ਮਾਪਿਆਂ ਦਾ ਜੱਗਪ੍ਰੀਤ ਸਿੰਘ,ਕਬੱਡੀ ਜਗਤ ਦਾ ਜੱਗੂ ਹਾਕਮਵਾਲਾ ।
ਜੱਗੂ ਦਾ ਪੂਰਾ ਨਾਮ ਜੱਗਪ੍ਰੀਤ ਸਿੰਘ ਐ, ਪਰ ਕਬੱਡੀ ਦੀ ਦੁਨੀਆ ਵਿੱਚ ਜੱਗੂ ਹਾਕਮਵਾਲਾ ਵਜੋਂ ਸਵੀਕਾਰਿਆ ਗਿਆ । ਮਾਤਾ ਪਿਤਾ ਦੇ ਜੱਗਪ੍ਰੀਤ ਨੇ ਕਬੱਡੀ ਜਗਤ ਨਾਲ਼ ਐਸੀ ਪ੍ਰੀਤ ਪਾਈ ਕਿ ਦੁਨੀਆਂ...

ਹਾਕਮਵਾਲਾ ਪਿੰਡ , ਜਿੱਥੇ ਦੇਸ਼ ਦੀ ਅਜ਼ਾਦੀ ਤੋਂ ਪੰਜਾਹ ਸਾਲ ਬਾਅਦ ਵੀ ਕੋਈ ਲਾਰੀ ਨਹੀਂ ਸੀ ਜਾਂਦੀ। ਪੁਰਾਣੇ ਬਜ਼ੁਰਗਾਂ ਨੇ ਤਾਂ ਬੋਹਾ ਤੱਕ ਦਾ ਪੈਂਡਾ ਕਰਮਾਂ ਦੀ ਗਿਣਤੀ ਕਰਦਿਆਂ ਨਿਬੇੜਿਆ ਹੋਇਐ ।
ਸਕੂਲ ਪੜ੍ਹਦੇ ਪਾੜ੍ਹਿਆਂ ਨੇ ਕੱਚੇ ਰਾਹਾਂ ਦੀ ਗਿਣਤੀ ਮਿਣਤੀ ਸਾਈਕਲ ਦੇ ਪੈਡਲ਼ਾਂ ਨਾਲ਼ ਕੀਤੀ ਹੋਈ ਐ । ਇਹੋ ਜਿਹੇ ਪਿੰਡ ਦਾ ਜੰਮਿਆ ਜਾਇਆ ਜੱਗੂ ਅੱਜ ਕਬੱਡੀ ਦੇ ਅੰਬਰ 'ਤੇ ਧਰੂੰ ਤਾਰੇ ਵਾਂਗ ਲਿਸ਼ਕੋਰਾਂ ਮਾਰਦੈ ।
ਹਾਕਮ ਵਾਲੇ ਪਿੰਡ ਨੂੰ ਕਦੀ ਪੰਜਾਬ ਹਰਿਆਣਾ ਯੂ.ਪੀ ਅਤੇ ਰਾਜਸਥਾਨ ਤੱਕ ਚਮਕਾਇਆ ਸੀ ਵਿਸਾਖੇ ਪਹਿਲਵਾਨ ਨੇ , ਉਹ ਬਠਿੰਡੇ ਜ਼ਿਲ੍ਹੇ ਦਾ ਰੁਸਤਮ ਰਿਹੈ। ਅੱਜ ਜੱਗੂ ਨੇ ਦੇਸ਼ ਵਿਦੇਸ਼ ਵਿੱਚ ਹਾਕਮਵਾਲੇ ਦਾ ਨਾਮ ਗੂੰਜਣ ਲਾ ਦਿੱਤਾ ।
ਪੂਰੀ ਦੁਨੀਆਂ ਵਿੱਚ, ਜਿੱਥੇ ਵੀ ਕਬੱਡੀ ਦੇ ਆਸ਼ਕ ਵੱਸਦੇ ਨੇ, ਉਹ ਭਾਵੇਂ ਪੰਜਾਬੀ ਹੋਣ ਜਾਂ ਗ਼ੈਰ ਪੰਜਾਬੀ,ਬੱਚੇ ਬੱਚੇ ਦੀ ਜ਼ੁਬਾਨ ਤੇ ਉੱਕਰਿਆ ਪਿਆ ਐ ਜੱਗੂ ਹਾਕਮਵਾਲੀਏ ਦਾ ਨਾਮ ।
