ਸਤਿਕਾਰ ਦੇ ਹੱਕਦਾਰ ਹਨ ਇਹ ਲੋਕ
ਹਰ ਕਿੱਤੇ ਪਿੱਛੇ ਇੱਕ ਲੰਮਾ ਸੰਘਰਸ਼, ਮਿਹਨਤ ਅਤੇ ਜ਼ਿੰਮੇਵਾਰੀ ਹੁੰਦੀ ਹੈ। ਡਾਕਟਰ, ਅਧਿਆਪਕ, ਕਿਸਾਨ, ਵਕੀਲ, ਨਰਸ ਅਤੇ ਹੋਰ ਮਿਹਨਤਕਸ਼ ਲੋਕਾਂ ਦੇ ਯੋਗਦਾਨ ਨੂੰ ਸਮਝੋ ਅਤੇ ਹਰ ਪੇਸ਼ੇ ਦਾ...
Published by Sirlekh
ਸਾਂਝਾ ਕਰੋ:

ਸਾਡੇ ਆਲੇ-ਦੁਆਲੇ ਅਜਿਹੇ ਅਨੇਕਾਂ ਲੋਕ ਹਨ ਜਿਨ੍ਹਾਂ ਦੇ ਪੇਸ਼ੇ ਸਾਡੀ ਜ਼ਿੰਦਗੀ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੇ ਹਨ। ਅਸੀਂ ਉਨ੍ਹਾਂ ਨੂੰ ਹਰ ਰੋਜ਼ ਵੇਖਦੇ ਹਾਂ—ਹਸਪਤਾਲਾਂ ਵਿੱਚ ਦੌੜਦੇ ਡਾਕਟਰ, ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਅਧਿਆਪਕ, ਅਦਾਲਤਾਂ ਵਿੱਚ ਕਾਲਾ ਕੋਟ ਪਹਿਨੇ ਵਕੀਲ, ਖੇਤਾਂ ਵਿੱਚ ਮਿਹਨਤ ਕਰਦੇ ਕਿਸਾਨ, ਸੜਕਾਂ 'ਤੇ ਖੜ੍ਹੇ ਪੁਲਿਸ ਮੁਲਾਜ਼ਮ, ਐਂਬੂਲੈਂਸ ਚਲਾਉਂਦੇ ਡਰਾਈਵਰ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਅਤੇ ਮਜਦੂਰ,ਸਵਾਰੀਆਂ ਨੂੰ ਆਪਣੀ ਮੰਜਿਲ ਤੇ ਲਿਜਾਣ ਅਤੇ ਵਾਪਸ ਲਿਆਉਣ ਵਾਲੇ ਡਰਾਈਵਰ,ਤੰਦਰੁਸਤ ਹੋਣ ਦੇ ਬਾਵਜੂਦ 24 ਘੰਟੇਂ ਦਵਾਈਆਂ ਵਿੱਚ ਰਹਿਣ ਵਾਲੇ ਫਾਰਮਾਸਿਸਟ,ਜਖਮੀਆਂ ਦੀ ਦੇਖਭਾਲ ਕਰਦੀਆਂ ਨਰਸਾਂ,ਆਪਣੇ ਘਰ-ਬਾਰ ਛੱਡਕੇ ਸਮਾਜ ਲਈ ਕੰਮ ਕਰਨ ਵਾਲੇ ਰਾਜਨੀਤਕ ਲੋਕ ਅਤੇ ਸਮਾਜ ਦੇ ਹਾਸੀਏ 'ਤੇ ਖੜ੍ਹੇ ਲੋਕਾਂ ਦੀ ਮਦਦ ਕਰਦੇ ਸਮਾਜ ਸੇਵੀ।ਭਾਵ ਅਜਿਹੇ ਸੈਕੜੇਂ ਕਿੱਤੇ ਹਨ ਜੋ ਸਮਾਜ ਲਈ ਕੁਝ ਕਰ ਰਹੇ ਹਨ ਜਿਸ ਰਾਂਹੀ ਉਹ ਆਪਣੇ ਪ੍ਰੀਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ।
