ਸਾਰੇ ਲੇਖ
Entertainment 10 Sep 2025 3 min read 109 views

ਸਦਾਬਹਾਰ ਗਾਇਕੀ ਹਮੇਸ਼ਾ ਹੀ ਬੁਲੰਦ ਰਹਿੰਦੀ ਹੈ !

ਜੋਤੀ ਗਿੱਲ ਦੀ ਗਾਇਕੀ ਅੱਜ- ਕੱਲ੍ਹ ਫਿਰ ਜੋਬਨ 'ਤੇ ।

Sirlekh Team

Updated 15 Jul 2026

ਸਾਂਝਾ ਕਰੋ:

fWATG
ਸਦਾਬਹਾਰ ਗਾਇਕੀ ਹਮੇਸ਼ਾ ਹੀ ਬੁਲੰਦ ਰਹਿੰਦੀ ਹੈ  !

ਜਿਨ੍ਹਾਂ ਗਾਇਕਾਂ ਦੀ ਗਾਇਕੀ ਦੇ ਉੱਪਰ ਭਰਪੂਰ ਪਕੜ ਹੁੰਦੀ ਹੈ ਉਹ ਕਦੇ ਵੀ ਸਮੇਂ ਦੀ ਮਾਰ ਦਾ ਸਾਹਮਣਾ ਨਹੀਂ ਕਰਦੇ। ਸਮਾਂ ਚਾਹੇ ਕਿੰਨੇ ਉਤਰਾਅ- ਚੜਾਅ, ਕਿੰਨੀਆਂ ਕਰਵਟਾਂ ਕਿਉਂ ਨਾ ਲੈ ਲਵੇ, ਉਹਨਾਂ ਦੀ ਗਾਇਕੀ ਹਮੇਸ਼ਾ ਹੀ ਸਦਾਬਹਾਰ ਰਹਿੰਦੀ ਹੈ। ਪੰਜਾਬੀ ਦੀ ਪ੍ਰਸਿੱਧ ਨਾਮਵਰ ਗਾਇਕਾ ਜੋਤੀ ਗਿੱਲ ਵੀ ਇਹਨਾਂ ਸਦਾਬਹਾਰ ਗਾਇਕਾਂ ਦੇ ਵਿੱਚੋਂ ਇੱਕ ਹੈ ।

ਜੋਤੀ ਗਿੱਲ ਜੋ ਬਹੁਤ ਹੀ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਜਿੰਨੀ ਸਧਾਰਨ ਅਤੇ ਸਾਦੀ ਦਿੱਖ ਉਹਨਾਂ ਦੀ ਹੈ, ਉਨੀ ਹੀ ਉਹਨਾਂ ਦੀ ਅਵਾਜ਼ ਦੇ ਵਿੱਚ ਇੱਕ ਗੜ੍ਹਕ ਅਤੇ ਵੱਖਰਾਪਣ ਹੈ । ਸ਼ਾਇਦ ਇਹੀ ਅਵਾਜ਼ ਦਾ ਜਾਦੂ ਹੈ ਕਿ ਉਹ ਅੱਜ ਵੀ ਸਰੋਤਿਆਂ ਦੇ ਦਿਲਾਂ ਦੇ ਉੱਤੇ ਰਾਜ ਕਰਦੇ ਹਨ।

ਨੱਬੇ ਦੇ ਦਹਾਕੇ ਵਾਲੇ ਸਾਰੇ ਸਰੋਤੇ ਜੋਤੀ ਗਿੱਲ ਦੀ ਗਾਇਕੀ ਤੋਂ ਭਲੀ ਭਾਂਤ ਜਾਣੂ ਹੋਣਗੇ । 'ਕਿਉਂ ਹੂਰ ਬਿਠਾ ਕੇ ਲੰਘਦਾਂ ਗਲੀ ਚੋਂ ਹੀਰੋ ਹਾਂਡੇ ਤੇ' ਫ਼ੇਮ ਗਾਇਕਾ ਜੋਤੀ ਗਿੱਲ ਅੱਜ- ਕੱਲ੍ਹ ਆਪਣੇ ਨਵੇਂ ਗਾਣੇ 'ਕਾਂਟੇ' ਦੇ ਨਾਲ ਚਰਚਾ ਦੇ ਵਿੱਚ ਹਨ।

