ਬੱਚਿਆਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈਏ?
ਬੱਚਿਆਂ ਦੀਆਂ ਸਮੱਸਿਆਵਾਂ ਖ਼ਾਸ ਕਰਕੇ ਉਤਪੀੜਨ ਨਾਲ ਸੰਬੰਧਿਤ ਕਈ ਨੁਕਤੇ ਦੱਸੇ ।

ਅੱਜ ਦੀ ਤੇਜ਼ ਤਰਾਰ ਦੁਨੀਆਂ ਦੇ ਵਿੱਚ ਮਨੁੱਖ ਕੋਲ ਨਾ ਤਾਂ ਇੰਨੀ ਵਿਹਲ ਹੈ ਕਿ ਉਹ ਕਿਸੇ ਦੀ ਗੱਲ ਸੁਣ ਸਕੇ ਤੇ ਨਾ ਹੀ ਉਸ ਕੋਲ ਇੰਨਾ ਵਕ਼ਤ ਹੈ ਕਿ ਉਹ ਆਪਣੇ ਮਨ ਦੇ ਭਾਵ ਕਿਸੇ ਨਾਲ ਬਹਿ ਕੇ ਚੰਗੇ ਤਰੀਕੇ ਨਾਲ ਸਾਂਝੇ ਕਰ ਸਕੇ । ਇਸ ਸਭ ਦੇ ਵਿੱਚ ਕਈ ਵਾਰ ਖਮਿਆਜ਼ਾ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ।
ਅੱਜ ਦੇ ਇਸ ਸਮਾਜ ਦੇ ਵਿੱਚ ਰਿਸ਼ਤੇ ਇੰਨੇ ਗੰਧਲੇ ਹੋ ਚੁੱਕੇ ਹਨ ਕਿ ਰਿਸ਼ਤਿਆਂ ਦੀ ਮਰਿਆਦਾ ਲਗਭਗ ਖ਼ਤਮ ਹੋਣ ਦੀ ਕਗਾਰ 'ਤੇ ਹੈ । ਇਸੇ ਕਰਕੇ ਸਾਨੂੰ ਬਾਲ ਅਧਿਕਾਰ ,ਬਾਲ ਸੁਰੱਖਿਆ, ਬਾਲ ਸੁਰੱਖਿਆ ਕਾਨੂੰਨ ਵਰਗੇ ਸ਼ਬਦ ਹੋਂਦ ਵਿੱਚ ਲਿਆਉਣੇ ਪਏ ।
ਪਿਛਲੇ ਦਿਨੀ ਮੈਡਮ ਨਵ ਕਿਰਨ ਜੋਤ ਗਰੇਵਾਲ ਸਿੱਧੂ ਹੁਰਾਂ ਦੇ ਨਾਲ ਇਸ ਵਿਸ਼ੇ ਉੱਪਰ ਗੱਲ ਕਰਦਿਆਂ ਕਈ ਸਵਾਲ ਸਾਹਮਣੇ ਆਏ ਤੇ ਕਈ ਸਵਾਲਾਂ ਦੀ ਖੋਜ ਸ਼ੁਰੂ ਹੋਈ।
ਮੈਡਮ ਨਵਕਿਰਨ ਜੋਤ ਸਿੱਧੂ ਗਰੇਵਾਲ ਮੈਡੀਕਲ ਪੇਸ਼ੇ ਨਾਲ ਸਬੰਧ ਰੱਖਦੇ ਹਨ ਅਤੇ 'ਏਕ ਆਵਾਜ਼ ਬਾਲ ਸ਼ੋਸ਼ਣ ਖ਼ਿਲਾਫ਼' ਨਾਂ ਦੀ ਇੱਕ ਐਨ.ਜੀ.ਓ ਵੀ ਚਲਾਉਂਦੇ ਹਨ ।
ਉਹਨਾਂ ਨਾਲ ਗੱਲ ਕਰਦਿਆਂ ਬੱਚਿਆਂ ਦੀਆਂ ਸਮੱਸਿਆਵਾਂ ਖ਼ਾਸ ਕਰਕੇ ਉਤਪੀੜਨ ਨਾਲ ਸੰਬੰਧਿਤ ਕਈ ਨੁਕਤੇ ਉਜਾਗਰ ਹੋਏ । ਉਹਨਾਂ ਦੱਸਿਆ ਕਿ ਤਿੰਨ ਤੋਂ ਅੱਠ ਸਾਲ ਤੱਕ ਦੇ ਬੱਚੇ ਇਸ ਉਤਪੀੜਨ ਦਾ ਵਧੇਰੇ ਕਰਕੇ ਸ਼ਿਕਾਰ ਹੁੰਦੇ ਹਨ ।
ਇਹ ਇਹੋ ਜਿਹੀ ਉਮਰ ਹੁੰਦੀ ਹੈ ਜਿੱਥੇ ਨਾ ਤਾਂ ਬੱਚੇ ਰ੍ਹਸਹੀ ਤਰੀਕੇ ਦੇ ਨਾਲ ਆਪਣੇ ਨਾਲ ਹੋਏ ਕਿਸੇ ਘਟਨਾਕ੍ਰਮ ਨੂੰ ਬਿਆਨ ਹੀ ਕਰ ਸਕਦੇ ਹਨ ਤੇ ਨਾ ਹੀ ਉਹਨਾਂ ਉੱਪਰ ਕੋਈ ਯਕੀਨ ਕਰਦਾ ਹੈ।
