ਵਿਆਹਾਂ ਦੀ ਰੁੱਤ ਅਤੇ ਸੋਨੇ ਦੇ ਵੱਧਦੇ ਭਾਅ !
"ਸੋਨੇ ਦੇ ਵੱਧਦੇ ਰੇਟ : ਕੀ ਇਹ ਨਿਵੇਸ਼ ਲਈ ਮੌਕਾ ਹੈ ਜਾਂ ਖਤਰਾ ?

ਨਵਰਾਤਿਆਂ ਦੀ ਸ਼ੁਰੂਆਤ ਵਿੱਚ ਹੀ ਇੱਕ ਵਾਰ ਫਿਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ । ਇਸ ਤਰ੍ਹਾਂ ਵੱਧਦੀਆਂ ਕੀਮਤਾਂ ਨੇ ਆਮ ਵਰਗ 'ਚ ਚਿੰਤਾ ਪੈਦਾ ਕਰ ਦਿੱਤੀ ਹੈ ।
ਸੋਨੇ ਦੀਆਂ ਕੀਮਤਾਂ ਅੱਜ-ਕੱਲ੍ਹ ਅਸਮਾਨ ਛੂਹ ਰਹੀਆਂ ਹਨ। ਸੋਨੇ ਦਾ ਭਾਅ ਲੱਖ ਦਾ ਅੰਕੜਾ ਪਾਰ ਕਰ ਚੁੱਕਿਆ ਹੈ ਅਤੇ ਹਾਲੇ ਵੀ ਇਸ ਦੇ ਭਾਅ ਵਧਣ ਦੀ ਦਰ ਨਿਰੰਤਰ ਜਾਰੀ ਹੈ।
ਅੱਜ-ਕੱਲ੍ਹ ਘਰ ਦੀਆਂ ਸੁਆਣੀਆਂ ਜਾਂ ਦਫ਼ਤਰ ਬੈਠੇ ਕਰਮਚਾਰੀ ਇਸੇ ਹੀ ਵਿਸ਼ੇ ਬਾਰੇ ਗੱਲ ਕਰਦੇ ਵੇਖੇ- ਸੁਣੇ ਜਾ ਸਕਦੇ ਹਨ । ਦਰਅਸਲ ਭਾਰਤੀ ਮੁਦਰਾ ਦੀ ਅੰਤਰਰਾਸ਼ਟਰੀ ਸੰਦਰਭ ਵਿੱਚ ਕਮਜ਼ੋਰ ਸਥਿਤੀ ਕਰਕੇ ਇਹ ਭਾਅ ਆਮ ਲੋਕਾਂ ਨੂੰ ਹੋਰ ਵੀ ਚੁਭਦਾ ਹੈ।
ਅਗਾਂਹ ਵਿਆਹਾਂ ਦੀ ਰੁੱਤ ਆ ਰਹੀ ਹੈ। ਵਿਆਹਾਂ ਦਾ ਉਹ ਸੀਜ਼ਨ ਆ ਰਿਹਾ ਹੈ ਜਦੋਂ ਪਰਵਾਸੀ ਪੰਜਾਬੀਆਂ ਨੇ ਵੀ ਮੁੜ ਵਤਨ ਪਰਤ ਕੇ ਅਜਿਹੇ ਮੌਕਿਆਂ ਵਿੱਚ ਸ਼ਮੂਲੀਅਤ ਕਰਨੀ ਹੈ। ਤਿਉਹਾਰ ਵੀ ਸਿਰ 'ਤੇ ਖੜ੍ਹੇ ਹਨ। ਇਸ ਮੌਕੇ ਕੀਮਤਾਂ ਵਿੱਚ ਹੋਰ ਇਜ਼ਾਫਾ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ।