ਸਿਆਣੇ ਕਹਿੰਦੇ ਨੇ ਕਿਸਮਤ ਤਾਂ ਭੜੌਲਿਆਂ ‘ਚ ਦੱਬੀ ਹੋਈ ਵੀ ਗੁੱਝੀ ਨੀ ਰਹਿੰਦੀ, ਝੀਤਾਂ ਵਿੱਚੋਂ ਦੀ ਝਾਤੀਆਂ ਮਾਰਦੀ ਆ, ਖੜ੍ਹਦੀ ਐ ਆਪਣੇ ਸੱਜਣ ਨੂੰ ਨਿਵਾਜਣ ।
ਜੇ ਵਿਧਾਤਾ ਦੀ ਲਿਖੀ ਕਿਸਮਤ ਨਾ ਚਮਕਦੀ ਤਾਂ ਜੱਗੂ ਅੱਜ ਵੀ ਬੋਹੇ ਦੀ ਮੱਲ ਸਿੰਘ ਵਾਲਾ ਪ੍ਰਿੰਟਿੰਗ ਪ੍ਰੈੱਸ 'ਤੇ ਵਿਆਹਾਂ,ਭੋਗਾਂ ਦੇ ਕਾਰਡ ਛਾਪ ਰਿਹਾ ਹੁੰਦਾ ।
ਕਬੱਡੀ ਦੇ ਮੈਦਾਨ ਵਿੱਚ ਤਕੜੇ ਤੋਂ ਤਕੜੇ ਧਾਵੀ ਨੂੰ ਗੋਡੇ ਦਮ ਕਰਨ ਵਾਲੇ ਜੱਗੂ ਨੂੰ ਨਿਮਰਤਾ ਦਾ ਮੁਜੱਸਮਾਂ ਬਣਾਕੇ ਸਾਜਿਆ ਹੋਇਐ ਸਿਰਜਣ ਹਾਰ ਨੇ ।
ਨੀਵੀਂ ਪਾ ਕੇ ਹਲੀਮੀ ਨਾਲ਼ ਗੱਲ ਕਰਨੀ ਇਹਦਾ ਵੱਡਾ ਹਾਸਲ ਐ । ਜਦੋਂ ਖੇਡ ਮੈਦਾਨ ਵਿੱਚ ਗਰਜਦੈ ਤਾਂ ਵਿਰੋਧੀਆਂ ਨੂੰ ਚਾਰੇ ਖਾਨੇ ਚਿੱਤ ਕਰਕੇ ਦਮ ਲੈਂਦੈ ।
ਜਦੋਂ ਮੈਦਾਨ ਤੋਂ ਬਾਹਰ ਮਿਲਦੈ ਤਾਂ ਮਨ ਨੀਵਾਂ,ਮੱਤ ਉੱਚੀ ਦੇ ਸਿਧਾਂਤ 'ਤੇ ਪਹਿਰਾ ਦਿੰਦੈ । ਇਹੋ ਹੀ ਮੀਰੀ ਗੁਣ ਹੈ ਮਾਂ ਖੇਡ ਕਬੱਡੀ ਦੇ ਲਾਡਲੇ ਸਪੂਤ ਜੱਗੂ ਦਾ ।
ਅਨੇਕਾਂ ਮੋਟਰ ਸਾਈਕਲਾਂ, ਕਾਰਾਂ , ਟਰੈਕਟਰਾਂ ਅਤੇ ਹੋਰ ਨਿੱਕ-ਸੁੱਕ ਦਾ ਜੇਤੂ ਜਰਨੈਲ ਅੱਜ ਵੀ ਆਪਣੇ ਪਿਛੋਕੜ ਨੂੰ ਨੀ ਭੁੱਲਦਾ । ਇਹਦੀਆਂ ਯਾਦਾਂ ਵਿੱਚ ਅੱਜ ਵੀ ਵਸੇ ਹੋਏ ਨੇ ਉਹ ਮੁੱਢਲੇ ਅਧਿਆਪਕ , ਜਿਹਨਾਂ ਉਂਗਲੀ ਫੜਕੇ ਤੁਰਨਾ ਸਿਖਾਇਆ ।