ਪਿਛਲੇ ਦਿਨੀ ਪੌਡਕਾਸਟ ਕਰਦਿਆਂ ਉਹਨਾਂ ਦੇ ਨਾਲ ਉਹਨਾਂ ਦੀ ਗਾਇਕੀ ਅਤੇ ਪਰਿਵਾਰ ਬਾਰੇ ਖੁੱਲ੍ਹ ਕੇ ਗੱਲਾਂ ਕਰਨ ਦਾ ਸਬੱਬ ਬਣਿਆ। ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਸ੍ਰੀ ਬਿੱਲੂ ਗਿੱਲ ਜੀ ਵੀ ਆਪਣੇ ਸਮੇਂ ਦੇ ਚੰਗੇ ਗਵੱਈਏ ਰਹੇ ਹਨ । ਉਹਨਾਂ ਨੂੰ ਵਿਰਾਸਤ ਦੇ ਵਿੱਚੋਂ ਹੀ ਇਹ ਗਾਇਕੀ ਦੀ ਗੁੜ੍ਹਤੀ ਮਿਲੀ ਹੈ ।

ਘਰ ਪਰਿਵਾਰ ਦੇ ਵਿੱਚ ਚੰਗੇ ਗਵੱਈਆਂ ਦਾ ਆਉਣਾ ਜਾਣਾ ਅਤੇ ਉਹਨਾਂ ਨੂੰ ਸੁਣਨਾ ਹੌਲੀ- ਹੌਲੀ ਉਹਨਾਂ ਨੂੰ ਇਸ ਰਸਤੇ ਦੇ ਉੱਪਰ ਲੈ ਗਿਆ। ਆਪਣੇ ਸੰਘਰਸ਼ ਭਰੇ ਦਿਨਾਂ ਨੂੰ ਯਾਦ ਕਰਦਿਆਂ ਉਹਨਾਂ ਕਿਹਾ ਕਿ ਬੇਸ਼ੱਕ ਰਿਸ਼ਤੇਦਾਰਾਂ ਤੇ ਲੋਕਾਂ ਦੇ ਤਾਹਨੇ -ਮਿਹਣਿਆਂ ਦਾ ਉਹਨਾਂ ਨੂੰ ਸ਼ਿਕਾਰ ਹੋਣਾ ਪਿਆ ਪਰ ਉਹਨਾਂ ਦੇ ਪਿਤਾ ਉਸਦੇ ਲਈ ਅਟੁੱਟ ਸਹਾਰਾ ਬਣ ਕੇ ਹਮੇਸ਼ਾ ਉਹਨਾਂ ਦੇ ਨਾਲ ਤੁਰਦੇ ਰਹੇ । ਆਪਣੀ ਗਾਇਕੀ ਦੇ ਦੌਰ ਨੂੰ ਯਾਦ ਕਰਦਿਆਂ ਜੋਤੀ ਗਿੱਲ ਨੇ ਦੱਸਿਆ ਕਿ ਅੱਜ ਵੀ ਉਸਦੇ ਗਾਣਿਆਂ ਦੀ ਉਨੀ ਹੀ ਫ਼ਰਮਾਇਸ਼ ਹੈ ਜਿੰਨੀ ਉਸ ਦੌਰ ਦੇ ਵਿੱਚ ਸੀ ।

ਗਾਇਕੀ ਦੇ ਰੰਗ ਢੰਗ ਬਦਲ ਗਏ ਹਨ ਪਰ ਚੰਗੀ ਗਾਇਕੀ ਸੁਣਨ ਵਾਲੇ ਅੱਜ ਵੀ ਉਸ ਤੋਂ ਇੱਕ- ਇੱਕ ਗੀਤ ਕਈ ਕਈ ਵਾਰ ਸੁਣਨ ਦੀ ਫ਼ਰਮਾਇਸ਼ ਕਰਦੇ ਹਨ । ਆਪਣੀ ਗੱਲਬਾਤ ਦੌਰਾਨ ਜੋਤੀ ਗਿੱਲ ਨੇ ਦੱਸਿਆ ਕਿ ਅੱਜ- ਕੱਲ੍ਹ ਦੀ ਗਾਇਕੀ ਦਾ ਖ਼ੇਤਰ ਸੌਖਾ ਨਹੀਂ ਰਿਹਾ।