ਪਰ ਅਸੀਂ ਅਕਸਰ ਉਨ੍ਹਾਂ ਦੀ ਕੀਮਤ ਗਲਤ ਮਾਪਦੰਡਾਂ ਨਾਲ ਲਗਾਉਂਦੇ ਹਾਂ। ਅਸੀਂ ਉਨ੍ਹਾਂ ਦੀ ਤਨਖ਼ਾਹ, ਗੱਡੀ, ਘਰ ਜਾਂ ਸਮਾਜਿਕ ਰੁਤਬੇ ਨੂੰ ਵੇਖਦੇ ਹਾਂ। ਅਸੀਂ ਇਹ ਨਹੀਂ ਵੇਖਦੇ ਕਿ ਇਸ ਮੰਜ਼ਿਲ ਤੱਕ ਪਹੁੰਚਣ ਲਈ ਉਨ੍ਹਾਂ ਨੇ ਕਿੰਨੀਆਂ ਰਾਤਾਂ ਜਾਗ ਕੇ ਕੱਟੀਆਂ, ਕਿੰਨੀਆਂ ਨਾਕਾਮੀਆਂ ਸਹੀਆਂ, ਕਿੰਨੇ ਆਰਥਿਕ ਸੰਕਟ ਝੱਲੇ ਅਤੇ ਕਿੰਨੇ ਨਿੱਜੀ ਸੁਪਨੇ ਕੁਰਬਾਨ ਕੀਤੇ।
ਅਕਸਰ ਅਸੀਂ ਉਹਨਾਂ ਕਿੱਤਿਆਂ ਵਿੱਚ ਵੱਡੇ ਅੰਤਰ ਦੇਖਕੇ ਉਹਨਾਂ ਤੇ ਤਰਸ ਵੀ ਖਾਦੇਂ ਹਾਂ ਅਤੇ ਹਾਉਮੇ ਵੀ ਪ੍ਰਗਟ ਕਰਦੇ ਹਾਂ।ਅਸਲ ਵਿੱਚ ਜਦੋਂ ਸਾਨੂੰ ਇਸ ਸਬ ਦੀ ਪ੍ਰਾਪਤੀ ਲਈ ਕੀਤੇ ਸਘਰੰਸ਼ ਨੂੰ ਜਾਣ ਜਾਦੇ ਹਾਂ ਤਾਂ ਤਰਸ ਜਾਂ ਹਾਉਮੇ ਦੀ ਥਾਂ ਤੇ ਉਹਨਾਂ ਦਾ ਸਤਿਕਾਰ ਕਰਨ ਲੱਗਦੇ ਹਾਂ ਕਿਉਕਿ ਸਾਨੂੰ ਜਾਣਨਾ ਚਾਹੀਦਾ ਕਿ ਇੱਜ਼ਤ ਮਿਲਣ ਤੋਂ ਪਹਿਲਾਂ ਸੰਘਰਸ਼ ਹੁੰਦਾ ਹੈ।ਅੱਜ ਅਸੀਂ ਉਹਨਾਂ ਸਾਰੇ ਕਿਿੱਤਆਂ ਬਾਰੇ ਚਰਚਾ ਕਰ ਰਹੇ ਹਾਂ।
ਵਕੀਲ/ਐਡਵੋਕੇਟ
ਜੇ ਤੁਸੀਂ ਕਿਸੇ ਨੌਜਵਾਨ ਪੁਰਸ਼ ਜਾਂ ਮਹਿਲਾ ਵਕੀਲ ਨੂੰ ਤਪਦੀ ਗਰਮੀ ਵਿੱਚ ਕਾਲਾ ਕੋਟ ਪਹਿਨ ਕੇ ਆਟੋ ਰਿਕਸ਼ੇ ਵਿੱਚ ਅਦਾਲਤ ਜਾਂਦੇ ਵੇਖੋ ਤਾਂ ਉਸ ਉੱਤੇ ਤਰਸ ਨਾ ਖਾਓ।ਉਹ ਹਾਲਾਤਾਂ ਦੀ ਮਾਰੀ ਨਹੀਂ ਹੈ।ਉਸ ਨੇ ਇਹ ਰਸਤਾ ਖੁਦ ਚੁਣਿਆ ਹੈ।
ਉਸ ਨੇ ਕਾਨੂੰਨ ਦੀਆਂ ਉਹ ਕਿਤਾਬਾਂ ਪੜ੍ਹਨੀਆਂ ਚੁਣੀਆਂ ਜਿਨ੍ਹਾਂ ਨੂੰ ਜ਼ਿਆਦਾਤਰ ਲੋਕ ਕਦੇ ਹੱਥ ਵੀ ਨਹੀਂ ਲਾਉਂਦੇ। ਉਸ ਨੇ ਪੱਕੀ ਤਨਖ਼ਾਹ ਵਾਲੀ ਨੌਕਰੀ ਦੀ ਥਾਂ ਅਨਿਸ਼ਚਿਤਤਾ ਨੂੰ ਸਵੀਕਾਰ ਕੀਤਾ। ਉਸ ਨੇ ਲਾਇਬ੍ਰੇਰੀਆਂ ਵਿੱਚ ਘੰਟੇ ਬਿਤਾਏ ਜਦੋਂ ਉਸ ਦੇ ਸਾਥੀ ਕਾਰੋਬਾਰ ਜਾਂ ਨੌਕਰੀ ਵਿੱਚ ਅੱਗੇ ਵੱਧ ਰਹੇ ਸਨ।
