ਕਲਾ ਦੇ ਸੱਚੇ ਦਰਸ਼ਨਾਂ ਜਿਹਾ ਗਾਇਕ ਦਰਸ਼ਨਜੀਤ !
ਇਸ਼ਕ, ਮੁਹੱਬਤ ਵਿੱਚ ਵਿਸ਼ਵਾਸ ਰੱਖਣ ਵਾਲਾ ਦਰਸ਼ਨਜੀਤ

ਕੁਝ ਲੋਕ ਇਹੋ ਜਿਹੇ ਹੁੰਦੇ ਹਨ ਜਿਹੜੇ ਕਿਸੇ ਖ਼ਾਸ ਕੰਮ ਦੇ ਲਈ ਹੀ ਮੁਕੱਰਰ ਕੀਤੇ ਹੁੰਦੇ ਹਨ। ਇਹੋ ਜਿਹੇ ਗਾਇਕ ਜਿਨ੍ਹਾਂ ਨੂੰ ਗਾਇਕੀ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਸੁੱਝਦਾ , ਉਹ ਜਦੋਂ ਵੀ ਕੁਝ ਸੋਚਦੇ ਹਨ ਤਾਂ ਉਹਨਾਂ ਦੇ ਖ਼ਿਆਲ ਵੀ ਕਿਸੇ ਨਾ ਕਿਸੇ ਧੁਨ ਦੇ ਵਿੱਚ ਹੀ ਹੁੰਦੇ ਹਨ ।
ਪੰਜਾਬੀ ਗਾਇਕੀ ਜਗਤ ਵਿੱਚ ਬਹੁਤ ਸਾਰੇ ਗਾਇਕ ਹਨ ਜਿਹੜੇ ਗਾਇਕੀ ਨੂੰ ਇਬਾਦਤ ਦੀ ਤਰ੍ਹਾਂ ਲੈਂਦੇ ਹਨ । ਇਹੋ ਜਿਹੀ ਹੀ ਸਾਧਨਾ ਦਾ ਪ੍ਰੇਮੀ ਪੰਜਾਬੀ ਲੋਕ ਗਾਇਕ ਦਰਸ਼ਨਜੀਤ ਸਿੰਘ ਹੈ ।
ਦਰਸ਼ਨਜੀਤ, ਜੋ ਕੋਟਕਪੂਰੇ ਦੀਆਂ ਗਲੀਆਂ ਦੇ ਵਿੱਚੋਂ ਖੇਡਦਾ ਹੋਇਆ ਕਦੋਂ ਗਾਇਕੀ ਦੇ ਅੰਬਰ ਦੇ ਉੱਪਰ ਚੜ੍ਹ ਗਿਆ , ਇਸ ਬਾਰੇ ਉਸ ਨਾਲ਼ ਪਿਛਲੇ ਦਿਨੀ ਕੀਤੇ ਪੌਡਕਾਸਟ ਵਿੱਚ ਗੱਲਾਂ ਸਾਂਝੀਆਂ ਕੀਤੀਆਂ ਗਈਆਂ। ਦਰਸ਼ਨਜੀਤ ਨਾਲ਼ ਗੱਲਬਾਤ ਕਰਦਿਆਂ ਇਹ ਮਹਿਸੂਸ ਹੋਇਆ ਕਿ ਉਹ ਧਰਾਤਲ ਦੇ ਨਾਲ਼ ਜੁੜਿਆ ਹੋਇਆ ਇਨਸਾਨ ਹੈ।
ਬਹੁਤ ਹੀ ਨੇਕ ਦਿਲ ਅਤੇ ਸਾਫ਼, ਸਪੱਸ਼ਟ ਤਬੀਅਤ ਵਾਲਾ ਦਰਸ਼ਨਜੀਤ ਐਦਾਂ ਦਾ ਗਾਇਕ ਜਾਪਿਆ ਜਿਸ ਨੂੰ ਸੁਣ ਕੇ ਮਨ ਅਨੰਦਿਤ ਹੁੰਦਾ ਹੈ । ਇੱਕ ਸਧਾਰਨ ਪਰਿਵਾਰ ਤੋਂ ਉੱਠ ਕੇ 'ਵਾਇਸ ਆਫ਼ ਪੰਜਾਬ' ਤੱਕ ਦੇ ਸਫ਼ਰ ਦਾ ਹਾਲ ਉਸਨੇ ਅਦਾਰਾ ਸਿਰਲੇਖ ਨਾਲ ਗੱਲਬਾਤ ਕਰਦਿਆਂ ਦੱਸਿਆ।
