ਗੁਰਬਖਸ਼ ਸੌਂਕੀ Sad Song ਕਿਉਂ ਗਾਉਂਦੈ ?
ਕਲਾ ਨੇ ਉਹਨਾਂ ਨੂੰ ਇੰਨੀ ਤਾਕਤ ਦਿੱਤੀ ਕਿ ਉਹ ਆਪਣੇ ਆਪ ਨੂੰ ਮੁੜ ਸਮੇਟਣ ਦੇ ਕਾਬਲ ਹੋ ਗਏ।

ਪੁਰਾਣੇ ਗਵੱਈਏ ਆਪਣੇ ਰਿਆਜ਼ ਅਤੇ ਕਲਾ ਦੇ ਸਹਾਰੇ ਸਦਾ ਬਹਾਰ ਹੁੰਦੇ ਹਨ । ਬੇਸ਼ੱਕ ਕਿਸੇ ਸਮੇਂ ਦੇ ਲਈ ਇਹ ਕਲਾ ਤੋਂ ਦੂਰੀ ਬਣਾ ਲੈਣ ਪਰ ਕਲਾ ਇਹਨਾਂ ਤੋਂ ਕਦੇ ਵੀ ਦੂਰ ਨਹੀਂ ਹੁੰਦੀ । ਪਿਛਲੇ ਦਿਨੀਂ ਪੰਜਾਬੀ ਦੇ ਨਾਮਵਰ ਗਾਇਕ ਗੁਰਬਖ਼ਸ਼ ਸ਼ੌਂਕੀ ਹੁਰਾਂ ਜੀ ਦੇ ਨਾਲ ਪੌਡਕਾਸਟ ਕਰਦਿਆਂ 'ਪੰਜਾਬੀ ਗਾਇਕੀ ਉਦੋਂ ਅਤੇ ਹੁਣ' ਉੱਪਰ ਬਹੁਤ ਖੁੱਲ੍ਹ ਕੇ ਗੱਲਾਂ- ਬਾਤਾਂ ਹੋਈਆਂ।
ਗੁਰਬਖ਼ਸ਼ ਸ਼ੌਂਕੀ ਅਜਿਹੇ ਕਲਾਕਾਰ ਹਨ ਜਿਨ੍ਹਾਂ ਦੀ ਗਾਇਕੀ ਨੂੰ ਹਰ ਵਰਗ ਨੇ ਬਹੁਤ ਪਸੰਦ ਕੀਤਾ ਹੈ । ਇਹ ਉਹ ਫ਼ਨਕਾਰ ਹਨ ਜਿਨ੍ਹਾਂ ਦੇ ਗੀਤਾਂ ਦਾ ਰਿਆਜ਼ ਕਰਕੇ ਅੱਜ ਦੇ ਨੌਜਵਾਨ ਗਵੱਈਏ ਆਪਣੀ ਕਲਾ ਪ੍ਰਤੀ ਸਾਧਨਾ ਪੱਕੀ ਕਰਦੇ ਹਨ , ਕਿਉਂਕਿ ਗੁਰਬਖ਼ਸ਼ ਸ਼ੌਂਕੀ ਦੀ ਤਰ੍ਹਾਂ ਗਾਉਣਾ ਕੋਈ ਸੌਖੀ ਖੇਡ ਨਹੀਂ ਹੈ।
ਉਹਨਾਂ ਦੀਆਂ ਤਰਜ਼ਾਂ ਬੇਹੱਦ ਸੰਗੀਤਮਈ ਅਤੇ ਕਠਿਨ ਹੁੰਦੀਆਂ ਹਨ । ਇਸ ਲਈ ਆਮ ਹੀ ਕਿਹਾ ਜਾਂਦਾ ਕਿ ਜੋ ਗੁਰਬਖ਼ਸ਼ ਸੌਂਕੀ ਦੇ ਗੀਤਾਂ ਨੂੰ ਨਿਭਾ ਸਕਦਾ ਹੈ ਤਾਂ ਉਹ ਇੱਕ ਸਫ਼ਲ ਗਾਇਕ ਬਣਨ ਦੇ ਸਮਰੱਥ ਹੈ।
