦੋਂ ਮੈਂ ਉਨ੍ਹਾਂ ਨੂੰ ਮਿਲਣ ਫ਼ੋਰਟਸ ਗਿਆ ਤਾਂ ਬੇਬੇ ਮਨਜੀਤ ਕੌਰ ਨੇ ਪਹਿਲੀ ਗੱਲ ਡਾ. ਸੁਖਦੇਵ ਸਿੰਘ ਤੋਂ ਸ਼ੁਰੂ ਕਰੀ। ਕਹਿਣ ਲੱਗੇ, ‘ਗੁਰਦੀਪ, ਸੁਖਦੇਵ ਸਿੰਘ ਸਾਰਾ ਦਿਨ ਇੱਥੇ ਰਹੇ, ਜਿਸ ਦਿਨ ਉਨਾਂ ਵਿਦੇਸ਼ ਜਾਣਾ ਸੀ ਉਹ ਪਹਿਲਾਂ ਏਥੇ ਆਏ, ਫ਼ਿਰ ਪੰਜਾਬੀ ਬਚਾਉਣ ਦੀ ਮੁਹਿੰਮ ਲਈ ਧਰਨੇ ’ਚ ਗਏ, ਜਾਂਦੇ ਹੋਏ ਫ਼ਿਰ ਪਤਾ ਲੈ ਕੇ ਗਏ।’ ਕਾਵਿ-ਪੁਸਤਕ ਮੁਹੱਬਤਗਿਰੀ ਤੇ ਹੋਈ ਗੋਸ਼ਟੀ ਵਿੱਚ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ‘ਮੈਂ ਉਦਾਸ ਹਾਂ ਕਿ ਪੰਜਾਬੀ ਦਾ ਨਾਟਕਕਾਰ ਸਾਡੇ ਤੋਂ ਥੋੜ੍ਹਾ ਦੂਰ ਬੈਠਾ ਰੀੜ੍ਹ ਦੀ ਹੱਡੀ ਦਾ ਦਰਦ ਹੰਢਾ ਰਿਹਾ ਹੈ।’ ਉਸ ਕੋਲ ਬੰਦਿਆਈ ਹੈ ਅਤੇ ਉਸ ਅੰਦਰਲਾ ਦੌਧਰੀਆ ਜੱਟ ‘ਅਸਲੀ ਬੰਦਾ’ ਹੈ। ਅਜਮੇਰ ਔਲਖ ਦੀ ਮੌਤ ਤੋਂ ਮਹੀਨਾ ਬਾਅਦ ਉਹ ਮਾਨਸਾ ਆਇਆ। ਬੁਝਿਆ ਬੁਝਿਆ ਪਰ ਚਿੰਤਤ। ਉਸਨੇ ਚੁੱਪ ਤੋੜੀ-‘ਤੁਰ ਗਿਆ ਨਾਲ ਕਾਹਦਾ ਗਿਲ੍ਹਾ, ਹੁਣ ਆਪਾਂ ਸੋਚੀਏ ਵੀ ਉਹਦੀ ਯਾਦਗਰ ਕੀ ਬਣਾਈਏ।’ ਸਾਰਾ ਪਰਿਵਾਰ, ਮਾਨਸਾ ਦੇ ਅਦੀਬ ਅਤੇ ਅਸੀਂ ਕੁਝ ਉਸ ਦੇ ਵਿਦਿਆਰਥੀ।
‘ਹਾਂ ਬਈ ਮਨਜੀਤ ਸਿਆਂ ਤੂੰ ਦੱਸ।’ ਉਸਨੇ ਕਿਹਾ।
‘ਅਸੀਂ ਸੋਚਦੇ ਹਾਂ ਜੀ, ਬਈ ਮਾਨਸਾ ਵਿੱਚ ਕੋਈ ਅਜਿਹੀ ਯਾਦਗਰ ਬਣਾਈਏ, ਜਿੱਥੇ ਸਾਹਿਤਕ ਗਤੀਵਿਧੀਆਂ ਹੋਣ। ਅਜਿਹੀ ਥਾਂ ਮਾਨਸਾ ਵਿੱਚ ਹੈ ਨਹੀਂ।’-ਮਨਜੀਤ ਸਿੰਘ ਬੋਲਿਆ।
‘ਹਾਂ ਬਈ ਗੁਰਪ੍ਰੀਤ ਤੁਸੀਂ ਕੀ ਸੋਚਦੇ ਹੋਂ।’ ਉਸਨੇ ਸਾਹਿਤ ਅਦੀਬਾਂ ਨੂੰ ਫਰੋਲਣਾ ਚਾਹਿਆ।
‘ਸੁਖਦੇਵ ਸਿੰਘ ਜੀ, ਔਲਖ ਸਾਬ੍ਹ ਨੇ ਸਾਰੀ ਉਮਰ ਨਹਿਰੂ ਕਾਲਜ ਵਿੱਚ ਪੜ੍ਹਾਇਆ, ਉੱਥੇ ਹੀ ਕੁੱਝ ਬਣੇ ਜਾਂ ਫਿਰ ਉੱਥੇ ਓਪਨ ਏਅਰ ਥੀਏਟਰ ਬਣਿਆ ਹੋਇਆ, ਉਸਦਾ ਨਾਂ ਅਜਮੇਰ ਔਲਖ ਦੇ ਨਾਂ ਤੇ ਰੱਖ ਕੇ ਉਸ ਨੂੰ ਹੋਰ ਵਧੀਆ ਢੰਗ ਨਾਲ ਸਜਾ ਲਈਏ।’ ਗੁਰਪ੍ਰੀਤ ਨੇ ਮਾਨਸਾ ਦੇ ਅਦੀਬਾਂ ਦੀ ਗੱਲ ਰੱਖੀ।
‘ਹਾਂ ਬਈ ਨੌਜਵਾਨੋ, ਤੁਹਾਡੀ ਕੀ ਰਾਇ ਹੈ।’ ਉਸਦਾ ਇਸ਼ਾਰਾ ਸਾਡੇ ਵੱਲ ਸੀ।
‘ਜੀ, ਸਾਡੀ ਰਾਇ ਤਾਂ ਤੁਹਾਡੇ ਨਾਲ ਹੀ ਹੈ।’ ਜਸਮੇਲ ਸਿੰਘ ਬੋਲਿਆ।
‘ਮੈਂ ਸਮਝਦਾ ਅਸੀਂ ਛੋਟੀਆਂ ਸੋਚਾਂ ਵਿੱਚੋਂ ਨਿਕਲੀਏ। ਇੱਕ ਟ੍ਰਸਟ ਬਣਾਈਏ। ਉਸਦੇ ਸਰਪ੍ਰਸਤ ਮਨਜੀਤ ਕੌਰ ਨੂੰ ਬਣਾਈਏ ਤੇ ਨੌਂ ਮੈਂਬਰ ਹੋਰ ਬਣਾਈਏ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲੀਏ, ਘੱਟੋ ਘੱਟ ਦੋ ਏਕੜ ਜ਼ਮੀਨ ਚੰਡੀਗੜ੍ਹ ਜਾਂ ਪਟਿਆਲੇ ਲਈਏ। ਉੱਥੇ ਅਜਿਹੀ ਯਾਦਗਰ ਬਣਾਈਏ ਕਿ ਸਾਹਿਤ ਨਾਲ ਜੁੜੇ ਲੋਕ ਉੱਥੇ ਗੋਸ਼ਟੀਆਂ ਵੀ ਕਰਨ, ਬਾਹਰੋਂ ਆਇਆਂ ਲਈ ਰਿਹਾਇਸ਼ ਵੀ ਹੋਵੇ।’ ਉਸਨੇ ਆਪਣੀ ਗੱਲ ਕਹਿ ਦਿੱਤੀ।
ਅਸੀਂ ਸੋਚਦੇ ਸੀ ਬਈ ਮਾਨਸਾ ਬਣ ਜਾਵੇ। ਉਨ੍ਹਾਂ ਸ਼ਹਿਰਾਂ ਵਿੱਚ ਤਾਂ ਪਹਿਲਾਂ ਹੀ ਥਾਵਾਂ ਬਣੀਆਂ ਹੋਈਆਂ ਨੇ।’ ਸਾਹਮਣਿਓਂ ਰਲਵੀਂ ਮਿਲਵੀਂ ਆਵਾਜ਼ ਆਈ।
‘ਚਲੋ ਸੋਚ ਵਿਚਾਰ ਕਰੋ। ਜੋ ਵੀ ਰਾਇ ਬਣੇ ਦੱਸਿਓ। ਉਸ ਕੰਮ ਲਈ ਪਹਿਲੀ ਪਰਚੀ ਇੱਕ ਲੱਖ ਦੀ ਮੇਰੀ ਕੱਟਿਓ। ਫਿਰ ਆਪਾਂ ਸਾਹਿਤਕਾਰਾਂ ਕੋਲੋਂ ਲਵਾਂਗੇ। ਇਸ ਕੰਮ ਲਈ ਕੋਈ ਜਵਾਬ ਨਹੀਂ ਦੇਵੇਗਾ।’ ਉਸਨੇ ਕਿਹਾ।