ਮੈਂ ਜਦੋਂ ਕਿਸੇ ਵਕੀਲ ਨੂੰ ਕਿਸੇ ਪੁਰਾਣੇ ਕੇਸ ਦੀ ਫਾਈਲ ਲੈ ਕੇ ਕਦੇ ਲਾਇਬ੍ਰੇਰੀ ਜਾਂ ਕਿਸੇ ਸੀਨੀਅਰ ਵਕੀਲ ਕੋਲ ਜਾਦਿਆਂ ਦੇਖਦਾਂ ਅਤੇ ਸੀਨੀਅਰ ਵਕੀਲ ਦੀ ਹਾਊਮੇ ਨੂੰ ਸਹਾਰਦਾ ਦੇਖਦਾਂ ਤਾਂ ਮੈਨੂੰ ਤਰਸ ਜਾਂ ਅਫਸੋਸ ਨਹੀਂ ਹੁੰਦਾਂ ਮੈ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰਦਾਂ ਕਿ ਮੈਨੂੰ ਅਜਿਹੀ ਡਿਊਟੀ ਮਿਲੀ ਜਿਸ ਵਿੱਚ ਕਿਸੇ ਬੇਕਸੂਰ ਨੂੰ ਬਚਾ ਸਕਦਾਂ।ਘਰੈਲੂ ਹਿੰਸਾਂ ਦਾ ਸ਼ਿਕਾਰ ਹੋਈ ਅੋਰਤ ਨੂੰ ਇੰਨਸਾਫ ਦਿਵਾ ਸਕਦਾਂ।ਉਸ ਸਮੇਂ ਉਹ ਨੋਜਵਾਨ ਵਕੀਲ਼ ਵੀ ਮੇਰੇ ਲਈ ਮੇਰਾ ਰਾਹ ਦਸੇਰਾ ਬਣਦੇ ਹਨ।
ਦੁਨੀਆ ਇਹ ਕਹਿ ਦਿੰਦੀ ਕਿ ਫਲ਼ਾਣੇ ਵਕੀਲ ਨੇ ਇੱਕ ਦਿਨ ਪੇਸ਼ ਹੋਣ ਦੇ ਇੰਨੇ ਲੱਖ ਲਏ ਪਰ ਉਹ ਇਹ ਨਹੀਂ ਵੇਖਦੇ ਕਿ ਇੱਕ ਪੰਦਰਾਂ ਮਿੰਟ ਦੀ ਬਹਿਸ ਲਈ ਉਸ ਨੇ ਕਿੰਨੀਆਂ ਰਾਤਾਂ ਜਾਗ ਕੇ ਤਿਆਰੀ ਕੀਤੀ।ਅੋਰਤ ਵਕੀਲ ਤਾਂ ਹੋਰ ਵੀ ਸੰਵੇਦਨਸ਼ੀਲ ਹੁੰਦੀ ਉਹ ਇਹ ਨਹੀਂ ਵੇਖਦੀ ਕਿ ਕਈ ਮੁਅੱਕਲ ਫ਼ੀਸ ਦੇਣ ਦੇ ਸਮਰੱਥ ਨਹੀਂ ਹੁੰਦੇ। ਇਹ ਨਹੀਂ ਵੇਖਦੀ ਕਿ ਕਈ ਮਹੀਨੇ ਆਮਦਨ ਤੋਂ ਬਿਨਾਂ ਲੰਘ ਜਾਂਦੇ ਹਨ।
ਇੱਕ ਦਿਨ ਉਹੀ ਵਕੀਲ ਕਿਸੇ ਬੇਕਸੂਰ ਨੂੰ ਇਨਸਾਫ਼ ਦਿਵਾ ਸਕਦਾ ਹੈ, ਕਿਸੇ ਦੇ ਸੰਵਿਧਾਨਕ ਹੱਕਾਂ ਦੀ ਰੱਖਿਆ ਕਰ ਸਕਦਾ ਹੈ ਜਾਂ ਇਤਿਹਾਸਕ ਕੇਸ ਵਿੱਚ ਦਲੀਲ ਦੇ ਸਕਦਾ ਹੈ।ਉਸ ਦਿਨ ਲੋਕ ਉਸ ਨੂੰ ਸਫ਼ਲ ਕਹਿਣਗੇ।ਪਰ ਉਸ ਨੂੰ ਆਟੋ ਰਿਕਸ਼ੇ ਵਾਲੇ ਦਿਨ ਯਾਦ ਰਹਿਣਗੇ।ਕਿਉਂਕਿ ਇੱਜ਼ਤ ਮਿਲਣ ਤੋਂ ਪਹਿਲਾਂ ਸੰਘਰਸ਼ ਹੁੰਦਾ ਹੈ।
ਡਾਕਟਰ
ਜੇ ਤੁਸੀਂ ਕਿਸੇ ਸਰਕਾਰੀ ਹਸਪਤਾਲ ਵਿੱਚ ਰਾਤ ਦੀ ਡਿਊਟੀ ਤੋਂ ਬਾਅਦ ਥੱਕੇ ਹੋਏ ਡਾਕਟਰ ਨੂੰ ਵੇਖੋ ਤਾਂ ਉਸ ਉੱਤੇ ਤਰਸ ਨਾ ਖਾਓ।ਜਦੋਂ ਹੋਰ ਲੋਕ ਤਿਉਹਾਰ ਮਨਾਉਂਦੇ ਸਨ, ਉਹ ਪੜ੍ਹਾਈ ਕਰ ਰਿਹਾ ਸੀ। ਜਦੋਂ ਹੋਰ ਛੁੱਟੀਆਂ ਮਨਾਉਂਦੇ ਸਨ, ਉਹ ਇਮਤਿਹਾਨਾਂ ਦੀ ਤਿਆਰੀ ਕਰ ਰਿਹਾ ਸੀ।
