ਕੀ feminism ਸਿਰਫ ਅਜ਼ਾਦ ਹੋਣਾ ਐ ?
ਆਮ ਘਰਾਂ ਵਿਚ ਪਲ ਕੇ ਕਿਵੇਂ ਬੁਲੰਦੀਆਂ ਨੂੰ ਛੋਹਿਆ ਜਾਂਦਾ ਹੈ ਇਹ ਕੁਲ ਸਿੱਧੂ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ।

ਅਭਿਨੈ ਦੀ ਦੁਨੀਆਂ ਦੇ ਵਿੱਚ ਦਮਦਾਰ ਅਦਾਕਾਰਾਂ ਦੇ ਨਾਂ ਗਿਣਦਿਆਂ ਕੁਲ ਸਿੱਧੂ ਦਾ ਨਾਮ ਆਪ ਮੁਹਾਰੇ ਅੱਗੇ ਆ ਜਾਂਦਾ ਹੈ। ਇਸ ਖੇਤਰ ਦੇ ਵਿੱਚ ਉਹ ਹਮੇਸ਼ਾ ਆਪਣੀਆਂ ਦਮਦਾਰ ਭੂਮਿਕਾਵਾਂ ਅਤੇ ਬਿਹਤਰੀਨ ਅਦਾਕਾਰੀ ਦੇ ਤੌਰ ਤੇ ਜਾਣੇ ਜਾਂਦੇ ਹਨ।
ਇਹ ਮਾਲਵੇ ਦੇ ਪਿੰਡ ਕੁਸਲੇ ਵਿੱਚ ਜਨਮੀ ਕੁਲਵਿੰਦਰ ਕੌਰ ਉਰਫ ਕੁਲ ਸਿੱਧੂ ਹੈ । ਆਮ ਘਰਾਂ ਵਿਚ ਪਲ ਕੇ ਕਿਵੇਂ ਬੁਲੰਦੀਆਂ ਨੂੰ ਛੋਹਿਆ ਜਾਂਦਾ ਹੈ ਇਹ ਕੁਲ ਸਿੱਧੂ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ।
ਪਿਛਲੇ ਦਿਨੀ ਉਹਨਾਂ ਨਾਲ ਪੌਡਕਾਸਟ ਕਰਦਿਆਂ ਉਹਨਾਂ ਆਪਣੇ ਨਿੱਜੀ ਜੀਵਨ ਅਤੇ ਫਿਲਮੀ ਸਫ਼ਰ ਬਾਰੇ ਗੱਲਬਾਤ ਕਰਦਿਆਂ ਉਤਰਾਅ-ਚੜ੍ਹਾਵਾਂ ਦੀ ਗੱਲ ਕੀਤੀ। ਉਹਨਾਂ ਦੱਸਿਆ ਕਿ ਭਾਵੇਂ ਉਹਨਾਂ ਨੂੰ ਆਪਣਾ ਸੰਘਰਸ਼ ਯਾਦ ਨਹੀਂ ਹੈ ਕਿਉਂਕਿ ਉਹ ਅਜੇ ਵੀ ਸੰਘਰਸ਼ ਵਿੱਚ ਹੀ ਹਨ।
ਇਹ ਸਫ਼ਰ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਸਫ਼ਰ ਉਹਨਾਂ ਲਈ ਕੋਈ ਛੋਟਾ ਤੇ ਸੌਖਾ ਨਹੀਂ ਸੀ ਪਰ ਉਹਨਾਂ ਦੇ ਅੰਦਰਲੀ ਹਿੰਮਤ ਅਤੇ ਕੁਦਰਤ ਦੁਆਰਾ ਦਿੱਤੇ ਸਾਥ ਨੇ ਉਹਨਾਂ ਦੇ ਰਾਹ ਦੀਆਂ ਮੁਸ਼ਕਲਾਂ ਪਾਰ ਕਰਨ ਦੇ ਵਿੱਚ ਆਸਾਨੀ ਕਰ ਦਿੱਤੀ।
ਉਹਨਾਂ ਦੱਸਿਆ ਕਿ ਸਮਾਜ ਕੁੜੀਆਂ ਨੂੰ ਇਸ ਖੇਤਰ ਵਿੱਚ ਆਉਣ ਤੋਂ ਹਮੇਸ਼ਾ ਵਰਜਦਾ ਰਿਹਾ ਹੈ। ਪਰਿਵਾਰ ਆਪਣੀਆਂ ਕੁੜੀਆਂ ਨੂੰ ਇਸ ਖੇਤਰ ਵਿੱਚ ਆਉਣ ਤੋਂ ਕੰਨੀ ਕਤਰਾਉਂਦੇ ਰਹੇ ਹਨ। ਪਰ ਉਹਨਾਂ ਦਾ ਮੰਨਣਾ ਹੈ ਕਿ ਇਸ ਖੇਤਰ ਵਿੱਚ ਸਗੋਂ ਕੁੜੀਆਂ ਨੂੰ ਖੁੱਲ੍ਹ ਕੇ ਆਉਣਾ ਚਾਹੀਦਾ ਹੈ।