ਬਹੁਤ ਹੀ ਭਾਵੁਕ ਜਿਹੀ ਬਿਰਤੀ ਦਾ ਇਨਸਾਨ ਦਰਸ਼ਨਜੀਤ ਉਦਾਸ ਗੀਤਾਂ ਨੂੰ ਬਹੁਤ ਸ਼ਿੱਦਤ ਦੇ ਨਾਲ ਨਿਭਾਉਂਦਾ ਹੈ । ਉਦਾਸ ਗੀਤ ਗਾਉਣੇ ਉਸ ਦੀ ਆਪਣੀ ਨਿੱਜੀ ਪਸੰਦ ਹੈ । ਇਸਦਾ ਕਾਰਨ ਦੱਸਦਿਆਂ ਉਸਨੇ ਕਿਹਾ ਕਿ ਉਦਾਸ ਗੀਤਾਂ ਦੀ ਉਮਰ ਲੰਮੇਰੀ ਹੁੰਦੀ ਹੈ।
ਜਿੰਨੀ ਦੇਰ ਤੱਕ ਬੰਦਾ ਜਿਉਂਦਾ ਹੈ ਉਸਦੇ ਅੰਦਰ ਕੋਈ ਨਾ ਕੋਈ ਦੁੱਖ ਉੱਗਦਾ, ਜੰਮਦਾ, ਫੁੱਟਦਾ ਰਹਿੰਦਾ ਹੈ ਤੇ ਉਦਾਸ ਗੀਤ ਵੀ ਉਸਦੇ ਨਾਲ ਚਿਰੋਕੀ ਉਮਰ ਭੋਗਦੇ ਹਨ। ਉਸਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਉਸ ਨੂੰ ਕੋਈ ਦੁੱਖ ਹੋਵੇ ਤਾਂ ਹੀ ਉਹ ਉਸ ਦੁੱਖ ਨੂੰ ਕਿਸੇ ਨਗ਼ਮੇ ਦੇ ਵਿੱਚ ਬਿਆਨ ਕਰੇਗਾ।
ਉਸਨੇ ਕਿਹਾ ਕਿ ਕਿਸੇ ਦੇ ਦੁੱਖ ਨੂੰ ਸਮਝਣਾ ਵੀ ਗਾਇਕ ਦਾ ਫ਼ਰਜ਼ ਹੈ। ਆਪਣੀ ਗਾਇਕੀ ਦੇ ਸਫ਼ਰ ਦੇ ਵਿੱਚ ਉਹ ਆਪਣੇ ਪਿਤਾ ਦਾ ਅਹਿਮ ਯੋਗਦਾਨ ਮੰਨਦਾ ਹੈ। ਉਸ ਦਾ ਗਾਇਕੀ ਦੇ ਖ਼ੇਤਰ ਦੇ ਵਿੱਚ ਆਉਣਾ ਉਸਦੇ ਪਿਤਾ ਦਾ ਸੁਪਨਾ ਪੂਰਾ ਕਰਨ ਦੇ ਬਰਾਬਰ ਸੀ।
ਧਾਰਮਿਕ ਬਿਰਤੀ ਵਾਲਾ ਦਰਸ਼ਨਜੀਤ ਕੁਦਰਤ ਅਤੇ ਧਰਮ ਦੇ ਵਿੱਚ ਵੀ ਸੱਚੀ ਆਸਥਾ ਰੱਖਣ ਵਾਲਾ ਇਨਸਾਨ ਹੈ । ਰਿਸ਼ਤਿਆਂ ਦੀ ਕਦਰ ਕਰਨ ਵਾਲਾ ਦਰਸ਼ਨਜੀਤ ਧੀਆਂ ਪ੍ਰਤੀ ਬਹੁਤ ਸੁਹਿਰਦ ਸੋਚ ਰੱਖਦਾ ਹੈ । ਜੇ ਗਾਇਕੀ ਦੇ ਖ਼ੇਤਰ ਦੀ ਗੱਲ ਕਰੀਏ ਤਾਂ ਉਸਨੇ ਕਿਹਾ ਕਿ ਅੱਜ- ਕੱਲ੍ਹ ਤਾਂ ਗਾਇਕੀ ਗਾਉਣ ਜੋਗੀ ਰਹੀ ਹੀ ਨਹੀਂ ।