ਪੌਡਕਾਸਟ ਦੌਰਾਨ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਬੇਸ਼ੱਕ ਉਹ ਕੁਝ ਸਮੇਂ ਲਈ ਇਸ ਇੰਡਸਟਰੀ ਤੋਂ ਦੂਰ ਹੋਏ ਸਨ ਪਰ ਕਲਾ ਨੇ ਉਹਨਾਂ ਨੂੰ ਇੰਨੀ ਤਾਕਤ ਦਿੱਤੀ ਕਿ ਉਹ ਆਪਣੇ ਆਪ ਨੂੰ ਮੁੜ ਸਮੇਟਣ ਦੇ ਕਾਬਲ ਹੋ ਗਏ।
ਆਪਣੀ ਗਾਇਕੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਅੱਜ ਵੀ ਕਲਾ ਨੂੰ ਸਭ ਤੋਂ ਅਹਿਮ ਅਤੇ ਉੱਪਰ ਮੰਨਦੇ ਹਨ । ਇੱਕ ਸਵਾਲ ਦੇ ਜਵਾਬ ਵਿੱਚ ਕਿ ਕੀ ਜਦੋਂ ਉਹਨਾਂ ਗਾਇਕੀ ਦਾ ਸਿਖ਼ਰ ਵੇਖਿਆ ਤਾਂ ਸ਼ੌਹਰਤ ਉਹਨਾਂ ਦੇ ਸਿਰ ਨੂੰ ਨਹੀਂ ਚੜ੍ਹੀ, ਤਾਂ ਬਹੁਤ ਖ਼ੂਬਸੂਰਤੀ ਅਤੇ ਬੇਬਾਕੀ ਨਾਲ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਸਾਨੂੰ ਤਾਂ ਇਹ ਪਤਾ ਹੀ ਨਹੀਂ ਹੁੰਦਾ ਸੀ ਕਿ ਸ਼ੌਹਰਤ ਹੁੰਦੀ ਕੀ ਹੈ । ਉਦੋਂ ਦੇ ਗਾਇਕ ਇਹਨਾਂ ਚੀਜ਼ਾਂ ਤੋਂ ਕੋਹਾਂ ਦੂਰ ਸਨ।
ਅੱਜ- ਕੱਲ੍ਹ ਦੀ ਗਾਇਕੀ ਬਾਰੇ ਉਹਨਾਂ ਗੱਲ ਕਰਦਿਆਂ ਕਿਹਾ ਕਿ ਸਮੇਂ ਦੇ ਨਿਜ਼ਾਮ ਬਦਲਣ ਦੇ ਨਾਲ ਗਾਇਕੀ ਦੀਆਂ ਦਿਸ਼ਾਵਾਂ ਵੀ ਬਦਲ ਰਹੀਆਂ ਹਨ ਜੋ ਕਿ ਕੁਝ ਹੱਦ ਤੱਕ ਚੰਗੀ ਗੱਲ ਹੈ । ਪਰ ਆਪਣੇ ਮੂਲ ਨਾਲ ਜੁੜੇ ਰਹਿਣ ਨੂੰ ਹੀ ਉਹਨਾਂ ਬਿਹਤਰ ਸਮਝਿਆ।
ਗੁਰਬਖ਼ਸ਼ ਸ਼ੌਂਕੀ ਉਦਾਸ ਗੀਤਾਂ ਦੇ ਮਹਾਰਥੀ ਮੰਨੇ ਜਾਂਦੇ ਹਨ। ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਕੀ ਇਹ ਉਹਨਾਂ ਦੀ ਪਸੰਦ ਹੈ ਤਾਂ ਉਹਨਾਂ ਕਿਹਾ ਕਿ ਜਿਸ ਦੌਰ ਦੇ ਵਿੱਚ ਉਹਨਾਂ ਗਾਉਣਾ ਸ਼ੁਰੂ ਕੀਤਾ ਉਸ ਸਮੇਂ ਇਹੀ ਰੁਝਾਨ ਸੀ । ਉਹਨਾਂ ਇੱਕ ਦੋ ਗੀਤ ਕੱਢੇ, ਉਹ ਮਕਬੂਲ ਹੋ ਗਏ ਤਾਂ ਉਨ੍ਹਾਂ ਇੱਧਰ ਹੀ ਵੱਧਣਾ ਉੱਚਿਤ ਸਮਝਿਆ।