ਅਸੀਂ ਸਾਰੇ ਚੁੱਪ ਸਾਂ। ਸਭ ਨੂੰ ਪਤਾ ਸੀ ਕਿ ਉਹ ਕੁਝ ਕਰਨ ਲਈ ਦਿਲੋਂ ਤਿਆਰ ਹੈ। ਸਿੱਧ ਹੋ ਗਿਆ ਕਿ ਉਹ ਅਦੀਬਾਂ ਲਈ ਸਭ ਕੁਝ ਲੁਟਾ ਸਕਦੈ। ਮੌਕਾ ਮਿਲੇ ਉਨ੍ਹਾਂ ਲਈ ਜਾਨ ਵਾਰ ਸਕਦੈ ਪਰ ਮੈਂ ਤੇ ਮੇਰੇ ਮਿੱਤਰਾਂ ਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਉਹ ਸਰਕਾਰ ਤੋਂ ਜ਼ਮੀਨ ਲੈਣ ਦੀ ਗੱਲ ਕਿਉਂ ਕਰਦਾ ਸੀ। ਔਲਖ ਤਾਂ ਸਾਰੀ ਉਮਰ ਆਪਣੇ ਆਪ ਨੂੰ ਸਰਕਾਰ ਵਿਰੋਧੀ ਸਮਝਦਾ ਰਿਹੈ। ਡਾ. ਸੁਖਦੇਵ ਸਿੰਘ ਜਦੋਂ ਕਿਸੇ ਨਾਲ ਧੱਕਾ ਹੁੰਦੇ ਤਾਂ ਉਸਨੂੰ ਇਨਸਾਫ ਦਿਵਾਉਣ ਲਈ ਲਈ ਹਿੱਕ ਠੋਕਦਾ ਹੈ। ਉਹ ਅਕਾਦਮਿਕ ਮਸਲਿਆਂ ਤੋਂ ਅਗਾਂਹ ਲੋਕਾਂ ਨਾਲ ਆਪਣਿਆਂ ਵਾਂਗ ਵਿਚਰਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਉਹ ਅਕਾਦਮੀ ਵਿੱਚ ਪ੍ਰਧਾਨਗੀ ਦੀ ਚੋਣ ਲੜਦਾ, ਹਰ ਇੱਕ ਲਈ ਪਸੰਦੀਦਾ ਹੈ। ਇੱਕ ਵਾਰੀ ਉਸਦੇ ਮੁਕਾਬਲੇ ਵਾਲਾ ਬੰਦਾ ਮੈਂ ਆਪ ਕਹਿੰਦਾ ਸੁਣਿਆ, ‘ਮੈਂ ਕਾਹਨੂੰ ਉਹਦੇ ਵਿਰੋਧ ਵਿੱਚ ਖੜਦਾ ਸੀ ਪਰ ਪੰਜੀ ਦੇਣੋ ਨ੍ਹੀ ਹਟੇ।’ ਉਹੀ ਗੱਲ ਉਸਦੇ ਵਿਰੋਧੀ ਨੂੰ ਗਿਣਤੀ ਦੀਆਂ ਵੋਟਾਂ ਪਈਆਂ। ਜਦੋਂ ਕੋਈ ਵਧੀਕੀ ਕਰਦੈ ਤਾਂ ਆਖਦਾ ‘ਮੈਂ ਜੱਟ ਦਾ ਪੁੱਤ ਨ੍ਹੀ ਜੇ ਉਹਨੂੰ ਬਾਹੋਂ ਫੜ ਕੇ ਬਾਹਰ ਨਾ ਕੱਢਿਆ।’ ਇਹ ਜੱਟ ਦਾ ਪੁੱਤ ਜੱਟਵਾਦ ਵਾਲਾ ਨਹੀਂ, ਕਿਸੇ ਨੂੰ ਇਨਸਾਫ ਦਿਵਾਉਣ ਵਾਲਾ ਹੈ। ਜਦੋਂ ਉਹਦੇ ਅੰਦਰਲਾ ਦੌਧਰੀਆਂ ਜੱਟ ਬੋਲਦੈ ਤਾਂ ਫਿਰ ਗੱਲਾਂ ਦੀ ਤਹਿ ਲੱਗਦੀ ਐ। ਕੋਲ ਬੈਠਣ ਵਾਲੇ ਸੁਣ ਕੇ ਹੈਰਾਨ ਵੀ ਹੋਈ ਜਾਂਦੇ ਨੇ ਤੇ ਅੰਦਰੋਂ ਅੰਦਰੀ ਹੱਸਦੇ ਵੀ ਨੇ। ਮੇਰੇ ਇਕ ਮਿੱਤਰ ਨੇ ਦੱਸਿਆ ਕਿ ਅਸੀਂ ਜਮਾਤ ਵਿੱਚ ਪਹਿਲੇ ਦਿਨ ਗਏ। ਡਾ. ਸਾਬ੍ਹ ਪੜਾਉਣ ਲੱਗਣ ਤੋਂ ਪਹਿਲਾਂ ਕਹਿੰਦੇ- ‘ਪੰਜ ਸ਼ੇਰ ਪੁੱਤ ਹੱਥ ਖੜੇ ਕਰੋ ਜਿੰਨ੍ਹਾਂ ਨੇ ਮੇਰੇ ਕੋਲ ਖੋਜ ਕਾਰਜ ਕਰਨੈ।’ ਅਸਲ ਵਿੱਚ ਉਹ ਸ਼ੇਰ ਪੁੱਤਾਂ ਲਈ ਆਪਣੇ ਸਾਥੀ ਅਧਿਆਪਕਾਂ ਨਾਲ ਲੜ ਪੈਂਦਾ ਹੈ। ਮੇਰਾ ਆੜੀ ਜਸਮੇਲ ਗਿੱਲ ਉਸ ਕੋਲ ਕਈ ਦਿਨ ਜਾਂਦਾ ਰਿਹਾ - ‘ਸਰ ਮੈਂ ਤੁਹਾਡੇ ਕੋਲ ਐਮ. ਫਿਲ ਦਾ ਥੀਸਿਸ ਲਿਖਣੈ’ ਉਸ ਨੂੰ ਵਾਪਿਸ ਮੁੜਨਾ ਪਿਆ ਕਰੇ। ਜਦੋਂ ਵਿਸ਼ਿਆਂ ਦੀ ਵੰਡ ਹੋਈ। ਫਿਰ ਆਪਣੇ ਸਾਥੀ ਅਧਿਆਪਕਾਂ ਨੂੰ ਕਹਿੰਦਾ, ‘ਇਸ ਮੁੰਡੇ ਨੂੰ ਕੰਮ ਮੈਂ ਕਰਵਾਉਣੈ, ਕਿਤੇ ਰੁਲ ਨਾ ਜਾਵੇ।’ ਆਪਣੇ ਵਿਿਦਆਰਥੀਆਂ ਨੂੰ ਉਹ ਬੇਥਾਹ ਮੁਹੱਬਤ ਕਰਦੈ। ਸਾਡੇ ਆਲੇ ਦੀਪਕ ਨਾਲ ਉਹਦਾ ਮੋਹ ਕੁਝ ਜ਼ਿਆਦਾ ਹੀ ਐ ਤਾਂਹੀ ਸੱਤ ਸਾਲ ਹੋ ਗਏ ਪੀਐੱਚ. ਡੀ. ਕਰਦੇ ਨੂੰ। ਕਦੇ ਘੂਰਿਆ ਈ ਨ੍ਹੀਂ। ਕਦੇ ਕਦੇ ਲੱਗਦੈ ਬਈ ਭੁੱਲ ਨਾ ਗਏ ਹੋਣ ਫਿਰ ਲੱਗਦੈ ਭੁਲੱਕੜਪੁਣਾ ਤਾਂ ਉਹਨਾਂ ਦੇ ਨੇੜ ਦੀ ਨ੍ਹੀਂ ਲੰਘਦਾ। ਡਾ. ਪਰਗਟ ਸਿੰਘ ਟਿਵਾਣੇ ਨੇ ਦੱਸਿਆ ਕਹਿੰਦਾ ਅਸੀਂ ਵਿਭਾਗ ਵਾਲੀ ਹੱਟ ਤੇ ਚਾਹ ਪੀ ਰਹੇ ਸਾਂ। ਡਾ. ਸਾਬ੍ਹ ਵੀ ਆ ਗਏ। ਆਉਣ ਸਾਰ ਹੀ -
‘ਹਾਂ ਬਈ ਕੁਲਵਿੰਦਰ, ਜਾ ਆਇਆ ਪਿੰਡ।’
‘ਨਹੀਂ ਸਰ, ਕੱਲ ਜਾਣਾ ਹੈ।’
‘ਅੱਛਾ, ਦਸ ਦਿਨਾਂ ਤੋਂ ਬਾਅਦ ਬੋਰੀ ਬਿਸਤਰਾ ਬੰਨ੍ਹ ਲਿਆ। ਮੈਨੂੰ ਵਿਭਾਗ ਵਿੱਚ ਆ ਕਿ ਮਿਲ ਲਵੀਂ। ਪੜ੍ਹਨ ਲਈ ਕਿਤਾਬਾਂ ਲਿਖ। ਸਹੀ ਮਹੀਨੇ ਬਾਅਦ ਸਨਾਪਸਿਸ ਲਿਖ ਕੇ ਲਿਆ। ਤੇਰੀ ਕਰਵਾਈਏ ਪੀਐੱਚ. ਡੀ।’