ਹੁਣ ਗਾਇਕ ਨੂੰ ਗਾਇਕੀ ਦੇ ਨਾਲ-ਨਾਲ ਹੋਰ ਵੀ ਕਈ ਖਿੱਤਿਆਂ 'ਤੇ ਕੰਮ ਕਰਨਾ ਪੈਂਦਾ ਹੈ । ਅੱਜ- ਕੱਲ੍ਹ ਸਾਰਾ ਪੈਸਾ ਗਾਇਕ ਦੀ ਜੇਬ ਵਿੱਚੋਂ ਜਾਂਦਾ ਹੈ। ਉਸਨੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਗਾਣੇ ਨੂੰ ਨਕਾਰਨ ਤੋਂ ਪਹਿਲਾਂ ਪੂਰਾ ਗਾਣਾ ਇੱਕ ਵਾਰ ਜ਼ਰੂਰ ਸੁਣ ਲਿਆ ਕਰਨ ਤਾਂ ਕਿ ਕੋਈ ਰਾਇ ਬਣਾਉਣ ਦੇ ਵਿੱਚ ਗ਼ਲਤੀ ਨਾ ਹੋਵੇ ।

ਜਦੋਂ ਉਹਨਾਂ ਪੁੱਛਿਆ ਕਿ ਕੀ ਕੰਪਨੀਆਂ ਦੇ ਨਾਲ ਗਾਇਕ ਦੀ ਸਾਂਝੇਦਾਰੀ ਚੰਗੀ ਹੈ ਤਾਂ ਉਹਨਾਂ ਰਲਵਾਂ- ਮਿਲਵਾਂ ਜਵਾਬ ਦਿੰਦਿਆਂ ਕਿਹਾ ਕਿ ਇਹ ਕੰਮ ਵੀ ਕੋਈ ਸੌਖੀ ਖੇਡ ਨਹੀਂ ਹੈ । ਤੁਹਾਡੀ ਗਾਇਕੀ ਨੂੰ ਕਿੰਨੀਆਂ ਬੰਦਿਸ਼ਾਂ ਦੇ ਵਿੱਚ ਰਹਿਣਾ ਪੈਂਦਾ ਹੈ। ਪਰ ਚੰਗੀਆਂ ਕੰਪਨੀਆਂ ਚੰਗੇ ਗਾਇਕ ਦੀ ਗਾਇਕੀ ਨੂੰ ਵਧਣ- ਫੁੱਲਣ ਦੇ ਵਿੱਚ ਬਹੁਤ ਸਹਾਈ ਵੀ ਹੁੰਦੀਆਂ ਹਨ ।

ਜੋਤੀ ਗਿੱਲ ਦੀ ਗਾਇਕੀ ਅੱਜ- ਕੱਲ੍ਹ ਫਿਰ ਜੋਬਨ 'ਤੇ ਹੈ । ਚਾਰੇ ਪਾਸੇ ਉਸਦੀ ਗੜ੍ਹਕ ਵਾਲੀ ਆਵਾਜ਼ ਚਰਚਾ ਦੇ ਵਿੱਚ ਹੈ। ਬੇਸ਼ੱਕ ਕੁਝ ਕਾਰਨਾਂ ਕਰਕੇ ਉਸਨੂੰ ਇੰਡਸਟਰੀ ਤੋਂ ਥੋੜ੍ਹੇ ਸਮੇਂ ਲਈ ਦੂਰੀ ਬਣਾਉਣੀ ਪਈ ਪਰ ਉਹ ਹੁਣ ਪੂਰੇ ਬੁਲੰਦ ਹੌਂਸਲੇ ਦੇ ਨਾਲ ਮੈਦਾਨ ਦੇ ਵਿੱਚ ਆਈ ਹੈ।

ਆਪਾਂ ਵੀ ਆਪਣਾ ਫ਼ਰਜ਼ ਅਦਾ ਕਰੀਏ ਤੇ ਅਜਿਹੇ ਗਾਇਕ ਜਿਹੜੇ ਗਾਇਕੀ ਦੇ ਵਿੱਚ ਦਮ ਰੱਖਦੇ ਹਨ , ਉਹਨਾਂ ਦਾ ਪੂਰਾ ਸਾਥ ਦੇਈਏ ।

ਵੀਡੀਓ ਪੂਰੀ ਜ਼ਰੂਰ ਸੁਣੋ ਤੇ ਅੱਗੇ ਸ਼ੇਅਰ ਜ਼ਰੂਰ ਕਰੋ।

ਜਸ ਜੀਤ

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