ਡਾਕਟਰੀ ਸਿਰਫ਼ ਇੱਕ ਡਿਗਰੀ ਨਹੀਂ, ਸਹਿਣਸ਼ੀਲਤਾ ਦੀ ਕਸੌਟੀ ਹੈ।ਕਈ ਵਾਰ ਡਾਕਟਰ ਆਪਣੀ ਪੂਰੀ ਕੋਸ਼ਿਸ਼ ਦੇ ਬਾਵਜੂਦ ਮਰੀਜ਼ ਨੂੰ ਨਹੀਂ ਬਚਾ ਸਕਦਾ। ਏਨੀ ਮਿਹਨਤ ਕਰਨ ਦੇ ਬਾਵਜੂਦ ਜਦੋਂ ਉਸ ਨੂੰ ਉਸ ਪਰਿਵਾਰ ਨੂੰ ਦੁਖਦਾਈ ਖ਼ਬਰ ਦੇਣੀ ਪੈਂਦੀ ਹੈ ਤਾਂ ਲੋਕ ਉਸ ਨੂੰ ਫੇਲ ਡਾਕਟਰ ਸਮਝਦੇ ਪਰ ਜਦੋਂ ਕੋਈ ਮਰੀਜ਼ ਠੀਕ ਹੋ ਕੇ ਘਰ ਜਾਂਦਾ ਹੈ, ਤਦ ਉਸ ਦਾ ਸੰਘਰਸ਼ ਸਫ਼ਲ ਹੋ ਜਾਂਦਾ ਹੈ ਤਾਂ ਉਹੀ ਲੋਕ ਉਸ ਨੂੰ ਰਬ ਸਮਝਦੇ।ਇਸ ਲਈ ਉਸ ਤੇ ਤਰਸ ਖਾਣ ਦੀ ਬਜਾਏ ਉਸ ਨੂੰ ਮਾਣ-ਸਨਮਾਨ ਦਿਉ।
ਸਟਾਫ ਨਰਸ/ਨਰਸ
ਜੇ ਤੁਸੀਂ ਕਿਸੇ ਨਰਸ ਨੂੰ ਹਸਪਤਾਲ ਦੇ ਵਾਰਡਾਂ ਵਿੱਚ ਦੌੜਦੇ ਵੇਖੋ ਤਾਂ ਉਸ ਉੱਤੇ ਤਰਸ ਨਾ ਖਾਓ।ਲੋਕ ਡਾਕਟਰ ਦਾ ਨਾਮ ਯਾਦ ਰੱਖਦੇ ਹਨ।ਨਰਸ ਦਾ ਨਹੀਂ।ਪਰ ਮਰੀਜ਼ ਦੇ ਨਾਲ ਸਭ ਤੋਂ ਵੱਧ ਸਮਾਂ ਨਰਸ ਹੀ ਬਿਤਾਉਂਦੀ ਹੈ। ਉਹ ਦਰਦ, ਡਰ, ਆਸ ਅਤੇ ਖੁਸ਼ੀ ਦੇ ਹਰ ਪਲ ਦੀ ਗਵਾਹ ਹੁੰਦੀ ਹੈ।ਹਸਪਤਾਲ ਕਦੇ ਬੰਦ ਨਹੀਂ ਹੁੰਦੇ।ਇਸ ਲਈ ਨਰਸਾਂ ਦੀ ਸੇਵਾ ਵੀ ਕਦੇ ਨਹੀਂ ਰੁਕਦੀ।ਪੜਾਈ ਉਸ ਦੀ ਵੀ ਡਾਕਟਰ ਵਾਂਗ ਹੁੰਦੀ ਪਰ ਸਘਰੰਸ਼ ਦੇ ਦਿਨਾਂ ਵਿੱਚ ਮਰੀਜ ਦੀ ਬਿਮਾਰੀ ਨਾ ਦੇਖਦੇ ਹੋਏ ਉਸ ਦੀ ਸੇਵਾ ਕਰਦੀ ਹੈ।ਪੱਛਮੀ ਦੇਸ਼ਾਂ ਨੂੰ ਅਸੀਂ ਬਹੁਤ ਨਿੰਦਦੇਂ ਹਾਂ ਪਰ ਉਹਨਾਂ ਦੇਸ਼ਾਂ ਦੇ ਨਾਗਰਿਕ ਪੇਸ਼ੈ ਦੀ ਕਦਰ ਕਰਦੇ ਹਨ ਇਸੇ ਲਈ ਸਬ ਤੋਂ ਸਤਿਕਾਰ ਦਾ ਪੇਸ਼ਾ ਹੈ ਨਰਸ।
ਅਧਿਆਪਕ
ਜੇ ਤੁਸੀਂ ਕਿਸੇ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਪੁਰਾਣੇ ਮੋਟਰਸਾਈਕਲ 'ਤੇ ਕਾਪੀਆਂ ਦਾ ਬੈਗ ਲੈ ਕੇ ਜਾਂਦੇ ਵੇਖੋ ਤਾਂ ਉਸ ਉੱਤੇ ਤਰਸ ਨਾ ਖਾਓ।ਹਰ ਡਾਕਟਰ, ਇੰਜੀਨੀਅਰ, ਜੱਜ, ਵਿਿਗਆਨੀ, ਪੱਤਰਕਾਰ ਅਤੇ ਅਫ਼ਸਰ ਕਦੇ ਨਾ ਕਦੇ ਕਿਸੇ ਅਧਿਆਪਕ ਦਾ ਵਿਿਦਆਰਥੀ ਰਿਹਾ ਹੁੰਦਾ ਹੈ।