ਵੱਡੇ ਤੋਂ ਵੱਡੇ ਕੋਚਾਂ ਨਾਲ ਵਾਹ ਪਿਐ ਇਹਦਾ, ਬੜਾ ਕੁੱਝ ਸਿੱਖਿਐ ਇਹਨੇ ਜ਼ਿੰਦਗੀ ਦੇ ਤਲਖ਼ ਤਜ਼ਰਬਿਆਂ ਵਿੱਚੋਂ । ਪਰ ਨਹੀ ਭੁੱਲਣੇ ਓਹ ਪ੍ਰਾਇਮਰੀ ਸਕੂਲ ਵਾਲ਼ੇ ਰਾਹ ਦਸੇਰੇ ਜਿੰਨਾਂ ਟਿੱਬਿਆਂ ਦਾ ਰੇਤਾ ਖੰਡ ਬਣਾਤਾ ।
ਜੱਗੂ ਅੱਜ ਵੀ ਬੋਹਾ ਵਾਲੇ ਬਾਵੇ ਨੂੰ ਯਾਦਾਂ ਦੀ ਪਟਾਰੀ ਦਾ ਗਹਿਣਾ ਸਮਝਦੈ । ਇਹਦੇ ਲਈ ਜਸ਼ਨਜੀਤ ਕੁਲਾਣਾ ਵੀ ਰਹਿਬਰ ਬਣਕੇ ਬੌਹੜਿਆ ।
ਮਾਸਟਰ ਸ਼ਵਿੰਦਰ ਸਿੰਘ ਦੇ ਦਿੱਤੇ ਹੌਂਸਲੇ ਨੂੰ ਖੇਡ ਮੈਦਾਨਾਂ ਦੀ ਗੁੜ੍ਹਤੀ ਮੰਨਦੈ । ਸਕੂਲ ਦੇ ਪੀਟੀ ਮਾਸਟਰ ਹਰਵਿੰਦਰ ਬਿੱਲੂ ਵੱਲੋਂ ਬਚਪਨ ਵਿੱਚ ਦਿੱਤੀਆਂ ਹੱਲਾਸ਼ੇਰੀਆਂ ਨੇ ਇਹਨੂੰ ਕਬੱਡੀ ਜਗਤ ਦਾ ਸ਼ੇਰ ਬਣਾ ਦਿੱਤਾ ।
ਮਾਤਾ ਕਿਰਨਜੀਤ ਕੌਰ ਜਦੋਂ ਨਿਕੜੇ ਜੱਗੂ ਦੇ ਵਾਲਾਂ ਵਿੱਚੋਂ ਹਾਕਮਵਾਲੇ ਦੇ ਟਿੱਬਿਆਂ ਦੀ ਰੇਤ ਕੱਢਦੀ, ਤਾਂ ਸੋਚਾਂ ਦੇ ਸਮੁੰਦਰਾਂ ‘ਚ ਡੁੱਬਕੀਆਂ ਲਾਉਂਦੀ ਨੂੰ ਇਹਨਾਂ ਵਾਲਾਂ ਵਿੱਚੋਂ ਸੋਨੇ ਦੀ ਭਾਅ ਮਾਰਦੀ ।
ਇਹਦੇ ਦਾਦੇ ਪੂਰਨ ਸਿੰਘ ਨੇ ਇਹਦੇ ਬਾਪੂ ਦਾ ਨਾਮ ਪਹਿਲਵਾਨ ਸਿੰਘ ਰੱਖਿਆ ਸੀ, ਸੋਚਦਾ ਸੀ ਪੁੱਤ ਪਹਿਲਵਾਨੀ ‘ਚ ਨਾਮਣਾ ਖੱਟੇ, ਪਰ ਕਬੀਲਦਾਰੀਆਂ ਦੇ ਝੰਜਟ ਕਿੱਥੇ ਪੈਣ ਦਿੰਦੇ ਨੇ ਆਸਾਂ ਨੂੰ ਬੂਰ ।
ਸਦਕੇ ਜਾਈਏ ਓਸ ਪਹਿਲਵਾਨ ਸਿੰਘ ਦੇ, ਜਿਸ ਨੇ ਤੰਗੀਆਂ ਤੁਰਸ਼ੀਆਂ ਵਾਲੀ ਕਬੀਲਦਾਰੀ ‘ਚੋਂ ਹੀਰਾ ਤਰਾਸ਼ਕੇ ਦਾਦੇ ਦੇ ਸੁਪਨੇ ਸਾਕਾਰ ਕਰਤੇ ।
