ਸ਼ਹੀਦ ਬਾਬਾ ਦੀਪ ਸਿੰਘ ਜੀ: ਸਿੱਖ ਇਤਿਹਾਸ ਵਿੱਚ ਅਟੱਲ ਸ਼ਹਾਦਤ ਦੀ ਅਮਰ ਮਿਸਾਲ
ਸ਼ਹੀਦ ਬਾਬਾ ਦੀਪ ਸਿੰਘ ਜੀ ਸਿੱਖ ਇਤਿਹਾਸ ਦੇ ਮਹਾਨ ਯੋਧਾ ਅਤੇ ਵਿਦਵਾਨ ਸਨ, ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਲਈ ਅਮਰ ਸ਼ਹਾਦਤ ਪ੍ਰਾਪਤ ਕੀਤੀ।

“ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥੨੦॥”
(ਸਲੋਕ ਵਾਰਾਂ ਤੇ ਵਧੀਕ ॥ ਮਹਲਾ ੧ ॥)
ਸਿੱਖ ਇਤਿਹਾਸ ਸ਼ਹਾਦਤਾਂ, ਤਿਆਗ ਅਤੇ ਧਰਮ ਲਈ ਅਡਿੱਗ ਰਹਿਣ ਵਾਲੇ ਮਹਾਨ ਯੋਧਿਆਂ ਨਾਲ ਭਰਪੂਰ ਹੈ। ਇਨ੍ਹਾਂ ਵਿਚੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨਾਮ ਬੜੇ ਆਦਰ ਅਤੇ ਸਨਮਾਨ ਨਾਲ ਲਿਆ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਦਾ ਜਨਮ 20 ਜਨਵਰੀ 1682 ਨੂੰ ਪਿੰਡ ਪੁਹਲਾ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਉਹ ਬਚਪਨ ਤੋਂ ਹੀ ਧਾਰਮਿਕ ਰੁਝਾਨ ਅਤੇ ਸੱਚਾਈ ਪ੍ਰਤੀ ਡੂੰਘੀ ਆਸਥਾ ਰੱਖਦੇ ਸਨ। ਉਨ੍ਹਾਂ ਦਾ ਜੀਵਨ ਸਿੱਖ ਧਰਮ ਦੇ ਉੱਚ ਆਦਰਸ਼ਾਂ ਦੀ ਜ਼ਿੰਦਾ - ਜਾਗਦੀ ਮਿਸਾਲ ਹੈ।
ਬਾਬਾ ਦੀਪ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਪ੍ਰਾਪਤ ਕੀਤੀ ਅਤੇ ਉਨ੍ਹਾਂ ਤੋਂ ਅੰਮ੍ਰਿਤ ਛਕ ਕੇ ਖਾਲਸਾ ਪੰਥ ਦਾ ਹਿੱਸਾ ਬਣੇ। ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਨਾ ਸਿਰਫ਼ ਇਕ ਮਹਾਨ ਯੋਧਾ ਬਣੇ, ਸਗੋਂ ਇੱਕ ਉੱਚ ਕੋਟੀ ਦੇ ਵਿਦਵਾਨ ਵੀ ਸਨ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਸੰਭਾਲ ਅਤੇ ਪ੍ਰਚਾਰ ਵਿੱਚ ਅਹਿਮ ਭੂਮਿਕਾ ਨਿਭਾਈ। ਦਮਦਮਾ ਸਾਹਿਬ ਨੂੰ ਗੁਰਮਤਿ ਵਿੱਦਿਆ ਦਾ ਕੇਂਦਰ ਬਣਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ।
ਬਾਬਾ ਦੀਪ ਸਿੰਘ ਜੀ ਦਾ ਜੀਵਨ ਸੇਵਾ, ਸਿਮਰਨ ਅਤੇ ਸੰਘਰਸ਼ ਨਾਲ ਭਰਿਆ ਹੋਇਆ ਸੀ। ਉਹ ਹਮੇਸ਼ਾਂ ਗਰੀਬਾਂ, ਦੁਖੀਆਂ ਅਤੇ ਜ਼ੁਲਮ ਦੇ ਸ਼ਿਕਾਰ ਲੋਕਾਂ ਦੀ ਸਹਾਇਤਾ ਲਈ ਤਤਪਰ ਰਹਿੰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਧਰਮ ਸਿਰਫ਼ ਬੋਲਣ ਨਾਲ ਨਹੀਂ ਸਗੋਂ ਕਰਮਾਂ ਨਾਲ ਜੀਵਨ ਵਿੱਚ ਉਤਾਰਿਆ ਜਾਂਦਾ ਹੈ। ਇਸੇ ਕਰਕੇ ਉਹ ਸਿੱਖ ਕੌਮ ਵਿੱਚ ਇੱਕ ਆਦਰਸ਼ ਯੋਧਾ-ਸੰਤ ਵਜੋਂ ਜਾਣੇ ਜਾਂਦੇ ਹਨ।
