ਮੁਖ਼ਤਿਆਰ ਕੌਰ , ਸਾਡੀ ਮਿੱਟੀ ਦਾ ਗੌਰਵ ਐ……
ਮੁਖ਼ਤਿਆਰ ਦੀ ਕਹਾਣੀ—ਕਬੱਡੀ ਮੈਦਾਨ ਦੀ ਸ਼ੇਰਨੀ, ਨੈਸ਼ਨਲ ਮੈਡਲਾਂ ਨਾਲ ਭਰੀ ਜ਼ਿੰਦਗੀ ਅਤੇ ਅਧੂਰਾ ਇਨਸਾਫ।

ਮੈਦਾਨ, ਬੰਦੇ ਨੂੰ ਮਿੱਟੀ ਨਾਲ ਜੋੜਦੇ ਨੇ। ਮਿੱਟੀ ਅਤੇ ਦੇਹ ਦਾ ਸਜਿੰਦ ਰਿਸ਼ਤੈ। ਮਿੱਟੀ ਬੰਦੇ ਨੂੰ ਦੇਹ ਤੋਂ ਪਾਰ ਲੈ ਜਾਂਦੀ ਐ। ਮਿੱਟੀ ਦਾ ਪੁਤਲਾ, ਹੋਣਾ ਤਾਂ ਆਖਿਰ ਮਿੱਟੀ ਐ। ਪਿੰਡ, ਮਿੱਟੀ ਨੂੰ ਜਿਉਂਦੇ ਨੇ। ਸੱਥਾਂ ਵਿੱਚ ਬੈਠੇ ਲੋਕ ਮਿੱਟੀ ਨਾਲ ਮੁਹੱਬਤ ਕਰਦੇ ਨੇ। ਲਹਿੰਦੇ ਨਾਲ ਚੜ੍ਹਦੇ ਆਲਿਆਂ ਦਾ ਗੂੜ੍ਹਾ ਰਿਸ਼ਤੈ। ਚੜ੍ਹਦੇ ਵਾਲਾ ਜਦੋਂ ਕੋਈ ਲਹਿੰਦੇ ਵੱਲ ਜਾਂਦੈ ਤਾਂ ਏਧਰਲੇ ਉਸਤੋਂ ਨਿਸ਼ਾਨੀ ਮੰਗਵਾਉਂਦੇ ਨੇ। ਉਸ ਥਾਂ ਦੀ ਮਿੱਟੀ ਜਿਹੜਾ ਉੱਥੇ ਰਹਿ ਗਿਆ ਪਰ ਚੇਤਿਆਂ ਵਿੱਚ ਅਜੇ ਜਿਉਂਦੈ। ਖੇਡ, ਖਿਡਾਰੀ ਨੂੰ ਜਿਉਂਦਾ ਕਰਦੀ ਐ, ਮਿੱਟੀ ਰਾਹੀਂ। ਜਿਹੜੇ ਖਿਡਾਰੀ ਮਿੱਟੀ ਵਿੱਚ ਖੇਡਦੇ ਨੇ ਉਹ ਸੁੱਚੇ ਹੁੰਦੇ ਨੇ। ਉਨ੍ਹਾਂ ਦੀ ਸੁੱਚਤਾ ਉਨ੍ਹਾਂ ਨੂੰ ਅਗਾਂਹ ਤੋਰਦੀ ਐਂ। ਮੈਦਾਨ ਵਿੱਚ ਵੜ੍ਹਦਿਆਂ ਉਹ ਸੁੱਚ ਅਤੇ ਸੱਚ ਨੂੰ ਮਿੱਟੀ ਰਾਹੀਂ ਚੁੰਮਦੇ ਨੇ। ਕਿਸੇ ਸ਼ਾਇਰ ਕਿਹੈ – ‘ਮੈਲੀ ਨਾ ਕਰਨਾ ਮੇਰੇ ਪੰਜਾਬ ਦੀ ਮਿੱਟੀ ਐ।’ ਮਿੱਟੀ ਨਾ ਤਾਂ ਕਦੇ ਮੋਈ ਐ, ਨਾ ਕਦੇ ਮੈਲੀ ਹੁੰਦੀ ਐ। ਹੁੰਦੀ ਤਾਂ ਇਹ ਲਾਲ ਵੀ ਨੀ। ਲਾਲ ਕੀਤੀ ਜਾਂਦੀ ਐ। ਪੰਜਾਬ ਦੀ ਮਿੱਟੀ ਖਾਲਸ ਐ। ਜੇ ਇਹ ਹਿੰਸਕ ਹੁੰਦੀ ਵੀ ਐ ਤਾਂ ਉਹ ਹਿੰਸਾ, ਹਿੰਸਾ ਨ੍ਹੀਂ ਹੁੰਦੀ। ਮਜ਼ਲੂਮ ਨਾਲ ਖੜ੍ਹੀ ਸੁੱਚਤਾ ਹੁੰਦੀ ਐ। ਪੰਜਾਬ ਦੀ ਹਿੰਸਾ, ਆਦਰਸ਼ ਦੀ ਹਿੰਸਾ ਹੈ। ਸੁੱਚੀ ਤੇ ਸਾਲਮ। ਇਹ ਮੈਦਾਨੇ ਜੰਗ ਵੀ ਵਿਖਦੀ ਐ। ਖੇਡ ਮੈਦਾਨ ਵਿੱਚ ਵੀ। ਖੇਡ ਜਿਸ ਹਿੰਸਾ ਨੂੰ ਜਨਮਦੀ ਐ, ਉਹ ਸੁੱਚੀ ਤੇ ਸਾਲਮ ਐ। ਪੰਜਾਬ ਜਿਉਂਦਾ ਵੀ ਇਸ ਕਰਕੇ ਐਂ, ਵੱਖਰਾ ਵੀ ਇਸ ਕਰਕੇ ਐਂ। ਇਲਾਕਾ ਕੋਈ ਵੀ ਹੋਵੇ ਉਸ ਵਿੱਚ ਕੁਝ ਲੋਕ ਜਨਮਦੇ ਨੇ ਜਿਹੜੇ ਉਸ ਨੂੰ ਜਿਉਂਦਾ ਰੱਖਦੇ ਨੇ। ਏਥੇ ਜਿੱਥੋਂ ਦੀ ਕਥਾ ਮੈਂ ਸ਼ੁਰੂ ਕਰਦਾਂ। ਇਹ ਨੇ ਕਲਾ ਨੂੰ ਵੀ ਜਿਉਂਦਾ ਰੱਖਿਐ, ਖੇਡ ਨੂੰ ਵੀ ਜਿਉਂਦਾ ਰੱਖਿਐ। ਬਾਪੂ ਕਹਿੰਦਾ ਹੁੰਦੈ – ‘ਬਿੰਦੀ ਸੀ ਫੱਕਰਝੰਡੇ ਦਾ। ਉਹਦੀ ਸ਼ਰਟ ਤੇ ਲਿਖਿਆਂ ਸੀ ਆਇਆ ਬਿੰਦੀ ਗਿਆ ਬਿੰਦੀ।’ ਮੇਰੇ ਹਾਣੀ ਕਹਿੰਦੇ ਹੁੰਦੇ ਸੀ –‘ਇਹ ਮੁਖਤਿਆਰ ਐ, ਅਤਲੇ ਦੀ। ਐਨੀ ਤਕੜੀ ਐ, ਮੁੰਡਿਆਂ ਨੂੰ ਕੀ ਨਾ ਹਰਾ ਦੇ।’
ਮੁਖ਼ਤਿਆਰ, ਅਤਲੇ ਦੀ ਜਾਈ। ਵਰ੍ਹਿਆਂ ਆਲੇ ਅਵਤਾਰ ਨੂੰ ਵਿਆਹੀ। ਜਸਵਿੰਦਰ ਸਿੰਘ ਦੀ ਧੀ। ਜਦੋਂ ਅਸੀਂ ਪੜ੍ਹਨ ਜਾਣਾ, ਇਹਨੇ ਕਦੇ ਕਦੇ ਸਾਡੀ ਬੱਸ ’ਚ ਚੜ੍ਹਨਾ। ਇਹ ਵੱਖਰੀ ਸੀ। ਉਦੋਂ ਪਤਾ ਨ੍ਹੀਂ ਸੀ, ਵੀ ਇਹ ਵੱਖਰੀ ਕਿਉਂ ਐਂ। ਅਸੀਂ ਉਦੋਂ ਗਾਂਧੀ ਸਕੂਲ ਵਿੱਚ ਮਸਤੀਆਂ ਕਰਕੇ ਮੁੜਦੇ ਸੀ, ਮੁਖਤਿਆਰ ਜੋਗੇ ਮਿੱਟੀ ਜਿਉਂ ਕੇ ਆਉਂਦੀ ਸੀ। ਹੈਰਾਨ ਕਰਨ ਆਲੀ ਗੱਲ ਸੁਣਾਵਾਂ ਪਹਿਲਾਂ। ਉਸਦੀ ਗੱਲ ਬਾਅਦ ਵਿੱਚ ਕਰਦਾਂ।
ਮੈਨੂੰ ਥੋਡੀ ਸਹੁੰ ਐ ਬੇਲੀਓ ਓਏ, ਗੱਲ ਸੱਚ ਐ ਰਤਾ ਨਾ ਝੂਠ ਬੋਲਾਂ….