ਜੱਗੂ ਦਾ ਪੂਰਾ ਨਾਮ ਜੱਗਪ੍ਰੀਤ ਸਿੰਘ ਐ, ਪਰ ਕਬੱਡੀ ਦੀ ਦੁਨੀਆ ਵਿੱਚ ਜੱਗੂ ਹਾਕਮਵਾਲਾ ਵਜੋਂ ਸਵੀਕਾਰਿਆ ਗਿਆ । ਮਾਤਾ ਪਿਤਾ ਦੇ ਜੱਗਪ੍ਰੀਤ ਨੇ ਕਬੱਡੀ ਜਗਤ ਨਾਲ਼ ਐਸੀ ਪ੍ਰੀਤ ਪਾਈ ਕਿ ਦੁਨੀਆਂ ਇਹਦੀ ਦੀਵਾਨੀ ਹੋ ਗਈ ।
ਦੇਸ਼ ਵਿਦੇਸ਼ ਵਿੱਚ ਵੱਸਦੇ ਕਬੱਡੀ ਪ੍ਰੇਮੀਆਂ ਨਾਲ਼ ਪ੍ਰੀਤ ਪਾਉਣ ਵਾਲ਼ਾ ਜੱਗਪ੍ਰੀਤ ਹੁਣ ਜੱਗੂ ਹਾਕਮਵਾਲੀਆ ਬਣਕੇ ਕਬੱਡੀ ਜਗਤ 'ਤੇ ਰਾਜ ਕਰ ਰਿਹੈ ।
ਪ੍ਰਾਇਮਰੀ ਸਕੂਲ ਪੜ੍ਹਦਿਆਂ ਜਦੋਂ ਘਰ ਲੇਟ ਆਉਣਾ ਤਾਂ ਮਾਤਾ ਨੇ ਪੁੱਛਣਾ, ਏਨਾ ਚਿਰ ਕਿੱਥੇ ਰਿਹਾ ਪੁੱਤ ਛੁੱਟੀ ਤਾਂ ਕਦੇ ਦੀ ਹੋਈ ਐ ? ਅੱਗੋਂ ਇਹਦਾ ਜਵਾਬ ਹੋਣਾ, ਮੈਂ ਸਾਰੇ ਜਵਾਕਾਂ ਨੂੰ ਘਰ ਭੇਜਕੇ ਫੇਰ ਆਉਣਾ ਹੁੰਦੈ ।
ਬਚਪਨ ਵਿੱਚ ਮਾਤਾ ਪਿਤਾ ਨਾਲ ਕੀਤੀਆਂ ਅਣਭੋਲ ਅਵਸਥਾ ਦੀਆਂ ਭੋਲੀਆਂ ਗੱਲਾਂ ਸਮਾਂ ਪਾ ਕੇ ਸੱਚ ਹੋ ਜਾਣਗੀਆਂ, ਇਹ ਤਾਂ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ।
ਬਾਲ ਵਰੇਸੇ ਜੱਗੂ ਜਦੋਂ ਕਦੀ ਅਸਮਾਨ ਵਿੱਚ ਉੱਡਦੇ ਜਹਾਜ਼ ਨੂੰ ਵੇਖਦਾ ਤਾਂ ਮਾਤਾ ਪਿਤਾ ਨੂੰ ਕਹਿੰਦਾ ਹੁੰਦਾ ਸੀ, ਆਹ ਜਹਾਜ਼ ਤਾਂ ਮੇਰਾ ਐ ।
ਮੈਂ ਜਾਇਆ ਕਰੂੰ ਇਸ ਜਹਾਜ਼ 'ਤੇ ਚੜ੍ਹ ਕੇ, ਨੋਟਾਂ ਦਾ ਬੈਗ ਭਰਕੇ ਲਿਆਇਆ ਕਰੂੰ, ਆਪਣੇ ਘਰ 'ਤੇ ਸੁੱਟ ਕੇ ਜਾਇਆ ਕਰਨੈ, ਤੁਸੀਂ ਧਿਆਨ ਰੱਖਿਆ ਕਰੋ ਕਿਤੇ ਕੋਈ ਹੋਰ ਨਾਂ ਚੁੱਕ ਕੇ ਲੈਜੇ ।
ਵੇਖਦੇ ਜਾਇਓ ਆਪਾਂ ਵੱਡੀ ਸਾਰੀ ਕੋਠੀ ਬਣਾਵਾਂਗੇ । ਬਚਪਨ ਦੇ ਖਿਆਲੀ ਪਲਾਓ ਹਕੀਕਤ ਵਿੱਚ ਬਦਲਦੇ ਵੇਖ ਮਾਤਾ ਪਿਤਾ ਵੀ ਮਾਣ ਮਹਿਸੂਸ ਕਰਦੇ ਨੇ ।