ਪਰ ਜਿਵੇਂ-ਜਿਵੇਂ ਇਹ ਕੀਮਤਾਂ ਵੱਧ ਰਹੀਆਂ ਹਨ ਤਿਵੇਂ -ਤਿਵੇਂ ਸਧਾਰਨ ਪਰਿਵਾਰ ਦੀ ਆਰਥਿਕਤਾ ਉੱਤੇ ਬੋਝ ਪੈਂਦਾ ਸਾਫ਼ ਦਿਖਾਈ ਦੇ ਰਿਹਾ ਹੈ । ਇੱਕ ਆਮ ਜਿਹੇ ਦਰਮਿਆਨੇ ਘਰ ਦੇ ਲਈ ਵਿਆਹ ਕਰਨਾ ਕੋਈ ਸੌਖਾ ਕਾਰਜ ਨਹੀਂ ਹੁੰਦਾ ।
ਉੱਪਰੋਂ ਦੇਣ ਲੈਣ ਲਈ ਵਰਤਿਆ ਜਾਣ ਵਾਲਾ ਇਹ ਸੋਨਾ ਇਹਨਾਂ ਦਾ ਕਚੂੰਮਰ ਕੱਢਦਾ ਦਿਖਾਈ ਦੇ ਰਿਹਾ ਹੈ। ਵਿਆਹਾਂ ਦੀ ਇਹ ਰੁੱਤ ਚਿੰਤਾ ਵਾਲੀ ਰੁੱਤ ਜ਼ਿਆਦਾ ਜਾਪਦੀ ਦਿਖਾਈ ਦੇ ਰਹੀ ਹੈ।
ਉੰਝ ਵੀ ਸੋਨੇ ਨੂੰ ਇੱਕ ਸਥਾਈ ਰੂਪ ਦੇ ਵਿੱਚ ਪੂੰਜੀ ਦਾ ਨਿਵੇਸ਼ ਮੰਨਿਆ ਜਾਂਦਾ ਰਿਹਾ ਹੈ । ਜਦੋਂ ਵੀ ਕਿਸੇ ਪਰਿਵਾਰ ਕੋਲ ਚਾਰ ਪੈਸੇ ਜੁੜ ਜਾਣ ਤਾਂ ਅਕਸਰ ਹੀ ਉਸਦਾ ਕੋਈ ਗਹਿਣਾ ਜਾਂ ਕੋਈ ਟੂੰਮ ਬਣਵਾ ਲਈ ਜਾਂਦੀ ਹੈ ਤਾਂ ਕਿ ਇਹ ਠੋਸ ਪੈਸਾ ਅਗਾਂਹ ਕਿਤੇ ਕੰਮ ਆ ਸਕੇ।
ਸਰਮਾਏਦਾਰਾਂ ਦੇ ਲਈ ਇਹ ਵੱਧਦੇ ਮੁੱਲ ਕੁਝ ਖ਼ਾਸ ਨਹੀਂ ਹਨ। ਇਸ ਖ਼ੇਤਰ ਵਿੱਚ ਕੰਮ ਕਰਨ ਵਾਲਾ ਵਪਾਰੀ ਵਰਗ ਅੱਜ ਕੱਲ੍ਹ ਬਾਗ਼ੋ-ਬਾਗ਼ ਦਿਖਾਈ ਦੇ ਰਿਹਾ ਹੈ। ਪਰ ਕਿਤੇ- ਕਿਤੇ ਉਹ ਵੀ ਚਿੰਤਤ ਵੀ ਹਨ ਕਿ ਐਨੇ ਮਹਿੰਗੇ ਮੁੱਲ ਦੇ ਕਰਕੇ ਲੋਕਾਂ ਦਾ ਸੋਨਾ ਖਰੀਦਣ ਦਾ ਰੁਝਾਨ ਘਟਣਾ ਵੀ ਸ਼ੁਰੂ ਹੋ ਸਕਦਾ ਹੈ।
ਖ਼ੈਰ! ਸਥਿਤੀਆਂ ਕਿਹੋ ਜਿਹੀਆਂ ਵੀ ਹੋਣ ਵਿਆਹ- ਸ਼ਾਦੀ ਅਤੇ ਤਿਉਹਾਰਾਂ ਦੇ ਮੌਕੇ 'ਤੇ ਸੋਨੇ ਦਾ ਇਹ ਲੈਣ- ਦੇਣ ਚਿਰਾਂ ਤੋਂ ਬਣਿਆ ਹੋਇਆ ਹੈ।
ਸਮੇਂ ਦੀ ਚਾਲ ਦੇਖਦੇ ਹਾਂ ਕਿ ਇਹ ਸੋਨਾ ਅਗਾਂਹ ਕਿਸ ਕਰਵਟ ਬੈਠਦਾ ਹੈ। ਕਿੱਥੇ ਕੁ ਜਾ ਕੇ ਰੁਕਦੀ ਹੈ ਇਸਦੀ ਪੀਲ਼ੀ ਭਾਹ!
ਜਸ ਜੀਤ