ਇੱਕ ਜਗ੍ਹਾ ਗੱਲਬਾਤ ਕਰਦਿਆਂ ਉਹਨਾਂ ਇਹ ਸ਼ਿਕਵਾ ਵੀ ਜ਼ਾਹਿਰ ਕੀਤਾ ਕਿ ਅੱਜ- ਕੱਲ੍ਹ ਲੋਕ ਚੰਗੀ ਗਾਇਕੀ ਨੂੰ ਸੁਣਨਾ ਪਸੰਦ ਨਹੀਂ ਕਰਦੇ।
ਉਹਨਾਂ ਗਿਲਾ ਕੀਤਾ ਕਿ ਕੋਈ ਵੀ ਇੱਕ ਮਾੜਾ ਗੀਤ ਸਰੋਤਿਆਂ ਦੇ ਵਿੱਚ ਆਪਣੀ ਇੰਨੀ ਪਕੜ ਬਣਾ ਲੈਂਦਾ ਹੈ ਤੇ ਚੰਗੀ ਗਾਇਕੀ ਨੂੰ ਹੁਲਾਰਾ ਦੇਣ ਵਾਲੇ ਗਾਇਕ ਦਾ ਹੌਂਸਲਾ ਫਿੱਕਾ ਪੈ ਜਾਂਦਾ ਹੈ।
ਅੱਜ ਕੱਲ੍ਹ ਗਾਇਕੀ ਸਿਰਫ਼ ਗਾਉਣ ਦਾ ਹੀ ਵਿਸ਼ਾ ਨਹੀਂ ਰਹੀ ਵੇਖਣ ਦਾ ਵੀ ਬਣ ਚੁੱਕੀ ਹੈ, ਇਸ ਬਾਰੇ ਲੱਚਰਤਾ ਦੇ ਸੰਦਰਭ ਵਿੱਚ ਗੱਲ ਕਰਦਿਆਂ ਉਹਨਾਂ ਕਿਹਾ ਕਿ ਲੋਕ ਜੋ ਦੇਖਣਾ ਪਸੰਦ ਕਰਦੇ ਹਨ ਉਹਨਾਂ ਨੂੰ ਉਹੀ ਪਰੋਸਿਆ ਜਾਂਦਾ ਹੈ ।
ਜੇ ਅੱਜ ਲੋਕ ਕਿਸੇ ਵੀ ਤਰ੍ਹਾਂ ਦੀ ਲੱਚਰਤਾ ਨੂੰ ਵੇਖਣਾ, ਸੁਣਨਾ ਬੰਦ ਕਰ ਦੇਣ ਤਾਂ ਗਾਇਕੀ ਦੇ ਖ਼ੇਤਰ ਵਿੱਚ ਕਾਫ਼ੀ ਸੁਧਾਰ ਆ ਸਕਦਾ ਹੈ।
ਗੱਲਾਂ- ਬਾਤਾਂ ਕਰਦਿਆਂ ਉਹਨਾਂ ਆਪਣੇ ਸੰਗੀਤਕ ਨਗਮੇ ਵੀ ਸਾਂਝੇ ਕੀਤੇ । ਦਮਦਾਰ ਅਵਾਜ਼ ਦੇ ਮਾਲਕ ਗੁਰਬਖ਼ਸ਼ ਸ਼ੌਂਕੀ ਹੁਰਾਂ ਦੇ ਨਾਲ ਕੀਤਾ ਇਹ ਵਿਸ਼ੇਸ਼ ਐਪੀਸੋਡ ਸਾਰਿਆਂ ਨੂੰ ਬੇਹੱਦ ਪਸੰਦ ਆਵੇਗਾ । ਵੀਡੀਓ ਜ਼ਰੂਰ ਸੁਣੋ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ।