ਅਧਿਆਪਕ ਸਿਰਫ਼ ਪਾਠ ਨਹੀਂ ਪੜ੍ਹਾਉਂਦਾ।ਉਹ ਭਵਿੱਖ ਬਣਾਉਂਦਾ ਹੈ।ਉਸ ਦੀਆਂ ਪ੍ਰਾਪਤੀਆਂ ਉਸ ਦੇ ਵਿਿਦਆਰਥੀਆਂ ਦੀਆਂ ਪ੍ਰਾਪਤੀਆਂ ਵਿੱਚ ਦਿਖਾਈ ਦਿੰਦੀਆਂ ਹਨ।ਅਸੀਂ ਉਸ ਦੇ ਸਘਰੰਸ਼ ਸਮੇਂ ਨੂੰ ਭੁੱਲ ਜਾਦੇਂ ਹਾਂ ਅਤੇ ਉਸ ਦੀ ਤਨਖਾਹ ਪ੍ਰਤੀ ਕਿੰਤੂ ਪ੍ਰੰਤੂ ਕਰਦੇ ਹਾਂ ਕੀ ਉਸ ਦੇ ਸਘਰੰਸ਼ ਦਿਨਾਂ ਨੂੰ ਦੇਖਿਆ ਜਦੋਂ ਉਸ ਦੇ ਨਾਲ ਦੇ ਸਾਥੀ ਪਹਾੜਾਂ ਵਿੱਚ ਘੁੰਮ ਰਹੇ ਸਨ ਤਾਂ ਉਹ ਤਪਦੀ ਗਰਮੀ ਵਿੱਚ ਆਪਣੇ ਪੜਨ ਲਈ ਕੋਈ ਠੰਡਾ ਸਥਾਨ ਲੱਭ ਰਿਹਾ ਸੀ।ਕੀ ਮਾਂ-ਬਾਪ ਕਦੇ ਸੋਚਦੇ ਕਿ ਕਿਵੇਂ ਉਹਨਾਂ ਆਪਣੇ ਬੱਚਿਆਂ ਨੂੰ ਪਾਪਾ,ਮੰਮਾ ਕਹਿਣਾ ਸਿਖਾਇਆ ਪਰ ਅਧਿਆਪਕ ਨੇ ਉਹਨਾਂ ਨੂੰ ਜਿੰਦਗੀ ਦਾ ਸਬਕ ਸਿਖਾਇਆਂ ਇਸ ਲਈ ਜਦੋਂ ਕਦੇ ਅਧਿਆਪਕ ਨੂੰ ਦੇਖੋਂ ਤਾਂ ਉਸ ਤੇ ਤਰਸ ਜਾਂ ਹਾਉਮੇ ਕਰਨ ਦੀ ਥਾਂ ਉਸ ਨੂੰ ਮਾਣ ਸਤਿਕਾਰ ਨਾਲ ਦੇਖੋ।
ਪੁਲਿਸ ਮੁਲਾਜ਼ਮ
ਜੇ ਤੁਸੀਂ ਕਿਸੇ ਪੁਲਿਸ ਅਧਿਕਾਰੀ ਜਾਂ ਸਿਪਾਹੀ ਨੂੰ ਰਾਤ ਦੇ ਸਮੇਂ ਡਿਊਟੀ ਕਰਦੇ ਵੇਖੋ ਤਾਂ ਉਸ ਉੱਤੇ ਤਰਸ ਨਾ ਖਾਓ।ਜਦੋਂ ਅਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ ਸੌਂ ਰਹੇ ਹੁੰਦੇ ਹਾਂ, ਉਹ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਜਾਗ ਰਹੇ ਹੁੰਦੇ ਹਨ।ਉਨ੍ਹਾਂ ਦੇ ਪਰਿਵਾਰ ਹਰ ਵੇਲੇ ਚਿੰਤਾ ਵਿੱਚ ਰਹਿੰਦੇ ਹਨ।ਪਰ ਉਹ ਆਪਣਾ ਫਰਜ਼ ਨਿਭਾਉਂਦੇ ਰਹਿੰਦੇ ਹਨ।ਕਦੇ ਕੀ ਹੋ ਜਾਵੇ ਉਹ ਨਹੀ ਜਾਣਦਾ ਕੀ ਕਿਸੇ ਨੇ ਉਸ ਦੀ ਇੱਕ ਸਾਲ ਦੀ ਸਿਖਾਲਈ ਨੂੰ ਦੇਖਿਆ ਤਾਂ ਜਰੂਰ ਉਸ ਤੇ ਮਾਣ ਕਰੋ।ਜੇ ਕਿਤੇ ਉਸ ਦੀ ਡਿਊਟੀ ਟਰੈਫਿਕ ਵਿੱਚ ਲੱਗੀ ਹੋਵੇ ਤਾਂ ਉਹ ਉਥੇ ਖੜਾ ਹੁੰਦਾ ਜਿਥੇ ਅਸੀ ਆਪਣੇ ਬੱਚੇ ਦੀ ਬਾਂਹ ਖਿੱਚ ਲੈਦੇ ਹਾਂ।ਤਪਦੀ ਗਰਮੀ,ਸਖਤ ਸਰਦੀ,ਧੁੰਦ ਦੇ ਦਿਨਾਂ ਅਤੇ ਭਾਰੀ ਮੀਂਹ ਵਿੱਚ ਜਦੋਂ ਹੁਣ ਉਸ ਨੂੰ ਡਿਊਟੀ ਕਰਦੇ ਦੇਖੋ ਤਾਂ ਤਰਸ ਨਾ ਖਾਉ ਉਸ ਦੇੇ ਸਘਰੰਸ਼ ਦੀ ਇੱਜਤ ਕਰੋ।