ਜਾਣੋ ! ਕੁਲਦੀਪ ਰਸੀਲਾ ਨੇ ਕਿਵੇਂ ਬਣਾਇਆ ਆਪਣਾ ਨਾਮ ।
ਕੁਲਦੀਪ ਰਸੀਲਾ ਨੇ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਸੰਘਰਸ਼ ਅਤੇ ਸਫ਼ਰ ਦੇ ਪਲਾਂ ਨੂੰ ਬਾਖ਼ੂਬੀ ਬਿਆਨ ਕੀਤਾ ।

ਜਦੋਂ ਕੋਈ ਕਲਾ ਬਚਪਨ ਤੋਂ ਹੀ ਉਭਰਨ ਅਤੇ ਨਿਖਰਨ ਲੱਗ ਜਾਂਦੀ ਹੈ ਤਾਂ ਸਮੇਂ ਅਤੇ ਤਜ਼ਰਬੇ ਦੇ ਨਾਲ ਉਸ ਵਿੱਚ ਪਕਿਆਈ ਤਾਂ ਆਉਂਦੀ ਹੀ ਹੈ ਅਤੇ ਸਗੋਂ ਸਰੋਤੇ ਜਾਂ ਦਰਸ਼ਕ ਵੀ ਉਹਨਾਂ ਪਲਾਂ ਦੇ ਗਵਾਹ ਬਣ ਜਾਂਦੇ ਹਨ ।
ਇਸ ਗੱਲ ਨੂੰ ਨਾਮਵਰ ਗਾਇਕ ਕੁਲਦੀਪ ਰਸੀਲਾ ਦੇ ਸੰਦਰਭ ਵਿੱਚ ਰੱਖ ਕੇ ਸਮਝਿਆ ਵੇਖਿਆ ਜਾ ਸਕਦਾ ਹੈ।
ਪਿਛਲੇ ਦਿਨੀਂ ਕੀਤੀ ਮੁਲਾਕਾਤ ਦੇ ਵਿੱਚ ਇਹਨਾਂ 'ਸਿਰਲੇਖ' ਦੇ ਨਾਲ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਸੰਘਰਸ਼ ਅਤੇ ਸਫ਼ਰ ਦੇ ਪਲਾਂ ਨੂੰ ਬਾਖ਼ੂਬੀ ਬਿਆਨ ਕੀਤਾ ।
ਉਹਨਾਂ ਦੱਸਿਆ ਕਿ ਗਾਇਕੀ ਦੇ ਖੇਤਰ ਵਿੱਚ ਆਉਣਾ ਉਹਨਾਂ ਦੇ ਲਈ ਸ਼ੌਂਕ ਦੇ ਨਾਲੋਂ ਪਹਿਲਾਂ ਘਰ ਦੀ ਆਰਥਿਕ ਮਜਬੂਰੀਆਂ ਦੀ ਮਾਰ ਸੀ ।
ਘਰ ਦੀ ਹਾਲਤ ਨੂੰ ਸੁਧਾਰਨ ਦੇ ਲਈ ਉਹਨਾਂ ਮੇਲਿਆਂ ਅਖਾੜਿਆਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਜਿੱਥੋਂ ਉਹਨਾਂ ਨੂੰ ਉਹਨਾਂ ਦੀ ਮਿਹਨਤ ਦੇ ਇਵਜਾਨੇ ਵਜੋਂ ਜੋ ਰਕਮ ਮਿਲਦੀ ਉਹ ਇੱਕ ਪਾਸੇ ਉਹਨਾਂ ਦੀ ਕਲਾ ਦੇ ਸ਼ੌਂਕ ਨੂੰ ਤਾਂ ਅੰਦਰ ਦੀ ਅੰਦਰ ਹੋਰ ਨਿਖਾਰ ਹੀ ਰਹੀ ਸੀ ਬਲਕਿ ਘਰ ਦੀਆਂ ਜ਼ਰੂਰਤਾਂ ਨੂੰ ਵੀ ਹੌਲ਼ੀ-ਹੌਲ਼ੀ ਪੂਰਾ ਕਰਨ ਲੱਗੀ ।
ਆਪਣੇ ਸੰਘਰਸ਼ ਭਰੇ ਦਿਨਾਂ ਨੂੰ ਯਾਦ ਕਰਦਿਆਂ ਉਹਨਾਂ ਮੇਜਰ ਰਾਜਸਥਾਨੀ ਤੇ ਧਰਮਪ੍ਰੀਤ ਹੋਰਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਜਿਨਾਂ ਨੇ ਬਚਪਨ ਤੋਂ ਲੈ ਕੇ ਉਹਨਾਂ ਦਾ ਸਾਥ ਦਿੱਤਾ ।