ਮੇਰੇ ਪਿੰਡ ਟੂਰਨਾਮੈਂਟ ਸੀ, ਕਬੱਡੀ ਦੇ। ਤਿਆਰੀਆਂ ਵਿੱਚ ਜੁਟੇ ਮੁੰਡਿਆਂ ਨੇ ਗੱਲਾਂ ਛੋਹੀਆਂ। ਨਿਆਣ ਮੱਤੀਆਂ, ਸਿਆਣ ਮੱਤੀਆਂ। ਉੱਥੇ ਗੱਲ ਚੱਲੀ, ਖਿਡਾਰੀਆਂ ਦੀ। ਮੇਰੇ ਜਮਾਤੀ ਸੀ ਉੱਥੇ ਕਈ। ਮੇਰਾ ਪੁਰਾਣਾ ਬੇਲੀ, ਨਵੇਂ ਮੁੰਡਿਆਂ ਨੂੰ ਸੰਬੋਧਨ ਕਰਦਾ ਕਹਿੰਦਾ –
‘ਯਰ, ਮੁਖਤਿਆਰ ਹੁੰਦੀ ਸੀ, ਅਤਲੇ ਤੋਂ। ਗੁਰਦੀਪ ਤੂੰ ਤਾਂ ਜਾਣਦੈਂ। ਉਹ ਜਿੱਤਣ ਨੀ ਦਿੰਦੀ ਸੀ ਕਿਸੇ ਨੂੰ।’
ਦੂਜਾ ਕਹਿੰਦਾ –
‘ਹਾਂ ਯਰ, ਉਹਨੂੰ ਬਲਾਓ ਟੂਰਨਾਮੈਂਟ ’ਤੇ ਐਤਕੀ। ਉਹਦਾ ਤਾਂ ਸਨਮਾਨ ਕਰਨਾ ਚਾਹੀਦੈ।’
ਤੀਜਾ ਕਹਿੰਦਾ –
‘ਪਤੈ ਅਗਲੀ ਕਿੱਡੀ ਖਿਡਾਰਨ ਸੀ, ਡਿਪਟੀ ਭਰਤੀ ਹੋਈ ਹੋਣੀ ਐ, ਸਿੱਧੀ। ਖਬਰੈ ਕਿੱਥੇ ਹੋਊ। ਉਹਨੇ ਤਾਂ ਬਾਈ ਉਦੋਂ ਕਿੰਨੇ ਮੈਡਲ ਜਿੱਤੇ ਸੀ। ਮੁਖਤਿਆਰ, ਮੁਖਤਿਆਰ ਹੁੰਦੀ ਸੀ, ਪੰਜਾਬ ’ਚ।
ਉਸ ਕੱਠ ਵਿੱਚ ਇੱਕ ਬੰਦਾ, ਅੱਖਾਂ ਵਿੱਚੋਂ ਹੰਝੂ ਵਹਾ ਰਿਹਾ ਸੀ, ਹਉਂਕਾ ਉਸਦੇ ਗਲੇ ਵਿੱਚ ਅਟਕਿਆ ਖੜ੍ਹਾ ਸੀ। ਉਹ ਉਹੀ ਬੰਦਾ ਸੀ ਜਿਹੜਾ ਰੁਜ਼ਗਾਰ ਦੀ ਮਰਨ ਰੁੱਤੇ ਵਿੱਚ ਜਿਉਂਦੀ ਮੁਖਤਿਆਰ ਨਾਲ ਪੜ੍ਹਾਉਂਦਾ ਰਿਹੈ। ਉਹ ਬੋਲ ਨ੍ਹੀਂ ਸਕਿਆ। ਤੁਰਦਿਆਂ ਤੁਰਦਿਆਂ ਇਕ ਵਾਕ ਕਹਿ ਗਿਆ – ‘ਮੁਖਤਿਆਰ ਨੂੰ ਮੈਂ ਬੁਲਾ ਦੇਊ ਬਾਈ, ਸਲਾਹ ਕਰ ਲਿਓ।’
ਉੱਥੇ ਖੜ੍ਹੇ ਮੁੰਡੇ ਅਗਲੇ ਦਿਨ ਉਸ ਬੰਦੇ ਨੂੰ ਕਹਿੰਦੇ – ‘ਬਾਈ ਅਸੀਂ ਤਾਂ ਤੈਨੂੰ ਉਂਈ ਸਮਝਦੇ ਸੀ, ਤੂੰ ਤਾਂ ਮੁਖਤਿਆਰ ਨੂੰ ਬੁਲਾਉਣ ਦੀ ਹਾਮੀ ਭਰ ਦਿੱਤੀ। ਉਹ ਤਾਂ ਹੁਣ ੳੇੁੱਚੇ ਜੋੜਾ ’ਚ ਹੋਊ।’
ਉਹ ਬੰਦਾ ਕੀ ਦੱਸੇ, ਕਿੱਥੇ ਲੁਕ ਕੇ ਭੁੱਬਾ ਮਾਰੇ। ਸੱਚ ਵੀ ਨ੍ਹੀਂ ਆਉਂਦਾ।
ਕੁਲਵੰਤ ਮੈਨੇਜਰ ਨੇ ਲਿਖਿਐ, ਉਹ ਕਿਹੜਾ ਝੂਠ ਬੋਲਦੈ – ‘ਖੇਡ ਸਫਰ ਦੌਰਾਨ ਸੱਤ ਸੋਨੇ ਦੇ, ਦੋ ਚਾਂਦੀ ਦੇ , ਇਕ ਕਾਂਸੀ ਦਾ ਕੁੱਲ ਦਸ ਮੈਡਲ ਨੈਸ਼ਨਲ ਪੱਧਰ ਤੇ ਜਿੱਤਕੇ ਵੀ ਸਰਕਾਰੀ ਨੌਕਰੀ ਨਹੀਂ ਲੈ ਸਕੀ, ਮੁਖਤਿਆਰ।’
ਦੱਸ ਕਿਸਮਤੇ ਕਿਹੜੀ ਕੂਟ ਰਹਿ ਗਈ………
ਜਦੋਂ ਮੈਂ ਲੱਕੜ ਦੀ ਫੱਟੀ ਸੂਰਜ ਬੰਨੀ ਕਰਕੇ ਕਹਿੰਦਾ ਹੁੰਦਾ ਸੀ, ਸੂਰਜਾ ਸੂਰਜਾ ਫੱਟੀ ਸੁਕਾ। ਉਦੋਂ ਉਸਨੇ ਕਬੱਡੀ ਖੇਡਣੀ ਸ਼ੁਰੂ ਕੀਤੀ। ਜਦੋਂ ਮਾਖੇ ਆਲੇ ਸੁਖਦੇਵ ਸਿੰਘ ਮਾਸਟਰ ਦੇ ਗੂਠੇ ਤੇ ਵੱਡੀ ਉਂਗਲ ਦੇ ਸੰਨ ਵਿੱਚ ਮੇਰਾ ਕੰਨ ਹੁੰਦਾ ਸੀ, ਉਦੋਂ ਮੁਖ਼ਤਿਆਰ ਨੂੰ ਮਾਸਟਰ ਜਗਨ ਨਾਥ ਕਬੱਡੀ ਦੇ ਦਾਅ ਦੱਸ ਰਿਹਾ ਸੀ। ਉਸਦੇ ਪਿੰਡ ਦੇ ਭਾਗ ਉਸ ਪਿੰਡ ਨੂੰ ਜਗਨ ਨਾਥ ਮਿਲਿਆ, ਮੇਰੇ ਭਾਗ ਮੈਨੂੰ ਸੁਖਦੇਵ ਸਿੰਘ ਮਿਲਿਆ। ਗੁਰਦਾਸ ਕਹਿੰਦੈ –‘ਮਾਂ ਦੀ ਹੱਲਾਸ਼ੇਰੀ ਸ਼ੇਰ ਬਣਾ ਦਿੰਦੀ।’ ਜਗਨ ਨਾਥ ਦੀ ਹੱਲਾਸ਼ੇਰੀ ਨਾਲ ਉਹ ਤਿੰਨ ਵਾਰ ਨੈਸ਼ਨਲ ਖੇਡੀ। ਮੈਂ ਉਹਦੇ ਪਿੰਡ ਦਾ ਗੁਆਂਢੀ ਆਂ। ਇਸ ਮਿੱਟੀ ਦੇ ਭਾਗ ਨੇ ਕਿ ਏਥੇ ਗੁਆਂਢੀ ਨੂੰ ‘ਵੀਰਾ’ ‘ਬਾਈ’ ‘ਸਾਡੇ ਆਲਾ’ ਜਿਹੇ ਰਿਸ਼ਤੇ ਮਿਲੇ ਨੇ। ਮੁਖਤਿਆਰ ਮੇਰੀ ਭੈਣ ਐ, ਮੈਨੂੰ ਮਾਣ ਨਾਲ ਵੀਰਾ ਕਹਿੰਦੀ ਐ। ਮੈਂ ਉਹਨੂੰ ਪੁੱਛਿਆ –
‘ਭੈਣੇ, ਤੇਰੀਆਂ ਪ੍ਰਾਪਤੀਆਂ ਬਾਰੇ ਦੱਸ।’
ਕਹਿੰਦੀ – ‘ਵੀਰ, ਕੁਲਵੰਤ ਸਿੰਘ ਨੂੰ ਭੇਜੀਆਂ ਸੀ, ਤੈਨੂੰ ਵੀ ਉਹੀ ਭੇਜ ਦਿੰਨੀ ਆਂ।’
ਕਹਿੰਦੀ –
2001 ਦੀ ਗੱਲ ਐ। ਮੈਂ ਪੰਜਾਬ ਦੀ ਟੀਮ ਦੀ ਮੈਂਬਰ ਬਣ ਕੇ ਚੌਦਾਂ ਸਾਲ ਤੋਂ ਘੱਟ ਉਮਰ ਵਾਲੇ ਵਰਗ ਵਿੱਚ ਮੱਧ ਪ੍ਰਦੇਸ਼ ਗਈ ਸੀ, ਨੈਸ਼ਨਲ ਪੱਧਰ ’ਤੇ।
ਦੂਜੀ ਵਾਰੀ ਸਤਾਰਾਂ ਸਾਲਾਂ ਤੋਂ ਘੱਟ ਉਮਰ ਵਾਲੇ ਵਰਗ ’ਚ, ਫੇਰ ਉਸੇ ਰਾਜ ਦੇ ਦਵਾਸ ਸ਼ਹਿਰ ਗਈ ਸੀ।
ਤੀਜੀ ਵਾਰੀ ਪੰਜਾਬ ਵੱਲੋਂ ਖੇਡੀ ਮੈਂ ਕੈਪਟਨ ਸੀ ਟੀਮ ਦੀ। ਛੱਤੀਸਗੜ੍ਹ ਗਈ ਸੀ, ਚਾਂਦੀ ਦਾ ਮੈਡਲ ਜਿੱਤਿਆ।
ਇੱਥੇ ਲਿਸਟ ਦੇ ਕੇ ਕਰਨਾ ਵੀ ਕੀ ਐ। ਲੰਮੀ ਐ, ਪੰਨੇ ਥੋੜ੍ਹੇ ਐ। ਉਹਨੇ ਦੇਸ਼ ਦੇ ਕੋਨਿਆਂ ਨੂੰ ਕਰਮਾਂ ਪਾ ਕੇ ਮਿਣਿਐ। ਸੁਪਨੇ ਲਏ ਹੀ ਨ੍ਹੀਂ, ਜਿਉਂਏ ਨੇ। ਬਥੇਰੀਆਂ ਗੱਲਾਂ ਨੇ ਉਹਦੀਆਂ। ਜਦੋਂ ਨਤੀਜਾ ਆਖਰੀ ਰੇਡ ਨੇ ਹੋਣਾ ਹੋਵੇ ਉਦੋਂ ਦਰਸ਼ਕਾਂ ਦੇ ਵੀ ਸਾਹ ਰੁਕਦੇ ਨੇ। ਮੈਨੂੰ ਲੱਗਦੈ ਜੇ ਬੰਦਾ ਮਿੰਟ ਸਾਹ ਰੋਕ ਲੇ, ਮਰ ਸਕਦੈ। ਜਦੋਂ ਆਖਰੀ ਰੇਡ ਨੇ ਜਿੱਤ ਹਾਰ ਕਰਨੀ ਹੋਵੇ ਉਦੋਂ ਤਾਂ ਦਰਸ਼ਕ ਵੀ ਪਤਾ ਨ੍ਹੀਂ ਕਿੰਨਾ ਕੁ ਸਮਾਂ ਸਾਹ ਰੋਕੀ ਰੱਖਦੇ ਨੇ।
ਭਲਾਂ ਦੱਸ ਖਾਂ ਭੁੱਲੀਆਂ ਕੌਣ ਛੇੜੇ ……
ਕੁਲਵੰਤ ਸਿੰਘ ਮੈਨੇਜਰ ਨੇ ਐਸੇ ਬੰਦਿਆਂ ਤੋਂ ਆਪਾ ਲੁਟਾਇਐ। ਜਨੂੰਨੀ ਬੜੈ, ਮੁਖਤਿਆਰ ਬਾਰੇ ਤੱਥ ਇਕੱਠੇ ਕਰਦਿਆਂ ਉਸਨੇ ਉਸਦੇ ਹਾਣੀਆਂ, ਅਧਿਆਪਕਾਂ ਅਤੇ ਕੋਚ ਨਾਲ ਗੱਲਾਂ ਕੀਤੀਆਂ। ਉਨ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਮਨੇਜਰ ਸਾਬ੍ਹ ਨੇ ਲਿਖੀਆਂ ਮੈਂ ਵੀ ਸਾਂਝੀਆਂ ਕਰ ਦਿੰਨਾਂ। ਸਥਿਤੀ ਥੋੜ੍ਹੀ ਹੋਰ ਸਪੱਸ਼ਟ ਹੋਜੂ। ਕੁਲਵੰਤ ਦਾ ਜਮਾਤੀ ਐ, ਸ. ਜਸਵੰਤ ਸਿੰਘ। ਉਹ ਕਹਿੰਦਾ – “ਮੈ ਪਹਿਲੀ ਵਾਰ ਤੀਜੀ ਜਮਾਤ ਵਿੱਚ ਖੇਡਦੀ ਨੂੰ ਵੇਖਿਆ। ਘਰੇਲੂ ਕੁੜੀਆਂ ਵਾਲੇ ਪਹਿਰਾਵੇ ਵਿੱਚ। ਖਿੱਲਰੇ ਜੇ ਵਾਲ। ਕੁੜੀ ਨੇ ਕਮਾਲ ਦੀਆਂ ਕਬੱਡੀਆਂ ਪਾਈਆਂ। ਕੱਲੀ ਨੇ ਆਪਣੇ ਜ਼ੋਨ ਨੂੰ ਜਿਲ੍ਹਾ ਜੇਤੂ ਬਣਾ ਧਰਿਆ। ਉਸ ਤੋਂ ਬਾਅਦ ਮੈ ਮੁਖ਼ਤਿਆਰ ਦੇ ਜਿਨੇ ਵੀ ਮੈਚ ਵੇਖੇ ਸਾਰੇ ਸਿਰੇ ਦੇ। ਮੈਂ ਮੁਖਤਿਆਰ ਵਰਗਾ ਬੋਨਸ ਅਕ ਲੈਂਦਿਆਂ ਕਿਸੇ ਹੋਰ ਨੂੰ ਨਹੀਂ ਵੇਖਿਆ। ਕਬੱਡੀ ਦੇ ਮੈਦਾਨ ਵਿੱਚ ਇਹਦੇ ਵਾਂਗੂ ਪੱਬਾਂ ਤੇ ਡਾਂਸ ਕਰਦੀ ਕੋਈ ਹੋਰ ਕੁੜੀ ਨਹੀਂ ਵੇਖੀ, ਲੋਹੜੇ ਦੀ ਫੁਰਤੀਲੀ ਕੁੜੀ।”
ਅਸਲ ਵਿੱਚ ਇਹ ਗੱਲਾਂ ਉਦੋਂ ਸਾਡੀ ਢਾਣੀ ਵੀ ਕਰਦੀ ਹੁੰਦੀ ਸੀ। ਸਮਝ ਨ੍ਹੀਂ ਸੀ, ਭੋਰਾ ਵੀ। ਨੈਸ਼ਨਲ ਸਟਾਇਲ ਕਬੱਡੀ। ਅਸੀਂ ਉਦੋਂ ਸਿਫ਼ਤ ਤਾਂ ਐਸ ਤਰ੍ਹਾਂ ਈ ਕਰਦੇ ਹੋਵਾਂਗੇ। ਮੇਰੇ ਆੜੀ ਕਹਿੰਦੇ ਹੁੰਦੇ ਸੀ –‘ਆ ਤਾਂ ਨਜ਼ਾਰਾ ਗਿਆ ਯਰ। ਜੇ ਕੱਲੇ ਨੂੰ ਕੱਲਾ ਚਿੰਬੜਦਾ, ਪਤਾ ਤਾਂ ਫੇਰ ਲੱਗਦਾ। ਇਸ ਵਿੱਚ ਆਪਣਾ ਜ਼ੋਰ ਘੱਟ ਲੱਗਦੈ। ਵੇਖੋ ਖੇਡ ਦੀ ਸਿਫ਼ਤ, ਖਿਡਾਰੀ ਦਾ ਜ਼ੋਰ ਤਾਂ ਲੱਗਣਾ ਹੀ ਹੁੰਦੈ, ਅਗਲਾ ਖੇਡਦੈ। ਦਰਸ਼ਕ ਦਾ ਵੀ ਲੱਗਦੈ। ਅਸੀਂ ਉਮਰ ਦਰਸ਼ਕ ਰਹੇ, ਖੇਡਾਂ ਦੇ। ਅਸੀਂ ਮੁਖ਼ਤਿਆਰ ਨੂੰ ਉਸ ਪੱਧਰ ਤੇ ਤਿੰਨ ਚਾਰ ਮੈਚ ਖੇਡਦੇ ਵੇਖਿਐ। ਬਾਕੀ ਤਾਂ ਲੋਕਾਂ ਤੋਂ ਸੁਣਿਐ। ਕੁਲਵੰਤ ਮੈਨੇਜਰ ਜਿਉਂਦਾ ਰਹੇ ਉਸਨੇ ਉਸਨੂੰ ਜਿਉਂਦਾ ਕੀਤੈ, ਪਿਛਲੇ ਵਰ੍ਹੇ। ਮਨੇਜਰ ਸਾਬ੍ਹ ਨੇ ਖੇਡ੍ਹ ਅਧਿਆਪਕ ਗੁਣਵੰਤ ਕੌਰ ਦੀ ਗੱਲ ਇੰਝ ਦੱਸੀ – “ਮੈ ਆਪਣੇ ਸਪੋਰਟਸ ਦੇ ਕੈਰੀਅਰ ਦੌਰਾਨ ਮੁਖ਼ਤਿਆਰ ਵਰਗੀ ਕੋਈ ਖਿਡਾਰਨ ਨਹੀਂ ਵੇਖੀ, ਕੁਲਵੰਤ ਸਿੰਘ। ਸਰੀਰ ਵਿੱਚ ਲਚਕ ਏਨੀ, ਸਮਝ ਲਵੋ ਕਿ ਜਿਵੇਂ ਰਬੜ ਦੀ ਡੌਲ ਹੁੰਦੀ ਐ। ਜਦੋਂ ਰੇਡ ਕਰਦੀ ਤਾਂ ਡਾਜਾਂ ਮਾਰ ਮਾਰ ਕੇ ਵਿਰੋਧੀ ਟੀਮ ਨੂੰ ਖਦੇੜ ਦਿੰਦੀ ਸੀ। ਕਈ ਵਾਰ ਤਾਂ ਵਿਰੋਧੀ ਟੀਮ ਦਾ ਕੋਈ ਖਿਡਾਰੀ ਆਪਣੇ ਆਪ ਹੀ ਲੜਖੜਾ ਕੇ ਬਾਹਰ ਹੋ ਜਾਂਦਾ। ਜਿੰਨੀਆਂ ਰੇਡਾਂ ਕਰਦੀ ਓਨੇ ਨੰਬਰ ਜੋੜਦੀ।”
ਅਗਲੀ ਵਾਰਤਾ, ਦਿਲ ਕਰਦੈ ਇਸ ਤੇ ਫ਼ਿਲਮ ਬਣੇ। ਪੰਜਾਬ ਆਲੇ ਬਹੁਤੇ ਫਿਲਮੀ ਡਾਇਰੈਕਟਰ ਨੂੰ ਬਚਕਾਨਾ ਗੱਲਾਂ ਤੇ ਫਿਲਮਾਂ ਬਣਾਉਣ ਤੋਂ ਵਿਹਲ ਨ੍ਹੀਂ। ਇਹ ਕੰਮ ਅਮੀਰ ਖਾਨ ਕਰ ਸਕਦੈ। ਖਿਆਲ ਦਾ ਅਮੀਰ ਬੰਦੈ। ਉਹਨੇ ਹਰਿਆਣੇ ਦੀਆਂ ਦੋ ਭੈਣਾਂ ਤੇ ਫਿਲਮ ਬਣਾਈ। ਸਾਡਾ ਇੱਕ ਸਿਆਣਾ ਡਾਇਰੈਕਟਰ ਕਹਿੰਦਾ ਹੁੰਦੈ। ਉਹ ਫ਼ਿਲਮ ਵੀ ਤਾਂ ਚੱਲ ਗਈ ਉਸ ਵਿੱਚ ਆਮੀਰ ਖ਼ਾਨ ਐ, ਨ੍ਹੀਂ ਤਾਂ ਉਹ ਵੀ ਵਿੱਚ ਰੁਲਦੀ। ਸਲਾਹਾਂ ਤਾਂ ਦੁਨੀਆਂ ਚ ਵਸਦੇ ਹਰ ਸਾਹ ਲੈਂਦੇ ਬੰਦੇ ਨੂੰ ਦਿੰਦੇ ਨੇ। ਜਿਹੜੀ ਗੱਲ ਗੁਣਵੰਤ ਕੌਰ ਨੇ ਕੁਲਵੰਤ ਸਿੰਘ ਮਨੇਜਰ ਨੂੰ ਦੱਸੀ ਇਸ ਤੇ ਪੂਰੀ ਫਿਲਮ ਬਣੇ। ਇਹ ਪੰਜਾਬ ਦੀ ਹਿੰਸੈ। ਸਮਝਦਾ ਕੌਣ ਐ। ਮੁਖ਼ਤਿਆਰ ਮਰਦੀ ਰਹੀ, ਉਸਦਾ ਨਾਮ ਲੈਕੇ ਪਤਾ ਨ੍ਹੀਂ ਕਿੰਨੇ ਕੁ ਲੰਘ ਗਏ, ਅਗਾਂਹ। ਧੱਕੇ ਹੁੰਦੇ ਨੇ, ਖਿਡਾਰੀ ਸਹਿੰਦੇ ਨੇ। ਮੈਦਾਨ ਆਪਣੀ ਸੁੱਚਤਾ ਨ੍ਹੀਂ ਗਵਾਉਂਦਾ, ਚੰਗਾ ਖਿਡਾਰੀ ਆਪਣੀ ਸੁੱਚਤਾ ਨ੍ਹੀਂ ਗਵਾਉਂਦਾ। ਉਹ ਲੜਦੈ, ਖੇਡਦੈ ਸੁੱਚਤਾ ਲਈ। ਮੁਖਤਿਆਰ ਮੁੱਲ ਦਾ ਨ੍ਹੀਂ ਖੇਡੀ। ਉਸਦਾ ਮੁੱਲ ਸਾਥੋਂ ਦਿੱਤਾ ਵੀ ਨ੍ਹੀਂ ਜਾਣਾ ਸੀ। ਲਓ ਪਹਿਲਾਂ ਗੁਣਵੰਤ ਕੌਰ ਦੀ ਗੱਲ ਸੁਣੋ ਜਿਹੜੀ ਕੁਲਵੰਤ ਮਨੇਜਰ ਨੂੰ ਦੱਸੀ – “ਬਠਿਡੇ ਸਕੂਲਾਂ ਦੇ ਪੰਜਾਬ ਪੱਧਰੀ ਮੁਕਾਬਲੇ ਹੋਏ। ਸਾਡੀ ਮਾਨਸਾ ਦੀ ਟੀਮ ਦਾ ਫ਼ਾਈਨਲ ਮੈਚ ਸੀ। ਮੁਖ਼ਤਿਆਰ ਨੇ ਇਹ ਮੁਕਾਬਲਾ ਇਕ ਤਰਫ਼ਾ ਕਰ ਦਿੱਤਾ। ਆਖਰੀ ਦੋ ਮਿੰਟ ਬਾਕੀ ਸੀ।”
ਮੈਦਾਨ ਵਿੱਚ ਖੜ੍ਹੀ ਮੁਖਤਿਆਰ, ਮੈਡਮ ਨੂੰ ਕਹਿ ਰਹੀ ਐ -
“ਮੈਡਮ ਜੀ, ਪੰਜਾਬ ਤਾਂ ਆਪਾਂ ਜਿੱਤ ਲਿਆ, ਹੁਣ ਮੈਂ ਇੱਕ ਸ਼ੁਰ੍ਹਲੀ ਛੱਡਕੇ ਆਵਾਂ।”
“ਤੂੰ ਹੋਰ ਨਾਂ ਸਿਆਪਾ ਛੇੜਦੀਂ , ਜਿੱਤੇ ਪਏ ਆਂ ਰਹਿਣ ਦੇ ਨਵੀਂ ਭਸੂੜੀ ਤੋਂ।” – ਅੱਗਿਓਂ ਮੈਡਮ ਨੇ ਕਿਹਾ।
“ਕੀ ਭਸੂੜੀ ਪੈ ਗਈ ਗੁਣਵੰਤ।” – ਮੈਨੇਜਰ ਸਾਬ੍ਹ ਨੇ ਸਾਹ ਰੋਕ ਕੇ ਪੁੱਛਿਆ।
“ਮੁਖ਼ਤਿਆਰ ਗਈ ਰੇਡ ਪਾਉਣ। ਬਿਨਾਂ ਕਿਸੇ ਖਿਡਾਰੀ ਨੂੰ ਹੱਥ ਲਾਇਆਂ ਲਾਬੀ ਵਿੱਚ ਜਾ ਬੜੀ। ਪਿੱਛੇ ਵਿਰੋਧੀ ਟੀਮ ਦੀਆਂ ਪੰਜ ਖਿਡਾਰਨਾਂ ਵੀ ਜਾ ਵੜੀਆਂ ਲਾਬੀ ਵਿੱਚ। ਰੈਫ਼ਰੀ ਵੀ ਤਾਂ ਬਠਿਡੇ ਵਾਲੇ ਈ ਸੀ। ਮੁਖ਼ਤਿਆਰ ਨੂੰ ਆਊਟ ਦੇਕੇ ਨੰਬਰ ਵਿਰੋਧੀ ਟੀਮ ਨੂੰ ਦੇ ਦਿੱਤਾ। ਮੈਂ ਇਤਰਾਜ਼ ਕੀਤਾ ਕਿ ਇੱਕ ਨੰਬਰ ਵਿਰੋਧੀਆਂ ਦਾ ਤੇ ਪੰਜ ਸਾਡੇ ਬਣਦੇ ਨੇ। ਮੁਖ਼ਤਿਆਰ ਨੇ ਦੋ ਨੈਸ਼ਨਲ ਪੱਧਰ ਦੇ ਕੈਂਪ ਅਟੈਂਡ ਕੀਤੇ ਹੋਣ ਕਰਕੇ ਰੂਲਾਂ ਤੋਂ ਜਾਣੂ ਸੀ ਪਰ ਰੈਫ਼ਰੀ ਵਿਚਾਰੇ ਕੋਰੇ ਸੀ ਰੂਲਾਂ ਤੋਂ।”