ਇਸੇ ਤਰਾਂ ਵੱਖ ਵੱਖ ਸਰੁੱਖਿਆ ਫੋਰਸ ਵਿੱਚ ਤਾਇਨਾਤ ਮੁਲਾਜਮ ਬਾਰਡਰ ਤੇ ਖੜੇ ਫੋਜੀ ਵੀਰ ਘਰੋਂ ਜਾਦੇਂ ਸਮੇਂ ਪਤਾ ਨਹੀ ਹੁੰਦਾ ਕਿ ਵਾਪਸੀ ਕਿਵੇਂ ਹੋਵੇਗੀ।ਇਸ ਲਈ ਉਹਨਾਂ ਵੱਲੋਂ ਕੀਤੇ ਜਾ ਰਹੇ ਸਘਰੰਸ਼ ਲਈ ਉਹਨਾਂ ਦਾ ਮਾਣ-ਸਨਮਾਨ ਕਰੋ।
ਕਿਸਾਨ/ ਖੇਤ ਮਜ਼ਦੂਰ (ਸੀਰੀ)
ਜੇ ਤੁਸੀਂ ਕਿਸੇ ਕਿਸਾਨ ਨੂੰ ਖੇਤ ਵਿੱਚ ਖੜ੍ਹਾ ਅਸਮਾਨ ਵੱਲ ਵੇਖਦੇ ਹੋਏ ਵੇਖੋ ਤਾਂ ਉਸ ਉੱਤੇ ਤਰਸ ਨਾ ਖਾਓ।
ਉਹ ਹਰ ਮੌਸਮ ਵਿੱਚ ਜੋਖ਼ਮ ਲੈਂਦਾ ਹੈ।ਬਰਸਾਤ ਨਾ ਹੋਵੇ ਤਾਂ ਨੁਕਸਾਨ।ਬਾਜ਼ਾਰ ਡਿੱਗ ਜਾਵੇ ਤਾਂ ਨੁਕਸਾਨ।ਕੀੜੇ ਲੱਗ ਜਾਣ ਤਾਂ ਨੁਕਸਾਨ।ਫਿਰ ਵੀ ਉਹ ਹਰ ਸਾਲ ਨਵੀਂ ਉਮੀਦ ਨਾਲ ਬੀਜ ਬੀਜਦਾ ਹੈ।ਸਾਡੇ ਘਰ ਦੀ ਰੋਟੀ ਉਸ ਦੀ ਮਿਹਨਤ ਦਾ ਨਤੀਜਾ ਹੈ।
ਜੇ ਤੁਸੀਂ ਕਿਸੇ ਖੇਤ ਮਜ਼ਦੂਰ ਨੂੰ ਧੁੱਪ ਵਿੱਚ ਪਸੀਨਾ ਵਗਾਉਂਦੇ ਵੇਖੋ ਤਾਂ ਉਸ ਉੱਤੇ ਤਰਸ ਨਾ ਖਾਓ।ਉਸ ਦੇ ਹੱਥਾਂ ਵਿੱਚ ਮਿਹਨਤ ਦੀ ਕਹਾਣੀ ਲਿਖੀ ਹੁੰਦੀ ਹੈ।ਉਹ ਮਿੱਟੀ ਨਾਲ ਜੁੜਿਆ ਹੋਇਆ ਉਹ ਇਨਸਾਨ ਹੈ ਜਿਸ ਦੀ ਮਿਹਨਤ ਨਾਲ ਖੇਤ ਹਰੇ-ਭਰੇ ਹੁੰਦੇ ਹਨ।ਉਸ ਦੇ ਬਿਨਾਂ ਫਸਲਾਂ ਨਹੀਂ ਉੱਗ ਸਕਦੀਆਂ।
ਐਂਬੂਲੈਂਸ ਡਰਾਈਵਰ
ਜਦੋਂ ਤੁਸੀਂ ਐਂਬੂਲੈਂਸ ਦੀ ਸਾਇਰਨ ਸੁਣੋ ਤਾਂ ਕੇਵਲ ਮਰੀਜ਼ ਬਾਰੇ ਹੀ ਨਾ ਸੋਚੋ।ਉਸ ਡਰਾਈਵਰ ਬਾਰੇ ਵੀ ਸੋਚੋ ਜੋ ਹਰ ਸਕਿੰਟ ਨਾਲ ਦੌੜ ਰਿਹਾ ਹੈ।ਉਹ ਹਰ ਰੋਜ਼ ਹਾਦਸੇ, ਦੁੱਖ ਅਤੇ ਐਮਰਜੈਂਸੀ ਹਾਲਾਤਾਂ ਦਾ ਸਾਹਮਣਾ ਕਰਦਾ ਹੈ।ਫਿਰ ਵੀ ਉਹ ਸੇਵਾ ਕਰਦਾ ਰਹਿੰਦਾ ਹੈ।
ਪੱਤਰਕਾਰ
