Humsafar ਸੰਗ ਹਰ ਜੰਗ ਅਸਾਨ !
ਦੇਰ ਹੋ ਜਾਂਦੀ ਹੈ ਪਰ ਕਦੇ ਨਾ ਕਦੇ ਤੁਹਾਡੀ ਕਲਾ ਆਪਣੇ ਜੌਹਰ ਜ਼ਰੂਰ ਵਿਖਾਉਂਦੀ ਹੈ।

ਦੁਨੀਆਂ ਦੇ ਵਿੱਚ ਵਿਚਰਦਿਆਂ ਕੁੜੀਆਂ ਦੇ ਲਈ ਬਹੁਤ ਸਮੱਸਿਆਵਾਂ ਹੁੰਦੀਆਂ ਹਨ । ਹਰ ਖੇਤਰ ਉਸਦੇ ਲਈ ਨਵੀਆਂ ਚੁਣੌਤੀਆਂ ਲੈ ਕੇ ਖੜ੍ਹਾ ਹੁੰਦਾ ਹੈ । ਪਰ ਜਦੋਂ ਹਮਸਫ਼ਰ ਇਸ ਸਫ਼ਰ ਦੇ ਵਿੱਚ ਤੁਹਾਡਾ ਹੱਥ ਘੁੱਟ ਕੇ ਫੜ ਲਵੇ ਤਾਂ ਫਿਰ ਕੋਈ ਵੀ ਮੰਜ਼ਿਲ , ਕੋਈ ਵੀ ਮੁਕਾਮ ਦੂਰ ਨਹੀਂ ਜਾਪਦਾ ।
ਪੌਡਕਾਸਟ ਕਰਦਿਆਂ ਰੇਸ਼ਮਾ ਅਤੇ ਉਹਨਾਂ ਦੇ ਹਮਸਫ਼ਰ ਰਣਜੀਤ ਚੌਹਾਨ ਦੀ ਗੱਲਬਾਤ ਤੋਂ ਇਹੀ ਜ਼ਾਹਿਰ ਹੋਇਆ । ਆਪਣੇ ਅਦਾਕਾਰੀ ਦੇ ਦਮ 'ਤੇ ਇਸ ਖੇਤਰ ਵਿੱਚ ਅੱਗੇ ਵੱਧ ਰਹੀ ਰੇਸ਼ਮਾ ਨੇ ਆਪਣੇ ਹਮਸਫ਼ਰ ਸੰਗ ਇਸ ਪੌਡਕਾਸਟ ਵਿੱਚ ਖੁੱਲ੍ਹ ਕੇ ਗੱਲਾਂ ਕੀਤੀਆਂ।
ਰੇਸ਼ਮਾ ਆਪਣੇ ਆਪ ਨੂੰ ਰੇਸ਼ਮ ਵਰਗੀ ਆਖਦੀ ਹੈ ਜਿਸਦਾ ਸਿਹਰਾ ਉਹ ਆਪਣੀ ਮਾਂ ਤੇ ਨਾਨੀ ਨੂੰ ਦਿੰਦੀ ਹੈ ਜਿਸ ਸਦਕਾ ਉਸ ਅੰਦਰ ਕੋਮਲ ਕਲਾਵਾਂ ਵਿਰਾਸਤੀ ਤੌਰ ਤੇ ਆਈਆਂ ਤੇ ਉਸਨੇ ਆਪਣੇ ਨਾਮ ਨੂੰ ਸਾਰਥਕ ਕਰ ਦਿੱਤਾ। ਅਦਾਕਾਰੀ ਦੇ ਖੇਤਰ ਵਿੱਚ ਉਸਨੂੰ ਆਪਣੇ ਪੇਕੇ ਪਰਿਵਾਰ ਤੋਂ ਲੈ ਕੇ ਸਹੁਰੇ ਪਰਿਵਾਰ ਤੱਕ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਉਸ ਲਈ ਇਹ ਕੋਈ ਸੌਖੀ ਜੰਗ ਨਹੀਂ ਸੀ ।
ਸਾਡਾ ਸਮਾਜ ਹੈ ਵੀ ਇਸ ਤਰ੍ਹਾਂ ਦਾ ਕਿ ਜਦੋਂ ਕੋਈ ਵੀ ਅੱਗੇ ਵੱਧਦਾ ਹੈ , ਖ਼ਾਸ ਕਰਕੇ ਕੁੜੀਆਂ ਆਪਣੇ ਸੁਪਨਿਆਂ ਨੂੰ ਚੁਣਦੀਆਂ ਨੇ , ਸੁਪਨਿਆਂ ਨੂੰ ਪੂਰਾ ਕਰਨ ਲਈ ਪਰਵਾਜ਼ ਭਰਦੀਆਂ ਨੇ ਤਾਂ ਕਿਸੇ ਨੂੰ ਇਹ ਮੁਨਾਸਬ ਨਹੀਂ ਹੁੰਦਾ।
