ਬਿੱਲ ਪੜ੍ਹਿਆ ਨਹੀਂ, ਵਿਚਾਰਿਆ ਨਹੀਂ, ਫਿਰ ਸਹਿਮਤੀ ਕਿਵੇਂ?"
ਪੰਜਾਬ ਦੇ ਬੇਅਦਬੀ ਕਾਨੂੰਨ ਨੂੰ ਲੈ ਕੇ ਉੱਠੇ ਸਵਾਲਾਂ, ਵਿਧਾਇਕਾਂ ਦੀ ਭੂਮਿਕਾ, ਅਕਾਲ ਤਖ਼ਤ ਸਾਹਿਬ ਵਿਖੇ ਹੋਈ ਮੀਟਿੰਗ ਅਤੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਪੜ੍ਹੋ।
Published by Sirlekh
ਸਾਂਝਾ ਕਰੋ:

ਕਾਨੂੰਨ ਕੀ ਹੈ ਤੇ ਇਸ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ? ਕੋਈ ਹੋਰ ਗੱਲ ਕਰਨ ਤੋਂ ਪਹਿਲਾਂ ਇਹ ਗੱਲ ਜਾਣਨੀ ਜ਼ਰੂਰੀ ਹੈ। ਕਾਨੂੰਨ ਨਿਯਮਾਂ ਦਾ ਉਹ ਇਕੱਠ ਹੈ ਜੋ ਵਰਤੋਂ-ਵਿਹਾਰ ਦਾ ਪ੍ਰਬੰਧ ਕਰਨ ਲਈ ਵਿਧਾਨਪਾਲਿਕਾ ਇਹਨਾਂ ਨਿਯਮਾਂ ਨੂੰ ਬਣਾਉਂਦੀ ਹੈੇੇ ਅਤੇ ਕਾਰਜਪਾਲਿਕਾ ਇਹਨਾਂ ਨੂੰ ਲਾਗੂ ਕਰਦੀ ਹੈ। ਨਿਆਂ ਪਾਲਿਕਾ ਇਹਨਾਂ ਨਿਯਮਾਂ ਨੂੰ ਤੋੜਨ ਵਾਲੇ ਨੂੰ ਸਜ਼ਾ ਦਿੰਦੀ ਹੈ। ਪ੍ਰਾਈਵੇਟ ਖੇਤਰ ਵਿੱਚ ਆਪਣੇ ਤੌਰ 'ਤੇ ਕੰਟਰੈਕਟ ਦੇ ਰੂਪ ਵਿੱਚ ਕਾਨੂੰਨ ਬਣਾਏ ਜਾਂਦੇ ਹਨ। ਕਨੂੰਨ ਸਮਾਜ ਦੀ ਰਾਜਨੀਤੀ,ਅਰਥਚਾਰਾ ਅਤੇ ਲੋਕਾਂ ਦੀਆਂ ਕਦਰਾਂ ਕੀਮਤਾਂ ਨੂੰ ਪ੍ਰਭਾਵਿਤ ਕਰਦਾ ਹੈ। ਇਤਿਹਾਸਕ ਤੌਰ ਉੱਤੇ ਧਾਰਮਿਕ ਕਾਨੂੰਨਾਂ ਨੇ ਸ਼ੁਰੂ ਤੋਂ ਹੀ ਧਾਰਮਿਕ ਮਾਮਲਿਆਂ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕਾਨੂੰਨੀ ਪ੍ਰਣਾਲੀਆਂ ਅਧਿਕਾਰ ਖੇਤਰਾਂ ਦੇ ਵਿਚਕਾਰ ਵੱਖੋ-ਵੱਖਰੀਆਂ ਹੁੰਦੀਆਂ ਹਨ।
ਭਾਰਤ ਵਿੱਚ ਕੋਈ ਵੀ ਨਵਾਂ ਕਾਨੂੰਨ ਬਣਾਉਣ ਲਈ ਇੱਕ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਂਦੀ ਹੈ, ਜਿਸ ਨੂੰ ਲੋਕ ਸਭਾ ਅਤੇ ਰਾਜ ਸਭਾ ਦੁਆਰਾ ਪਾਸ ਕੀਤਾ ਜਾਂਦਾ ਹੈ। ਆਮ ਤੌਰ 'ਤੇ ਕਾਨੂੰਨ ਬਣਾਉਣ ਦੇ ਕਈ ਮੁੱਖ ਪੜਾਅ ਹੁੰਦੇ ਹਨ। ਜਿਵੇਂ ਖਰੜਾ ਤਿਆਰ ਕਰਨਾ ਜਾਂ ਡਰਾਫਟਿੰਗ । ਜਿਸ ਸਬੰਧੀ ਕਾਨੂੰਨ ਬਣਾਇਆ ਜਾਣਾ ਹੋਵੇ,ਸਬੰਧਿਤ ਮੰਤਰਾਲਾ ਕਾਨੂੰਨ ਦਾ ਮੁੱਢਲਾ ਖਰੜਾ ਤਿਆਰ ਕਰਦਾ ਹੈ। ਫਿਰ ਇਸ ਦੀ ਪਹਿਲੀ ਪੜ੍ਹਾਈ ਕੀਤੀ ਜਾਂਦੀ ਹੈ ਭਾਵ ਬਿੱਲ ਨੂੰ ਸੰਸਦ ਦੇ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾਂਦਾ ਹੈ ਅਤੇ ਇਸਦੇ ਮੁੱਖ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਫਿਰ ਦੂਜੀ ਪੜ੍ਹਾਈ ਭਾਵ ਦੂਜੀ ਵਾਰ ਪੜ੍ਹਿਆ ਜਾਂਦਾ ਹੈ। ਇਹ ਸਭ ਤੋਂ ਮਹੱਤਵਪੂਰਨ ਪੜਾਅ ਹੁੰਦਾ ਹੈ। ਇਸ ਵਿੱਚ ਬਿੱਲ ਦੇ ਹਰੇਕ ਹਿੱਸੇ 'ਤੇ ਵਿਸਥਾਰ ਨਾਲ ਚਰਚਾ ਹੁੰਦੀ ਹੈ। ਲੋੜ ਪੈਣ 'ਤੇ ਇਸ ਨੂੰ ਸੰਸਦੀ ਕਮੇਟੀ ਕੋਲ ਵੀ ਭੇਜਿਆ ਜਾ ਸਕਦਾ ਹੈ। ਫਿਰ ਤੀਜੀ ਪੜ੍ਹਾਈ ਕੀਤੀ ਜਾਂਦੀ ਹੈ। ਇਸ ਪੜਾਅ ਦੌਰਾਨ ਬਿੱਲ ਨੂੰ ਪੂਰੀ ਤਰ੍ਹਾਂ ਪਾਸ ਕਰਨ ਲਈ ਵੋਟਿੰਗ ਹੁੰਦੀ ਹੈ। ਫਿਰ ਦੂਜੇ ਸਦਨ ਵਿੱਚ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇੱਕ ਸਦਨ ਤੋਂ ਪਾਸ ਹੋਣ ਤੋਂ ਬਾਅਦ ਬਿੱਲ ਦੂਜੇ ਸਦਨ ਜਿਵੇਂ ਲੋਕ ਸਭਾ ਜਾਂ ਰਾਜ ਸਭਾ ਵਿੱਚ ਜਾਂਦਾ ਹੈ। ਉੱਥੋਂ ਵੀ ਇਸਨੂੰ ਪਾਸ ਕਰਨਾ ਜ਼ਰੂਰੀ ਹੁੰਦਾ ਹੈ। ਫਿਰ ਰਾਸ਼ਟਰਪਤੀ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ।ਦੋਵਾਂ ਸਦਨਾਂ ਵਿੱਚੋਂ ਪਾਸ ਹੋਣ ਤੋਂ ਬਾਅਦ, ਬਿੱਲ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜਿਆ ਜਾਂਦਾ ਹੈ। ਰਾਸ਼ਟਰਪਤੀ ਦੇ ਦਸਤਖ਼ਤ ਹੁੰਦੇ ਹੀ ਉਹ ਖਰੜਾ ਇੱਕ ਪੱਕਾ ਕਾਨੂੰਨ ਬਣ ਜਾਂਦਾ ਹੈ।ਇਹ ਸੀ ਉਹ ਸਾਰੀ ਪ੍ਰਕਿਰਿਆ ਜੇ ਦੇਸ਼ ਵਿੱਚ ਕੋਈ ਕਾਨੂੰਨ ਲਾਗੂ ਕਰਨਾ ਹੋਵੇ।