ਜੇ ਤੁਸੀਂ ਕਿਸੇ ਪੱਤਰਕਾਰ ਨੂੰ ਮੀਂਹ ਵਿੱਚ ਖੜ੍ਹ ਕੇ ਖ਼ਬਰ ਕਵਰ ਕਰਦੇ ਵੇਖੋ ਤਾਂ ਉਸ ਉੱਤੇ ਤਰਸ ਨਾ ਖਾਓ।ਉਸ ਦਾ ਕੰਮ ਸਿਰਫ਼ ਖ਼ਬਰਾਂ ਦੇਣਾ ਨਹੀਂ।ਸੱਚਾਈ ਨੂੰ ਸਮਾਜ ਦੇ ਸਾਹਮਣੇ ਲਿਆਉਣਾ ਹੈ।ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਪੱਤਰਕਾਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ।ਜਿਸ ਘਟਨਾ ਬਾਰੇ ਉਹ ਸਮਾਜ ਨੂੰ ਦਸ ਰਿਹਾ ਉਹ ਨਹੀ ਦੇਖਦਾ ਕਿ ਇਸ ਦਾ ਕਿਸ ਨੂੰ ਨੁਕਸਾਨ ਹੋਵੇਗਾ ਜਾਂ ਫਾਇਦਾ ਬੱਸ ਉਹ ਇਹ ਜਾਣਦਾ ਕਿ ਸਚਾਈ ਬਿਆਨ ਕਰਨਾ ਮੇਰਾ ਫਰਜ ਹੈ।ਉਸ ਨੇ ਕਦੇ ਨਹੀ ਸੋਚਿਆ ਕਿ ਉਸ ਦੇ ਕੰਮ ਦਾ ਸੇਵਾ ਫਲ ਵੀ ਮਿਲੇਗਾ ਜਾਂ ਨਹੀ ਪਰ ਉਸ ਨੂੰ ਸਘਰੰਸ਼ ਚੰਗਾ ਲੱਗਦਾ।ਇਸ ਲਈ ਉਸ ਦੇ ਸਘਰੰਸ਼ ਤੇ ਤਰਸ ਨਾ ਕਰੋ ਉਸ ਨੂੰ ਇੱਜਤ ਮਾਣ-ਸਨਮਾਨ ਦਿਉ।
ਸਮਾਜ ਸੇਵੀ
ਜੇ ਤੁਸੀਂ ਕਿਸੇ ਸਮਾਜ ਸੇਵੀ ਨੂੰ ਪਿੰਡ-ਪਿੰਡ ਜਾ ਕੇ ਲੋਕਾਂ ਦੀ ਮਦਦ ਕਰਦੇ ਵੇਖੋ ਤਾਂ ਉਸ ਉੱਤੇ ਤਰਸ ਨਾ ਖਾਓ।ਉਹ ਧਨ ਨਹੀਂ, ਪ੍ਰਭਾਵ ਅਤੇ ਬਦਲਾਅ ਦੀ ਖੋਜ ਕਰਦਾ ਹੈ।ਉਸ ਦਾ ਇਨਾਮ ਪੈਸਾ ਨਹੀਂ ਹੁੰਦਾ।ਉਸ ਦਾ ਇਨਾਮ ਕਿਸੇ ਦੀ ਜ਼ਿੰਦਗੀ ਵਿੱਚ ਆਈ ਮੁਸਕਾਨ ਹੁੰਦੀ ਹੈ।ਇੱਕ ਬਾਪ ਜੋ ਆਪਣੀ ਬੇਟੀ ਦਾ ਵਿਆਹ ਨਹੀ ਕਰ ਸਕਦਾ ਤਾਂ ਉਹ ਸਮਾਜ ਸੇਵੀ ਬਾਪ ਦੀ ਭੂਮਿਕਾ ਅਦਾ ਕਰਦਾ।ਉਹ ਆਪ ਤੰਘੀ ਵਿੱਚ ਰਹਿ ਸਕਦਾ ਪਰ ਸਮਾਜ ਨੂੰ ਹਮੇਸ਼ਾਂ ਖੁਸ਼ ਰੱਖਣਾ ਚਾਹੁੰਦਾ।ਉਸ ਨੂੰ ਕੋਈ ਫਿਕਰ ਨਹੀ ਕਿ ਇਹ ਵਿਅਕਤੀ ਜਿਸ ਬੀਮਾਰੀ ਦਾ ਸ਼ਿਖਾਰ ਹੈ ਮੈਨੂੰ ਵੀ ਹੋ ਸਕਦੀ ਪਰ ਉਹ ਹਰ ਸ਼ਖਸ਼ ਨੂੰ ਤੰਦਰੁਸਤ ਦੇਖਣਾ ਚਾਹੁੰਦਾ।ਇਸ ਲਈ ਹੁਣ ਜਦੇਂ ਕਦੇ ਕੋਈ ਸਮਾਜ ਸੇਵੀ ਸਮਾਜ ਦਾ ਕੋਈ ਕੰਮ ਕਰ ਰਿਹਾ ਹੋਵੇ ਤਾਂ ਕਿੰਤੂ ਪ੍ਰੰਤੂ ਜਾਂ ਤਰਸ ਨਾ ਖਾਉ ਉਸ ਦਾ ਸਤਿਕਾਰ ਕਰੋ ਉਸ ਨੂੰ ਮਾਣ ਸਤਿਕਾਰ ਦਿਉ।
ਆਂਗਣਵਾੜੀ ਅਤੇ ਆਸ਼ਾ ਵਰਕਰ