ਆਪਣੀ ਗੱਲਬਾਤ ਦੌਰਾਨ ਭਾਵੁਕ ਹੋਈ ਰੇਸ਼ਮਾ ਨੇ ਕਿਹਾ ਕਿ ਉਸਦੇ ਪਿਤਾ ਉਸਦੇ ਸਭ ਤੋਂ ਵੱਡੇ ਪ੍ਰਸ਼ੰਸਕ ਸਨ ਤੇ ਜਦੋਂ ਉਹਨਾਂ ਨੂੰ ਵੀ ਇਸ ਤੋਂ ਉਸ ਤੋਂ ਦੂਰ ਕਰ ਦਿੱਤਾ ਗਿਆ ਤਾਂ ਉਸ ਲਈ ਬਹੁਤ ਵੱਡੀ ਸੱਟ ਸੀ ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਹਿੰਮਤ ਤੇ ਮਿਹਨਤ ਦੇ ਸਦਕਾ ਅੱਗੇ ਵੱਧਦੀ ਗਈ
ਉਸਦੇ ਹਮਸਫ਼ਰ ਰਣਜੀਤ ਚੌਹਾਨ ਨੇ ਵੀ ਇਹੀ ਆਖਿਆ ਕਿ ਉਹ ਕਲਾ ਦਾ ਉਪਾਸ਼ਕ ਹੈ । ਉਸਨੇ ਕਦੇ ਵੀ ਆਪਣੇ ਮਰਦ ਹਮਸਫ਼ਰ ਹੋਣ ਦਾ ਠੱਪਾ ਜਾਂ ਬੋਝ ਰੇਸ਼ਮਾ ਉੱਪਰ ਨਹੀਂ ਲੱਦਿਆ ਸਗੋਂ ਉਸਨੂੰ ਇੱਕ ਕਲਾ ਦੇ ਰੂਪ ਦੇ ਵਿੱਚ ਹਮੇਸ਼ਾ ਅਜ਼ਾਦ ਰੱਖਿਆ ਹੈ । ਉਸਦੇ ਨਾਲ ਹਮੇਸ਼ਾਂ ਖੜ੍ਹਨ ਦੀ ਕੋਸ਼ਿਸ਼ ਕੀਤੀ ਹੈ ਅਤੇ ਖੜ੍ਹੇ ਵੀ ਹਨ ।
ਜਦੋਂ ਪੌਡਕਾਸਟ ਵਿੱਚ ਰੇਸ਼ਮਾ ਨੂੰ ਇਹ ਸਵਾਲ ਕੀਤਾ ਗਿਆ ਕਿ ਕੀ ਅਦਾਕਾਰੀ ਦੇ ਖੇਤਰ ਵਿੱਚ ਤੁਹਾਡੀ ਕਾਬਲੀਅਤ ਦਾ ਮੁੱਲ ਪੈਂਦਾ ਹੈ ਤਾਂ ਉਸਨੇ ਆਖਿਆ ਕਿ ਦੇਰ ਹੋ ਜਾਂਦੀ ਹੈ ਪਰ ਕਦੇ ਨਾ ਕਦੇ ਤੁਹਾਡੀ ਕਲਾ ਆਪਣੇ ਜੌ਼ਹਰ ਜ਼ਰੂਰ ਵਿਖਾਉਂਦੀ ਹੈ।
ਉਸਨੇ ਕਿਹਾ ਕਿ ਜੇ ਉਹ ਚਾਹੁੰਦੀ ਤਾਂ ਅੱਜ ਬਹੁਤ ਵੱਡੇ ਮੁਕਾਮ ਤੱਕ ਪਹੁੰਚ ਸਕਦੀ ਸੀ ਪਰ ਉਸਨੇ ਆਪਣੀਆਂ ਸ਼ਰਤਾਂ 'ਤੇ ਕੰਮ ਚੁਣਿਆ ਤੇ ਕੰਮ ਕੀਤਾ।
ਬੇਸ਼ੱਕ ਉਸਨੇ ਘੱਟ ਕੰਮ ਕੀਤਾ ਪਰ ਉਸਦੇ ਅਨੁਸਾਰ ਉਸਦਾ ਕੀਤਾ ਹਰ ਕੰਮ ਬਹੁਤ ਸਵਾਦਲਾ ਸੀ । ਜੀਤੋ ਫਿਲਮ ਵਿੱਚ ਨਿਭਾਈ ਉਸਦੀ ਭੂਮਿਕਾ ਉਸਨੂੰ ਆਪਣੇ ਦਿਲ ਦੇ ਬਹੁਤ ਨੇੜੇ ਜਾਪਦੀ ਹੈ। ਦੋਹਾਂ ਦਾ ਇਹੀ ਮੰਨਣਾ ਹੈ ਕਿ ਸ਼ੌਂਕ ਕਈ ਵਾਰ ਰੋਜ਼ੀ ਰੋਟੀ ਦਾ ਵਸੀਲਾ ਨਹੀਂ ਬਣ ਪਾਉਂਦੇ ਪਰ ਫਿਰ ਵੀ ਹਲਾਤਾਂ ਦੇ ਅਨੁਸਾਰ ਢਲ ਕੇ ਆਪਣੇ ਸ਼ੌਂਕ ਜਾਰੀ ਰੱਖਣੇ ਚਾਹੀਦੇ ਹਨ ।