ਚੰਗੇ ਵਿਦਿਆਰਥੀਆਂ ਲਈ ਉਹ ਜਾਨ ਵਾਰ ਦਿੰਦੈ। ਆਪਣੇ ਵਿਦਿਆਰਥੀ ਲਈ ਕਿਸੇ ਨਜਦੀਕੀ ਨਾਲ ਵੀ ਲੜ੍ਹ ਪੈਂਦੇ। ਮੈਂ ਉਸਨੂੰ ਕਈ ਵਾਰ ਲੜਦੇ ਵੇਖਿਆ। ਲਿੱਚ ਕੜਿੱਚੀਆਂ ਵੀ ਉਸਨੂੰ ਪ੍ਰਵਾਨ ਨਹੀਂ। ਪੜ੍ਹਾਉਣ ਵੇਲੇ ਉਹ ਤੱਥਗਤ ਤੇ ਮੌਲਿਕ ਗੱਲਾਂ ਕਰਦੈ। ਪੜਾਉਂਦੇ ਪੜਾਉਂਦੇ ਬੱਚਿਆਂ ਨੂੰ ਸਵਾਲ ਕਰ ਲੈਂਦੈ। ਉਸ ਕੋਲ ਗੱਲ ਕਰਨ ਦਾ ਢੰਗ ਹੈ। ਸਾਡੀ ਪਹਿਲੀ ਕਲਾਸ ਸੀ ਜਦੋਂ ਉਸਨੇ ਸਾਡੇ ਸਾਹਮਣੇ ਖੜ੍ਹਕੇ ਬੋਲਣਾ ਸ਼ੁਰੂ ਕੀਤਾ।‘ਸਾਡੇ ਸਾਹਿਤ ਸ਼ਾਸਤਰੀ ਚਿੰਤਨ ਵਿੱਚ ‘ਆਧੁਨਿਕਤਾ’ ਅਤੇ ‘ਕਾਵਿਕਤਾ’ ਗੰਭੀਰ ਸੰਵਾਦ ਦਾ ਮੁੱਦਾ ਹਨ। ਪੰਜਾਬੀ ਸਾਹਿਤ ਦੇ ਸੰਦਰਭ ਵਿੱਚ ਆਧੁਨਿਕਤਾ ਦਾ ਆਰੰਭ ਕਿੱਥੋਂ ਮਿਥਿਆ ਜਾਵੇ? ਕਿਸ ਸਾਹਿਤਕ ਰਚਨਾ ਨੂੰ ‘ਕਵਿਤਾ’ ਅਤੇ ਕਿਸ ਨੂੰ ‘ਅਕਵਿਤਾ’ ਕਿਹਾ ਜਾਵੇ? ਅਰਥਾਤ ਕਾਵਿ ਦੀ ਹੋਂਦ ਵਿਧੀ ਦਾ ਆਧਾਰ ਕੀ ਹੈ? ਇਹ ਸਵਾਲ ਵਾਰ ਵਾਰ ਉੱਠਦੇ ਰਹੇ ਹਨ, ਕੁਝ ਹੱਦ ਤੱਕ ਅਜੇ ਵੀ ਸੁਲਘਦੇ ਹਨ।’ ਅਗਲੇ ਦਿਨ੍ਹਾਂ ਵਿੱਚ ਇਨ੍ਹਾਂ ਨਾਲ ਨਜਿੱਠਿਆ। ਕਵਿਤਾ ਬਾਰੇ ਸਟੀਕ ਟਿੱਪਣੀਆਂ। ਉਨ੍ਹਾਂ ਦਿਨ੍ਹਾਂ ਵਿੱਚ ਅਸੀਂ ਅਜੇ ਤੁਰੇ ਸਾਂ ਅਤੇ ਨਵੇਂ ਸਾਂ। ਕਿਸੇ ਗੱਲ ਬਾਰੇ ‘ਅਸਹਿਮਤੀ’ ਬਣਦੀ ਹੀ ਨਹੀਂ ਸੀ। ਇੱਕ ਵਾਰ ਡਾ. ਜਗਜੀਤ ਸਿੰਘ ਦੀ ਜਮਾਤ ਵਿੱਚ ਇਹ ‘ਅਸਹਿਮਤੀ’ ਸ਼ਬਦ ਆਇਆ ਪਰ ਫਿਰ ਤਾਂ ਭੁੱਲ ਕੇ ਵੀ ਨਹੀਂ। ਡਾ. ਜਗਜੀਤ ਸਿੰਘ ਨੇ ਕਿਹਾ-‘ਵਾਰਿਸ ਦੀ ਹੀਰ ਬਾਰੇ ਕਿਸੇ ਨੁੰ ਕੋਈ ਰਮਜ਼ ਹੋਵੇ।’ ਮੇਰੇ ਨਾਲ ਬੈਠਾ ਰਸ਼ਪਾਲ ਕਹਿਣ ਲੱਗਿਆ-‘ਸਰ, ਹੀਰ ਤਾਂ ਭਾਗਭਰੀ ਹੀ ਹੈ, ਜੋ ਵਾਰਿਸ ਦੀ ਮਹਿਬੂਬ ਸੀ।’ ਡਾ. ਸਾਬ੍ਹ ਕਹਿਣ ਲੱਗੇ-‘ਭਾਗਭਰੀ ਕਿੱਥੋਂ ਆ ਗਈ, ਸੱਤਿਆਨਾਸ ਕਰ ਤਾ ਸਾਰੇ ਲੈਕਚਰ ਦਾ।’ ਸ਼ਾਇਦ ਪੂਰੇ ਕੋਰਸ ਵਿੱਚ ਪਹਿਲੀ ਪਹਿਲਕਦਮੀ ਸੀ। ਡਾ. ਸੁਖਦੇਵ ਸਿੰਘ ਦੀ ਜਮਾਤ ਵਿੱਚ ਤਾਂ ਚਿੜੀ ਵੀ ਪੁੱਛ ਕੇ ਉੱਠਦੀ ਬੈਠਦੀ ਸੀ। ਉਸਦੀਆਂ ਕਵੀਆਂ ਬਾਰੇ ਕੁੱਝ ਟਿੱਪਣੀਆਂ-
‘ਭਾਈ ਵੀਰ ਸਿੰਘ ਉਸ ਸ਼ਹਿਰੀ ਮੱਧਵਰਗ ਦਾ ਬੁਲਾਰਾ ਸੀ, ਜਿਸਦੀ ਟੇਕ ਸੰਘਰਸ਼ ਦੀ ਥਾਂ ਸਮਝੌਤੇ ਉੱਪਰ ਸੀ। ਇਸ ਅਪਸਾਰਵਾਦੀ ਰੁਚੀ ਕਾਰਨ ਉਹ ਦਰਪੇਸ਼ ਸਮੱਸਿਆਵਾਂ ਦਾ ਹੱਲ ਇਤਿਹਾਸਿਕ ਸਮਾਜਿਕ ਸੰਦਰਭ ਵਿੱਚ ਲੱਭਣ ਦੀ ਥਾਂ ਅਧਿਆਤਮਿਕ ਧਰਾਤਲ ਉੱਪਰ ਹੀ ਭਾਲਦਾ ਸੀ।’
‘ਪੂਰਨ ਸਿੰਘ ਨੇ ਪੰਜਾਬੀ ਕਵਿਤਾ ਨੂੰ ਸੰਪਰਦਾਇਕ ਉਦੇਸ਼ ਦੀ ਅਧੀਨਗੀ ਤੋਂ ਮੁਕਤ ਕੀਤਾ। ਉਸਦੀ ਮਾਨਵਵਾਦੀ ਦ੍ਰਿਸ਼ਟੀ ਨੂੰ ਮਨੁੱਖੀ ਸੰਦਰਭ ਤੋਂ ਵਿਛੁੰਨਿਆਂ ਨਾ ਰੱਬ ਪ੍ਰਵਾਨ ਹੈ, ਨਾ ਧਰਮ, ਨਾ ਕਲਾ। ਉਸਨੂੰ ਨਾ ਮਨੁੱਖ ਦੀ ਮਨੁੱਖਤਾ ਤੇ ਵੱਡਾ ਰੱਬ ਪ੍ਰਵਾਨ ਹੈ , ਨਾ ਮਨੁੱਖੀ ਖ਼ਾਹਸ਼ਾਂ ਦਾ ਗਲਾ ਘੁੱਟਣ ਵਾਲਾ ਧਰਮ।’
ਗੱਲ ਨੂੰ ਮਲਵਈਆਂ ਵਾਂਗ ਘੋਟ ਕੇ ਕਰਦੈ-‘ ਔਲਖ ਦਾ ਥੀਏਟਰ ਰਾਜਨੀਤਿਕ ਜਾਗਰਣ ਦਾ ਥੀਏਟਰ ਹੈ।’
ਇਸ ਤਰ੍ਹਾਂ ਦੀਆਂ ਅਨੇਕਾਂ ਟਿੱਪਣੀਆਂ ਉਸਦੇ ਚਿੰਤਨ ਵਿੱਚੋਂ ਮਲਵਈਆਂ ਦੇ ਕਹਿਣ ਵਾਂਗ ‘ਕੱਚੀ ਕੰਧ ਤੋਂ ਲਿਓੜ ਲਹਿਣ ਵਾਂਗ’ ਨਿਕਲਦੀਆਂ ਸੀ।
ਡਾ. ਸਰਬਜੀਤ ਕੌਰ ਸੋਹਲ ਦੀ ਪੁਸਤਕ ਮੁਹੱਬਤਗਿਰੀ ਉੱਪਰ ਗੋਸ਼ਟੀ ਸਮੇਂ ਮਾਨਸਾ ਬਚਤ ਭਵਨ ਵਿੱਚ ਉਸਦੀ ਪ੍ਰਧਾਨਗੀ ਸੀ। ਮੰਨੇ ਪ੍ਰਵੰਨੇ ਵਿਦਵਾਨਾਂ ਦਾ ਇਕੱਠ। ਮੇਰੇ ਵਰਗੇ ਬੰਦੇ ਦਾ ਉੱਥੇ ਕੀ ਬਣਨਾ ਸੀ ਪਰ ਪੇਪਰ ਪੜ੍ਹਨ ਵਾਲਿਆ ਤੋਂ ਬਾਅਦ ਮੈਂ ਬਹਿਸ ਆਰੰਭਣੀ ਸੀ। ਸੰਚਾਲਕ ਨੇ ਮੇਰਾ ਨਾਮ ਬੋਲਿਆ। ਮੈਂ ਸ਼ੁਰੂ ਕੀਤਾ-