ਯਕੀਨ ਦੇ ਮਸਲੇ ਵਿੱਚ ਮਾਂ-ਬਾਪ ਵੀ ਕਈ ਵਾਰ ਧੋਖਾ ਖਾ ਜਾਂਦੇ ਹਨ ਅਤੇ ਬੱਚਿਆਂ ਦੀਆਂ ਗੰਭੀਰ ਗੱਲਾਂ ਨੂੰ ਵੀ ਸਹਿਜ ਸੁਭਾਅ ਲੈ ਲੈਂਦੇ ਹਨ ।
ਹੁਣ ਤੱਕ 80 ਦੇ ਕਰੀਬ ਸਰਕਾਰੀ/ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੈਕਚਰ ਦੇ ਚੁੱਕੇ ਹਨ, ਜਿੱਥੇ ਉਹ ਬੱਚਿਆਂ ਨੂੰ ਚੰਗੀ ਅਤੇ ਮਾੜੀ ਛੋਹ ਬਾਰੇ ਦੱਸਦਿਆਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਕੋਸ਼ਿਸ਼ ਵਿੱਚ ਹਨ।
ਉਹਨਾਂ ਦੱਸਿਆ ਕਿ ਸਕੂਲਾਂ ਦੇ ਇਹਨਾਂ ਦੌਰਿਆਂ ਦੌਰਾਨ ਬੱਚੇ ਆਪਣੀਆਂ ਬਹੁਤ ਸਾਰੀਆਂ ਸਮੱਸਿਆਵਾਂ ਉਹਨਾਂ ਨਾਲ ਸਾਂਝਾ ਕਰਦੇ ਹਨ । ਕੇਵਲ ਕੁੜੀਆਂ ਹੀ ਨਹੀਂ ਬਲਕਿ ਮੁੰਡੇ ਵੀ ਇਸ ਉਤਪੀੜਨ ਦਾ ਸ਼ਿਕਾਰ ਬਣਦੇ ਹਨ।
ਇਹਨਾਂ ਦੌਰਿਆਂ ਦੇ ਦੌਰਾਨ ਜੋ ਗੱਲ ਮੁੱਖ ਰੂਪ ਵਿੱਚ ਉਹਨਾਂ ਦੇ ਸਾਹਮਣੇ ਉੱਭਰ ਕੇ ਆਈ ਉਹ ਇਹ ਹੈ ਕਿ ਬਹੁਤਾ ਕਰਕੇ ਅਜਿਹਾ ਬਹੁਤ ਹੀ ਕਰੀਬੀ ਅਤੇ ਯਕੀਨ ਵਾਲੇ ਰਿਸ਼ਤੇਦਾਰ ਵੱਲੋਂ ਕੀਤਾ ਜਾਂਦਾ ਹੈ ।
ਜਿਸ ਉੱਪਰ ਪਰਿਵਾਰਿਕ ਮੈਂਬਰ ਛੇਤੀ ਕਿਤੇ ਸ਼ੱਕ ਵੀ ਨਹੀਂ ਕਰਦੇ ਅਤੇ ਬੱਚਿਆਂ ਦੀ ਸੁਣਵਾਈ ਵੀ ਨਹੀਂ ਹੁੰਦੀ । ਉਹਨਾਂ ਬੱਚਿਆਂ ਨੂੰ ਆਪਣੇ ਆਪ ਨੂੰ ਸੁਰੱਖਿਤ ਰੱਖਣ ਲਈ ਉਹਨਾਂ ਕਾਨੂੰਨਾਂ ਬਾਰੇ ਵੀ ਦੱਸਿਆ ਜੋ ਭਾਰਤ ਸਰਕਾਰ ਵੱਲੋਂ ਉਹਨਾਂ ਦੇ ਹਿੱਤ ਵਿੱਚ ਜਾਰੀ ਕੀਤੇ ਗਏ ਹਨ।
ਕਈ ਘਟਨਾਵਾਂ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਬੱਚੇ ਅਣਭੋਲੇ ਹੀ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਨਾਲ ਸਮਾਂ ਬਿਤਾਓ।
ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝੋ ਅਤੇ ਜੇ ਉਹ ਤੁਹਾਡੇ ਕੋਲ ਕੋਈ ਆਪਣੀ ਸਮੱਸਿਆ ਲੈ ਕੇ ਆਉਂਦੇ ਹਨ ਤਾਂ ਉਸ ਨੂੰ ਆਮ ਨਾ ਸਮਝ ਕੇ ਪੂਰੀ ਤਵੱਜੋਂ ਦੇ ਨਾਲ ਸੁਣਨ ਅਤੇ ਹੱਲ ਕਰਨ ਦੀ ਕੋਸ਼ਿਸ਼ ਕਰੋ ।
ਪੂਰਾ ਪੌਡਕਾਸਟ ਘਰ ਅਤੇ ਪਰਿਵਾਰ ਦੀ ਬਿਹਤਰੀ ਲਈ ਸੁਣਨ ਵਾਲਾ ਹੈ।