ਦਾਰੋ ਵੈੱਬ-ਸੀਰੀਜ਼ ਬਾਰੇ ਗੱਲ ਕਰਦਿਆਂ ਜਿੱਥੇ ਉਨਾਂ ਨੇ ਇਸ ਵਿਚਲੇ ਕਿਰਦਾਰ ਬਾਰੇ ਗੱਲ ਕੀਤੀ ਉੱਥੇ ਔਰਤ ਅਤੇ ਸਮਾਜ ਦੀ ਅਜੋਕੀ ਅਸਲੀਅਤ ਬਾਰੇ ਵੀ ਖੁੱਲ੍ਹ ਕੇ ਗੱਲਾਂ ਕੀਤੀਆਂ।
ਉਹਨਾਂ ਦੱਸਿਆ ਕਿ ਔਰਤ ਲਈ ਸਮਾਜ ਹਮੇਸ਼ਾ ਇੱਕ ਸੌੜਾ ਦ੍ਰਿਸ਼ਟੀਕੋਣ ਲੈ ਕੇ ਤੁਰਿਆ ਹੈ। ਪਰ ਸਾਡੇ ਕੋਲ ਇੱਕ ਬਹੁਤ ਉਸਾਰੂ ਹਥਿਆਰ ਸਿਨੇਮਾ ਹੈ ਜਿਸ ਦੁਆਰਾ ਅਸੀਂ ਇਹਨਾਂ ਮਿੱਥਾਂ ਨੂੰ ਤੋੜ ਸਕਦੇ ਹਾਂ ਤੇ ਔਰਤ ਲਈ ਵੀ ਤਰੱਕੀ ਦੇ ਸਾਰੇ ਰਾਹ ਖੋਲ ਸਕਦੇ ਹਾਂ।
ਇਸ ਵੈਬ ਸੀਰੀਜ ਵਿੱਚ ਕੁਲ ਸਿੱਧੂ ਦਾ ਹਰ ਪੱਖ ਬਹੁਤ ਹੀ ਮਹੱਤਵਪੂਰਨ ਹੈ । ਸਭ ਤੋਂ ਵੱਡੀ ਗੱਲ ਉਨਾਂ ਵੱਲੋਂ ਬਿਨਾਂ ਮੇਕਅਪ , ਸਾਦੇ ਪਹਿਰਾਵੇ ਦੇ ਵਿੱਚ ਨਿਭਾਇਆ ਇਹ ਰੋਲ ਬਹੁਤ ਦਮਦਾਰ ਲੱਗਦਾ । ਅੱਜ ਦੇ ਸਮੇਂ ਵਿੱਚ ਬਿਨਾਂ ਮੇਕਅਪ ਤੋਂ ਅਜਿਹਾ ਰੋਲ ਨਿਭਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ।
ਦਾਰੋ ਵੈੱਬ- ਸੀਰੀਜ਼ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਹਰ ਉਹ ਇਨਸਾਨ ਜਿਸ ਅੰਦਰ ਸੂਖਮ ਭਾਵਨਾਵਾਂ ਅਜੇ ਵੀ ਜਿਉਂਦੀਆਂ ਹਨ ਉਹਨਾਂ ਨੂੰ ਇਹ ਕਹਾਣੀ ਜ਼ਰੂਰ ਟੁੰਬੇਗੀ।
ਚੰਗਾ ਵੇਖਣ ਅਤੇ ਸਿਨਮਾ ਪ੍ਰਤੀ ਇਕ ਸੁਹਿਰਦ ਸੋਚ ਰੱਖਣ ਵਾਲੇ ਸਾਰੇ ਦਰਸ਼ਕਾਂ ਨੂੰ ਇਹ ਪੌਡਕਾਸਟ ਜ਼ਰੂਰ ਪਸੰਦ ਆਏਗਾ ਹਰ ਔਰਤ ਜੋ ਕਿਸੇ ਨਾ ਕਿਸੇ ਮਜਬੂਰੀ ਦਾ ਸ਼ਿਕਾਰ ਹੋਈ ਆਪਣੇ ਅੰਦਰਲੇ ਔਰਤ ਦੇ ਸੁਹਜ ਤੱਤ ਨੂੰ ਹਰ ਰੋਜ਼ ਖੁਰਦਾ ਮਹਿਸੂਸ ਕਰਦੀ ਹੈ ,ਦਾਰੋ ਵਿੱਚੋਂ ਉਸਨੂੰ ਆਪਣਾ ਅਕਸ ਨਜ਼ਰ ਆਏਗਾ।