“ਅੱਛਿਆ, ਫੇਰ ਕੀ ਬਣਿਆ?” – ਮਨੇਜਰ ਸਾਬ੍ਹ ਨੇ ਕਿਹਾ।
“ਮੇਰੇ ਨਾਲ ਅਜਾਇਬ ਹੋਰੀਂ ਵੀ ਆ ਗਏ ਹਿਮਾਇਤ ’ਤੇ। ਅੱਧਾ ਘੰਟਾ ਰੇੜਕਾ ਚੱਲਿਆ, ਬਠਿਡੇ ਵਾਲਾ ਮੰਤਰੀ ਚਰੰਜੀ ਲਾਲ ਵੀ ਬਗੈਰ ਇਨਾਮ ਵੰਡੇ ਮੁੜ ਗਿਆ। ਪ੍ਰਬੰਧਕ ਕਹਿਣ ਥੋਡੇ ਨੰਬਰ ਤਾਂ ਵਾਧੂ ਨੇ ਲੜਦੇ ਕਿਉਂ ਹੋ। ਅਸੀਂ ਕਿਹਾ ਤੁਹਾਨੂੰ ਨਿਯਮ ਸਿਖਾਉਣੇ ਨੇ। ਜੇ ਰੇਡਰ ਵਿਰੋਧੀ ਟੀਮ ਦੇ ਕਿਸੇ ਖਿਡਾਰੀ ਨੂੰ ਹੱਥ ਲਾਏ ਬਗੈਰ ਲਾਬੀ ਵਿੱਚ ਚਲਾ ਜਾਂਦਾ ਹੈ ਤਾਂ ਵਿਰੋਧੀ ਟੀਮ ਦੇ ਜਿੰਨੇ ਖਿਡਾਰੀ ਲਾਬੀ ਵਿੱਚ ਜਾਣਗੇ, ਓਹ ਵੀ ਸਾਰੇ ਆਊਟ ਸਮਝੇ ਜਾਣਗੇ। ਅਖ਼ੀਰ ਪੰਜ ਨੰਬਰ ਲੈਕੇ ਰਹੇ, ਤਾਂ ਕਿਤੇ ਜਾ ਕੇ ਫੈਸਲਾ ਹੋਇਆ। ਸਾਡਾ ਜਿਲ੍ਹਾ ਮਾਨਸਾ ਪੰਜਾਬ ਦੇ ਸਕੂਲਾਂ ਦਾ ਜੇਤੂ ਬਣਿਆਂ। ਮੁਖਤਿਆਰ ਪੰਜਾਬ ਦੀ ਬੈਸਟ ਰੇਡਰ ਐਲਾਨੀ ਗਈ।”
ਜਿਸ ਰੁੱਤੇ ਜਵਾਨੀ ਮਚਲਦੀ ਐ, ਆਸ਼ਕੀ ਕਰਨ ਖਾਤਿਰ। ਉਸ ਰੁੱਤੇ ਮੁਖ਼ਤਿਆਰ ਨੇ ਧਰਤੀਆਂ ਗਾਹੀਆਂ। ਮਿੱਟੀ ਨੂੰ ਇਸ਼ਕ ਕੀਤਾ। ਅੱਖ ਲੜਾਈ, ਨੈਸ਼ਨਲ ਸਟਾਇਲ ਕਬੱਡੀ ਵਿੱਚ ਮਿਲਦੇ ਉਨ੍ਹਾਂ ਅੰਕਾਂ ਨਾਲ ਜਿਨ੍ਹਾਂ ਬਾਰੇ ਅਜੇ ਸਭ ਅਣਜਾਨ ਸੀ। ਝਕਾਨੀ ਨ੍ਹੀਂ ਦਿੱਤੀ, ਹਿੱਕ ਦਾ ਜ਼ੋਰ ਵਰਤਿਐ। ਵਿਰੋਧੀਆਂ ਦੇ ਪੂਰੇ ਦਾ ਪੂਰਾ ਪਾਲਾ ਖਾਲੀ ਕੀਤੈ। ਦੇਹੋਂ ਐਨੇ ਫੁਰਤੀਲੇ ਖਿਡਾਰੀ, ਮੈਂ ਘੱਟ ਹੀ ਵੇਖੇ ਨੇ। ਉਹਨੂੰ ਗੁੜ੍ਹਤੀ ਵਿੱਚ ਜਿਵੇਂ ਇਹ ਸੁਪਨਾ ਮਿਲ ਗਿਆ ਹੋਵੇ। ਅਤਲੇ ਦੀ ਧਰਤੀ ਦੇ ਭਾਗ ਇੱਥੇ ਬੜਾ ਕੁਝ ਪੈਦਾ ਹੋਇਐ। ਮੈਂ ਉਹਨੂੰ ਪੁੱਛਿਆ –
‘ਮੁਖਤਿਆਰ, ਤੈਨੂੰ ਸੁਪਨੇ ਕਿਵੇਂ ਦੇ ਆਉਂਦੇ ਨੇ?’
ਕਹਿੰਦੀ – ‘ਵੀਰੇ ਹੁਣ ਆਲੇ ਦੱਸਾਂ ਜਾਂ ਪਹਿਲਾਂ ਆਲੇ।’
‘ਦੋਵੇਂ ਦੱਸਦੇ।’ – ਮੈਂ ਕਿਹਾ।
ਕਹਿੰਦੀ – ‘ਸੁਪਨੇ ਮੈਨੂੰ ਸ਼ੁਰੂ ਤੋਂ ਜਿਉਣ ਦੇ ਆਉਂਦੇ ਰਹੇ। ਮੈਨੂੰ ਕਦੇ ਡਰਾਉਣ ਆਲਾ ਸੁਪਨਾ ਨੀ ਆਇਆ।’
ਮੈਨੂੰ ਨਾਨੀ ਯਾਦ ਆਈ, ਕਹਿੰਦੀ ਹੁੰਦੀ ਸੀ –‘ਜਿਹੜੇ ਸੁਪਨੇ ਥੋਨੂੰ ਆਉਂਦੇ ਨੇ, ਉਨ੍ਹਾਂ ਦਾ ਥੋਡੇ ਨਾਲ ਸਬੰਧ ਹੁੰਦੈ।’ ਟਿਵਾਣਾ ਦੀ ਇੱਕ ਪਾਤਰ ਨੂੰ ਸੱਪ ਲੜ੍ਹਨ ਦਾ ਸੁਪਨਾ ਆਉਂਦੈ। ਮੈਂ ਇੱਕ ਦਿਨ ਪੜ੍ਹਾਈ ਜਾਵਾਂ। ਮੈਨੂੰ ਕਿਸੇ ਵਿਦਿਆਰਥੀ ਨੇ ਪੁੱਛਿਆ –
‘ਇਹਦੇ ਸੱਪ ਈ ਕਿਉਂ ਲੜਦੈ ਜੀ, ਛੋਟੀ ਜੀ ਤਾਂ ਉਮਰ ਐ।’
‘ਇਹ ਉਮਰ ਛੋਟੀ ਨ੍ਹੀਂ ਹੁੰਦੀ, ਮਰਨ ਰੁੱਤ ਐ।’
ਅੱਗਿਓਂ ਮੈਨੂੰ ਕਹਿੰਦਾ –‘ਮਰਨ ਰੁੱਤ ਕਿਹੜੀ ਹੁੰਦੀ ਐ।’
ਚੜ੍ਹਦੀ ਉਮਰ ਵਿੱਚ ਜਦੋਂ ਬੰਦੇ ਨੇ ਟਰੈਕ ਬਦਲਦੇ ਨੇ ਹੁੰਦੇ ਨੇ। ਉਦੋਂ ਬੜਾ ਕੁਝ ਬਦਲਦੈ। ਰੁੱਤਾਂ ਨਾਲ ਵਿਸ਼ੇਸ਼ਣ ਵੀ ਤਾਂ ਜੁਆਨੀ ਨੇ ਹੀ ਲਾਉਣੇ ਹੁੰਦੇ ਨੇ। ਜਦੋਂ ਕਹਿੰਦੇ ਖੂਨ ਬਦਲਦੈ ਤਾਂ ਕ੍ਰਾਂਤੀ ਲਿਆ ਸਕਦੈ। ਪਿਛਲੇ ਵਰ੍ਹੇ ਮੈਂ ਇੱਕ ਦ੍ਰਿਸ਼ ਵੇਖਿਆ, ਬੜਾ ਹੈਰਾਨ ਕਰਨ ਆਲਾ ਦ੍ਰਿਸ਼। ਸੌ ਕੁ ਜੁਆਨ ਏਧਰ ਉੱਧਰ ਘੁੰਮ ਰਿਹਾ ਸੀ, ਅਚਾਨਕ ਉਨ੍ਹ੍ਹਾਂ ਵਿਚਕਾਰ ਦੀ ਸਵਰਨ ਵਿਰਕ ਲੰਘਿਆਂ। ਕਿਸੇ ਦੇ ਕੰਨ ਤੇ ਜੂੰ ਨ੍ਹੀਂ ਸਰਕੀ। ਮੈਂ ਜਿੱਥੇ ਸੀ ਉੱਥੇ ਰੁਕ ਕੇ ਉਸ ਜੁਆਨ ਨੂੰ ਵੇਖਿਆ। ਮੈਂ ਕਈ ਦਿਨ ਨਵਾਂ ਨਵਾਂ ਮਹਿਸੂਸ ਕੀਤਾ ਪਰ ਮੈਨੂੰ ਨੀਂਦ ਨ੍ਹੀਂ ਆਈ। ਮਰਨ ਰੁੱਤੇ ਪਿਆ ਉਹ ਸੌ ਜੁਆਨ ਮੇਰੇ ਵਾਂਗੂੰ ਖੜ੍ਹਿਆ ਕਿਉਂ ਨ੍ਹੀਂ। ਸਿਆਣਿਆ ਇਹ ਵੀ ਤਾਂ ਕਿਹੈ ‘ਮਰਨ ਰੁੱਤੇ’ ਸੱਪ ਲੜ੍ਹਦੇ ਨੇ।
ਉਸਦੇ ਪਿੰਡ ਦਾ ਮੁੰਡਾ ਹਰਦੇਵ। ਕਹਿੰਦਾ ਬਾਈ ਤੂੰ ਗੁਣਵੰਤ ਮੈਡਮ ਦਾ ਜ਼ਿਕਰ ਕਰੀਂ। ਮੈਨੂੰ ਲੱਗਿਆ ਜਿਸ ਅਧਿਆਪਕ ਨੇ ਕੁੱਝ ਦਿੱਤਾ ਹੋਵੇ ਉਹਨੂੰ ਵਿਦਿਆਰਥੀ ਯਾਦ ਰੱਖਦੇ ਨੇ। ਸਬੱਬ ਬਣਿਆ ਕਿ ਮੁਖਤਿਆਰ ਦਾ ਮੇਲ ਪਲਵਿੰਦਰ ਕੌਰ ਨਾਲ ਹੋ ਗਿਆ। ਉਹਨੂੰ ਜਲੰਧਰ ਲਿਜਾਣ ਵਾਲੀ, ਮੈਡਮ ਪਲਵਿੰਦਰ ਕੌਰ ਸੀ। ਅਤਲੇ ਦੇ ਕਿਸਾਨੀ ਪਰਿਵਾਰ ਵਿੱਚ ਜੰਮੀ ਕੁੜੀ ਦਾ ਜਲੰਧਰ ਜਾਣਾ ਏਵੇਂ ਸੀ ਜਿਵੇਂ ਹੁਣ ਲੋਕ ਮੈਲਬੌਰਨ ਜਾਂਦੇ ਨੇ।
ਗੁਰੁ ਨਾਨਕ ਦੇਵ ਯੂਨੀਵਰਸਿਟੀ। ਸੈਸ਼ਨ 2005-06। ਖੇਡ, ਨੈਸ਼ਨਲ ਸਟਾਇਲ ਕਬੱਡੀ। ਧਾਕੜਪੁਣਾ ਉਸ ਵਿੱਚ ਲੋਹੜ੍ਹਿਆਂ ਦਾ। ਮਰੂੰ ਮਰੂੰ ਕਰਨਾ ਤਾਂ ਦੂਰ ਦੀ ਗੱਲ। ਪਿਓਰ ਮਲਵੈਣਾਂ ਆਲੀ ਚਿਹਰੇ ਤੇ ਸੰਗ। ਮੈਦਾਨ ਵਿੱਚ ਬਿਲਕੁਲ ਉਲਟ। ਪਹਿਲੇ ਸਾਲ ਹੀ ਮੁਖਤਿਆਰ ਨੇ ਉਸ ਨੌਰਥ ਜੋਨ ਜਿਤਾ ਦਿੱਤਾ। ਆਲ ਇੰਡੀਆ ਇੰਟਰਵਰਸਿਟੀ ਖੇਡ੍ਹੀ। ਬੰਗਲੌਰ ਮੁਕਾਬਲਾ ਸੀ। ਮੈਂ ਪੁੱਛਿਆ –
‘ਮੁਖਤਿਆਰ, ਪਹਿਲੇ ਮੈਚ ਤੋਂ ਲੈ ਕੇ ਆਖਰੀ ਮੈਚ ਤੱਕ ਦੀ ਕੋਈ ਯਾਦ ਦੱਸ, ਜਿਹੜੀ ਸਾਂਝੀ ਹੋਵੇ?’