ਜੇ ਤੁਸੀਂ ਕਿਸੇ ਆਸ਼ਾ ਵਰਕਰ ਜਾਂ ਆਂਗਣਵਾੜੀ ਵਰਕਰ ਨੂੰ ਘਰ-ਘਰ ਜਾ ਕੇ ਸਿਹਤ ਅਤੇ ਪੋਸ਼ਣ ਬਾਰੇ ਜਾਣਕਾਰੀ ਦਿੰਦੇ ਵੇਖੋ ਤਾਂ ਉਸ ਉੱਤੇ ਤਰਸ ਨਾ ਖਾਓ।ਉਹ ਸਮਾਜ ਦੀਆਂ ਜੜ੍ਹਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਂਦੀਆਂ ਹਨ।ਉਨ੍ਹਾਂ ਦੀ ਮਿਹਨਤ ਨਾਲ ਮਾਵਾਂ ਅਤੇ ਬੱਚਿਆਂ ਦੀਆਂ ਜ਼ਿੰਦਗੀਆਂ ਬਿਹਤਰ ਬਣਦੀਆਂ ਹਨ।ਉਹਨਾਂ ਬੱਚਿਆਂ ਦੀ ਸਿਹਤ ਦਾ ਫਿਕਰ ਉਹ ਕਰਦੀਆਂ ਜਿੰਂਨਾ ਬੱਚਿਆਂ ਦੇ ਮਾਂ-ਬਾਪ ਆਪਣੀ ਮਜਦੂਰੀ ਕਾਰਣ ਦੇਖਭਾਲ ਨਹੀ ਕਰ ਸਕਦੇ।ਇਸ ਲਈ ਉਹਨਾਂ ਵੱਲੋਂ ਕੀਤੇ ਜਾਦੇ ਕੰਮ ਨੂੰ ਹਲਕੇ ਵਿੱਚ ਨਾ ਲਵੋ।
ਤੁਸੀਂ ਕਿਵੇਂ ਸੋਚਦੇ ਹੋ
ਅਗਲੀ ਵਾਰ ਜਦੋਂ ਤੁਸੀਂ ਕਿਸੇ ਡਾਕਟਰ, ਨਰਸ, ਅਧਿਆਪਕ, ਵਕੀਲ, ਕਿਸਾਨ, ਸਿਪਾਹੀ, ਪੁਲਿਸ ਮੁਲਾਜ਼ਮ, ਪੱਤਰਕਾਰ, ਸਮਾਜ ਸੇਵੀ, ਬੈਂਕ ਕਰਮਚਾਰੀ, ਆਸ਼ਾ ਵਰਕਰ, ਆਂਗਣਵਾੜੀ ਵਰਕਰ, ਐਂਬੂਲੈਂਸ ਡਰਾਈਵਰ, ਦੁਕਾਨਦਾਰ ਜਾਂ ਰੇਹੜੀ ਵਾਲੇ ਨੂੰ ਵੇਖੋ ਤਾਂ ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਦੀ ਆਮਦਨ ਜਾਂ ਦਿਖਾਵੇ ਨਾਲ ਨਾ ਤੋਲੋ।
ਆਪਣੇ ਆਪ ਤੋਂ ਇੱਕ ਸਵਾਲ ਪੁੱਛੋ—"ਇਸ ਵਿਅਕਤੀ ਦੇ ਮੋਢਿਆਂ 'ਤੇ ਕਿਹੜੀ ਜ਼ਿੰਮੇਵਾਰੀ ਹੈ ਜੋ ਮੈਨੂੰ ਦਿਖਾਈ ਨਹੀਂ ਦੇ ਰਹੀ?"ਕਿਉਂਕਿ ਕੁਝ ਪੇਸ਼ੇ ਸਿਰਫ਼ ਰੋਜ਼ਗਾਰ ਨਹੀਂ ਹੁੰਦੇ।ਉਹ ਸਮਾਜ ਨਾਲ ਕੀਤਾ ਇੱਕ ਵਾਅਦਾ ਹੁੰਦੇ ਹਨ।ਉਹ ਬਿਨਾਂ ਤਾਲੀਆਂ ਦੇ ਕੀਤੀ ਜਾਣ ਵਾਲੀ ਸੇਵਾ ਹੁੰਦੇ ਹਨ।ਅਤੇ ਉਨ੍ਹਾਂ ਨੂੰ ਇੱਜ਼ਤ ਮਿਲਣ ਤੋਂ ਪਹਿਲਾਂ ਲੰਮਾ ਸੰਘਰਸ਼ ਕਰਨਾ ਪੈਂਦਾ ਹੈ।
ਇਸ ਲਈ ਉਨ੍ਹਾਂ 'ਤੇ ਤਰਸ ਨਾ ਖਾਓ।ਉਨ੍ਹਾਂ ਦਾ ਸਤਿਕਾਰ ਕਰੋ।ਅਗਲੇ ਅੰਕ ਵਿੱਚ ਹੋਰਨਾ ਸੇਵਾਵਾਂ ਦਾ ਜਿਕਰ ਕਰਦੇ ਹਾਂ।
ਲ਼ੇਖਕ ਡਾ ਸੰਦੀਪ ਘੰਡ
ਐਡਵੋਕੇਟ/ਲਾਈਫ ਕੋਚ
ਬਠਿੰਡਾ/ਮਾਨਸਾ
ਮੋਬਾਈਲ 9478231000