ਜੇਕਰ ਕੋਈ ਕਾਨੂੰਨ ਸਿਰਫ਼ ਕਿਸੇ ਇੱਕ ਸੂਬੇ ਜਿਵੇਂ ਕਿ ਪੰਜਾਬ ਵਿੱਚ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਹੁਣੇ ਹੁਣੇ ਬਣਾਇਆ ਕਾਨੂੰਨ ਹੈ ,ਉਹ ਸਿਰਫ਼ ਸੂਬੇ ਨਾਲ ਸਬੰਧਤ ਹੁੰਦਾ ਹੈ, ਤਾਂ ਉਸਨੂੰ ਵਿਧਾਨ ਸਭਾ ਵਿੱਚ ਪਾਸ ਕਰਵਾ ਕੇ ਸੂਬੇ ਦੇ ਰਾਜਪਾਲ ਦੀ ਮਨਜ਼ੂਰੀ ਲਈ ਭੇਜਿਆ ਜਾਂਦਾ ਹੈ।ਇਸ ਬਿਲ ਨੂੰ ਵੀ ਵਿਧਾਨ ਸਭਾ ਦੇ ਮੈਂਬਰਾਂ ਵੱਲੋਂ ਵੀ ਸਹਿਮਤੀ ਪ੍ਰਗਟਾ ਕੇ ਪੰਜਾਬ ਦੇ ਰਾਜਪਾਲ ਤੋਂ ਵੀ ਮਨਜ਼ੂਰੀ ਮਿਲ ਗਈ ਸੀ। ਬਹੁਤ ਸਾਰੀਆਂ ਸਿਆਸੀ , ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਸ ਕਾਨੂੰਨ ਦਾ ਸਵਾਗਤ ਵੀ ਕੀਤਾ ਗਿਆ ਤੇ ਪ੍ਰਤੀਕਰਮ ਵੀ ਦਿੱਤਾ ਗਿਆ। । ਕਿਸੇ ਕਿਸੇ ਰਾਜਨੀਤਕ ਪਾਰਟੀਆਂ ਜਾਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਦੇ ਕਈ ਨੁਕਤਿਆਂ ਉੱਤੇ ਵਿਰੋਧ ਕੀਤਾ ਗਿਆ ਜਿਸ ਨਾਲ਼ ਸਰਕਾਰ ਅਤੇ ਸਿਰਮੌਰ ਪੰਥਕ ਜਥੇਬੰਦੀ ਵਿੱਚ ਟਕਰਾਅ ਦੀ ਸਥਿਤੀ ਪੈਦਾ ਹੋ ਕੇ ਅਸੰਜਮਸਤਾ ਦਾ ਸਥਿਤੀ ਪੈਦਾ ਹੋਈ। ਇਹ ਕਾਨੂੰਨ ਸਿੱਧੇ ਤੌਰ ਤੇ ਧਰਮ ਨਾਲ਼ ਜੁੜਿਆ ਹੋਣ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿੱਖ ਬੁੱਧੀਜੀਵੀਆਂ ਦੀ ਸਲਾਹ ਲੈਣੀ ਜ਼ਰੂਰੀ ਬਣਦੀ ਸੀ। ਪਰ ਇਹ ਤਾਂ ਪਹਿਲਾਂ ਹੀ ਲੱਗਦਾ ਸੀ ਕਿ ਇਹ ਤੱਤ-ਭੜੱਤੇ ਵਿੱਚ ਬਣਾਇਆ ਹੋਇਆ ਕਾਨੂੰਨ ਸੀ। ਇਸ ਵਿੱਚ ਕੁਝ ਨੁਕਤਿਆਂ ਉੱਤੇ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਸ਼ਨ ਉਠਾਏ ਗਏ ਤਾਂ ਇਸ ਉੱਤੇ ਸਰਕਾਰੀ ਤੰਤਰ ਨੇ ਜ਼ੋਰਦਾਰ ਢੰਗ ਨਾਲ਼ ਇਤਰਾਜ਼ ਜਤਾਇਆ। ਇਸ ਸਬੰਧੀ ਦੁਵਿਧਾਵਾਂ ਦੂਰ ਕਰਨ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਹਿਮਤੀ ਦੇਣ ਵਾਲ਼ੇ ਸਾਰੇ ਵਿਧਾਇਕਾਂ ਨੂੰ 29 ਜੂਨ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੇ ਹੁਕਮਾਂ ਅਨੁਸਾਰ ਸਾਰੇ ਵਿਧਾਇਕ ਅਕਾਲ ਤਖ਼ਤ ਸਾਹਿਬ ਵਿਖੇ ਬੜੇ ਅਦਬ ਨਾਲ ਪੇਸ਼ ਹੋਏ। ਉੱਥੇ ਜੋ ਘਟਨਾਕ੍ਰਮ ਵਾਪਰਿਆ ਉਸ ਨੂੰ ਸਾਰੀ ਦੁਨੀਆਂ ਭਰ ਦੇ ਲੋਕਾਂ ਨੇ ਵੱਖ ਵੱਖ ਟੈਲੀਵਿਜ਼ਨ ਚੈਨਲਾਂ ਰਾਹੀਂ ਚਲਾਏ ਜਾ ਰਹੇ ਲਾਈਵ ਪ੍ਰਸਾਰਨ ਰਾਹੀਂ ਵੇਖਿਆ। ਬਹੁਤ ਸਾਰਥਕ ਮਾਹੌਲ ਵਿੱਚ ਸਾਰੀ ਗੱਲਬਾਤ ਚੱਲੀ। ਬੇਅਦਬੀ ਦੇ ਇਸ ਕਾਨੂੰਨ ਸਬੰਧੀ ਜੋ ਦੁਵਿਧਾਵਾਂ ਸਨ, ਜਥੇਦਾਰ ਸਾਹਿਬ ਨੇ ਉਸ ਬਿਲ ਨੂੰ ਮਨਜ਼ੂਰੀ ਦੇਣ ਵਾਲੇ ਵਿਧਾਇਕਾਂ ਤੋਂ ਇੱਕ ਇੱਕ ਕਰਕੇ, ਸਾਰਿਆਂ ਤੋਂ ਪੁੱਛੀਆਂ। ਇਸ ਸਵਾਲ ਜਵਾਬ ਦੇ ਵਰਤਾਰੇ ਨੂੰ ਵੇਖ ਇੱਕ ਗੱਲ ਤਾਂ ਸਾਫ਼ ਤੇ ਸਪੱਸ਼ਟ ਤੌਰ ਤੇ ਸਾਹਮਣੇ ਆਈ ਕਿ ਬਿਲ ਨੂੰ ਮਨਜ਼ੂਰੀ ਦੇਣ ਵਾਲੇ ਵਿਧਾਇਕਾਂ ਵੱਲੋਂ ਹੀ ਉਸ ਕਾਨੂੰਨ ਨੂੰ ਪੜ੍ਹਿਆ ਤੇ ਵਿਚਾਰਿਆ ਨਹੀਂ ਗਿਆ ਸੀ,ਉਸ ਉੱਤੇ ਉਨ੍ਹਾਂ ਦੇ ਸੁਝਾਅ ਸ਼ਾਮਲ ਹੋਣੇ ਤਾਂ ਦੂਰ ਦੀ ਗੱਲ ਸੀ। ਸਾਰੇ ਵਿਧਾਇਕਾਂ ਨੇ ਬੜੀ ਇਮਾਨਦਾਰੀ ਨਾਲ ਦੱਸ ਦਿੱਤਾ ਕਿ ਉਨ੍ਹਾਂ ਦੁਆਰਾ ਇਸ ਨੂੰ ਨਹੀਂ ਪੜ੍ਹਿਆ ਗਿਆ ਹੈ। ਉਨ੍ਹਾਂ ਦੁਆਰਾ ਇਹ ਗੱਲ ਵੀ ਸਪਸ਼ਟ ਕੀਤੀ ਗਈ ਕਿ ਉਨ੍ਹਾਂ ਨੂੰ ਖਰੜਾ ਮੌਕੇ ਤੇ ਪ੍ਰਦਾਨ ਕੀਤਾ ਗਿਆ ਸੀ ਜਿਸ ਕਰਕੇ ਉਹ ਪੜ੍ਹ ਨਹੀਂ ਸਕੇ। ਸੱਚੀ ਗੱਲ ਪੇਸ਼ ਕਰਨ ਤੇ ਉਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਸਵਾਲ ਇਹ ਉੱਠਦਾ ਹੈ ਕਿ ਖਰੜਾ ਤਿਆਰ ਕਰਨਾ,ਉਸ ਦੀ ਪਹਿਲੀ ਪੜ੍ਹਾਈ,ਦੂਜੀ ਪੜ੍ਹਾਈ ਕਰਕੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਜਾਣੂ ਕਰਵਾਉਣਾ, ਇਹਨਾਂ ਪ੍ਰਕਿਰਿਆਵਾਂ ਵਿੱਚੋਂ ਦੀ ਲੰਘਿਆ ਹੀ ਨਹੀਂ ਗਿਆ? ਕੀ ਸਾਰੇ ਵਿਧਾਇਕਾਂ ਨੇ ਕਿਸੇ ਦਬਾਅ ਹੇਠ ਆ ਕੇ ਬਿਲ ਨੂੰ ਪਾਸ ਕਰਨ ਦੀ ਮਨਜ਼ੂਰੀ ਦਿੱਤੀ ਸੀ? ਜੇ ਇੱਕ ਸੌ ਸਤਾਰਾਂ ਵਿਧਾਇਕ ਉਸ ਖਰੜੇ ਵਿੱਚ ਲਿਖੇ ਨੁਕਤਿਆਂ ਤੋਂ ਜਾਣੂ ਨਹੀਂ ਸਨ ਤਾਂ ਉਨ੍ਹਾਂ ਨੇ ਐਨੀਆਂ ਜ਼ਿੰਮੇਵਾਰ ਕੁਰਸੀਆਂ ਤੇ ਬੈਠ ਕੇ ਉਸ ਨੂੰ ਪੜ੍ਹੇ, ਵਿਚਾਰੇ ਤੇ ਚਰਚਾ ਕੀਤੇ ਬਿਨਾਂ ਕਿਵੇਂ ਮਨਜ਼ੂਰੀ ਦੇ ਦਿੱਤੀ ? ਅਕਾਲ ਤਖ਼ਤ ਸਾਹਿਬ ਵਿਖੇ ਇਸ ਹੋਈ ਮੀਟਿੰਗ ਵਿੱਚ ਇਸ ਤਰ੍ਹਾਂ ਦੇ ਕਈ ਤੱਥ ਉਜਾਗਰ ਹੋਏ ਹਨ ਜਿਸ ਨਾਲ ਆਮ ਲੋਕਾਂ ਵਿੱਚ ਆਪਣੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਬੇਭਰੋਸਗੀ ਪੈਦਾ ਹੁੰਦੀ ਹੈ। ਇਹ ਖਰੜਾ ਕਿਸ ਦੁਆਰਾ ਤਿਆਰ ਕਰਵਾਇਆ ਗਿਆ, ਕਿਸ ਦੀ ਸਲਾਹ ਨਾਲ ਕਾਨੂੰਨ ਬਣਾਇਆ ਗਿਆ ਇਹ ਵੀ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ। ਕਾਨੂੰਨ ਬਣਾਉਣਾ ਕੋਈ ਆਮ ਜਿਹੀ ਤੇ ਛੋਟੀ ਜਿਹੀ ਗੱਲ ਨਹੀਂ ਹੁੰਦੀ,ਉਸ ਅਨੁਸਾਰ ਅੱਗੋਂ ਨਿਆਂਪਾਲਿਕਾ ਦੁਆਰਾ ਦੋਸ਼ੀ ਜਾਂ ਬੇਦੋਸ਼ੇ ਸਾਬਤ ਕਰਨੇ ਹੁੰਦੇ ਹਨ।ਜਦ ਇਸ ਬਿਲ ਨੂੰ ਸਹਿਮਤੀ ਦੇਣ ਵਾਲ਼ਿਆਂ ਕੋਲ਼ ਨਾ ਸਮੇਂ ਤੇ ਪਹੁੰਚਿਆ ਨਾ ਉਹਨਾਂ ਨੇ ਪੜ੍ਹਿਆ ਤੇ ਵਿਚਾਰਿਆ ਫਿਰ ਮਾਹਿਰਾਂ ਤੋਂ ਬਿਨਾਂ, ਸੰਸਥਾਵਾਂ ਦੇ ਪ੍ਰਬੰਧਕਾਂ ਦੇ ਸਹਿਯੋਗ ਤੋਂ ਬਿਨਾਂ ਕਾਨੂੰਨ ਬਣਾ ਦੇਣਾ ਜਾਂ ਕਿਸੇ ਇੱਕ ਜਾਂ ਦੋ ਲੋਕਾਂ ਦੇ ਦਿਮਾਗ ਵਿੱਚੋਂ ਪੈਦਾ ਹੋਏ ਵਿਚਾਰਾਂ ਨੂੰ ਕਾਨੂੰਨ ਦਾ ਨਾਂ ਦੇ ਦੇਣਾ, ਵਾਕਿਆ ਹੀ ਬਹੁਤ ਮੰਦਭਾਗਾ ਹੈ ਅਤੇ ਸਾਡੀਆਂ ਸਰਕਾਰਾਂ 'ਤੇ ਇਹ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ। ਇਸ ਸਭ ਦਾ ਜਿਊਂਦਾ ਜਾਗਦਾ ਸਬੂਤ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਜਥੇਦਾਰ ਸਾਹਿਬਾਨ ਅਤੇ ਵਿਧਾਇਕਾਂ ਦੀ ਮੀਟਿੰਗ ਵਿੱਚ ਕਰੋੜਾਂ ਲੋਕਾਂ ਨੇ ਦੇਖਿਆ ਜੋ ਜੱਗ ਜ਼ਾਹਰ ਹੋ ਗਿਆ।
ਬਰਜਿੰਦਰ ਕੌਰ ਬਿਸਰਾਓ ...
9988901324