‘ਜਿਵੇਂ ਬੀਬਾ ਜੀ ਨੇ ਪੇਪਰ ਪੜ੍ਹਦਿਆਂ ਡਾ. ਸੋਹਲ ਦਾ ਸਿਹਰਾ ਪੜ੍ਹਿਆ, ਇਸ ਵਿੱਚ ਏਨੀ ਗੱਲ ਨਹੀਂ। ਹੱਦ ਹੋ ਗਈ ਬੀਬਾ ਜੀ ਕਹਿੰਦੇ ਕਿ ਇਸ ਪੁਸਤਕ ਨੇ ਇਤਿਹਾਸ ਸਿਰਜਿਆ ਪਰ ਮੈਨੂੰ ਤਾਂ ਇਸ ਦੀਆਂ (ਕੁਝ ਕਵਿਤਾਵਾਂ ਦੇ ਨਾਵਾਂ ਦੇ ਹਵਾਲੇ ਨਾਲ) ਕਵਿਤਾਵਾਂ ਨਹੀਂ ਲੱਗੀਆਂ। ਵਿਆਹ ਚੰਗੀ ਜਾਤ ਦੇ ਬਿੱਲੇ ਨਾਲ ਕਰਵਾਉਣੈ ਚਾਹੀਦੈ। ਇਹ ਕਿੱਧਰ ਦੀ ਕਵਿਤੈ। ਜੇ ਅਸੀਂ ਕੁਝ ਨਵਾਂ ਕਰਨੈ ਤਾਂ ਸਿਹਰੇ ਪੜ੍ਹਨੇ ਬੰਦ ਕਰੀਏ।’ ਕੁਝ ਹੋਰ ਨੁਕਤੇ ਸਨ।
ਹਾਲ ਤਾੜੀਆਂ ਨਾਲ ਗੂੰਜ ਉੱਠਿਆ।
ਮੇਰੇ ਤੋਂ ਬਾਅਦ ਲਾਭ ਸਿੰਘ ਖੀਵਾ ਜੀ ਬੋਲੇ - ‘ਨਵੇਂ ਮੁੰਡਿਆਂ ਨੇ ਕੁਝ ਪੜ੍ਹਿਆ ਨਹੀਂ ਹੁੰਦਾ, ਸਿਰਫ ਭੰਡੀ ਪ੍ਰਚਾਰ ਹੀ ਕਰਨਾ ਹੁੰਦੈ। ਮੇਰੀ ਸਲਾਹ ਕਾਕਾ ਜੀ ਤੁਸੀਂ ‘ਸੁਨਹਿਰਾ ਗੁਲਾਬ’ ਪੜ੍ਹੋ।’
ਪ੍ਰਧਾਨਗੀ ਭਾਸ਼ਣ ਸ਼ੁਰੂ ਹੋਇਆ- ‘ਗੁਰਦੀਪ ਸਿੰਘ ਨੇ ਜਿਹੜੀਆਂ ਗੱਲਾਂ ਕਰੀਆਂ, ਉਨ੍ਹਾਂ ’ਤੇ ਗੌਰ ਕਰਨੀ ਚਾਹੀਦੀ ਆ। ਅਜਿਹੇ ਮੌਕੇ ਜਦੋਂ ਕਵੀ ਸਾਹਿਤ ਅਕਾਦਮੀ ਦਾ ਪ੍ਰਧਾਨ ਹੋਵੇ, ਕੋਈ ਵਿਰਲਾ ਬੋਲਦੈ। ਦੇਸ਼ ਧਰੋਹੀ ਹੋਣ ਤੋਂ ਨਾ ਡਰਨਾ ਮੈਨੂੰ ਪਸੰਦ ਆਇਆ।’
ਮੈਨੂੰ ਲੱਗਿਆ ਮੈਂ ਡਾ. ਸੁਖਦੇਵ ਸਿੰਘ ਦਾ ਮਾਣ ਰੱਖਿਐ। ਜਾਂਦੇ ਜਾਂਦੇ ਮੈਨੂੰ ਇੱਕ ਹਰਜੀਤ ਦੌਧਰੀਏ ਦੀ ਸੰਪਾਦਤ ਕਿਤਾਬ ‘ਦਰਸ਼ਨ’ ਪਿਆਰ ਵਿੱਚ ਦੇ ਗਏ।
ਜਿੰਨੀ ਦਿਨੀਂ ਮੈਂ ਵਿਭਾਗ ਵਿੱਚ ਪੜ੍ਹਦਾ ਸੀ ਉਨ੍ਹੀਂ ਦਿਨੀਂ ਇੱਕ ਮਲੋਟ ਵੱਲ ਦਾ ਮੁੰਡਾ ਪੌੜੀਆਂ ਤੋਂ ਸਾਹ ਚੜ੍ਹਦੇ ਚੜ੍ਹਦੇ ਉਨ੍ਹਾਂ ਕੋਲ ਆਇਆ। ਉਹ ਵਿਭਾਗ ਤੋਂ ਬਾਹਰ ਨਿਕਲ ਰਹੇ ਸੀ। ਕਹਿੰਦਾ-
‘ਸਰ, ਸਤਿ ਸ੍ਰੀ ਅਕਾਲ ਜੀ।’
‘ਜੀ’- ਡਾ. ਸੁਖਦੇਵ ਸਿੰਘ ਦਾ ਜਵਾਬ ਸੀ।
‘ਸਰ, ਮੈਂ ਕਿਤਾਬ ਸੰਪਾਦਿਤ ਕਰ ਰਿਹਾਂ। ਤੁਹਾਡੇ ਤੋਂ ਸਰਵਰਕ ਲਿਖਵਾਉਣਾ ਸੀ।’
‘ਮੈਨੂੰ ਐਨਾ ਵਿਹਲਾ ਸਮਝ ਲਿਆ, ਮੇਰੇ ਕੋਲ ਹਜ਼ਾਰਾਂ ਕੰਮ ਨੇ। ਮੇਰੇ ਕੋਲ ਮਰਨ ਦੀ ਵਿਹਲ ਨਹੀਂ।’
ਵਿਭਾਗ ਦੀ ਗੈਲਰੀ ਵਿੱਚ ਸੰਨਾਟਾ ਸੀ। ਡਾ. ਸੁਖਦੇਵ ਦੇ ਮਗਰ ਮਗਰ ਅਸੀਂ ਵੀ ਪੌੜੀਆਂ ਉੱਤਰ ਆਏ। ਇਸ ਵਾਰ ਜਦੋਂ ਮੈਂ ਸਰਵਰਕ ਲਿਖਵਾਉਣਾ ਸੀ, ਮੇਰੇ ਉਹੀ ਘਟਨਾ ਯਾਦ ਆਈ, ਕਈ ਦਿਨ। ਫਿਰ ਇੱਕ ਸ਼ਾਮ ਮੈਂ ਫੋਨ ਕਰਿਆ। ਕਹਿਣ ਲੱਗੇ ‘ਦਸ ਕੁ ਦਿਨਾਂ ਨੂੰ ਫੋਨ ਕਰੀਂ।’ ਜਦੋਂ ਮੈਂ ਦਸਵੇਂ ਦਿਨ ਫੋਨ ਕਰਿਆ ਕਹਿੰਦੇ ‘ਕਾਪੀ ਪੈੱਨ ਲੈ ਤੇ ਲਿਖ।’ ਉਹ ਬੋਲੀ ਗਏ ਮੈਂ ਉਤਾਰਾ ਕਰੀ ਗਿਆ। ਸ਼ਬਦ ਸਨ- ‘ਗੁਰਪ੍ਰੀਤ ਅਸਲੋਂ ਨਿਵੇਕਲੇ ਕਾਵਿ ਮੁਹਾਵਰੇੇ ਵਾਲਾ ਸ਼ਾਇਰ ਹੈ। ਉਸਨੇ ਪੰਜਾਬੀ ਕਵਿਤਾ ਦੇ ਸਮਕਾਲੀ ਸੰਦ੍ਰਿਸ਼ ਵਿੱਚ ਨਵੀਂ ਸਪੇਸ ਸਿਰਜੀ ਹੈ। ਉਸਦੀ ਕਵਿਤਾ ਨੂੰ ਸਨਾਤਨੀ ਕਾਵਿ-ਅਭਿਆਸੀ ਵਾਂਗ ਨਹੀਂ ਪੜ੍ਹਿਆ ਜਾ ਸਕਦਾ। ਨਾ ਹੀ ਕਾਵਿ ਸ਼ਾਸਤਰੀ ਚਿੰਤਨ ਤੋਂ ਪ੍ਰਾਪਤ ਅੰਤਰ ਦ੍ਰਿਸ਼ਟੀਆਂ ਨਾਲ ਉਸਦੀ ਕਵਿਤਾ ਨੂੰ ਮਾਪਿਆ ਜਾ ਸਕਦਾ ਹੈ। ਉਸਨੇ ਕਾਵਿ ਵਸਤੂ ਅਤੇ ਕਾਵਿ ਸ਼ਿਲਪ ਦੋਹਾਂ ਨੂੰ ਨਵੇਂ ਸਿਿਰਓਂ ਪਰਿਭਾਸ਼ਿਤ ਕੀਤਾ ਹੈ। ਉਹ ਜਦੋਂ ਵਿਸ਼ਵ ਤੇ ਰਾਸ਼ਟਰੀ ਪੱਧਰ 'ਤੇ ਦਰਪੇਸ਼ ਰਾਜਸੀ, ਸਮਾਜਿਕ ਅਤੇ ਸੱਭਿਆਚਾਰਕ ਮਸਲਿਆਂ ਨੂੰ ਮੁਖ਼ਾਤਿਬ ਹੁੰਦਾ ਹੈ ਤਾਂ ਉਸਦੀ ਸਿਰਜਣਾਤਮਕ ਊਰਜਾ ਤੇ ਉਸਦੀ ਤਬਾਅ ਦੇ ਜਲੌਅ ਨੂੰ ਕੋਈ ਬੰਨ੍ਹ ਨਹੀਂ ਮਾਰਿਆ ਜਾ । ਪੰਜਾਬੀ ਕਾਵਿ ਪਰੰਪਰਾ ਨਾਲ ਉਸਦਾ ਰਿਸ਼ਤਾ ਪਿਛਲੱਗ ਵਾਲਾ ਨਹੀਂ, ਸੰਦੇਹ ਭਾਵੀ ਜਗਿਆਸੂ ਵਾਲਾ ਹੈ। ਉਹ ਸੁਸਤ ਕਾਵਿ ਪਾਠੀ ਜਾਂ ਉਪਭੋਗੀ ਲਈ ਅੱਖਰ ਨਹੀਂ ਬੀੜਦਾ ਸਗੋਂ ਉਹ ਸ਼ਬਦਾਂ ਦੀਆਂ ਅਜਿਹੀਆਂ ਬਹੁ ਆਯਾਮੀ ਅਰਥ ਸੰਭਾਵਨਾਵਾਂ ਨੂੰ ਜਗਾ ਦਿੰਦਾ ਹੈ ਜਿਸ ਨਾਲ ਰਚਨਾਤਮਕ ਨਾਤਾ ਜੋੜੇ ਬਿਨਾਂ ਉਸਦੀ ਕਵਿਤਾ ਨਾਲ ਨਹੀਂ ਤੁਰਿਆ ਜਾ ਸਕਦਾ।