‘ਮੈਂ ਜਦੋਂ ਵੀ ਮੈਚ ਖੇਡਣੇ, ਸੁਖਮਨੀ ਸਾਹਿਬ ਦਾ ਪਾਠ ਕਰਦੀ ਸੀ।’ ਅੱਗਿਓਂ ਕਹਿੰਦੀ।
ਅਗਲਾ ਸੁਆਲ ਤਾਂ ਬਣਦਾ ਹੀ ਨ੍ਹੀਂ। ਮੇਰੇ ਵਰਗਾ ਸੋਚਦੈ ਯਾਰ ਸਾਹਮਣਾ ਹਰਾਉਂਣਾ ਕਿਵੇਂ ਐ। ਦਾਅ ਪੇਚ ਸਿੱਖਦੈ। ਇਹ ਵੱਖਰਤਾ ਤਾਂ ਸ਼ਾਇਦ ਕੱਲੀ ਏਸੇ ਚ ਹੀ ਹੋਵੇ। ਕਈ ਵਰ੍ਹੇ ਹੋਏ ਅਸੀਂ ਚੰਡੀਗੜ੍ਹ ਗਏ, ਕਿਸੇ ਕੰਮ। ਠਹਿਰ ਪੰਜਾਬ ਯੂਨੀਵਰਸਿਟੀ। ਉੱਥੇ ਮੈਚ ਚੱਲਦੇ ਸੀ। ਸਾਡਾ ਇੱਕ ਮਿੱਤਰ ਸੀ, ਖਿਡਾਰੀ। ਅਸੀਂ ਨਾਲ ਚਲੇ ਗਏ। ਸਬੱਬੀਂ ਨੈਸ਼ਨਲ ਸਟਾਇਲ ਵਾਲੀਆਂ ਕੁੜੀਆਂ ਨਾਲ ਗੱਲਾਂ ਚੱਲੀਆਂ, ਨਾਲ ਉਨ੍ਹਾਂ ਦੀ ਅਧਿਆਪਕ। ਗੱਲਾਂ ਗੱਲਾਂ ਵਿੱਚ ਪਿੰਡਾਂ ਦੀਆਂ ਗੱਲਾਂ ਹੋਈਆਂ। ਇੱਕ ਕੁੜੀ ਬਹੁਤ ਗੰਭੀਰ ਹੋ ਕੇ ਕਹਿੰਦੀ – ‘ਤੁਸੀਂ ਮੁਖਤਿਆਰ ਦੇ ਇਲਾਕੇ ਦੇ ਓਂ।’
ਮੈਂ ਕਿਹਾ –‘ਹਾਂ, ਉਹ ਮੇਰੇ ਗੁਆਂਢੀ ਪਿੰਡੋਂ ਐਂ।’
ਉਨ੍ਹਾਂ ਦੀ ਅਧਿਆਪਕ ਕਹਿੰਦੀ – ‘ਮੈਂ ਮੁਖਤਿਆਰ ਨਾਲ ਖੇਡਦੀ ਰਹੀ ਆਂ।’
ਇਸ ਤੋਂ ਵੱਡੀ ਪ੍ਰਾਪਤੀ ਕੀ ਹੋ ਸਕਦੀ ਐ। ਕਿੱਥੇ ਤਾਂ ਉਹਨੇ ਕਹਿਣਾ ਸੀ, ਮੁਖਤਿਆਰ ਮੇਰੇ ਨਾਲ ਖੇਡਦੀ ਰਹੀ ਐ, ਕਿੱਥੇ ਉਹ ਕਹਿ ਰਹੀ ਐ, ਮੈਂ ਮੁਖਤਿਆਰ ਨਾਲ ਖੇਡਦੀ ਰਹੀ ਆਂ। ਚਲੋ ਖੈਰ, ਆਪਾਂ ਤਾਂ ਮੈਚਾਂ ਦੀ ਗੱਲ ਕਰਨੀ ਐ। ਏਥੇ ਮੈਨੂੰ ਕੁਲਵੰਤ ਮਨੇਜਰ ਯਾਦ ਆਉਂਦੈ ਜੀਹਨੇ ਇਹ ਤੱਥ ਪੇਸ਼ ਕੀਤੇ।
ਆਲ ਇੰਡੀਆਂ ਇੰਟਰਵਰਸਿਟੀ ਦੇ ਬੰਗਲੌਰ ਮੈਚ ਹੋਏ, 2005-06 ਵਿੱਚ। ਫਸਵੀਆਂ ਟੱਕਰਾਂ। ਭਲਾਂ ਮੇਰੇ ਵਰਗਿਆਂ ਦਾ ਉੱਥੇ ਕੀ ਕੰਮ? ਜੀਹਨੂੰ ਸੱਥ ਵਿੱਚ ਮੁੰਡੇ ਸਿਰਾ ਕਹਿੰਦੇ ਨੇ। ਉੱਥੇ ਉਸ ਸਿਰੇ ਤੋਂ ਵੀ ਅਗਾਂਹ ਆਲੇ ਜਾਂਦੇ ਨੇ। ਮੁਖਤਿਆਰ ਉੱਥੇ ਦਬੀ ਨੀ, ਜਮਾਂ ਵੀ। ਬੈਸਟ ਰੇਡਰ ਬਣੀ, ਭਾਰਤ ਦੀ ਬੈਸਟ ਰੇਡਰ। ਇੱਧਰ ਜੇ ਕੋਈ ਪਿੰਡ ਦੇ ਮੈਚ ਵਿੱਚ ਬੈਸਟ ਆ ਜੇ ਪਿੰਡ ਵਿੱਚ ਲੋਕਾਂ ਦਾ ਜਿਉਣਾ ਦੁੱਬਰ ਕਰ ਦਿੰਦੈ। ਮੈਨੂੰ ਲੱਗਦੈ ਇਹ ਗੱਲ ਉਹਦੇ ਪਿੰਡ ਆਲਿਆਂ ਨੂੰ ਵੀ ਨ੍ਹੀਂ ਪਤਾ ਹੋਣੀ। ਟੀਮ ਰਹੀ ਪਹਿਲੇ ਨੰਬਰ ਤੇ।
ਅਗਲਾ ਵਰ੍ਹੇ ਦੂਜੀ ਵਾਰ ਟੀਮ ਲੈ ਕੇ ਗਈ, ਆਂਧਰਾ ਪ੍ਰਦੇਸ਼। ਨਾਗਰਾਜਨਾ ਸ਼ਹਿਰ, ਨਾ ਕੋਈ ਜਾਣ, ਨਾ ਕੋਈ ਪਛਾਣ। ਮਾਂ ਦੀ ਧੀ ਪਹਿਲੇ ਸਾਲ ਵਾਂਗੂੰ ਖੇਡ੍ਹੀ। ਯੂਨੀਵਰਸਿਟੀ ਸਿਲਵਰ ਮੈਡਲ ਜਿੱਤੀ।
ਤਕੜਾਪਣ ਹੋਰ ਚੀਜ਼ ਐ, ਸਾਊਪਣਾ ਹੋਰ। ਉਹਦੇ ਕੋਲੇ ਦੋਵੇਂ ਨੇ। ਤੀਜੀ ਵਾਰੀ ਟੀਮ ਦੀ ਕਪਤਾਨ ਬਣ ਕੇ ਗਈ। ਹਿਮਾਚਲ ਪ੍ਰਦੇਸ਼ ਦੀ ਧਰਤੀ ਦੇ ਸੋਲ੍ਹਨ ਸ਼ਹਿਰ। ਪਿੰਡਾਂ ਆਲਿਆਂ ਨੂੰ ਦੱਸ ਕੇ ਜਾਂਦੀ ਤਾਂ ਉਹ ਇੱਕੋ ਚੀਜ਼ ਮੰਗਵਾਉਂਦੇ ਸੋਲ੍ਹਨ ਤੋਂ। ਮੈਂ ਕੇਰਾਂ ਦਿੱਲੀ ਗਿਆ ਕਿਸੇ ਨੇਤਾਨੁਮਾ ਬੰਦੇ ਨਾਲ। ਆਉਂਦਿਆਂ ਉਹਨੇ ਗੱਲਾਂ ਕੀਤੀਆਂ, ਸ਼ਾਮ ਸੀ। ਮੈਂ ਉਸਤੋਂ ਕਈ ਵਾਰ ਸ਼ਬਦ ਸੁਣਿਆ ਸੋਲ੍ਹਨ। ਮੈਂ ਕਿਹੜਾ ਜਾਣਦਾ ਸੀ ਕਿ ਸੋਲ੍ਹਨ ਕੀ ਐ? ਬਾਅਦ ਵਿੱਚ ਪਤਾ ਲੱਗਿਆ ਕਿ ਉਸ ਦਿਨ ਮਸਲ ਕੀ ਸੀ।
ਮੁਖਤਿਆਰ ਕਹਿੰਦੀ – ‘ਫਾਈਨਲ ਮੈਚ ਰੋਹਤਕ ਨਾਲ। ਜਾਟਣੀਆਂ ਦੀ ਤਕੜੀ ਟੀਮ। ਮੈਚ ਫਸ ਗਿਆ।ਆਖਰੀ ਰੇਡ ਤੇ ਫੈਸਲਾ।’
ਕੁਝ ਕੰਮ ਮਲਵਈ ਬਹੁਤ ਸੋਹਣੇ ਕਰਦੇ ਆ। ਇਹ ਸੋਹਣਾ ਕੰਮ ਆਇਆ, ਮਲਵੈਣ ਦੇ ਹਿੱਸੇ। ਜਾਣਸਾਰ ਬੋਨਸ। ਉਹ ਕਿਹੜਾ ਫਫੜਿਆਂ ਦੇ ਮੇਲੇ ਤੇ ਮੈਚ ਸੀ ਵੀ, ਤੁਰੰਤ ਰੌਲਾ ਪਿਆ ਹੋਣੈ, ਜਿੱਤ ਗਏ ਓਏ ਜਿੱਤ ਗਏ।
ਕਹਿੰਦੀ – ‘ਮੈ ਸੋਚਿਆ ਖਬਰੈ ਰੈਫਰੀ ਨਾ ਮੰਨੇ। ਮੈਂ ਤੀਹ ਸਕਿੰਟਾਂ ਦੇ ਅੰਦਰ ਹੀ ਟੱਚ ਮਾਰਿਆ।’
ਮੈਂ ਕਿਹਾ – ‘ਡਰ ਨੀ ਲੱਗਿਆ, ਵੀ ਜਾਟਣੀਆਂ ਫੜ੍ਹ ਲੈਣਗੀਆਂ।’
‘ਵੀਰੇ, ਮੈਂ ਕਦੇ ਡਰ ਕੇ ਨ੍ਹੀਂ ਖੇਡੀ।’ – ਅੱਗਿਓਂ ਕਹਿੰਦੀ।
ਇਸ ਮੈਚ ਦੀ ਬੈਸਟ ਰੇਡਰ ਬਣੀ। ਯੂਨੀਵਰਸਿਟੀ ਵੀ ਪਹਿਲੇ ਨੰਬਰ ਤੇ ਰਹੀ।
ਚੌਥੀ ਵਾਰ ਤਾਮਿਲਨਾਡੂ ਦੇ ਸ਼ਹਿਰ ਤਿਰੁਨੇਵਲੀ ਵਿੱਚ ਖੇਡੀ। ਉਦੋਂ ਤਾਂ ਕਹਿੰਦੇ ਬਾਕੀ ਟੀਮਾਂ ਕਹਿਣ ਲੱਗ ਪਈਆਂ ਸੀ। ਪਹਿਲਾ ਸਥਾਨ ਤਾਂ ਮੁਖਤਿਆਰ ਦੈ। ਆਪਾਂ ਤਾਂ ਦੂਜੇ ਲਈ ਲੜ ਰਹੀਆਂ। ਉਹ ਜਲੰਧਰ ਰਹੀ ਚਾਰ ਸਾਲ। ਤਿੰਨ ਵਾਰ ਆਲ ਇੰਡੀਆ ਇੰਟਰਵਰਸਿਟੀ ਗੋਲਡ, ਇੱਕ ਵਾਰ ਸਿਲਵਰ। ਉਸ ਕਾਲਜ ਨੇ ਉਸਨੂੰ ਉਸ ਦੌਰ ਵਿੱਚ ਸਾਂਭਿਆ ਇਹ ਉਸਦਾ ਹਾਸਲ ਐ।
ਲੋਕ ਕਹਿੰਦੇ ਨੇ ਜਿੱਤਾਂ ਨਾਲ ਹਉਂ ਆਉਂਦੀ ਐ। ਹਉਂ, ਦੇਹ ਦਾ ਮਸਲੈ। ਦੇਹਾਂ ਫੈਸਲਾ ਕਰਦੀਆਂ ਨੇ, ਹਉਂ ਦਾ। ਮੁਖ਼ਤਿਆਰ ਜਿੰਨਾ ਸਮਾਂ ਜਿੱਤਦੀ ਰਹੀ, ਧਰਤੀ ਨਾਲ ਜੁੜਦੀ ਰਹੀ। ਮੈਨੂੰ ਅਤਲੇ ਦੀ ਮਿੱਟੀ ਨਾਲ ਮੁਹੱਬਤ ਐ, ਉਹ ਹੰਕਾਰ ਨ੍ਹੀਂ ਭਰਦੀ। ਮੈਨੂੰ ਉੱਥੋਂ ਸਿਰਫ਼ ਦੋ ਬੰਦੇ ਜੁੜੇੇ। ਇੱਕ ਹਰਦੇਵ, ਦੂਜਾ ਮੁਖਤਿਆਰ। ਮੈਂ ਇਨ੍ਹਾਂ ਤੋਂ ਜਿਉਣਾ ਸਿੱਖਿਐ। ਤਿੰਨੋ ਸਮਕਾਲੀ ਆਂ। ਤਿੰਨੋ ਭੈਣ ਭਰਾ ਆਂ। ਹਰਦੇਵ ਨੂੰ ਮੈਂ ਕਿਹਾ –‘ਮੁਖ਼ਤਿਆਰ ਬਾਰੇ ਲਿਖ ਰਿਹਾਂ ਬਾਈ। ਕੁਝ ਰਾਇ ਦੇ।’
