Baba Beli ਪੰਜਾਬੀ ਸੰਗੀਤ ਦਾ ਚੜ੍ਹਦਾ Sitara
ਇੰਜੀਨੀਅਰ ਤੋਂ ਗਾਇਕ ਬਣੇ ਬਾਬਾ ਬੇਲੀ ਦੀ ਕਹਾਣੀ ਜਾਣੋ, ਜਿਨ੍ਹਾਂ ਨੇ ਲੋਕ ਸੰਗੀਤ ਰਾਹੀਂ ਪੰਜਾਬੀ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ।

ਮੁਹੱਬਤ ਅਤੇ ਗਾਇਕੀ ਦੇ ਵੱਖਰੇ ਜਿਹੇ ਨਿਜ਼ਾਮ ਹਰ ਇੱਕ ਦੇ ਸਮਝ ਆਉਣ ਵਾਲੇ ਨਹੀਂ ਹੁੰਦੇ। ਉਹ ਲੋਕ ਜੋ ਲੀਹ ਤੋਂ ਹਟ ਕੇ ਕੁਝ ਕਰਨਾ ਜਾਣਦੇ ਹਨ ਉਹ ਆਪਣਾ ਦੌਰ ਆਪ ਸਿਰਜਦੇ ਹਨ ਅਤੇ ਫ਼ਿਰ ਇਹ ਦੌਰ ਕਦੇ ਨਾ ਖ਼ਤਮ ਹੋਣ ਵਾਲ਼ਾ ਹੁੰਦਾ ਹੈ । ਸਫ਼ਰ ਦੀ ਸ਼ੁਰੂਆਤ ਜ਼ਰੂਰ ਔਖੀ ਹੋ ਸਕਦੀ ਹੈ, ਰਾਹ ਜ਼ਰੂਰ ਲੰਮੇਰਾ ਹੋ ਸਕਦਾ ਹੈ ਪਰ ਰਾਹ ਹੁਸੀਨ ਹੋਵੇਗਾ , ਇਸ ਗੱਲ ਦੀ ਪੁਸ਼ਟੀ ਬੰਦੇ ਦੇ ਅੰਦਰ ਨੂੰ ਜ਼ਰੂਰ ਹੁੰਦੀ ਹੈ।
ਕੁਝ ਐਦਾਂ ਦੀ ਹੀ ਸ਼ਖਸੀਅਤ ਦੇ ਮਾਲਕ ਪੰਜਾਬੀ ਦੇ ਨਾਮਵਰ ਗਾਇਕ ਬਾਬਾ ਬੇਲੀ ਦੇ ਨਾਲ ਮਿਲਦਿਆਂ, ਗੱਲਬਾਤ ਕਰਦਿਆਂ ਇਹ ਭਾਵ ਮਹਿਸੂਸ ਕੀਤੇ ਗਏ। ਬਾਬਾ ਬੇਲੀ ਪੰਜਾਬੀ ਗਾਇਕੀ ਦੇ ਉਹਨਾਂ ਚੋਣਵੇਂ ਗਾਇਕਾਂ ਦੇ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਗਾਇਕੀ ਦੇ ਵਿੱਚ ਇੱਕ ਨਵੀਂ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ ।
ਉਹ ਗਾਇਕੀ ਜੋ ਨਿਰੀ- ਪੁਰੀ ਮੰਡੀ ਦੀ ਵਸਤੂ ਬਣ ਕੇ ਰਹਿ ਗਈ ਹੈ , ਉਸ ਤੋਂ ਹਟ ਕੇ ਗਾਉਣ ਦੀ ਰਵਾਇਤ ਸ਼ੁਰੂ ਕੀਤੀ ਹੈ ਅਤੇ ਅਦਾਰਾ ਸਿਰਲੇਖ ਨੂੰ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੈ ਕਿ ਲੋਕਾਂ ਨੇ ਉਹਨਾਂ ਦੀ ਇਸ ਪਹਿਲਕਦਮੀ ਨੂੰ ਰੱਜਵਾਂ ਹੁੰਗਾਰਾ ਦਿੱਤਾ ਹੈ।
ਉਹਨਾਂ ਨਾਲ ਮੁਲਾਕਾਤ ਕਰਦਿਆਂ ਜ਼ਿੰਦਗੀ ਦੀਆਂ ਕਈ ਰਮਜ਼ਾਂ ਸਮਝ ਵਿੱਚ ਆਈਆਂ । ਉਹਨਾਂ ਨੇ ਦੱਸਿਆ ਕਿ ਉਹ ਆਪਣੀ ਮਾਂ ਦੇ ਬਹੁਤ ਨੇੜੇ ਸਨ । ਉਹਨਾਂ ਦੀ ਮਾਂ ਦਾ ਤੁਰ ਜਾਣਾ ਉਹਨਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਸੀ ਪਰ ਉਹ ਕੁਦਰਤ ਵਿੱਚ ਬਹੁਤ ਯਕੀਨ ਰੱਖਦੇ ਹਨ ।
ਬਾਬਾ ਬੇਲੀ ਦਾ ਮੰਨਣਾ ਹੈ ਕਿ ਉਹਨਾਂ ਦੀ ਮਾਂ ਨੂੰ ਕੁਦਰਤ ਨੇ ਧੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਵਾਪਸ ਕਰ ਦਿੱਤਾ। ਉਨ੍ਹਾਂ ਦਾ ਪਹਿਲਾਂ ਗੀਤ ਵੀ ਧੀਆਂ ਨੂੰ ਸਮਰਪਿਤ ਹੀ ਸੀ।
ਉਹਨਾਂ ਨੇ ਦੱਸਿਆ ਕਿ ਗਾਇਕੀ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਦੇ ਨਾਮ ਅਤੇ ਗਾਇਕੀ ਨੂੰ ਵੇਖ ਕੇ ਕਈ ਲੋਕ ਤਾਂ ਉਹਨਾਂ ਨੂੰ ਕੋਈ ਡੇਰੇ ਦਾ ਮਹੰਤ, ਕੋਈ ਬਾਬਾ ਹੀ ਸਮਝੀ ਜਾਂਦੇ ਸਨ ਪਰ ਜਿਵੇਂ ਜਿਵੇਂ ਉਹਨਾਂ ਦੀ ਗਾਇਕੀ ਦੇ ਉੱਪਰ ਪਕੜ ਮਜ਼ਬੂਤ ਹੁੰਦੀ ਗਈ , ਦਰਸ਼ਕਾਂ ਦੇ ਵਿੱਚ ਉਹਨਾਂ ਦੀ ਆਪਣੀ ਵੱਖਰੀ ਥਾਂ ਖੁਦ- ਬ-ਖੁਦ ਬਣਦੀ ਗਈ।
ਜ਼ਿੰਦਗੀ ਨੂੰ ਨੇੜਿਓਂ ਤੱਕਣ ਵਾਲੇ ਬਾਬਾ ਬੇਲੀ ਨੇ ਸਿਰਲੇਖ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਸ਼ਖਸ ਇੱਕ ਅਨੋਖੀ ਮੁਹਰ ਵਰਗਾ ਹੁੰਦਾ ਹੈ ਜਿਸਨੇ ਲੰਘ ਤਾਂ ਜਾਣਾ ਹੀ ਹੁੰਦਾ ਹੈ ਪਰ ਉਸਦੀ ਛਾਪ ਤੋ ਕੋਈ ਵੀ ਅਣਭਿੱਜ ਨਹੀਂ ਰਹਿੰਦਾ।
ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਉਹਨਾਂ ਨੂੰ ਹਾਲੇ ਤੱਕ ਵੀ ਨਹੀਂ ਪਤਾ ਕਿ ਕੁਦਰਤ ਉਹਨਾਂ ਨੂੰ ਕਿਸ ਰਸਤੇ ਦੇ ਉੱਤੇ ਤੋਰਨਾ ਚਾਹੁੰਦੀ ਹੈ । ਉਹ ਕਿਸ ਰਸਤੇ ਦੇ ਉੱਤੇ ਤੁਰ ਰਹੇ ਹਨ , ਸਾਰਾ ਕੁਝ ਹੀ ਕੁਦਰਤ ਨੂੰ ਸਪੁਰਦ ਕੀਤਾ ਹੋਇਆ ਹੈ।
ਉਹਨਾਂ ਦਰਸ਼ਕਾਂ ਨੂੰ ਵੀ ਇਹੀ ਅਪੀਲ ਕੀਤੀ ਕਿ ਸਮੇਂ ਦੇ ਨਾਲ਼, ਕੁਦਰਤ ਦੇ ਅੰਗ- ਸੰਗ ਤੁਰਦੇ ਰਹੋ। ਨਵੀਆਂ ਬਾਰੀਆਂ, ਨਵੇਂ ਅੰਬਰ ਆਪਣੇ ਆਪ ਤੁਹਾਨੂੰ ਜੀ ਆਇਆਂ ਕਰਦਿਆਂ ਖੁੱਲ੍ਹਦੇ ਰਹਿਣਗੇ।
ਅਜੋਕੇ ਦੌਰ ਦੇ ਵਿੱਚ ਜੋ ਗਾਇਕੀ ਚੱਲ ਰਹੀ ਹੈ ਜਾਂ ਗਾਇਕਾਂ ਦਾ ਜੋ ਪੱਧਰ ਹੈ ਇਸ ਬਾਰੇ ਉਹਨਾਂ ਨੇ ਬੜਾ ਸਪੱਸ਼ਟ ਜਿਹਾ ਜਵਾਬ ਦਿੱਤਾ ਕਿ ਅੱਜ ਕੱਲ੍ਹ ਗਾਇਕੀ ਦੇ ਨਾਲੋਂ ਗਾਇਕ ਦੀ ਬਾਹਰੀ ਦਿੱਖ ਨੂੰ ਵਧੇਰੇ ਦੇਖਿਆ ਜਾਂਦਾ ਹੈ।
ਉਹਨਾਂ ਪੱਖਾਂ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ ਜਿਹੜੀ ਗਾਇਕੀ ਤੋਂ ਕੋਹਾਂ ਦੂਰ ਦੇ ਹੁੰਦੇ ਹਨ। ਇਸ ਮੌਕੇ ਉਨਾਂ ਨੇ ਵਿੱਚ- ਵਿੱਚ ਆਪਣੇ ਸੰਗੀਤਕ ਨਗ਼ਮੇ ਸੁਣਾ ਕੇ ਮਹੌਲ ਨੂੰ ਖ਼ੁਸ਼ਗਵਾਰ ਬਣਾਈ ਰੱਖਿਆ।
ਬਾਬਾ ਬੇਲੀ ਨਾਲ ਮੁਲਾਕਾਤ ਸਿਰਲੇਖ ਦੀ ਇੱਕ ਆਪਣੀ ਚਾਹਤ ਸੀ । ਅਦਾਰਾ ਸਿਰਲੇਖ ਇਸ ਤਰ੍ਹਾਂ ਦੀ ਗਾਇਕੀ ਦਾ ਹਮੇਸ਼ਾ ਕਾਇਲ ਰਿਹਾ ਹੈ ਅਤੇ ਦੁਆ ਕਰਦਾ ਹੈ ਕਿ ਉਹਨਾਂ ਦੀ ਗਾਇਕੀ ਦਾ ਇਹ ਸਫ਼ਰ ਚੱਲਦਾ ਹੀ ਰਹੇ ।
ਸਕੂਨ ਭਰੀ ਗਾਇਕੀ ਨੂੰ ਸੁਣਨ ਵਾਲੇ ਸਾਰੇ ਦਰਸ਼ਕਾਂ ਦੇ ਲਈ ਇਹ ਪੌਡਕਾਸਟ ਸੁਣਨ ਯੋਗ ਅਤੇ ਪਸੰਦ ਆਉਣ ਵਾਲ਼ਾ ਹੋਵੇਗਾ । ਵੀਡੀਓ ਪੂਰੀ ਜ਼ਰੂਰ ਸੁਣੋ ਅਤੇ ਸ਼ੇਅਰ ਜ਼ਰੂਰ ਕਰੋ ।
ਜਸ ਜੀਤ