‘ਗੁਰਪ੍ਰੀਤ ਦੇ ਨਾਲ ਨਾਲ ਤੁਰਦਿਆਂ’ ਪੁਸਤਕ ਗਰਪ੍ਰੀਤ ਦੇ ਬਹੁ ਨਾਦੀ ਕਾਵਿ ਪ੍ਰਵਚਨ ਨੂੰ ਸਮਝਣ ਲਈ ਨਵੀਂ ਕਿਸਮ ਦਾ ਰਚਨਾਤਮਿਕ ਹੁੰਗਾਰਾ ਹੈ। ਇਸ ਵਿੱਚ ਪੰਜਾਬੀ ਦੇ ਨਾਮੀ ਕਾਵਿ ਚਿੰਤਕਾਂ ਦੇ ਪ੍ਰਤਿ ਹੁੰਗਾਰੇ ਵੀ ਹਨ ਅਤੇ ਕੁਝ ਕੁ ਸੂਖ਼ਮ ਬਿਰਤੀ ਵਾਲੇ ਕਵੀਆਂ ਦੇ ਗੁਰਪ੍ਰੀਤ ਦੀ ਕਵਿਤਾ ਨਾਲ ਸੰਵਾਦ ਵੀ ਸ਼ਾਮਿਲ ਹਨ। ਮੈਨੂੰ ਯਕੀਨ ਹੈ ਕਿ ਇਹ ਪੁਸਤਕ ਗੁਰਪ੍ਰੀਤ ਦੀ ਸ਼ਬਦ ਸਾਧਨਾ ਨੂੰ ਨਵੇਂ ਸਿਰਿਓਂ ਵਿਚਾਰਨ ਲਈ ਰਚਨਾਤਮਿਕ ਉਤੇਜਨਾ ਵੀ ਪੈਦਾ ਕਰੇਗੀ ਅਤੇ ਸ਼ਾਇਰ ਗੁਰਪ੍ਰੀਤ ਨੂੰ ਆਪਣੇ ਅੰਦਰ ਝਾਕਣ ਵਾਲੀ ਅੰਤਰ ਦ੍ਰਿਸ਼ਟੀ ਵੀ ਪ੍ਰਦਾਨ ਕਰੇਗੀ।’ ਬਹੁਤ ਹੋ ਗਿਆ ਕਿ ਹੋਰ ਬੋਲਾਂ। ‘ਬਹੁਤ ਹੈ ਸਰ ਜੀ।’
ਉਹ ਭੁਲੱਕੜ ਨਹੀਂ ਪਰ ਉਸਦੇ ਵਿਦਿਆਰਥੀਆਂ ਨੂੰ ਲੱਗਦੈ। ਪੀਰੋ ਪ੍ਰੇਮਣ ਤੇ ਐੱਮ. ਫ਼ਿਲ਼ ਦਾ ਥੀਸਿਸ ਲਿਖਣ ਲੱਗਿਆਂ ਬਲਜਿੰਦਰ ਸਿੰਘ ਸਾਡੇ ਕੋਲ ਯੂਨੀਵਰਸਿਟੀ ਗਿਆ। ਅਸੀਂ ਵਿਭਾਗ ਵਿੱਚ ਡਾ. ਸਾਬ੍ਹ ਨੂੰ ਮਿਲਣ ਚਲੇ ਗਏ। ਬਲਜਿੰਦਰ ਸਿੰਘ ਨੂੰ ਕੁੱਝ ਕਿਤਾਬਾਂ ਦੀ ਜ਼ਰੂਰਤ ਸੀ।
ਡਾ. ਸੁਖਦੇਵ ਸਿੰਘ ਨੇ ਕਿਹਾ- ‘ਕਿਤਾਬਾਂ ਘਰ ਪਈਆਂ। ਕੱਲ ਸਵੇਰੇ ਮੈਂ ਦਸ ਵਜੇ ਵਿਭਾਗ ਵਿੱਚ ਆਉਣੈ, ਲੈ ਜਾਇਓ।’
ਅਸੀਂ ਅੱਧੀ ਰਾਤ ਤੱਕ ਅੰਬ ਤੋੜਦੇ ਰਹੇ। ਕਈ ਅੰਬ ਡਿੱਗਣ ਸਾਰ ਫਿਸ ਜਿਆ ਕਰਨ। ਬਲਜਿੰਦਰ ਕਹਿੰਦਾ-‘ਅੰਬ ਚੋਟਲ ਹੋ ਗਿਆ।’ ਸਵੇਰ ਹੋਈ। ਬਲਜਿੰਦਰ ਕਹਿੰਦਾ ‘ਸਰ ਕੋਲ ਹਜ਼ਾਰਾਂ ਕੰਮ ਨੇ, ਕਿਤੇ ਭੁੱਲ ਨਾ ਗਏ ਹੋਣ, ਮੈਂ ਯਾਦ ਨਾ ਕਰਾ ਦੇਵਾਂ।’
ਪੰਦਰਾਂ ਮਿੰਟ ਤਾਂ ਸੋਚੀ ਗਿਆ। ਫਿਰ ਅਖੀਰ ਫੋਨ ਲਾ ਲਿਆ। ਅਜੇ ਤੀਜੀ ਕੁ ਬੈੱਲ ਗਈ ਸੀ। ਫੋਨ ਚੁੱਕ ਲਿਆ।
ਅੱਗਿਓਂ ਆਵਾਜ਼ ਆਈ- ‘ਹਾਂ ਜੀ।’
‘ਸਰ ਮੈਂ ਬਲਜਿੰਦਰ ਸਿੰਘ ਬੋਲਦਾਂ।’ ਅੱਧੀ ਗੱਲ ਤਾਂ ੳੇਹ ਭੁੱਲ ਗਿਆ ਡਰਦਾ।
‘ਹਾਂ ਬੋਲ।’
‘ਕਿਤਾਬਾਂ…………..।’
‘ਮੈਨੂੰ ਭੁਲੱਕੜ ਸਮਝ ਰੱਖਿਐ, ਲਿਆਂਦੀਆਂ।’
ਬਲਜਿੰਦਰ ਰਾਤ ਵਾਲੇ ਅੰਬਾਂ ਵਾਂਗੂੰ ਚੋਟਲ ਹੋਇਆ ਖੜਾ ਸੀ। ਮੈਂ ਤੇ ਗਿੱਲ ਹੱਸ ਹੱਸ ਦੂਹਰੇ ਹੋ ਗਏ।
ਮੇਰੇ ਨਾਲ ਪੜ੍ਹਾਉਂਦੀ ਰਮਨਦੀਪ ਪਿਛਲੇ ਦਿਨੀਂ ਯੂਨੀਵਰਸਿਟੀ ਗਈ। ਵਿਭਾਗ ਵਿੱਚ ਡਾ. ਸਾਬ੍ਹ ਮਿਲੇ।
‘ਹਾਂ, ਮੇਰੀ ਗੱਲ ਹੋ ਗਈ ਐ, ਡਾਕਟਰ ਸੇਠੀ ਨਾਲ। ਅੱਜ ਚੈਪਟਰ ਵੰਡ ਕਰ ਦਿੰਨੇ ਆਂ।’ - ਸੁਖਦੇਵ ਸਿੰਘ ਬੋਲੇ।
‘ਸਰ। ਅੱਜ ਮੇਰੀ ਪ੍ਰੀ ਆਰ ਡੀ ਸੀ ਹੈ।’ - ਅੱਗਿਓਂ ਰਮਨ ਨੇ ਕਿਹਾ।
ਇਹ ਗੱਲ ਉਂਝ ਗੰਭੀਰ ਬਹੁਤ ਐ। ਸਮਝਣ ਵਾਲੇ ਸਮਝਦੇ ਨੇ।
ਉਸਦੇ ਕਮਰੇ ਅੱਗੇ ਮਿਲਣ ਵਾਲਿਆ ਦਾ ਤਾਂਤਾ ਲੱਗਿਆ ਰਹਿੰਦੈ। ਵਿਭਾਗ ਵਿੱਚ ਉਹ ਮਿੰਟ ਵਿਹਲੇ ਨਹੀਂ ਹੁੰਦੇ। ਕਦੇ ਕਿਸੇ ਦਾ ਥੀਸਿਸ ਵੇਖ ਰਹੇ ਹੁੰਦੇ ਨੇ, ਕਦੇ ਪੜ੍ਹ ਰਹੇ ਹੁੰਦੇ ਨੇ। ਵਿਦੇਸ਼ਾਂ ਤੋਂ ਚੰਡੀਗੜ੍ਹ ਠਹਿਰਣ ਵਾਲਿਆਂ ਦੀ ਪਹਿਲੀ ਮਿਲਣੀ ਏਸ ਬੰਦੇ ਨਾਲ ਹੀ ਹੁੰਦੀ ਆ। ਮਿਲਣ ਵਾਲੇ ਬੰਦੇ ਬਾਰੇ ਉਸਦੇ ਕਈ ਪ੍ਰਤੀਕਰਮ ਹੁੰਦੇ ਨੇ। ਇੱਕ ਦਿਨ ਮੈਂ ਵਿਭਾਗ ਗਿਆ। ਪੰਜ ਛੇ ਵਿਿਦਆਰਥੀ ਮੇਰੇ ਤੋਂ ਪਹਿਲਾਂ ਕਮਰੇ ਅੱਗੇ ਖੜੇ ਸਨ। ਅਚਾਨਕ ਉਹ ਉੱਠ ਕੇ ਬਾਹਰ ਆਏ। ‘ਹਾਂ ਬਈ ਗੁਰਦੀਪ, ਆ ਪਹਿਲਾਂ ਤੂੰ ਆ ਤੇਰਾ ਕੰਮ ਕਰੀਏ।’ ਫਿਰ ਚਾਹ ਦੀਆਂ ਚੁਸਕੀਆਂ ਦੇ ਨਾਲ ਨਾਲ ਗੱਲਾਂ ਕਰਦੇ ਰਹੇ। ਇੱਕ ਦਿਨ ਵਿਭਾਗ ਦਾ ਇੱਕ ਵਿਿਦਆਰਥੀ ਉਨ੍ਹਾਂ ਨੂੰ ਮਿਲਣ ਗਿਆ। ਕਈ ਵਾਰੀ ਪੁੱਛ ਲਿਆ।
