ਅਦਾਕਾਰੀ ਮੇਰੀ ਪਹਿਲੀ ਪਸੰਦ ਹੈ।
ਆਪਣੀ ਅਦਾਕਾਰੀ ਅਤੇ ਆਪਣੀ ਬੋਰੀਅਤ ਭਰੀ ਨੌਕਰੀ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ।

ਅਭਿਨੈ ਦੇ ਖੇਤਰ ਦੇ ਵਿੱਚ ਹਰ ਰੋਜ਼ ਨਵੇਂ ਚਿਹਰੇ ਆ ਕੇ ਜੁੜ ਰਹੇ ਹਨ ।ਉਹ ਚਿਹਰੇ ਜਿਨਾਂ ਦੇ ਅੰਦਰ ਕਲਾ ਦਾ ਉਹ ਕਣ ਹੁੰਦਾ ਹੈ ਜੋ ਉਹਨਾਂ ਨੂੰ ਕਿਸੇ ਹੋਰ ਖੇਤਰ ਦੇ ਵਿੱਚ ਟਿਕਣ ਹੀ ਨਹੀਂ ਦਿੰਦਾ । ਸਿੱਧੇ -ਅਸਿੱਧੇ ਰੂਪ ਵਿੱਚ ਉਹਨਾਂ ਨੂੰ ਮੁੜ ਉਸੇ ਖੇਤਰ ਵਿੱਚ ਲੈ ਕੇ ਆ ਜਾਂਦਾ ਹੈ।
ਸਪਨਾ ਦਾਸ ਵੀ ਅਭਿਨੈ ਦੇ ਖੇਤਰ ਦੇ ਵਿੱਚ ਇੱਕ ਅਜਿਹਾ ਚਿਹਰਾ ਹੈ ਜਿਸਨੇ ਆਪਣੀ ਬਹੁਤ ਚੰਗੀ ਕਾਰਪੋਰੇਟ ਦੀ ਨੌਕਰੀ ਛੱਡ ਕੇ ਆਪਣੇ ਪਹਿਲੇ ਪਿਆਰ ਭਾਵ ਅਦਾਕਾਰੀ ਨੂੰ ਚੁਣਿਆ।
ਬੰਗਾਲੀ ਪਿਛੋਕੜ ਵਾਲੀ ਇਹ ਕੁੜੀ ਵੇਖਣ ਨੂੰ ਭਾਵੇਂ ਨੈਣ ਨਕਸ਼ਾਂ ਤੋਂ ਬੰਗਾਲੀ ਕੁੜੀਆਂ ਦੇ ਦਿਲਕਸ਼ ਮੁਹਾਂਦਰੇ ਵਾਲੀ ਹੈ ਪਰ ਜਦੋਂ ਇਹ ਗੱਲਬਾਤ ਕਰਦੀ ਹੈ, ਸੰਵਾਦ ਬੋਲਦੀ ਹੈ ਤਾਂ ਕਿਸੇ ਪੱਕੀ ਪੰਜਾਬਣ ਤੋਂ ਘੱਟ ਨਹੀਂ ਲੱਗਦੀ । ਉਂਝ ਵੀ ਇਹ ਪੰਜਾਬ ਦੀ ਜੰਮਪਲ ਜੋ ਹੋਈ।
ਉਸ ਨਾਲ ਕੀਤੇ ਪੌਡਕਾਸਟ ਵਿੱਚ ਉਸਨੇ ਆਪਣੀ ਅਦਾਕਾਰੀ ਅਤੇ ਆਪਣੀ ਬੋਰੀਅਤ ਭਰੀ ਨੌਕਰੀ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ। ਦਾਰੋ ਵੈੱਬ-ਸੀਰੀਜ਼ ਦੇ ਵਿੱਚ ਸਪਨਾ ਦਾਸ ਨੇ ਬੇਗੀ ਦਾ ਰੋਲ ਅਦਾ ਕੀਤਾ ਹੈ।
ਉਸਦੇ ਅਨੁਸਾਰ ਇਹ ਵੈਬ ਸੀਰੀਜ਼ ਉਸਦੀ ਜ਼ਿੰਦਗੀ ਦੇ ਅਭਿਨੈ ਦੇ ਸਫ਼ਰ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗੀ। ਦਾਰੋ ਵੈਬ ਸੀਰੀਜ਼ ਬਾਰੇ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਬੇਗੀ ਦਾ ਕਿਰਦਾਰ ਨਿਭਾਉਂਦਿਆਂ ਉਹ ਬਹੁਤ ਵਾਰ ਭਾਵੁਕ ਹੋਈ।