‘ਉਹ ਚੁੱਪ ਕਰ ਗਿਆ।’
ਮੈਂ ਉਸਦੀ ਚੁੱਪ ਨੂੰ ਸਮਝਦਾਂ। ਉਹ ਚੁੱਪ ਤਾਂ ਹੈ, ਪਰ ਰੋਇਆ ਹੋਣੈ ਬਹੁਤ। ਉਹਦੀ ਭੁੱਬ ਦਾ ਆਖਰੀ ਹਉਂਕਾ ਮੈਨੂੰ ਦੋਵਾਂ ਪਿੰਡਾਂ ਦੀ ਹੱਦ ਚੋਂ ਦਿਿਖਐ। ਮੈਂ ਇੱਥੇ ਰੋਣਾ ਨ੍ਹੀਂ।
ਨਾ ਤਾਂ ਉਹ ਘਬਰਾਈ, ਨਾ ਡਰੀ। ਜਦੋਂ ਹਸਨਪੁਰੀ ਦੀ ਪਾਤਰ ਬੋਤੇ ਤੇ ਬੈਠੀ ਡਰ ਪ੍ਰਗਟ ਕਰਦੀ ਐ। ਉਹ ਕਹਿੰਦੀ ਐ –‘ਮੈਂ ਨਾ ਕਦੇ ਕੀਤੀ, ਬੋਤੇ ਉੱਤੇ ਅਸਵਾਰੀ ਵੇ, ਆਹ ਲੈ ਉੱਡ ਚੱਲੀ ਮੇਰੀ ਲਾਲ ਫੁਲਕਾਰੀ ਵੇ, ਚੰਦਰੀ ਉਡਾਰੀ ਲਾਵੇ ਤਿੱਤਰਾਂ ਦੇ ਵਾਂਗ, ਚੰਨਾਂ ਜਿੰਨਾਂ ਰੱਖਾਂ ਇਹਨੂੰ ਫੜ੍ਹ ਫੜ੍ਹ ਕੇ।’ ਉਮਰਾਂ ਦਾ ਫਰਕ ਨ੍ਹੀਂ, ਹੌਸਲਿਆਂ ਤੇ ਇਰਾਦਿਆਂ ਦਾ ਫ਼ਰਕ ਐ। ਜਿਸ ਦੀ ਅਸਵਾਰੀ ਮੁਖਤਿਆਰ ਨੇ ਕੀਤੀ, ਉਥੇ ਕੁਝ ਉੱਡਣ ਦਾ ਤਾਂ ਮਸਲਾ ਹੀ ਨ੍ਹੀਂ। ਹਾਂ, ਤਿੱਤਰਾਂ ਦੇ ਵਾਂਗੂੰ ਉਡਾਰੀਆਂ ਲਾਈਆਂ, ਉਹਨੇ ਨ੍ਹੀਂ, ਉਹਦੇ ਸੁਪਨਿਆਂ ਨੇ ਇਰਾਦਿਆਂ ਨੇ। ਜਿਹੜੀ ਮੁਖ਼ਤਿਆਰ ਜਲੰਧਰ ਸੀ, ਉਹੀ ਮੁਖਤਿਆਰ ਬਠਿੰਡੇ ਆਈ। ਬੀ. ਪੀ. ਐੱਡ ਕਰਨ। ਮਨੇਜਰ ਸਾਬ੍ਹ ਕਹਿੰਦੇ – ‘ਮੁਖ਼ਤਿਆਰ ਦੇ ਆਉਣ ਨਾਲ ਯੂਨੀਵਰਸਿਟੀ ਦੇ ਡਰਾਇਕਟਰ ਸਪੋਰਟਸ ਰਾਜ ਕੁਮਾਰ ਦੇ ਪੈਰ ਧਰਤੀ ਤੇ ਨਹੀਂ ਸੀ ਲੱਗਦੇ।’ ਲੱਗਣ ਵੀ ਕਾਹਤੋਂ, ਵਿਰੋਧੀ ਦੀ ਚਾਲ ਨੂੰ ਅਨੁਵਾਦ ਕਰਨ ਵਾਲੀ ਮੁਖਤਿਆਰ ਉਨ੍ਹਾਂ ਦੀ ਕੈਪਟਨ ਬਣਨੀ ਸੀ। ਮੁਖਤਿਆਰ ਕਹਿੰਦੀ –
‘2011 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਹਿਲੇ ਨੰਬਰ ਤੇ ਆਈ। ਉੜੀਸਾ ਦੇ ਸ਼ਹਿਰ ਉਜੈਨ ਚ ਹੋਈ ਸੀ, ਆਲ ਇੰਡੀਆ ਇੰਟਰਵਰਸਿਟੀ।’
‘ਇੱਥੇ ਬੈਸਟ ਰੇਡਰ ਕੌਣ ਰਿਹਾ।’- ਮੈਂ ਪੁੱਛਿਆ।
ਉਸਨੇ ਜਵਾਬ ਨ੍ਹੀਂ ਦਿੱਤਾ। ਮੁਖਤਿਆਰ ਇੱਥੋਂ ਵੀ ਬੈਸਟ ਰੇਡਰ। ਸਾਡੇ ਪਿੰਡਾਂ ਆਲੇ ਜਦੋਂ ਕਬੱਡੀ ਦੇ ਟੂਰਨਾਮੈਂਟ ਕਰਵਾਉਂਦੇ ਨੇ ਤਾਂ ਜਿਹੜੀ ਟੀਮ ਹਰੇਕ ਸਾਲ ਜਿੱਤਣ ਲੱਗ ਜੇ ਉਹਨੂੰ ਕਹਿੰਦੇ ਨੇ ਭਾਈ ਐਤਕੀ ਨ੍ਹੀਂ ਤੁਸੀਂ ਖੇਡ੍ਹ ਸਕਦੇ, ਹੋਰਾਂ ਨੂੰ ਮੌਕਾ ਦਿਓ।
ਲੱਗਦੇ ਹੱਥ ਇੱਕ ਮੈਚ ਦੀ ਗੱਲ ਹੋਰ। ਮੈਂ ਪੁੱਛਿਆ –‘ਮੁਖਤਿਆਰ, ਐਂ ਦੱਸ ਸਭ ਤੋਂ ਵੱਧ ਨਜ਼ਾਰਾ ਕਿਹੜੇ ਮੈਚ ਵਿੱਚ ਆਇਆ, ਖੇਡਣ ਦਾ।’
ਕਹਿੰਦੀ ਗੱਲ ਤਾਂ ਲੰਮੀ ਐ। ਮੈਂ ਦੱਸਦੀ ਆਂ।
‘ਕੇਰਾਂ ਮੈਂ ਭਾਗੂਮਾਜਰੇ ਸੀ, ਫਿਜੀਕਲ ਕਾਲਜ ਵਿੱਚ। 2011-12 ਵਿੱਚ। ਕੈਪਟਨ ਮੈਂ ਸੀ, ਮੈਚ ਹੋਣੇ ਸੀ ਕੁਰੂਕਸ਼ੇਤਰ। ਆਲ ਇੰਡੀਆ ਇੰਟਰਵਰਸਿਟੀ ਦੇ ਮੈਚ। ਫਾਈਨਲ ਮੈਚ ਸੀ ਹਰਿਆਣੇ ਨਾਲ। ਅੱਧਾ ਕੁ ਸਮਾਂ ਤਾਂ ਠੀਕ ਚੱਲਿਆ ਮੈਚ। ਰੈਫ਼ਰੀ ਧੱਕਾ ਕਰਿਆ ਕਰਨ। ਲੜਾਈ ਝਗੜਾ, ਬੁਰੇ ਹਾਲ। ਅਸੀਂ ਇਤਰਾਜ ਕਰਿਆ ਕਰੀਏ, ਸੁਣਿਆ ਕੋਈ ਨਾ ਕਰੇ।’
‘ਰੈਫ਼ਰੀ ਨੂੰ ਕੀ ਮਿਲਿਆ।’ – ਮੈਂ ਪੁੱਛਿਆ।
‘ਕੀ ਪਤੈ।’
ਕਹਿੰਦੀ – ‘ਉਨ੍ਹਾਂ ਨੇ ਪੰਜ ਮਿੰਟ ਪਹਿਲਾਂ ਹੀ, ਉਨ੍ਹਾਂ ਦੇ ਪੰਜ ਨੰਬਰ ਵੱਧ ਕਰਤੇ। ਮੈਂ ਸਾਰੀ ਟੀਮ ਨੂੰ ਲਿਆਂਦਾ, ਵਾਕ ਲਾਇਨ ਤੇ। ਵੀਰੇ ਇਹ ਲਾਇਨ ਕਰਾਸ ਕਰਨੀ ਜ਼ਰੂਰੀ ਹੁੰਦੀ ਐ।’
‘ਫਿਰ ਕੀ ਬਣਿਆ।’ – ਮੈਂ ਪੁੱਛਿਆ।
‘ਜ਼ੁਲਮ ਜਦੋਂ ਵੱਧ ਜਾਵੇ ਤਾਂ ਫਿਰ ਪੰਜਾਬ ਕੀ ਕਰਦੈ, ਉਹੀ ਕੀਤਾ।ਜਿਹੜਾ ਆਵੇ ਅਸੀਂ ਢਾਹ ਲਿਆ ਕਰੀਏ। ਰੇਡਾਂ ਮੇਰੇ ਕੋਲ ਸੀ। ਮੈਂ ਉੇਸ ਦਿਨ ਵੀ ਰੁਕੀ ਨ੍ਹੀਂ। ਪੰਜਾਬ ਮਿੰਟਾਂ ਵਿੱਚ ਛੇ ਨੰਬਰ ਵਧਾ ਲਏ। ਰੈਫ਼ਰੀ ਵੀ ਵਿਚਾਰੇ ਕੀ ਕਰਨ। ਜਦੋਂ ਸਿੱਧੀ ਟੱਕਰ ਸੀ। ਅਸੀਂ ਉਹ ਵੀ ਜਿੱਤ ਗਏ।’
ਉਸ ਮੈਚ ਦੀ ਬੈਸਟ ਰੇਡਰ ਵੀ, ਮੁਖਤਿਆਰ। ਪਲੇਅਰ ਆੱਫ਼ ਦਾ ਟੂਰਨਾਮੈਂਟ ਵੀ, ਮੁਖਤਿਆਰ।
ਇਹ ਪੰਜਾਬ ਦੀ ਹਿੰਸੈ। ਇਹ ਹਿੰਸਾ ਗੌਰਵ ਐ। ਇਹ ਹਿੰਸਾ ਦਾ ਸਾਡੇ ਕੋਲ ਮਾਡਲ ਐ, ਪੂਰੇ ਦਾ ਪੂਰਾ। ਇਹ ਮਾਡਲ ਹੋਰ ਕਿਤੇ ਨ੍ਹੀਂ ਮਿਲਦਾ।
ਕੁਲਵੰਤ ਮਨੇਜਰ ਨੇ ਬੜੀ ਮਿਹਨਤ ਕੀਤੀ, ਇਸ ਪੱਖੋਂ। ਮੁਖਤਿਆਰ, ਦੱਸਦੀ ਘੱਟ ਐ। ਮੈਨੂੰ ਵੀ ਕਹਿੰਦੀ ਮੇਰੀਆਂ ਸਹੇਲੀਆਂ ਤੋਂ ਪੁੱਛ ਲਿਓ। ਮੈਂ ਇਹ ਨਹੀਂ ਕਰ ਸਕਿਆ। ਤਾਂ ਕਰਕੇ ਵਾਰਤਾ ਮੈਂ ਮਨੇਜਰ ਸਾਬ੍ਹ ਵਾਲੀ ਸਾਂਝੀ ਕਰਦਾਂ, ਉਹਤੋਂ ਬਿਨਾਂ ਗੱਲ ਅਧੂਰੀ ਐ। ਇਸੇ ਇਲਾਕੇ ਦੀ ਇੱਕ ਕੁੜੀ ਐ, ਮਨਪ੍ਰੀਤ। ਉਹ ਕਹਿੰਦੀ -