‘ਸਰ, ਆ ਜੀਏ ਜੀ।’
‘ਖੜੋ ਜਾ, ਪੈਰਾਂ ਥੱਲੇ ਅੱਗ ਮੱਚਦੀ ਆ।’
ਉਸਨੂੰ ਜਾਣਨ ਵਾਲੇ ਜਾਣਦੇ ਹਨ ਕਿ ਉਹ ਫੱਕਰ ਬੰਦੈ। ਖ਼ਰਾ ਸੋਨਾ। ਬੇਬਾਕ। ਮਾਲਵੇ ਵਾਲਿਆਂ ਦੇ ਕਹਿਣ ਵਾਂਗ ਮੂੰਹ ਫੱਟ। ਕੋਰਾ। ਗੋਲ ਮੋਰੀ ਵਿੱਚ ਚੌਰਸ ਕਿੱਲ ਠੋਕਣ ਵਾਲਾ ਮਲਵਈ। ਜਿੱਥੇ ਖੜ੍ਹ ਗਿਆ ਫਿਰ ਆਰ ਜਾਂ ਪਾਰ। ਗਰਮੀਆਂ ਦੇ ਦਿਨ ਸੀ ਮੈਂ ਤੇ ਗਿੱਲ ਵਿਭਾਗ ਦੀਆਂ ਪੌੜੀਆਂ ਚੜ੍ਹ ਰਹੇ ਸਾਂ। ਇੱਕ ਬਜੁਰਗ ਕਿਸੇ ਗੱਭਰੂ ਦਾ ਸਹਾਰਾ ਲੈ ਕੇ ਪੌੜੀਆਂ ਚੜ੍ਹ ਰਿਹਾ ਸੀ। ਅਸੀਂ ਲੰਘਣ ਲੱਗੇ। ਸਾਨੂੰ ਰੋਕ ਕੇ ਕਹਿੰਦਾ-
‘ਮੁੰਡਿਓ! ਇੱਥੇ ਵਿਭਾਗ ਦਾ ਮੁਖੀ ਕੌਣ ਹੈ?’ ਉਸਦੇ ਬੋਲਣ ਦੇ ਅੰਦਾਜ਼ ਤੋਂ ਲੱਗਦਾ ਸੀ ਕਿ ਉਹ ਕਿਸੇ ਧਿਰ ਦਾ ਬੁਲਾਰਾ ਹੈ।
‘ਜੀ, ਡਾ. ਸੁਖਦੇਵ ਸਿੰਘ’ ਅਸੀਂ ਅਜੇ ਤਖ਼ੱਲਸ ਸਿਰਸਾ ਲਾਇਆ ਨਹੀਂ ਸੀ।
ਅੱਛਾ, ਡਾ. ਸਿਰਸਾ……ਜ਼ਿੰਦਾਬਾਦ…….ਜ਼ਿੰਦਾਬਾਦ……।’ ਉਸਨੇ ਦੋ ਵਾਰ ਜ਼ਿੰਦਾਬਾਦ ਕਹਿ ਕੇ ਗੱਭਰੂ ਦਾ ਸਹਾਰਾ ਛੱਡ ਤਾਂ ਜਿਵੇਂ ਉਸਨੂੰ ਕੋਈ ਸਦੀਆਂ ਪੁਰਾਣੀ ਗੁਆਚੀ ਤਾਕਤ ਲੱਭੀ ਹੋਵੇ।
‘ਸਤਿ ਸ਼੍ਰੀ ਅਕਾਲ ਜੀ, ਸਰ ਮੈਂ ਤੁਹਾਡੇ ਕੋਲ ਐੱਮ.ਫਿਲ ਦਾ ਖੋਜ ਕਾਰਜ ਕਰਨਾ ਚਾਹੁੰਦਾ ਹਾਂ’ ਡਰਦੇ ਡਰਦੇ ਨੇ ਮੈਂ ਇਹ ਸ਼ਬਦ ਮਸਾਂ ਕਹੇ। ਮੇਰੀ ਆਵਾਜ਼ ਜਿਵੇਂ ਕੁਦਰਤ ਨੇ ਖੋਹ ਲਈ ਹੋਵੇ।‘ਵੇਖਦੇ ਹਾਂ, ਕੱਲ ਨੂੰ ਆਵੀਂ’ ਕਮਰੇ ਤੋਂ ਬਾਹਰ ਨਿਕਲ ਕੇ ਮੇਰੇ ਪੈਰ ਜ਼ਮੀਨ ’ਤੇ ਲੱਗੇ। ਸ਼ੁਕਰ ਹੈ, ਕੱਲ ਦਾ ਸਮਾਂ ਮਿਿਲਆ। ਅਗਲੇ ਦਿਨ ਫਿਰ ਉਹੀ ਦੁਹਰਾਅ। ਤੀਜੇ ਦਿਨ ਕਮਰੇ ਵਿੱਚ ਵੜਨ ਤੋਂ ਪਹਿਲਾਂ ਮੈਂ ਤੇ ਗਿੱਲ ਕਿੰਨਾ ਸਮਾਂ ਸਲਾਹਾਂ ਕਰਦੇ ਰਹੇ। ਸਾਰਾ ਹੌਸਲਾ ਇਕੱਠਾ ਕਰਕੇ ਫਿਰ ਕਮਰੇ ਵਿੱਚ ਦਸਤਕ ਦਿੱਤੀ। ਜੇ ਇਸ ਵਾਰ ਵੀ ਪਹਿਲਾਂ ਵਾਲਾ ਦੁਹਰਾਅ ਹੁੰਦਾ ਮੈਂ ਕਿਸੇ ਹੋਰ ਦੇ ਲੜ ਲੱਗ ਜਾਣਾ ਸੀ।
‘ਹਾਂ, ਗੁਰਦੀਪ ਬੈਠ। ਅੱਛਾ ਐ ਦੱਸ ਕੰਮ ਕਿਸ ਵਿਧਾ ’ਤੇ ਕਰਨਾ ਹੈ।’
‘ਸਰ, ਕਵਿਤਾ ਉੱਤੇ।’
‘ਬੀਬਾ ਬਲਵੰਤ ਦੀ ਨਵੀਂ ਕਿਤਾਬ ਆਈ ਹੈ- ਅੱਥਰੂ ਗੁਲਾਬ ਹੋਏ। ਲੋਕਗੀਤ ਪ੍ਰਕਾਸ਼ਨ ਵਾਲਿਆ ਨੇ ਛਾਪੀ ਹੈ। 34 ਸੈਕਟਰ ਵਿੱਚ ਜਾਵੀ। ਮੇਰਾ ਨਾਂ ਲੈ ਦੇਵੀ। ਖਰੀਦ ਤੇ ਪੜ੍ਹ।’
‘ਠੀਕ ਹੈ, ਜੀ’
ਇਹ ਉਸ ਗੰਭੀਰ ਬਿਰਤੀ ਵਾਲੇ ਵਿਦਵਾਨ ਬੰਦੇ ਨਾਲ ਮੇਰੀ ਪਹਿਲੀ ਮਿਲਣੀ ਸੀ। ਇਸ ਮਿਲਣੀ ਤੋਂ ਬਾਅਦ ਉਹ ਨੇੜੇ ਹੁੰਦਾ ਗਿਆ। ਕੁਝ ਦਿਨਾਂ ਬਾਅਦ ਕਨੇਡਾ ਵਾਸੀ ਜਸਵੀਰ ਮਾਹਲ ਵਿਭਾਗ ਵਿੱਚ ਆਇਆ। ਉਸਦੀ ਕਿਤਾਬ ‘ਮਿੱਟੀ ਦੀ ਤਾਸੀਰ’ ਦਾ ਲੋਕ ਅਰਪਣ ਸੀ। ਉਸ ਫੱਕਰ ਜਿਹੇ ਸ਼ਾਇਰ ਨੇ ਕੁਝ ਨਜ਼ਮਾਂ ਸੁਣਾਈਆਂ। ਉਨ੍ਹਾਂ ਨਜ਼ਮਾਂ ਨਾਲ ਮੇਰੀ ਸਾਂਝ ਬਣ ਗਈ। ਮੈਂ ਅਗਲੇ ਦਿਨ ਫਿਰ ਡਾ. ਸੁਖਦੇਵ ਸਿੰਘ ਕੋਲ ਗਿਆ। ਆਪਣੀ ਗੱਲ ਦੱਸੀ ਕਿ ਮੈਂ ‘ਮਿੱਟੀ ਦੀ ਤਾਸੀਰ’ ਪੁਸਤਕ ਉੱਪਰ ਖੋਜ ਕਾਰਜ ਕਰਨਾ ਹੈ। ਬੀਬਾ ਬਲਵੰਤ ਵਾਲਾ ਕਾਰਜ ਮੇਰੇ ਜਮਾਤੀ ਕੁਲਦੀਪ ਮਾਹਲ ਨੂੰ ਮਿਲਿਆ। ਜਦੋਂ ਵਿਸ਼ੇ ਮਿਲੇ ਮੇਰਾ ਵਿਸ਼ਾ 'ਮਿੱਟੀ ਦੀ ਤਾਸੀਰ ਦੇ ਸਰੋਕਾਰ' ਪਾਸ ਹੋਇਆ।