ਬੇਗੀ ਦੇ ਕਿਰਦਾਰ ਤੋਂ ਉਸਨੇ ਬਹੁਤ ਕੁਝ ਸਿੱਖਿਆ ਹੈ, ਖਾਸ ਕਰਕੇ ਸਬਰ ਵਿੱਚ ਰਹਿਣਾ। ਆਪਣੇ ਸਾਥੀ ਅਦਾਕਾਰਾਂ ਵੱਲੋਂ ਮਿਲੀ ਹਿੰਮਤ ਅਤੇ ਸਹਿਯੋਗ ਨੂੰ ਉਹ ਆਪਣੀ ਖੁਸ਼ਕਿਸਮਤੀ ਮੰਨਦੀ ਹੈ ।
ਸਪਨਾ ਦੇ ਅਨੁਸਾਰ ਕੋਈ ਵੀ ਕੰਮ ਔਖਾ ਜਾਂ ਸੌਖਾ ਨਹੀਂ । ਅਭਿਨੈ ਦੇ ਖੇਤਰ ਵਿੱਚ ਵੀ ਭਾਵੇਂ ਕੁੜੀਆਂ ਦੇ ਲਈ ਬਹੁਤ ਮੁਸ਼ਕਿਲਾਂ ਹਨ ਪਰ ਉਸਦਾ ਮੰਨਣਾ ਹੈ ਕਿ ਕੋਈ ਵੀ ਮੁਸ਼ਕਿਲ ਤੁਹਾਡੇ ਹੌਂਸਲੇ ਤੋਂ ਵੱਡੀ ਨਹੀਂ ਹੋ ਸਕਦੀ। ਤੁਸੀਂ ਕਿਤੇ ਵੀ ਆਪਣੀਆਂ ਸ਼ਰਤਾਂ ਦੇ ਆਧਾਰ ਤੇ ਚੰਗਾ ਤੇ ਬਿਹਤਰੀਨ ਪ੍ਰਦਰਸ਼ਨ ਕਰ ਸਕਦੇ ਹੋ।
ਦਾਰੋ ਵੈੱਬ-ਸੀਰੀਜ਼ ਬਾਰੇ ਗੱਲਬਾਤ ਕਰਦਿਆਂ ਉਸਨੇ ਹੋਰ ਵੀ ਸਿਨੇਮਾ ਦੇ ਕਈ ਪੱਖਾਂ ਉੱਤੇ ਗੱਲਬਾਤ ਕੀਤੀ ।
ਉਹਨਾਂ ਗੱਲਾਂ ਬਾਰੇ ਦੱਸਿਆ ਜੋ ਪਰਦੇ ਦੇ ਪਿੱਛੇ ਹੀ ਰਹਿ ਜਾਂਦੀਆਂ ਹਨ ਤੇ ਜਿਸ ਦਾ ਦੁੱਖ ਅਦਾਕਾਰ ਨੂੰ ਸਭ ਤੋਂ ਵੱਧ ਪਤਾ ਹੁੰਦਾ ਹੈ।
ਉਸਨੇ ਆਪਣੀਆਂ ਭਵਿੱਖੀ ਯੋਜਨਾਵਾਂ ਵੀ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। 'ਦਾਰੋ' ਵੈਬ ਸੀਰੀਜ਼ 'ਚ ਨਿਭਾਏ ਰੋਲ ਬਾਰੇ ਉਨ੍ਹਾਂ ਬਹੁਤ ਗੱਲਾਂ ਕੀਤੀਆਂ ।
ਇਸ ਖੇਤਰ ਦੇ ਵਿੱਚ ਹਰ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣ ਦੀ ਚਾਹਵਾਨ ਸਪਨਾ ਦਾਸ ਅੱਜ ਕੱਲ੍ਹ ਇਹੋ ਜਿਹੇ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ ਜੋ ਪੰਜਾਬੀਅਤ ਨੂੰ ਅੰਤਰਰਾਸ਼ਟਰੀ ਪੱਧਰ ਤੇ ਲੈ ਕੇ ਜਾਣ ਦੇ ਸਮਰੱਥ ਹੈ।
ਪੂਰਾ ਪੌਡਕਾਸਟ ਸਿਨੇਮਾ ਪ੍ਰੇਮੀਆਂ ਅਤੇ ਨੌਜਵਾਨ ਮੁੰਡੇ -ਕੁੜੀਆਂ ਦੇ ਲਈ ਵੇਖਣ ਯੋਗ ਹੈ।