‘ਸਰ, ਮੁਖ਼ਤਿਆਰ ਦੀਦੀ ਦੀਆਂ ਕੀ ਸਿਫ਼ਤਾਂ ਕਰਾਂ, ਇਹ ਮੇਰੇ ਤੋਂ ਸੀਨੀਅਰ ਸੀ। ਤੀਹ ਸਕਿੰਟ ਦੀ ਰੇਡ ਵਿੱਚ ਕੋਈ ਵੀ ਰੇਡਰ ਮੁਸ਼ਕਿਲ ਨਾਲ ਪੰਦਰਾਂ ਕੁ ਸਕਿੰਟ ਹਰਕਤ ਵਿੱਚ ਰਹਿਦੈ। ਬਾਕੀ ਸਮਾਂ ਓਹ ਖੜ੍ਹਕੇ ਡਿਫੈਂਸ ਦੀ ਜੁਗਲਬੰਦੀ ਵੇਖਦਾ ਰਹਿੰਦੈ ਪਰ ਮੁਖ਼ਤਿਆਰ ਦੀਦੀ ਦੀ ਰੇਡ ਦੇ ਕੀ ਕਹਿਣੇ। ਤੀਹ ਸਕਿੰਟਾਂ ਵਾਲੀ ਰੇਡ ਵਿੱਚ ਇੱਕ ਸਕਿੰਟ ਵੀ ਅਜਿਹਾ ਨਹੀਂ ਜਦੋਂ ਇਹ ਰੁਕੀ ਹੋਵੇ ਤੇ ਕੋਈ ਹਰਕਤ ਨਾਂ ਕੀਤੀ ਹੋਵੇ। ਵਿਰੋਧੀ ਡਿਫੈਂਸ ਨੂੰ ਆਪਣੀਆਂ ਕਲਾਬਾਜ਼ੀਆਂ ਨਾਲ ਤਹਿਸ-ਨਹਿਸ ਕਰਦੇ ਵੇਖਿਐ ਮੈ ਦੀਦੀ ਨੂੰ।’
ਮਨਪ੍ਰੀਤ ਨੇ ਮਨੇਜਰ ਸਾਬ੍ਹ ਨੂੰ ਕਿਹਾ – ‘ਤੁਸੀਂ ਪਰੋ ਕਬੱਡੀ ਵਿੱਚ ਇਰਾਨੀ ਰੇਡਰ ਮਿਰਾਜ ਸ਼ੇਖ ਦੀ ਰੇਡ, ਤੇ ਜੈਪੁਰ ਪਿੰਕ ਪੈਂਥਰ ਵਾਲੇ ਜਸਵੀਰ ਦੀ ਰੇਡ ਵੇਖੀ ਹੋਣੀ ਐ।
‘ਹਾਂ, ਹਾਂ, ਵੇਖੀ ਐ, ਚੰਗੀ ਤਰ੍ਹਾਂ ਵੇਖੀ ਐ। - ਉਹ ਕਹਿੰਦੇ।
‘ਇਹ ਦੋਵੇਂ ਮੁਖ਼ਤਿਆਰ ਦੀਦੀ ਦੇ ਨੇੜੇ ਤੇੜੇ ਵੀ ਨਹੀਂ ਢੁਕਦੇ।’ ਅੱਗਿਓਂ ਜਵਾਬ ਮਿਲਿਆ।
ਮਨਪ੍ਰੀਤ ਕਹਿੰਦੀ – ‘ਮੁਖ਼ਤਿਆਰ ਦੀਦੀ ਤਾਂ 2010 ਅਤੇ 2014 ਵਿੱਚ ਏਸ਼ੀਆਈ ਗੇਮਾਂ ਵਿੱਚ ਜਾਣ ਵਾਲੀ ਭਾਰਤੀ ਟੀਮ ਦੀ ਕਪਤਾਨ ਚਾਹੀਦੀ ਸੀ।’
ਸਾਰਾ ਸਿਆਪਾ ਹੀ ‘ਸੀ’ ਦੈ।
ਲੁਕੋ ਕੇ ਪੈਰ ਘਰ ਵਿੱਚ ਤੁਰ ਪਿਆ ਲੰਮੇ ਸਫ਼ਰ ਉੱਤੇ…..
ਉਹਨੇ ਖੇਡ ਨਾਲ ਇਸ਼ਕ ਕੀਤੈ, ਤਾਂਹੀ ਤਾਂ ਅਜੇ ਵੀ ਕੱਤੇ ’ਚ ਖਿੜੀ ਕਪਾਹ ਵਾਂਗੂੰ ਹੱਸਦੀ ਐ। ਇਹ ਹੱਸਣਾ ਸਰਕਾਰ ਨੂੰ ਚੁਭਦਾ ਕਿਉਂ ਨ੍ਹੀਂ। ਦਰਦ ਦੀ ਪੰਡ ਮੈਂ ਬੰਨ੍ਹੀ ਬੈਠਾਂ, ਦਰਦ ਸਾਰਾ ਓਸ ਦੈ। ਇਹ ਪੰਡ ਦਾ ਕੀ ਖੋਲਣੈ। ਜਸਵਿੰਦਰ ਜੀਹਨੂੰ ‘ਰੂਹ ਦਾ ਪੱਤਣ’ ਆਖਦੈ, ਮੁਖਤਿਆਰ ਉਹ ਲੱਭੀ ਬੈਠੀ ਆ। ਸੱਥ ਵਿੱਚ ਇੱਕ ਮੁੰਡੇ ਨੇ ਕਿਸੇ ਨੂੰ ਪੁੱਛਿਆ –
‘ਜਿਹੜੇ ਸਾਰੀ ਉਮਰ ਖੇਡ੍ਹਦੇ ਰਹਿੰਦੇ ਨੇ, ਸੱਟਾਂ ਖਾਂਦੇ ਨੇ। ਮੈਦਾਨਾਂ ਵਿੱਚ ਲੜਦੇ ਨੇ। ਐਵੇਂ ਦੇਹ ਨੂੰ ਤਸੀਹੇ ਦਿੰਦੇ ਨੇ। ਕੀ ਮਿਲਦੈ ਇਨ੍ਹਾਂ ਨੂੰ।’
‘ਦੇਹ ਦਾ ਜ਼ੋਰ ਹੁੰਦੈ, ਉਹਦਾ ਕੀ ਗੁਆਚਦੈ। ਦੇਹ ਨੂੰ ਜਿੰਨਾਂ ਵਾਹੋ, ਉਨ੍ਹਾਂ ਰਵ੍ਹੇ ਹੁੰਦੀ ਐ। ਮਿਲਣ ਭਾਲਦੈ, ਐਂ ਤਾਂ ਫਿਰ ਤੂੰ ਕਹੇਂਗਾ, ਸ਼ਹੀਦੀਆਂ ਵੀ ਕਿਉਂ ਹੁੰਦੀਆਂ ਨੇ। ਦੇਹ ਨੂੰ ਤਸੀਹੇ ਕੌਣ ਦੇ ਲਊ, ਭੁਲੇਖੇ ਨੇ ਸਭ। ਕੁਝ ਚੀਜ਼ਾਂ ਦਾ ਮੁੱਲ ਨ੍ਹੀਂ ਪੈ ਸਕਦਾ। ਬਿੰਦੀ ਸੀ, ਉਹਦੀ ਕਮਾਈ ਇਹ ਥੋੜ੍ਹੇ ਉਹਨੇ ਪਲਾਟ ਕਿੱਥੇ ਲਿਐ। ਉਹਦੀ ਕਮਾਈ ਤਾਂ ਇਹ ਐ, ਪੰਜਾਬ ਵਿੱਚ ਕਿਤੇ ਵੀ ਕਬੱਡੀ ਦੀ ਗੱਲ ਹੋਊ। ਉਹਦੀ ਗੱਲ ਹੋਊ, ਬੱਸ।’
ਬਾਬਾ ਇੱਕੋ ਸਾਹੇ ਕਿੰਨਾ ਕੁਝ ਬੋਲ ਗਿਆ। ਕਮਾਈਆਂ ਹੋਰ ਕੰਮਾਂ ਵਿੱਚ ਹੁੰਦੀਆਂ ਨੇ। ਇਹ ਗੱਲਾਂ ਵਿਚੋਂ ਮੈਨੂੰ ਮੁਖਤਿਆਰ ਯਾਦ ਆਈ। ਜੀਹਦਾ ਜ਼ਿਕਰ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਖਿਡਾਰਨ ਕੀਤਾ। ਕਹਿੰਦੀ ਮੈਂ ੳੇੁਹਦੇ ਨਾਲ ਖੇਡਦੀ ਰਹੀ। ਉਹਨੂੰ ਸਭ ਜਾਣਦੇ ਨੇ, ਵੱਖਰੀ ਗੱਲ ਐ ਬਹੁਤੇ ਉਹਦਾ ਨਾਂ ਨ੍ਹੀਂ ਲੈਂਦੇ ਹੋਣੇ।
ਰਾਜਿੰਦਰ ਬੇਦੀ ਨੇ ਲਿਖਿਐ –‘ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਮੈਂ ਕੌਣ ਹਾਂ।’ ਬੇਦੀ ਦਾ ਤਾਂ ਮੈਨੂੰ ਪਤਾ ਨ੍ਹੀਂ ਪਰ ਉਸਦੇ ਪਿੰਡ ਨੂੰ ਸ਼ਾਇਦ ਅਜੇ ਤੱਕ ਵੀ ਨਾ ਪਤਾ ਹੋਵੇ ਮੁਖਤਿਆਰ ਕੌਣ ਐ। ਬੇਦੀ ਦੀ ਇਸ ਸਤਰ ਨੂੰ ਮੈਂ ਜੇ ਥੋੜ੍ਹੇ ਫ਼ਰਕ ਨਾਲ ਵਰਤਾਂ ਤਾਂ ਉਹ ਬਣਦੀ ਐ ‘ਸਾਨੂੰ ਅਜੇ ਤੱਕ ਸਮਝ ਨ੍ਹੀਂ ਆਈ ਕਿ ਮੁਖਤਿਆਰ ਕੌਣ ਐ।’ ਇਹ ਗੱਲ ਡਾਇਰੈਕਟਰ ਸਪੋਰਟਸ ਤਾਂ ਜਾਣਦਾ ਸੀ। ਮਨੇਜਰ ਸਾਬ੍ਹ ਕਹਿੰਦੇ ‘ਡਰਾਇਕਟਰ ਸਪੋਰਟਸ ਨੇ ਮੁਖ਼ਤਿਆਰ ਨੂੰ ਯੂਨੀਵਰਸਿਟੀ ਵਿੱਚ ਕੁੜੀਆਂ ਦੀ ਕਬੱਡੀ ਟੀਮ ਨੂੰ ਕੋਚਿੰਗ ਦੇਣ ਵਾਸਤੇ ਰੱਖ ਲਿਆ। ਕਹਿ ਦਿੱਤਾ ਕਿ ਤੇਰੇ ਲਈ ਇੰਸਟਰਕਟਰ ਦੀ ਨਵੀਂ ਪੋਸਟ ਬਣਵਾ ਲੈਣੀ ਹੈ, ਤੂੰ ਕੰਮ ਕਰ ਪੱਕਾ ਵੀ ਕਰ ਦੇਵਾਂਗੇ ਪਰ ਅਫ਼ਸੋਸ ਦੋ ਸਾਲ ਕੰਮ ਲੈਂਦੇ ਰਹੇ ਪਰ ਵਾਅਦੇ ਵਫ਼ਾ ਨਾਂ ਹੋਏ।’ ਟੌਰ ਬਣੀ ਕਿਸੇ ਦੀ, ਖੇਡਿਆ ਕੋਈ। ਦੋ ਸਾਲ ਬਿਨਾਂ ਕਿਸੇ ਲਾਲਚ ਉਸਨੇ ਕਿੰਨੇ ਖਿਡਾਰੀ ਪੈਦਾ ਕੀਤੇ ਹੋਣੇ ਐ, ਜਾਂ ਤਾਂ ਉਹ ਜਾਣਦੀ ਐ ਜਾਂ ਫਿਰ ਫਾਇਲਾਂ ਵਿੱਚ ਦਸਤਾਵੇਜ਼। ਉਸਦੇ ਵਿਰੋਧੀ ਹੁਣ ਤੱਕ ਕਹਿੰਦੇ ਨੇ ‘ਮੈਚ ਤਾਂ ਅਸੀਂ ਜਿੱਤ ਜਾਂਦੇ, ਕੱਲੀ ਮੁਖਤਿਆਰ ਨੇ ਹਰਾ ਤੇ।’ ਪੰਜਾਬੀ ਯੂਨੀਵਰਸਿਟੀ ਵੱਲੋਂ ਖੇਡਦਿਆਂ ਉਹ ਤਿੰਨ ਵਾਰ ਆਲ ਇੰਡੀਆ ਗੋਲਡ ਰਹੀ, ਬੈਸਟ ਰੇਡਰ ਰਹੀ।
ਮਨੇਜਰ ਸਾਬ੍ਹ ਨੇ ਉਸਦੀਆਂ ਸਹੇਲੀਆਂ ਤੋਂ ਪੁੱਛਿਆ –‘ਮੁਖਤਿਆਰ ਐ ਪੰਜਾਬ ਚੋਂ, ਉਹਦੇ ਬਾਰੇ ਕੁਝ ਦੱਸੋ?’
