ਅਸੀਂ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ -Hardeep singh jatana
ਕੀ ਸਾਡੇ ਕੋਲ ਵੱਡੀਆਂ ਗੱਡੀਆਂ, branded ਚੀਜ਼ਾਂ, ਪੈਸਾ ਆਦਿ ਹੋਣਾ ਹੀ ਤਰੱਕੀ ਹੈ । ਤੁਸੀਂ ਤਰੱਕੀ ਦੇ ਅਸਲ ਮਾਇਨੇ ਕਿਸ ਚੀਜ਼ ਨੂੰ ਮੰਨਦੇ ਹੋ ?
ਅੱਜ ਅਸੀਂ ਤਰੱਕੀ ਦੀ ਗੱਲ ਕਰਦੇ ਹਾਂ ਉੱਚੀਆਂ ਇਮਾਰਤਾਂ, ਤੇਜ਼ ਇੰਟਰਨੈੱਟ ,ਮਹਿੰਗੀਆਂ ਗੱਡੀਆਂ ਅਤੇ ਹੋਰ ਬਹੁਤ ਕੁਝ ਪਰ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਜਾ ਕਿੱਧਰ ਨੂੰ ਰਹੇ ਆਂ। ਦੌੜ ਇੰਨੀ ਤੇਜ਼ ਹੋ ਗਈ ਹੈ ਕਿ ਰੁਕ ਕੇ ਸੋਚਣ ਦਾ ਸਮਾਂ ਹੀ ਨਹੀਂ ਰਿਹਾ,ਦਿਨ ਰਾਤ ਮਿਹਨਤ ਕਰਦੇ ਆ ਪਰ ਆਪਣੇ ਆਪ ਨਾਲ ਗੱਲ ਕਰਨ ਲਈ ਇੱਕ ਪਲ ਵੀ ਨਹੀਂ ।
ਜਿੱਥੇ ਦਿਲ ਨੂੰ ਸਕੂਨ ਨਹੀਂ , ਸਰੀਰ ਨੂੰ ਆਰਾਮ ਨਹੀਂ ਅਤੇ ਰਿਸ਼ਤਿਆਂ ਵਿੱਚ ਗਰਮੀ ਨਹੀਂ ਉਹ ਤਰੱਕੀ ਕਿਹੜੀ ?
ਅਸੀਂ ਸੁਵਿਧਾਵਾਂ ਤਾਂ ਬਹੁਤ ਬਣਾ ਲਈਆਂ ਪਰ ਆਪਣੇ ਲਈ ਸਮਾਂ ਘਟਾ ਲਿਆ । ਕੁਦਰਤ ਤੋਂ ਦੂਰ ਹੋ ਗਏ, ਮਿੱਟੀ ਨੂੰ ਭੁੱਲ ਗਏ,ਆਪਣੇ ਅਸਲੀ ਮੂਲ ਤੋਂ ਵੱਖ ਹੋ ਗਏ ਇਸੇ ਲਈ ਅੰਦਰੋਂ ਖਾਲੀਪਨ ਵੱਧਦਾ ਜਾ ਰਿਹਾ ਹੈ ।
ਸਵਾਲ ਇਹ ਨਹੀਂ ਕਿ ਅਸੀਂ ਕਿੰਨਾ ਕਮਾਇਆ ਸਵਾਲ ਇਹ ਹੈ ਕਿ ਅਸੀਂ ਕੀ ਗਵਾ ਦਿੱਤਾ।
ਅਸਲੀ ਤਰੱਕੀ ਉਹ ਹੈ ਜੋ ਪੈਸੇ ਦੇ ਨਾਲ-ਨਾਲ ਮਨੁੱਖ ਨੂੰ ਮਨੁੱਖ ਬਣਾਈ ਰੱਖੇ ਜਿੱਥੇ ਕਮਾਈ ਵੀ ਹੋਵੇ ਅਤੇ ਜੀਵਨ ਵੀ । ਤਰੱਕੀ ਉਹ ਨਹੀਂ ਜੋ ਸਿਰਫ਼ ਜੇਬ ਭਰੇ ਤਰੱਕੀ ਉਹ ਹੈ ਜੋ ਦਿਲ,ਸਰੀਰ ਅਤੇ ਸਮਾਜ ਨੂੰ ਵੀ ਸਾਂਭੇ।