ਉਸਨੇ ਅੱਜ-ਕੱਲ੍ਹ ਦੀ ਦੁਨੀਆਦਾਰੀ ਦੇ ਵਿਅੰਗ ਕੱਸਦਿਆਂ ਕਿਹਾ ਕਿ ਅੱਜ-ਕੱਲ੍ਹ ਲੋਕ ਬੰਦੇ ਦੇ ਅੰਦਰਲੇ ਗੁਣਾਂ ਨੂੰ ਛੱਡ ਕੇ ਉਸਦੀ ਬਾਹਰੀ ਪਹਿਰਾਵੇ ਨੂੰ ਵਧੇਰੇ ਤਰਜੀਹ ਦਿੰਦੇ ਹਨ । ਆਪਣੇ ਨਾਲ ਹੋਈਆਂ ਇੱਕਾ- ਦੁੱਕਾ ਘਟਨਾਵਾਂ ਬਾਰੇ ਵੀ ਉਸਨੇ ਇਸ ਪੌਡਕਾਸਟ ਵਿੱਚ ਖੁੱਲ੍ਹ ਕੇ ਚਰਚਾ ਕੀਤੀ ।
ਉਸਨੇ ਦੱਸਿਆ ਕਿ ਕਿਵੇਂ ਬੁਟੀਕ ਦਾ ਕੰਮ ਛੱਡ ਕੇ ਜਦੋਂ ਉਹ ਅਦਾਕਾਰੀ ਦੇ ਖੇਤਰ ਵਿੱਚ ਹੀ ਕੁੱਦ ਪਏ ਤਾਂ ਕਿੰਨੀਆਂ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਅੰਦਰਲੇ ਵਿਸ਼ਵਾਸ ਅਤੇ ਦਮ ਦੇ ਦੌਰ 'ਤੇ ਉਹ ਡੋਲੇ ਨਹੀਂ ਸਗੋਂ ਇੱਕ ਦੂਜੇ ਦਾ ਹੱਥ ਫੜ ਕੇ ਇਸ ਰਸਤੇ 'ਤੇ ਅੱਗੇ ਵਧਦੇ ਗਏ।
ਰੇਸ਼ਮਾ ਨੇ ਇਸ ਮੌਕੇ ਵਿਆਹ ਪ੍ਰਬੰਧ ਬਾਰੇ ਗੱਲਬਾਤ ਕਰਦਿਆਂ ਕੁੜੀਆਂ ਨੂੰ ਇਹੀ ਸੁਨੇਹਾ ਦਿੱਤਾ ਇਹ ਸਭ ਤੋਂ ਪਹਿਲਾਂ ਸੁਪਨੇ ਜ਼ਰੂਰੀ ਹਨ ਇਕ ਵਾਰੀ ਤੁਸੀਂ ਆਪਣੀ ਮੰਜ਼ਿਲ ਉੱਪਰ ਅੱਪੜ ਗਏ ਤਾਂ ਫਿਰ ਹਰ ਜੰਗ ਆਸਾਨ ਹੋ ਜਾਂਦੀ ਹੈ।
ਉਹਨਾਂ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵੀ ਇਸ ਪੌਡਕਾਸਟ ਵਿੱਚ ਗੱਲਬਾਤ ਕੀਤੀ। ਉਸਨੇ ਦੱਸਿਆ ਕਿ ਉਹਨਾਂ ਦੀ ਫਿਲਮ 'ਸੁਰਮੇਦਾਨੀ' ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ਵਿੱਚ ਉਤਰਨ ਜਾ ਰਹੀ ਹੈ ਜਿਸ ਤੋਂ ਉਹਨਾਂ ਨੂੰ ਢੇਰ ਸਾਰੀਆਂ ਉਮੀਦਾਂ ਹਨ।
ਉਹਨਾਂ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਕਿ ਚੰਗੇ ਕੰਮ ਦੀ ਸਰਾਹਨਾ ਕਰਕੇ ਅਦਾਕਾਰ ਨੂੰ ਅੱਗੇ ਵੱਧਣ ਦਾ ਹੌਂਸਲਾ ਦਿੱਤਾ ਜਾਵੇ । ਚੰਗਾ ਸੁਣਨ ਅਤੇ ਵੇਖਣ ਵਾਲਿਆਂ ਦੇ ਲਈ ਇਹ ਪੌਡਕਾਸਟ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗਾ , ਅਜਿਹਾ ਸਿਰਲੇਖ ਦੀ ਟੀਮ ਦਾ ਯਕੀਨ ਹੈ।
ਜਸ ਜੀਤ