‘ਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਮੁਖਤਿਆਰ ਦੀਦੀ ਨੇ ਸੋਲ਼ਾਂ ਸਾਲਾਂ ਬਾਅਦ ਸੋਨੇ ਦੇ ਲਗਾਤਾਰ ਤਿੰਨ ਮੈਡਲ ਜਿੱਤਕੇ ਦਿੱਤੇ।2011 ਦਾ ਉਜੈਨ ਵਾਲਾ ਟੂਰਨਾਮੈਂਟ ਤਾਂ ਕੱਲੀ ਮੁਖਤਿਆਰ ਦੀਦੀ ਦੀ ਬਦੌਲਤ ਜਿੱਤਿਆ, ਜਿਸ ਵਿਚ ਇਸ ਨੇ ਬੈਸਟ ਰੇਡਰ ਦਾ ਖਿਤਾਬ ਵੀ ਜਿੱਤਿਆ। ਦੀਦੀ ਤਿੰਨ ਸਾਲ ਯੂਨੀਵਰਸਿਟੀ ਲਈ ਖੇਡੀ ਤੇ ਦੋ ਸਾਲ ਦੀਦੀ ਨੇ ਸਾਨੂ ਫਰੀ ਕੋਚਿੰਗ ਦਿੱਤੀ। ਦੀਦੀ ਇਕ ਵਧੀਆ ਖਿਡਾਰੀ ਹੋਣ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਵੀ ਨੇ । ਮੁਖਤਿਆਰ ਦੀਦੀ ਵਰਗੀ ਖਿਡਾਰਨ ਅੱਜ ਤੱਕ ਨਾਂ ਹੋਈ ਐ ਨਾ ਹੋਣੀ ਐ। ਮੈਂ ਆਪਣੀ ਜ਼ਿੰਦਗੀ ਵਿਚ ਇਹੋ ਜਿਹੀ ਜਿੰਦਾ-ਦਿਲ ਅਤੇ ਨੇਕ ਇਨਸਾਨ ਕਿਤੇ ਨਹੀਂ ਵੇਖੀ। ਮੈਂ ਦੀਦੀ ਨਾਲ ਦੋ ਸਾਲ ਖੇਡੀ ਅਤੇ ਦੋ ਸਾਲ ਦੀਦੀ ਤੋ ਟਰੇਨਿੰਗ ਲਈ ।ਦੀਦੀ ਕੋਚ ਬਣਕੇ ਨਹੀਂ ਸਗੋਂ ਦੋਸਤ ਬਣਕੇ ਰਹਿੰਦੀ ਸੀ। ਸਾਨੂੰ ਦੋਵਾਂ ਭੈਣਾ ਨੂੰ ਦੋ ਦੋ ਮੈਡਲ ਜਿੱਤਣ ਤੇ ਵੀ ਹਰਿਆਣਾ ਸਰਕਾਰ ਨੇ ਨੌਕਰੀ ਦੇ ਦਿੱਤੀ, ਪਰ ਦੀਦੀ ਕੋਲ ਤਾਂ ਕੱਲੀ ਕੋਲ ਸਾਰੀ ਟੀਮ ਜਿਨੇ ਮੈਡਲ ਨੇ। ਫਿਰ ਵੀ ਦੀਦੀ ਨੂੰ ਨੌਕਰੀ ਨਹੀਂ ਮਿਲੀ।’ – ਅੱਗਿਓਂ ਜਵਾਬ ਮਿਲਿਆ।
ਇਹ ਸੁਣ ਕੇ ਮਨੇਜਰ ਸਾਬ੍ਹ ਦਾ ਕੱਦ ਵੱਡਾ ਹੋਇਆ ਹੋਣੈ, ਕਿੰਨਾ ਗੌਰਵ ਦਿੱਤੈ ਇਸ ਧਰਤੀ ਨੂੰ ਮੁਖਤਿਆਰ ਨੇ। ਰੋਏ ਹੋਣੇ ਐ, ਬਹੁਤ। ਕਲਾਲ ਵਾਲੇ ਜੰਮਿਆ, ਵਿਦੇਸ਼ ਬੈਠਾ ਜਸਵਿੰਦਰ ਆਖਦੈ – ‘ਜੁੜੇ ਨਾ ਰਿਜ਼ਕ ਜੇ ਤਾਂ ਆਲ੍ਹਣੇ ਛੱਡ ਜਾਣ ਪੰਛੀ ਵੀ।’ ਉਹ ਆਲ੍ਹਣਾ ਛੱਡ ਆਈ। ਆਲ੍ਹਣੇ ਵਿੱਚ ਹੈ ਵੀ ਕੀ ਸੀ। ਸਿਵਾਏ ਮੁਖਤਿਆਰ ਕੌਰ, ਮੁਖਤਿਆਰ ਕੌਰ ਤੋਂ।
ਉਸਨੂੰ ਨੌਕਰੀ ਮਿਲੀ। ਸਰਕਾਰੀ ਨ੍ਹੀਂ, ਸ਼੍ਰੋਮਣੀ ਕਮੇਟੀ ਦੇ ਕਾਲਜ ਵਿੱਚ। ਮੇਰੇ ਨਾਲ ਪੜ੍ਹਾਉਂਦੀ ਐ। ਪਹਿਲੇ ਭਾਗ ਵਿੱਚ ਜਿਹੜਾ ਮੁੰਡਾ ਲੋਕਾਂ ਦੀਆਂ ਗੱਲਾਂ ਸੁਣ ਕੇ ਰੋਇਆ ਸੀ, ਸ਼ਾਇਦ ਉਹ ਇਸ ਸ਼ਬਦ ਚਿੱਤਰ ਦਾ ਸਿਰਜਕ ਸੀ।
ਮੇਰੀ ਦਾਦੀ ਇਹ ਕਹਿੰਦੀ ਤੁਰ ਗਈ ਸੀ ਕਿ ਤੂੰ ਐਨਾ ਪੜ੍ਹ ਗਿਆ, ਨੌਕਰੀ ਕਦੋਂ ਮਿਲੂ। ਮੈਂ ਕਹਿੰਦਾ ਰਿਹਾ ‘ਮਿਲ ਜਾਊ, ਸਮਾਂ ਆਉਣ ਦੇ।’ ਸ. ਜਸਵਿੰਦਰ ਸਿੰਘ ਨੇ ਜਿਹੜੇ ਸੁਪਨੇ ਬੀਜੇ ਸੀ, ਉਹ ਉੱਗੇ ਤਾਂ ਬੜੇ ਸੋਹਣੇ ਲੱਗੇ। ਆਂਢੀ ਗੁਆਂਢੀ ਤਾਂ ਕਹਿੰਦੇ ਹੋਣੇ ਨੇ ਕੁੜੀ ਨੂੰ ਪੰਦਰਾਂ ਸਾਲ ਹੋ ਗਏ ਪੜ੍ਹਦੀ ਨੂੰ, ਖੇਡਦੀ ਨੂੰ। ਵੱਡੀ ਅਫ਼ਸਰ ਬਣੂੰ। ਮੈਂ ਇਕ ਘਟਨਾ ਸਾਂਝੀ ਕਰਦਿਆਂ ਸਹਿਜ ਨ੍ਹੀਂ ਹਾਂ। ਉਸਦਾ ਪਾਪਾ ਜਸਵਿੰਦਰ ਸਿੰਘ ਤੁਰ ਗਿਆ। ਉਹ ਯੂਨੀਵਰਸਿਟੀ ਵਿੱਚ ਸੀ। ਆਈ ਸਿਰਫ਼ ਇੱਕ ਦਿਨ। ਦੂਜੇ ਦਿਨ ਫਿਰ ਟਰੇਨਿੰਗ ਦੇ ਰਹੀ ਸੀ। ਨਾ ਕਿਸੇ ਨੂੰ ਦੱਸਿਆ ਉਸਨੇ। ਜਨੂੰਨ ਕਹਿ ਲਵੋ, ਮਜ਼ਬੂਰੀ ਕਹਿ ਲਵੋ। ਇਹ ਵਾਕ ਲਿਖਦਿਆਂ ਮੈਨੂੰ ਕਿਤੋਂ ਸਿਸਕੀਆਂ ਦੀ ਆਵਾਜ਼ ਆ ਰਹੀ ਐ। ਆਸਾ ਪਾਸਾ ਵੇਖ ਰਿਹਾਂ। ਕੋਈ ਨਜ਼ਰ ਨ੍ਹੀਂ ਆ ਰਿਹਾ। ਕੌਣ ਰੋਂਦੈ, ਕਿੱਥੇ ਰੋਂਦੈ? ਸ਼ਾਇਦ ਮੈਨੂੰ ਨ੍ਹੀਂ ਸੁਣ ਰਹੀ, ਕਲਮ ਰੋ ਰਹੀ ਐ। ਫ਼ਿਜ਼ਾ ਵਿੱਚ ਦਰਦ ਐ। ਇਹ ਦਰਦ ਬੇਤਰਤੀਬੈ। ਇਹ ਦਰਦ ਸਿਰਫ਼ ਮੈਨੂੰ ਕਿਉਂ ਮਹਿਸੂਸ ਹੁੰਦੈ। ਸਰਕਾਰ ਨੂੰ ਕਿਉਂ ਨ੍ਹੀਂ ਹੁੰਦਾ? ਹਾਂ ਸੱਚ, ਸਰਕਾਰ ਤਾਂ ਦਰਦ ਦੀ ਦਵਾਈ ਲੈ ਕੇ ਸੁੱਤੀ ਪਈ ਐ, ਗੂੜ੍ਹੀ ਨੀਂਦੇ। ਉੱਠ ਖੜ੍ਹ ਹੁਣ, ਉੱਠ ਖੜ੍ਹ। ਮਾਂ ਦੀ ਆਵਾਜ਼ ਐ। ਮਾਂ ਆਉਣਾ, ਇਹ ਕਹਿ ਕਿ ਮੈਂ ਉੱਠ ਖੜ੍ਹਾਂ। ਸਰਕਾਰ ਦੀ ਕੋਈ ਮਾਂ ਕਿਉਂ ਨ੍ਹੀਂ ਹੁੰਦੀ।
ਸਮਾਪਤ
ਗੁਰਦੀਪ ਸਿੰਘ
ਗੁਰੂ ਨਾਨਕ ਕਾਲਜ, ਬੁਢਲਾਡਾ।
6280477383