ਅਸੀਂ ਤਰੱਕੀ ਦੇ ਨਾਂ ਉੱਤੇ ਪੂੰਜੀ ਦੇ ਪਿੱਛੇ ਇੰਨੀ ਤੇਜ਼ ਦੌੜ ਪਏ ਹਾਂ ਕਿ ਅਸੀਂ ਆਪਣੇ ਮੂਲ ਨੂੰ ਪਿੱਛੇ ਛੱਡ ਆਏ ਹਾਂ ਜਿੱਥੇ ਹਰ ਚੀਜ਼ ਵਿਕਾਊ ਹੈ ਉੱਥੇ ਮਨੁੱਖ ਵੀ ਕੀਮਤਾਂ ਵਿੱਚ ਵੰਡਿਆ ਜਾ ਰਿਹਾ ਹੈ ।
ਅਸੀਂ ਪੰਜਾਬੀ ਬੋਲਦੇ ਆਂ ਪਰ ਲਿਖਣ ਤੋਂ ਕਤਰਾਉਂਦੇ ਹਾਂ। ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣ ਵਿੱਚ ਮਾਣ ਮਹਿਸੂਸ ਕਰਦੇ ਆਂ ਪਰ ਪੰਜਾਬੀ ਸਿਖਾਉਣ ਨੂੰ ਜਰੂਰੀ ਨਹੀਂ ਸਮਝਦੇ । ਸਾਡੇ ਘਰਾਂ ਵਿੱਚ ਵੀ ਮਾਂ-ਬੋਲੀ ਦੀ ਥਾਂ ਦੂਜੀਆਂ ਭਾਸ਼ਾਵਾਂ ਨੇ ਲੈ ਲਈ ਹੈ । ਅਸੀਂ ਇਸ ਤਰੱਕੀ ਦੇ ਵਿਰੁੱਧ ਨਹੀਂ ਪਰ ਜਦੋਂ ਆਪਣੀ ਜੜ੍ਹ ਕਮਜ਼ੋਰ ਕਰ ਰਹੇ ਹੋਈਏ ਤਾਂ ਤਰੱਕੀ ਵੀ ਅਧੂਰੀ ਰਹਿ ਜਾਂਦੀ ਹੈ।
ਭਾਸ਼ਾ ਸਿਰਫ਼ ਸ਼ਬਦ ਨਹੀਂ ਹੁੰਦੀ ਇਹ ਸਾਡੀ ਸੋਚ, ਸਾਡੀ ਮਿੱਟੀ ਅਤੇ ਸਾਡੀ ਯਾਦਾਂ ਦੀ ਧੜਕਣ ਹੁੰਦੀ ਹੈ । ਜੇ ਅਸੀਂ ਪੰਜਾਬੀ ਨੂੰ ਲਿਖ਼ਣ -ਬੋਲਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਸੁਚੇਤ ਰਹੀਏ ਤਾਂ ਇਹੀ ਸਾਡੀ ਸੱਚੀ ਸੇਵਾ ਹੋਵੇਗੀ ।
ਹੋਰ ਭਾਸ਼ਾਵਾਂ ਜਾਂ ਅੰਗਰੇਜ਼ੀ ਸਿੱਖਣਾ ਬੱਚਿਆਂ ਦੇ ਭਵਿੱਖ ਵਿੱਚ ਸੁਵਿਧਾਵਾਂ ਅਤੇ ਮੌਕੇ ਖੋਲ੍ਹਦਾ ਹੈ ਪਰ ਇਹ ਵੀ ਜਰੂਰੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਵੀ ਯਾਦ ਰੱਖੀਏ ਤਾਂ ਜੋ ਬੱਚਿਆਂ ਵਿੱਚ ਆਪਣੀ ਪਛਾਣ ਅਤੇ ਸੰਸਕਾਰ ਵੀ ਜਿੰਦਾ ਰਹਿਣ ।ਇਸ ਤਰ੍ਹਾਂ ਅਸੀਂ ਦੋਵਾਂ ਭਾਸ਼ਾਵਾਂ ਨੂੰ ਸਮਾਨ ਤੌਰ 'ਤੇ ਮਹੱਤਵ ਦੇ ਸਕਦੇ ਹਾਂ।