ਆਪਣੇ ਪਿਤਾ ਦੀ ਗਾਇਕੀ ਬਾਰੇ ਵੀ ਉਹਨਾਂ ਦੱਸਿਆ ਕਿ ਇਹ ਵਿਰਾਸਤੀ ਰੰਗ ਉਹਨਾਂ ਨੂੰ ਆਪਣੇ ਪਿਤਾ ਦੇ ਮੁੜ੍ਹਕੇ ਤੇ ਖ਼ੂਨ ਵਿੱਚੋਂ ਮਿਲਿਆ ਹੈ।
ਕੁਲਦੀਪ ਰਸੀਲਾ ਜੋ ਆਪਣੇ ਬਚਪਨ ਦੇ ਵਿੱਚ ਅਤੇ ਚੜ੍ਹਦੀ ਜਵਾਨੀ ਦੀ ਉਮਰੇ ਇੱਕ ਕੁੜੀ ਦੀ ਆਵਾਜ਼ ਦੇ ਵਿੱਚ ਦੋਗਾਣਾ ਜੋੜੀ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਦੇ ਲਈ ਸਰੋਤਿਆਂ ਵੱਲੋਂ ਪਸੰਦ ਕੀਤਾ ਜਾਂਦਾ ਸੀ ।
ਉਹਨਾਂ ਨੇ ਦੱਸਿਆ ਕਿ ਉਸ ਵਕਤ ਕੱਚੀ ਜਿਹੀ ਉਮਰ ਦੀ ਉਹ ਕੱਚੀ ਜਿਹੀ ਆਵਾਜ਼ ਕਿਸੇ ਕੁੜੀ ਦੀ ਆਵਾਜ਼ ਦੇ ਲਈ ਵਧੇਰੇ ਢੁਕਵੀਂ ਸੀ । ਸਰੋਤਿਆਂ ਵੱਲੋਂ ਮਿਲਦਾ ਮਣਾਂ- ਮੂੰਹ ਪਿਆਰ ਉਹਨਾਂ ਨੂੰ ਇਸ ਰਸਤੇ ਦੇ ਉੱਤੇ ਅੱਗੇ ਦੀ ਅੱਗੇ ਹੋਰ ਤੋਰਦਾ ਗਿਆ।
ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਉਹਨਾਂ ਨੂੰ ਇਸ ਗੱਲ ਦਾ ਕੋਈ ਸ਼ਿਕਵਾ ਨਹੀਂ ਹੈ ਕਿ ਇੱਕ ਕੁੜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੋਗਾਣਾ ਜੋੜੀਆਂ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਹੈ । ਸਗੋਂ ਇਸ ਗੱਲ ਨੂੰ ਬੜੇ ਮਾਣ ਨਾਲ ਦੱਸਦੇ ਹਨ ਕਿ ਉਹਨਾਂ ਦੇ ਹਿੱਸੇ ਬਾਕੀ ਗਾਇਕਾਂ ਦੇ ਨਾਲੋਂ ਇਹ ਵੀ ਆਇਆ ਹੈ ।
ਆਪਣੀ ਗਰੀਬੀ ਅਤੇ ਸੰਘਰਸ਼ ਭਰੇ ਦਿਨਾਂ ਚੋਂ ਨਿਕਲ ਕੇ ਆਏ ਕੁਲਦੀਪ ਰਸੀਲਾ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਜ਼ਿੰਦਗੀ ਨਾਲ਼ ਕੋਈ ਮਲਾਲ ਨਹੀਂ ਹੈ ਕਿ ਉਹ ਲੰਬਾ ਸਮਾਂ ਇੰਡਸਟਰੀ ਤੋਂ ਦੂਰ ਰਹੇ, ਤਾਂ ਉਹਨਾਂ ਕਿਹਾ ਕਿ ਕੁਦਰਤ ਜੋ ਵੀ ਕਰਦੀ ਹੈ ਚੰਗਾ ਹੀ ਕਰਦੀ ਹੈ ।
ਆਪਣੇ ਕੁਦਰਤ ਦੇ ਵਿੱਚ ਵਿਸ਼ਵਾਸ ਪ੍ਰਗਟਾਉਂਦਿਆਂ ਉਹਨਾਂ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਕੁਦਰਤ ਉਹਨਾਂ ਦੇ ਕੀਤੇ ਸੰਘਰਸ਼ ਦਾ ਮੁੱਲ ਜ਼ਰੂਰ ਪਾਏਗੀ ।
ਇਸ ਦੌਰਾਨ ਉਹਨਾਂ ਮੁਲਾਕਾਤ ਦੇ ਦੌਰਾਨ ਆਪਣੇ ਚਰਚਿਤ ਗੀਤ ਵੀ ਸੁਣਾਏ। ਇੰਡਸਟਰੀ ਦੀ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਇਥੇ ਕੋਈ ਵੀ ਕਿਸੇ ਦਾ ਸਹਾਰਾ ਨਹੀਂ ।
ਪਰ ਹਾਂ ਕੁਝ ਚੁਣਵੇਂ ਦੋਸਤ ਮਿੱਤਰ ਜ਼ਰੂਰ ਹੁੰਦੇ ਨੇ ਜੋ ਹਰੇਕ ਔਖ- ਸੌਖ ਦੇ ਵਿੱਚ ਨਾਲ ਖੜ੍ਹਦੇ ਹਨ । ਉਹਨਾਂ ਵਿਸ਼ੇਸ਼ ਕਰਕੇ ਆਰ ਨੇਤ ਅਤੇ ਲਾਭ ਹੀਰਾ ਹੁਰਾਂ ਦਾ ਜ਼ਿਕਰ ਕੀਤਾ ।
ਇਸ ਮੁਲਾਕਾਤ ਦੌਰਾਨ ਉਹਨਾਂ ਹੋਰ ਵੀ ਕਈ ਬਾਰੀਕੀਆਂ ਉੱਪਰ ਚਰਚਾ ਕੀਤੀ ਕਿ ਅੱਜ ਕੱਲ੍ਹ ਦੀ ਗਾਇਕੀ ਦੇ ਵਿੱਚ ਕਿਸੇ ਗੀਤ ਨੂੰ ਚੁਣਨਾ, ਗਾਉਣਾ ਅਤੇ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਪੇਸ਼ ਕਰਨਾ ਕਿਹੜੇ-ਕਿਹੜੇ ਪੜਾਵਾਂ ਵਿੱਚੋਂ ਨਿਕਲ ਕੇ ਆਉਂਦਾ ਹੈ ਤੇ ਗਾਇਕ ਦੇ ਹੱਥ ਕਿੰਨਾ ਕੁ ਕੁਝ ਹੁੰਦਾ ਹੈ ।
ਅਜੋਕੀ ਗਾਇਕੀ ਬਾਰੇ ਗੱਲ ਕਰਦੇ ਆ ਉਹਨਾਂ ਦੱਸਿਆ ਕਿ ਅੱਜ ਕੱਲ੍ਹ ਸਮੇਂ ਦੇ ਨਾਲ ਗਾਇਕੀ ਤੇ ਗਾਇਕੀ ਦਾ ਵਿਸ਼ਾ ਹਰ ਰੋਜ਼ ਬਦਲਦਾ ਹੈ । ਉਹ ਤਬਦੀਲੀ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਨ ।
ਪਰ ਮਿਹਨਤ ਨੂੰ ਉਹਨਾਂ ਪਹਿਲੇ ਨੰਬਰ 'ਤੇ ਹੀ ਰੱਖਿਆ। ਆਪਣੇ ਆਉਣ ਵਾਲੇ ਪ੍ਰੋਜੈਕਟ ਅਤੇ ਗਾਣਿਆਂ ਬਾਰੇ ਵੀ ਉਹਨਾਂ ਇਸ ਪੌਡਕਾਸਟ ਦੇ ਵਿੱਚ ਚਰਚਾ ਕੀਤੀ।
ਦੇਸ਼ ਵਿਦੇਸ਼ ਵਿੱਚ ਵੱਸਦੇ ਉਹ ਸਰੋਤੇ ਜਿਨਾਂ ਨੇ 90 ਦੇ ਦਹਾਕੇ ਦੇ ਵਿੱਚ ਕੁਲਦੀਪ ਰਸੀਲਾ ਦੀ ਗਾਇਕੀ ਨੂੰ ਸੁਣਿਆ , ਉਹਨਾਂ ਲਈ ਇਹ ਐਪੀਸੋਡ ਵਿਸ਼ੇਸ਼ ਖਿੱਚ ਦਾ ਕਾਰਨ ਬਣੇਗਾ। ਨਵੀਂ ਪਨੀਰੀ ਵੀ ਇਸ ਪੌਡਕਾਸਟ ਨੂੰ ਸੁਣ ਕੇ ਉਸ ਸਮੇਂ ਦਾ ਅਨੰਦ ਮਾਣ ਸਕਦੀ ਹੈ।