ਸਿੱਖ ਇਤਿਹਾਸ ਵਿੱਚ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਸਭ ਤੋਂ ਅਦਭੁੱਤ ਅਤੇ ਪ੍ਰੇਰਣਾਦਾਇਕ ਘਟਨਾਵਾਂ ਵਿੱਚੋਂ ਇੱਕ ਹੈ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਤਾਂ ਇਹ ਖ਼ਬਰ ਸੁਣ ਕੇ ਬਾਬਾ ਦੀਪ ਸਿੰਘ ਜੀ ਦਾ ਹਿਰਦਾ ਦੁੱਖ ਨਾਲ ਭਰ ਗਿਆ। ਉਨ੍ਹਾਂ ਨੇ ਪ੍ਰਣ ਲਿਆ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕ ਕੇ ਹੀ ਸਾਹ ਲੈਣਗੇ।
1757 ਵਿੱਚ ਅੰਮ੍ਰਿਤਸਰ ਦੇ ਨੇੜੇ ਗੋਹਲਵੜ ਵਿਖੇ ਹੋਈ ਭਿਆਨਕ ਜੰਗ ਦੌਰਾਨ ਦੁਸ਼ਮਣਾਂ ਨਾਲ ਲੜਦਿਆਂ ਉਨ੍ਹਾਂ ਦਾ ਸੀਸ ਧੜ ਤੋਂ ਅਲੱਗ ਹੋ ਗਿਆ ਪਰ ਗੁਰੂ ਪ੍ਰਤੀ ਅਟੱਲ ਵਿਸ਼ਵਾਸ ਨਾਲ ਉਹ ਆਪਣੇ ਸੀਸ ਨੂੰ ਹੱਥ ਵਿੱਚ ਫੜ ਕੇ ਲੜਦੇ ਰਹੇ। ਬਾਬਾ ਦੀਪ ਸਿੰਘ ਜੀ ਨੇ ਆਪਣਾ ਕੱਟਿਆ ਹੋਇਆ ਸੀਸ ਖੱਬੇ ਹੱਥ ਦੀ ਤਲੀ 'ਤੇ ਟਿਕਾਇਆ ਅਤੇ ਸੱਜੇ ਹੱਥ ਨਾਲ ਖੰਡਾ ਵਾਹੁੰਦੇ ਹੋਏ ਦੁਸ਼ਮਣਾਂ ਦਾ ਸਫਾਇਆ ਕਰਦੇ ਗਏ। ਅੰਤ ਵਿੱਚ ਉਹ ਲੜਦੇ-ਲੜਦੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੱਕ ਪਹੁੰਚੇ ਅਤੇ ਆਪਣਾ ਵਚਨ ਨਿਭਾਉਂਦੇ ਹੋਏ ਸੀਸ ਗੁਰੂ ਚਰਨਾਂ ਵਿੱਚ ਭੇਟ ਕਰ ਦਿੱਤਾ। ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਜਿਸ ਸ਼ਹੀਦੀ ਨੂੰ ਅੱਜ ਵੀ ਸਿੱਖ ਕੌਮ ਬਹਾਦਰੀ ਨਾਲ ਯਾਦ ਕਰਦੀ ਹੈ।
ਬਾਬਾ ਦੀਪ ਸਿੰਘ ਜੀ ਦੀ ਇਹ ਮਹਾਨ ਸ਼ਹਾਦਤ ਸਿੱਖ ਕੌਮ ਲਈ ਸਿਰਫ਼ ਇੱਕ ਇਤਿਹਾਸਕ ਘਟਨਾ ਨਹੀਂ, ਸਗੋਂ ਅਡਿੱਗ ਹੌਸਲੇ ਅਤੇ ਧਰਮ ਲਈ ਅੰਤਿਮ ਕੁਰਬਾਨੀ ਦੀ ਮਿਸਾਲ ਹੈ। ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਸੱਚ, ਨਿਆਂ ਅਤੇ ਧਰਮ ਦੀ ਰੱਖਿਆ ਲਈ ਦਿੱਤੀ ਕੁਰਬਾਨੀ ਕਦੇ ਮਰਦੀ ਨਹੀਂ।
ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦਿਆਂ ਅਸੀਂ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਦਰਸਾਏ ਰਾਹ ‘ਤੇ ਚੱਲਦੇ ਹੋਏ ਸੱਚਾਈ, ਨਿਮਰਤਾ ਅਤੇ ਮਨੁੱਖਤਾ ਦੀ ਸੇਵਾ ਕਰੀਏ। ਉਨ੍ਹਾਂ ਦੀ ਅਮਰ ਸ਼ਹਾਦਤ ਸਾਨੂੰ ਹਮੇਸ਼ਾਂ ਪ੍ਰੇਰਿਤ ਕਰਦੀ ਰਹੇਗੀ ਅਤੇ ਸਿੱਖ ਕੌਮ ਲਈ ਸਦੀਵਾਂ ਮਾਰਗ ਦਰਸ਼ਕ ਬਣੀ ਰਹੇਗੀ।
ਨਵਦੀਪ ਕੌਰ ਰਜ਼ਾਦਾ