ਇਹਦਾ ਪਾਪਾ ਪਹਿਲਵਾਨ ਸਿਹੁੰ ਜਦੋਂ ਕਦੀ ਅੱਠਵੀਂ ‘ਚ ਪੜ੍ਹਦੇ ਦੀ ਖੇਡ ਵੇਖਣ ਮਾਨਸਾ ਚਲਾ ਜਾਂਦਾ ਤਾਂ ਜੱਗੂ ਕਹਿ ਦਿੰਦਾ ਪਾਪਾ ਤੂੰ ਨਾਂ ਆਇਆ ਕਰ, ਤੇਰੇ ਸਾਹਮਣੇ ਮੈਂ ਆਪਣੀ ਅਸਲੀ ਖੇਡ ਨੀ ਖੇਡ ਸਕਦਾ ।
ਕਦੀ ਮੰਗਵੇਂ ਸਾਈਕਲ 'ਤੇ ਬੋਹਾ ਆਉਣ ਵਾਲ਼ਾ ਜੱਗੂ ਆਪਣੀ ਮਿਹਨਤ 'ਤੇ ਮਾਤਾ ਪਿਤਾ ਦੀਆਂ ਦੁਆਵਾਂ ਸਦਕਾ ਕਾਰਾਂ ਤੇ ਸਫ਼ਰ ਕਰਦੈ । ਕਦੀ ਪੀਟਰ ਰੇਹੜੇ ਦੇ ਪਿੱਛੇ ਲਮਕਣ ਵਾਲਾ ਅੱਜ ਹਵਾਈ ਜਹਾਜ਼ਾਂ ਦੇ ਝੂਟਿਆਂ ਦਾ ਅਨੰਦ ਲੈਂਦੈ ।
ਬੋਹੇ ਦੀ ਪ੍ਰਿੰਟਿੰਗ ਪ੍ਰੈੱਸ ਦਾ ਅਣਜਾਣਿਆ ਵਰਕਰ ਅੱਜ ਬੱਚੇ- ਬੱਚੇ ਦੀ ਜ਼ੁਬਾਨ ਤੇ ਜੱਗੂ ਜੱਗੂ ਜੱਗੂ ਬਣਕੇ ਲੁੱਡੀਆਂ ਪਾਉਂਦੈ । ਭਾਰਤ ਦੀ ਟੀਮ ਵੱਲੋਂ ਹਾਕੀ ਖੇਡਣ ਵਾਲ਼ੇ ਡਰੈਗ ਫਲਿਕਰ ਜੁਗਰਾਜ ਵਾਂਗੂੰ ਮੱਥੇ ਤੇ ਬੰਨ੍ਹੀ ਲਾਲ ਪੱਟੀ ਇਸ ਕਬੱਡੀ ਦੇ ਲਾਲ ਦੀ ਨਿਵੇਕਲੀ ਪਛਾਣ ਐ ।
ਇਹਦੇ ਭਰਵੇਂ ਜੁੱਸੇ ਵਿੱਚੋਂ ਕਰੋੜਾਂ ਦੀ ਕਬੱਡੀ ਦੀ ਝਲਕ ਪੈਂਦੀ ਐ । ਵਾਹਿਗੁਰੂ ਸਾਡੇ ਇਸ ਹੀਰੇ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਅ ਕੇ ਰੱਖੇ । ਹਾਕਮਵਾਲੇ ਦਾ, ਬੋਹਾ ਬਲਾਡੇ ਏਰੀਏ ਦਾ, ਮਾਨਸਾ ਜ਼ਿਲ੍ਹੇ ਦਾ ਤੇ ਪੰਜਾਬ ਦਾ ਮਾਣ ਐ ਜੱਗੂ ਅਤੇ ਆਸ ਹੈ ਇਹ ਮਾਣ ਕਦੀ ਟੁੱਟਣ ਨਹੀਂ ਦੇਵੇਗਾ ।
ਕੁਲਵੰਤ ਸਿੰਘ ਧਲੇਵਾਂ
ਕਬੱਡੀ ਬੁਲਾਰਾ