ਐੱਮ. ਫਿਲ. ਦੀ ਕਲਾਸ ਵਿੱਚ ਆ ਕੇ ਪਹਿਲੇ ਦਿਨ ਹੀ ਆਧੁਨਿਕਤਾ ਦਾ ਸੰਕਲਪ ਪੜ੍ਹਾਇਆ। ਪਹਿਲੀ ਕਲਾਸ ਵਿੱਚ ਹੀ ਮੈਂ ਉਸਦਾ ਹੋ ਕੇ ਰਹਿ ਗਿਆ। ਉਸ ਦਾ ਪੜ੍ਹਾਉਣ ਦਾ ਢੰਗ ਮੈਨੂੰ ਅਸਲੋਂ ਨਿਵੇਕਲਾ ਲੱਗਿਆ। ਜਿਹੜੀਆਂ ਗੱਲਾਂ ਅਸੀਂ ਐੱਮ. ਏ ਦੇ ਜਮਾਤੀ ਕਦੇ ਸੋਚ ਵੀ ਨਹੀਂ ਸਕਦੇ ਸਾਂ ਉਹ ਗੱਲਾਂ ਫਲਸਫੇ ਬਣ ਬਣ ਹਵਾ ਵਿੱਚ ਗੂੰਜਣ ਲੱਗੀਆਂ। ਸਾਹਿਤਕ ਵਾਦ ਕੰਧਾਂ ਵਿੱਚੋਂ ਅੱਖਰ ਬਣ ਬਣ ਕਿਰਨ ਲੱਗੇ। ਕਵਿਤਾ ਦੀ ਬਾਰੀਕ ਤੋਂ ਬਾਰੀਕ ਰਮਜ਼ ਸਾਹਮਣੇ ਲਿਆਂਦੀ। ਹੈਰਾਨੀ ਹੁੰਦੀ ਕਿ ਇੱਕ ਘੰਟੇ ਦੀ ਕਲਾਸ ਵਿੱਚ ਬਿਨ੍ਹਾਂ ਕਿਸੇ ਦੇਖ ਭਾਲ ਦੇ ਪੂਰੀਆਂ ਪੂਰੀਆਂ ਕਵਿਤਾਵਾਂ ਉਸ ਅੱਗੇ ਦਰਿਆਈ ਪਾਣੀ ਵਾਂਗ ਵਹਿੰਦੀਆਂ। ਰਿਜ਼ਨਲ ਸੈਂਟਰ ਬਠਿੰਡੇ ਪੜ੍ਹਦਿਆਂ ਜਿਸ ਅਧਿਆਪਕ ਨੇ ਕਵਿਤਾ ਪੜ੍ਹਾਈ ਸੀ ਉਸ ਨਾਲੋਂ ਵੱਖਰੀ ਤਰਾਂ ਦੇ ਅਹਿਸਾਸ। ਕਵਿਤਾ ਪੜ੍ਹਦਿਆਂ ਪੜ੍ਹਦਿਆਂ ਪੀਰੋ ਦਾ ਜ਼ਿਕਰ ਚੱਲਿਆ। ਪੀਰੋ ਬਾਰੇ ਪਹਿਲੇ ਅਧਿਆਪਕਾਂ ਨੇ ਉਵੇਂ ਨਹੀਂ ਪੜ੍ਹਾਇਆ ਜਿਵੇਂ ਡਾ. ਸਿਰਸਾ ਨੇ ਪੜਾ੍ਹਇਆ। ਉਹ ਪੜ੍ਹਾਉਂਦਾ ਪੜ੍ਹਾਉਂਦਾ ਆਖਦਾ ‘ ਕੋਈ ਪੀਰੋ ਨੂੰ ਕੰਜਰੀ ਕਹਿੰਦਾ, ਕੋਈ ਰੰਡੀ, ਕੋਈ ਵੇਸਵਾ। ਪੰਜਾਬੀ ਦੇ ਕਿਸੇ ਭੜੂਏ ਨੇ ਉਸਨੂੰ ਜਾਣਿਆ ਹੀ ਨਹੀਂ। ਪੀਰੋ ਏਨੀ ਸਸ਼ਕਤ ਸ਼ਾਇਰਾ ਕਿ ਉਸਨੇ ਉਸ ਸਮੇਂ ਦੇ ਸਮਾਜ ਦੇ ਪਾਜ ਉਧੇੜੇ। ਜ਼ਿੰਦਗੀ ਅਤੇ ਮਰਦਾਵੇਂ ਦਾਬੇ ਵਾਲੇ ਸਮਾਜ ਨੇ ਉਸ ਦੀ ਜਿੰਨੀ ਕਰੜੀ ਪ੍ਰੀਖਿਆ ਲਈ ਉਹ ਉਨੀ ਹੀ ਕੁੰਦਨ ਬਣ ਕੇ ਨਿਕਲੀ। ਉਹ ਲੋਕ ਪ੍ਰਲੋਕ ਦੇ ਪਦਾਰਥਾਂ ਤੋਂ ਉੱਪਰ ਉੱਠੀ ਹੋਈ ਸੀ ਤੇ ਉਸਦੀ ਤਲਬ ਕਿਸੇ ਅਡਿੱਠੜੇ ਦੇਸ਼ ਦੇ ਰੂਹਾਨੀ ਮੁਕਾਮ ਦੀ ਸੀ।’ ਕਵਿਤਾ ਬਾਰੇ ਦਿਤੇ ਉਸਦੇ ਗੰਭੀਰ ਤੇ ਰੌਚਕ ਲੈਕਚਰਾਂ ਤੋਂ ਲੱਗਦਾ ਜ਼ਿੰਦਗੀ ਦੇ ਕਿੰਨੇ ਵਰ੍ਹੇ ਅਜ਼ਾਈ ਗਵਾ ਲਏ। ਇਸ ਬੰਦੇ ਨੂੰ ਪਹਿਲਾਂ ਕਿਉਂ ਨਹੀਂ ਮਿਲੇ। ਮੋਢੇ ਲਮਕਾਏ ਖਾਕੀ ਰੰਗ ਦੇ ਝੋਲੇ ਵਿੱਚ ਉਹ ਪਤਾ ਨਹੀਂ ਕਿੰਨੇ ਕੁ ਫਲਸਫੇ ਪਾਈ ਫਿਰਦਾ ਹੁੰਦਾ। ਆਪਣੇ ਪੜ੍ਹਨ ਵੇਲੇ ਦੇ ਕਿੰਨੇ ਕਿੱਸੇ ਸੁਣਾਉਂਦਾ। ਕਦੇ ਕਦੇ ਆਖਦਾ ‘ਉਨਾਂ ਮੇਰਾ ਵਜ਼ਨ ਨਹੀਂ ਜਿੰਨੇ ਵਜ਼ਨ ਦੇ ਕਾਗਜ਼ ਲਿਖ ਕੇ ਰੱਖੀ ਬੈਠਾਂ।’
ਸਠਿਆਲੇ ਕਾਲਜ ਦਾ ਜ਼ਿਕਰ ਕਰਦਾ ਉਹ ਸੰਤ ਜੀ ਨਾਲ ਮਿਲਣੀ ਦਾ ਜ਼ਿਕਰ ਕਰਦਾ ਹੈ- ‘ਮੇਰਾ ਤੇ ਸੰਤ ਦਾ ਪਿੰਡ ਨੇੜੇ ਨੇੜੇ ਆ। ਸਾਡੇ ਬਜ਼ੁਰਗਾਂ ਦੀ ਸਾਂਝ ਰਹੀ ਆ। ਇੱਕ ਵਾਰੀ ਸਠਿਆਲੇ ਕਾਲਜ ਕੁੱਝ ਵਿਦਿਆਰਥੀ ਰਾਤਾਂ ਨੂੰ ਡਰਾ ਧਮਕਾਕੇ ਲੁੱਟਾਂ ਖੋਹਾਂ ਕਰਨ ਲੱਗ ਗਏ। ਆਖਿਆ ਕਰਨ ਅਸੀਂ ਖਾੜਕੂ ਆਂ। ਇਹ ਗੱਲ ਮੇਰੇ ਕੋਲ ਆਈ। ਮੇਰੀ ਡਿਊਟੀ ਲੱਗੀ ਬਈ ਤੂੰ ਸੰਤ ਜੀ ਨੂੰ ਮਿਲ। ਮੈਂ ਡਰਾਂ। ਫਿਰ ਵੀ ਸੰਤ ਜੀ ਨਾਲ ਮੁਲਾਕਾਤ ਕੀਤੀ। ਮੈਂ ਜਾ ਫਤਿਹ ਬੁਲਾਈ। ਮੇਰੀ ਦਾਹੜੀ ਕੱਟੀ ਸੀ। ਮੈਂ ਡਰਾਂ ਵੀ ਕਿਤੇ……। ਪਰ ਮੈਨੂੰ ਉਹ ਪਾਕ ਪਵਿੱਤਰ ਰੂਹ ਲੱਗੇ। ਹੱਥ ਵਿੱਚ ਰੋਟੀਆਂ ਫੜੀਆਂ ਅਤੇ ਕੌਲੇ 'ਚ ਲੱਸੀ। ਮੈਨੂੰ ਉਹ ਫਕੀਰ ਲੱਗੇ। ਉਨ੍ਹਾਂ ਨੇ ਮੇਰਾ ਪਿੰਡ ਪੁੱਛਿਆ, ਕਹਿਣ ਲੱਗੇ ਆਪਣੇ ਬਜ਼ੁਰਗਾਂ ਦੀ ਸਾਂਝ ਰਹੀ ਹੈ। ਅਗਲੇ ਦਿਨਾਂ ਵਿੱਚ ਉਨਾਂ ਪਾਖੰਡੀ ਮੁੰਡਿਆਂ ਨੂੰ ਅਸਲੀ ਮੁੰਡਿਆਂ ਨੇ ਸੁਧਾਰਿਆ। ਕਈ ਵਿਦਿਆਰਥੀ ਲਹਿਰ ਦਾ ਹਿੱਸਾ ਬਣੇ। ਇੱਕ ਦੀ ਮੇਰੇ ਨਾਲ ਜਿਆਦਾ ਸਾਂਝ ਰਹੀ। ਮੈਂ ਉਸਨੂੰ ਕਹਿੰਦਾ ਰਿਹਾ ਭਾਈ ਬਾਹਰ ਨਾ ਜਾਈ ਹਾਲਾਤ ਮਾੜੇ ਨੇ ਪਰ ਇੱਕ ਰਾਤ ਬਾਹਰ ਨਿਕਲ ਗਿਆ। ਮੁੜ ਕੇ ਵਾਪਿਸ ਨਹੀਂ ਆਇਆ।’