ਮਾਂ ਬੋਲੀ ਵਿੱਚ ਜਿਹੜੀ ਸੰਗ-ਸ਼ਰਮ, ਵੱਡੇ-ਛੋਟੇ ਦੀ ਪਰਖ, ਇੱਜ਼ਤ ਅਤੇ ਨਿਮਰਤਾ ਸਿੱਖੀ ਜਾਂਦੀ ਹੈ ਉਹ ਸਿਰਫ਼ ਸ਼ਬਦ ਨਹੀਂ ਹੁੰਦੇ ਸਗੋਂ ਉਹ ਜੀਵਨ ਦੀ ਰੀਤ ਹੁੰਦੀ ਹੈ । ਪੰਜਾਬੀ ਵਿੱਚ ਕੀਤੀ ਗੱਲ ਦਿਲ ਵਿੱਚ ਸਿੱਧੀ ਉਤਰਦੀ ਹੈ ਕਿਉਂਕਿ ਇਹ ਸਾਡੀ ਮਿੱਟੀ ਦੀ ਖੁਸ਼ਬੂ ਨਾਲ ਜੁੜੀ ਹੁੰਦੀ ਹੈ ।
ਸਾਡੇ ਪੰਜਾਬ ਵਿੱਚ ਦੋ ਵੇਲੇ ਦੀ ਅਰਦਾਸ "ਸਰਬੱਤ ਦਾ ਭਲਾ" ਇੱਕ ਅਜਿਹੀ ਸੋਚ ਹੈ ਜਿੱਥੇ ਮਨੁੱਖ ਸਿਰਫ ਆਪਣੇ ਲਈ ਨਹੀਂ ਸਗੋਂ ਸਾਰੀ ਸ੍ਰਿਸ਼ਟੀ ਲਈ ਭਲਾ ਮੰਗਦਾ ਹੈ ।ਇਸ ਅਰਦਾਸ ਦੀ ਖ਼ੂਬਸੂਰਤੀ ਇਹ ਹੈ ਕਿ ਜਿਹੜਾ ਭਲਾ ਮੰਗਦਾ ਹੈ ਉਹ ਖੁਦ ਵੀ ਉਸ ਭਲੇ ਵਿੱਚ ਸ਼ਾਮਿਲ ਹੁੰਦਾ ਹੈ । ਇਹੋ ਜਿਹੀ ਵਿਸ਼ਾਲਤਾ ਅਤੇ ਸਾਂਝੀ ਸੋਚ ਮਾਂ-ਬੋਲੀ ਵਿੱਚੋਂ ਹੋਰ ਵੀ ਗਹਿਰੀ ਹੋ ਜਾਂਦੀ ਹੈ ।
ਪੰਜਾਬੀ ਵਿੱਚ ਜਦੋਂ ਇਤਿਹਾਸ ਸੁਣਾਇਆ ਜਾਂਦਾ ਹੈ ਤਾਂ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧਿਆਂ ਦੀਆਂ ਕਹਾਵਤਾਂ ਸੁਣਨ ਵਾਲੇ ਦੇ ਲੂੰ ਕੰਢੇ ਖੜ੍ਹੇ ਹੋ ਜਾਂਦੇ ਨੇ। ਇਹ ਸਿਰਫ ਜਾਣਕਾਰੀ ਨਹੀਂ ਭਾਵਨਾ ਦੀ ਲਹਿਰ ਹੁੰਦੀ ਹੈ । ਮਾਂ ਬੋਲੀ ਵਿੱਚ ਸਿੱਖਿਆ ਗਿਆਨ ਸਿਰਫ਼ ਦਿਮਾਗ ਵਿੱਚ ਨਹੀਂ ਸਗੋਂ ਦਿਲ ਵਿੱਚ ਵੀ ਵਸ ਜਾਂਦਾ ਹੈ ।
ਵਿਦੇਸ਼ੀ ਭਾਸ਼ਾਵਾਂ ਸਿੱਖਣਾ ਗਲਤ ਨਹੀਂ ਉਹ ਮੌਕੇ ਖੋਲ੍ਹਦੀਆਂ ਹਨ ਪਰ ਮਾਂ ਬੋਲੀ ਉਹ ਦਰਵਾਜ਼ਾ ਹੈ ਜੋ ਸਾਡੀ ਪਛਾਣ, ਸਾਡੀ ਨਿਮਰਤਾ, ਸਾਡੀ ਰੂਹ ਨਾਲ ਜੋੜ ਕੇ ਰੱਖਦਾ ਹੈ ।
ਇਸ ਲਈ ਇਹ ਕਹਿਣਾ ਗਲਤ ਨਹੀਂ ਕਿ ਅਸਲ ਤਾਕਤ ਇਹ ਨਹੀਂ ਕਿ ਅਸੀਂ ਕਿੰਨੀਆਂ ਭਾਸ਼ਾਵਾਂ ਜਾਣਦੇ ਆਂ ਅਸਲ ਤਾਕਤ ਇਹ ਹੈ ਕਿ ਅਸੀਂ ਆਪਣੀ ਭਾਸ਼ਾ ਨੂੰ ਕਿੰਨਾ ਜਿਉਂਦੇ ਹਾਂ ।