ਸਾਰਾ ਕੁਝ ਮਸ਼ੀਨੀਕਰਨ ਹੋ ਗਿਆ ਹੈ। ਪਰ ਫ਼ਿਰ ਵੀ ਉਸ ਦਾ ਮੰਨਣਾ ਹੈ ਕਿ ਜੇ ਤੁਹਾਡੀਆਂ ਗਾਇਕੀ ਦੀਆਂ ਜੜ੍ਹਾਂ ਮਜ਼ਬੂਤ ਹਨ, ਤੁਹਾਡਾ ਰਿਆਜ਼ ਪੱਕਾ ਹੈ ਤਾਂ ਤੁਸੀਂ ਕਦੇ ਵੀ ਸਰੋਤਿਆਂ ਦੇ ਵੱਲੋਂ ਨਕਾਰੇ ਨਹੀਂ ਜਾ ਸਕਦੇ।
ਇਸ਼ਕ, ਮੁਹੱਬਤ ਵਿੱਚ ਵਿਸ਼ਵਾਸ ਰੱਖਣ ਵਾਲਾ ਦਰਸ਼ਨਜੀਤ ਇਹ ਸੋਚਦਾ ਹੈ ਕਿ ਇਸ਼ਕ ਬਹੁਤ ਹੀ ਪਾਕ ਜਜ਼ਬਾ ਹੈ, ਅਮੁੱਕ ਜਜ਼ਬਾ ਹੈ । ਜਿਸ ਅੰਦਰ ਇਹ ਪ੍ਰਬਲ ਹੋ ਜਾਵੇ ਤਾਂ ਉਮਰ ਲਈ ਉਹ ਬੰਦਾ ਪਵਿੱਤਰ ਹੋ ਜਾਂਦਾ ਹੈ। ਗੱਲਬਾਤ ਦੌਰਾਨ ਉਸਨੇ ਆਪਣੇ ਗੀਤ ਅਤੇ ਆਪਣੇ ਪਸੰਦੀਦਾ ਗਾਇਕਾਂ ਦੇ ਗੀਤ ਵੀ ਸੁਣਾਏ।
ਕਰਮਜੀਤ ਪੁਰੀ ਦੇ ਨਾਲ ਆਪਣੇ ਸੰਬੰਧਾਂ ਬਾਰੇ ਗੱਲ ਕਰਦਿਆਂ ਉਸਨੇ ਕਿਹਾ ਕਿ ਉਹ ਦੋਵੇਂ ਹੀ ਬਹੁਤ ਸੋਚ ਸਮਝ ਕੇ ਗਾਇਕੀ ਦੇ ਵਿਸ਼ਿਆਂ ਦੀ ਚੋਣ ਕਰਦੇ ਹਨ । ਰਾਗ ਭੈਰਵੀ ਨੂੰ ਪਸੰਦ ਕਰਨ ਵਾਲ਼ਾ ਦਰਸ਼ਨਜੀਤ ਭਾਵੇਂ ਉਦਾਸ ਗੀਤਾਂ ਦੇ ਨਾਲ ਖ਼ੁਸ਼ ਹੁੰਦਾ ਹੈ ਪਰ ਇਸ ਪੌਡਕਾਸਟ ਦੌਰਾਨ ਉਸਨੇ ਆਪਣੇ ਕੁਝ ਰੋਮਾਂਟਿਕ ਗੀਤ ਵੀ ਸੁਣਾਏ ਅਤੇ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵੀ ਗੱਲਬਾਤ ਕੀਤੀ ।
ਕਲਾ ਦੀ ਕਦਰ ਕਰਨ ਵਾਲੇ ਸਰੋਤਿਆਂ ਦੇ ਲਈ ਇਹ ਪੌਡਕਾਸਟ ਅਹਿਮ ਹੋਵੇਗਾ।
ਵੀਡੀਓ ਪੂਰੀ ਜ਼ਰੂਰ ਸੁਣੋ ਅਤੇ ਸ਼ੇਅਰ ਜ਼ਰੂਰ ਕਰੋ ।