ਉਹਦੇ ਨਾਲ ਨਾਲ ਰਹਿੰਦੇ ਸੁਰੱਖਿਆ ਕਰਮੀ ਨੇ ਇੱਕ ਦਿਨ ਹੈਰਾਨੀ ਭਰੀ ਖੁਸ਼ੀ ਨਾਲ ਦੱਸਿਆ- ‘ਜਦੋਂ ਮੈਂ ਡਾ. ਸਾਬ੍ਹ ਨੂੰ ਛੱਡ ਕੇ ਆਉਂਨਾ ਤਾਂ ਜਾਣ ਸਾਰ ਝੋਲੇ ਚੋਂ ਕਿਤਾਬ ਕੱਢ ਪੜ੍ਹਨ ਲੱਗ ਜਾਂਦੇ ਨੇ, ਮੈਂ ਜਦੋਂ ਦੁਬਾਰਾ ਘਰ ਜਾਵਾਂ ਫਿਰ ਵੀ ਪੜ੍ਹਦੇ ਦੇ ਪੜ੍ਹਦੇ। ਇਹ ਸੌਂਦੇ ਪਤਾ ਨਹੀਂ ਕਦੋਂ ਹੋਣਗੇ।’ ਉਸ ਬੰਦੇ ਦੀ ਸਹਿਜ ਵਿੱਚ ਕਹੀ ਗੱਲ ਵਿੱਚ ਹਜ਼ਾਰਾਂ ਰੰਗਾਂ ਦੀਆਂ ਰਮਜ਼ਾਂ ਨੇ। ਪਿਛਲੇ ਤੋਂ ਪਿਛਲੇ ਸਾਲ ਮੈਂ ਵਿਭਾਂਗ ਵਿਚ ਉਨ੍ਹਾਂ ਨੂੰ ਮਿਲਣ ਗਿਆ।
ਮੈਨੂੰ ਕਹਿੰਦੇ- ‘ਗੁਰਦੀਪ, ਕੋਈ ਜ਼ਰੂਰੀ ਕੰਮ ਤਾਂ ਨਹੀਂ ਕਰਨਾ’
‘ਨਹੀਂ ਸਰ, ਦੱਸੋ ਜੀ’
‘ਆਪਾਂ ਬੈਂਕ ਵਿੱਚ ਚੱਲਦੇ ਆਂ, 14 ਸੈਕਟਰ ਵਾਲੀ ਮਾਰਕੀਟ ਵਿੱਚ।’
‘ਠੀਕ ਹੈ ਜੀ’- ਮੈਂ ਕਿਹਾ।
ਗੱਡੀ ਵਿੱਚ ਬੈਠਣ ਸਾਰ ਪੜ੍ਹਾਈ ਦੀ ਗੱਲ ਫਿਰ ਚੱਲ ਪਈ।
‘ਕਾਲਜ ਕਿਵੇਂ ਚੱਲਦੈ।’
‘ਵਧੀਆ ਸਰ।’
‘ਵਹਿਗੁਰੂ ਸਿੰਘ ਤੇਰੇ ਕਾਲਜ ਵਿੱਚ ਨੇ।’
‘ਹਾਂ ਜੀ।’ ਉਹ ਡਾ. ਸਤਗੁਰ ਸਿੰਘ ਨੂੰ ਵਹਿਗੁਰੂ ਸਿੰਘ ਆਖਦੇ ਹਨ।
ਅਸੀਂ ਬੈਂਕ ਪਹੁੰਚ ਗਏ। ਕੰਮ ਹੋ ਗਿਆ। ਵਾਪਸੀ ਤੇ ਚਾਹ ਪੀਣ ਲੱਗੇ ਤਾਂ ਕਹਿਣ ਲੱਗੇ।
‘ਜੇ ਬੰਦੇ ਨੂੰ ਪੜ੍ਹਾਉਣਾ ਹੋਵੇ ਤਾਂ ਬੰਦੇ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੋਵੇ। ਫਿਰ ਪੜ੍ਹਿਆ ਜਾਂਦਾ। ਇੱਥੇ ਪੜ੍ਹਨ ਬੈਠੋ-ਸੌ ਕੰੰਮ ਹੋ ਜਾਂਦੇ ਨੇ। ਆ ਧੰਦੇ ਕਿਹੜਾ ਮੁੱਕਦੇ ਨੇ।’
ਮੈਂ ਤਾਂ ਸਿਰਫ ਹੁੰਗਾਰਾ ਭਰ ਸਕਦਾ ਸੀ- ‘ਹਾਂ ਜੀ।’
ਜਦੋਂ ਬੰਦਾ ਦੁਨੀਆਂ ਭਰ ਦੇ ਕੰਮ ਸਾਂਭ ਲੈਂਦਾ ਹੈ ਤਾਂ ਉਸ ਦਾ ਪੜ੍ਹਨ ਵਾਲਾ ਪਾਸਾ ਵਿਰਵਾ ਰਹਿ ਜਾਂਦਾ ਪਰ ਇਹ ਧਾਰਨਾ ਤਾਂ ਉਸ ਅੱਗੇ ਗੋਡੇ ਟੇਕੀ ਖੜ੍ਹੀ ਹੈ। ਇਹ ਗੱਲ ਗੱਲਾਂ ਚਲਦੀਆਂ ਵਿੱਚ ਇੱਕ ਦਿਨ ਡਾ. ਨਹਿਰੂ ਨੇ ਵੀ ਸੁਣਾਈ ਸੀ। ਕਹਿਣ ਲੱਗੇ- ‘ਉਦੋਂ ਡਾ. ਸੁਖਦੇਵ ਕੋਲ ਮਾਰੂਤੀ ਹੁੰਦੀ ਸੀ। ਅਸੀਂ ਬਠਿੰਡੇ ਜਾਣਾ ਸੀ ਕਿਸੇ ਕੰਮ। ਇੱਕ ਤਾਂ ਉੱਧਰ ਸੜਕਾਂ ਖਰਾਬ, ਦੂਜਾ ਡਾ. ਸਾਬ੍ਹ ਦਾ ਇੱਕ ਹੱਥ ਸਟੇਰਿੰਗ ਤੇ ਇੱਕ ਵਿੱਚ ਫੋਨ। ਕਦੇ ਇੱਧਰੋਂ ਕਰ ਲਵੇ, ਕਦੇ ਉੱਧਰੋਂ ਆ ਜਾਵੇ। ਉਸ ਹੱਥ ਵਿੱਚ ਫੋਨ ਉਸੇ ਵਿੱਚ ਗੇਅਰ। ਮੈਂ ਕਿਹਾ, ਅੱਜ ਨੀਂ ਪਹੁੰਚਦੇ। ਮੈਂ ਰੱਬ ਨੂੰ ਤਾਂ ਨਹੀਂ ਮੰਨਦਾ ਪਰ ਸੁਖਦੇਵ ਦੇ ਨਾਲ ਬੈਠ ਕੇ ਮੂੰਹੋਂ ਵਹਿਗੁਰੂ ਵਹਿਗੁਰੂ ਆਪਣੇ ਆਪ ਨਿਕਲਦਾ…ਹਾ ਹਾ ਹਾ….।’ ਉਸਦਾ ਇਕ ਪੈਰ ਵਿਭਾਗ ਵਿੱਚ ਰਹਿੰਦਾ ਹੈ, ਦੂਜਾ ਅਕਾਦਮੀ ਅਤੇ ਹੋਰ ਸੈਮੀਨਾਰ ਵਿੱਚ। ਜਿਹੜੀ ਕਲਾਸ ਮਿਲ ਗਈ ਉਹ ਸਮੇਂ ਸਿਰ ਲਾਉਣਾ ਆਪਣਾ ਧਰਮ ਸਮਝਦਾ ਹੈ। ਪਹਿਲਾਂ ਪਹਿਲਾਂ ਜਦੋਂ ਅਜੇ ਸਾਡੇ ਚਿਹਰਿਆਂ ਤੋਂ ਡਾ. ਸਾਬ੍ਹ ਵਾਕਿਫ ਨਹੀਂ ਸਨ ਤਾਂ ਅਸੀਂ ਉਂਝ ਹੀ ਮੁਖੀ ਦੇ ਕਮਰੇ ਅੱਗੇ ਖੜ੍ਹੇ ਹੋਣਾ। ਕਮਰੇ ਵਿੱਚੋਂ ਨਿਕਲਦੇ ਹੀ ਆਖਦੇ। ‘ਬੈਠੋ ਬੈਠੋ, ਮੈਂ ਆ ਰਿਹਾ।’ ਅਸੀਂ ਚੁੱਪ ਖੜ੍ਹੇ ਰਹਿੰਦੇ ਕਿਉਂਕਿ ਕਲਾਸ ਐੱਮ. ਏ. ਪੰਜਾਬੀ ਦੀ ਹੁੰਦੀ ਸੀ।
ਵੱਡੀ ਗੱਲ ਹੈ ਉਹ ਭੁਲੇਖਿਆਂ ’ਚ ਨਹੀਂ ਜਿਉਂਦਾ। ਉਹ ਝਾਕਣੀ ਚ ਡਾਢ੍ਹਾ ਨੂਰ ਐ ਪਰ ਚਿਹਰੇ ਤੇ ਉਦਾਸੀ ਵਰਗੀ ਸ਼ਾਂਤੀ। ਇਹ ਸ਼ਾਂਤੀ ਨੂੰ ਹਰੇਕ ਆਪਣੇ ਤਰੀਕੇ ਨਾਲ ਵੇਖਦੈ।
----ਸਮਾਪਤ--
ਲਿਖਤ -ਗੁਰਦੀਪ ਸਿੰਘ ਢਿੱਲੋਂ
ਪ੍ਰੋਫ਼ੈਸਰ, ਗੁਰੂ ਨਾਨਕ ਕਾਲਜ ਬੁਢਲਾਡਾ
ਡਾ. ਸੁਖਦੇਵ ਸਿੰਘ ਸਿਰਸਾ
(ਕਲਾਕਾਰੀ: ਗੀਤ ਆਰਟਸ)
