ਜਾਣੋ ! ਗਾਇਕ Rajvir jawanda ਦੀ ਸਿਹਤ ਦਾ ਹਾਲ
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਨਾਲ ਹੋਏ ਹਾਦਸੇ ਦੀ ਖ਼ਬਰ ਸੁਣੀ ਤਾਂ ਸਮੁੱਚੇ ਪੰਜਾਬ ਅੰਦਰ ਸੋਗ ਦੀ ਲਹਿਰ !

ਪਿਛਲੇ ਦਿਨੀਂ ਜਿਉਂ ਹੀ ਸੋਸ਼ਲ ਮੀਡੀਆ ਅਤੇ ਟੀ ਵੀ ਚੈਨਲਾਂ 'ਤੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਨਾਲ਼ ਹੋਏ ਹਾਦਸੇ ਦੀ ਖ਼ਬਰ ਸੁਣੀ ਤਾਂ ਸਮੁੱਚੇ ਪੰਜਾਬ ਅੰਦਰ ਸੋਗ ਦੀ ਲਹਿਰ ਦੌੜ ਗਈ।
ਹਰ ਕੋਈ ਇਸ ਖ਼ਬਰ ਦੀ ਪੁਸ਼ਟੀ ਕਰਨ ਨੂੰ ਕਾਹਲਾ਼ ਸੀ ਕਿ ਕਿਧਰੇ ਇਹ ਕੋਈ ਅਫ਼ਵਾਹ ਤਾਂ ਨਹੀਂ ਅਤੇ ਮਨ ਹੀ ਮਨ ਅਰਦਾਸ ਕਰ ਰਹੇ ਸਨ ਕਿ ਇਹ ਸੱਚਮੁੱਚ ਅਫ਼ਵਾਹ ਹੀ ਨਿਕਲੇ।
ਰਾਜਵੀਰ ਜਵੰਦਾ ਪੰਜਾਬੀ ਗਾਇਕੀ ਦਾ ਉਹ ਸੁਨੱਖਾ ਤਾਰਾ ਹੈ ਜਿਸਨੇ ਆਪਣੀ ਅਵਾਜ਼ ਅਤੇ ਗਾਇਕੀ ਦੇ ਜਾਦੂ ਦੇ ਨਾਲ ਸਰੋਤਿਆਂ ਨੂੰ ਕੀਲ ਕੇ ਰੱਖਿਆ ਹੈ। ਸਾਫ਼- ਸੁਥਰੀ ਗਾਇਕੀ ਗਾਉਣ ਵਾਲੇ ਇਸ ਗਾਇਕ ਨੇ ਆਪਣੇ ਗੀਤਾਂ ਦੀਆਂ ਧੁਨਾਂ ਦੇ ਨਾਲ਼ ਪੰਜਾਬ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਤੱਕ ਪੰਜਾਬੀ ਸੰਗੀਤ ਦੇ ਝੰਡੇ ਬੁਲੰਦ ਕੀਤੇ ਹਨ। ਅਜਿਹੇ ਸਿਤਾਰੇ ਦਾ ਇਉਂ ਹਾਦਸਾ ਗ੍ਰਸਤ ਹੋਣਾ ਹਰ ਇੱਕ ਦੇ ਲਈ ਅਸਹਿ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਬੱਦੀ ਨਾਮਕ ਸਥਾਨ 'ਤੇ ਉਹਨਾਂ ਦਾ ਮੋਟਰਸਾਈਕਲ ਕਿਸੇ ਅਵਾਰਾ ਪਸ਼ੂ ਦੇ ਨਾਲ ਟਕਰਾ ਗਿਆ । ਅਵਾਰਾ ਪਸ਼ੂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਉਹ ਇਸ ਸਮੇਂ ਸਿਰ ਦੀ ਗੰਭੀਰ ਸੱਟ ਤੋਂ ਪ੍ਰਭਾਵਿਤ ਹਨ। ਇਸ ਵਕਤ ਉਹ ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ਵਿੱਚ ਜੇ਼ਰੇ ਇਲਾਜ ਹਨ।
ਸੋਸ਼ਲ ਮੀਡੀਆ ਅਤੇ ਉਨਾਂ ਦੇ ਜਾਣ-ਪਹਿਚਾਣ ਵਾਲਿਆਂ ਤੋਂ ਜਿੰਨੀਆਂ ਵੀ ਖ਼ਬਰਾਂ ਆ ਰਹੀਆਂ ਹਨ ਉਨ੍ਹਾਂ ਅਨੁਸਾਰ ਉਹ ਬਿਹਤਰੀ ਵੱਲ ਛੋਟੇ ਛੋਟੇ ਕਦਮ ਚੁੱਕ ਰਹੇ ਹਨ ਜਿਸ ਨਾਲ ਉਹਨਾਂ ਨੂੰ ਚਾਹੁਣ ਵਾਲਿਆਂ ਵਿੱਚ ਧਰਵਾਸ ਅਤੇ ਖ਼ੁਸ਼ੀ ਦੀ ਲਹਿਰ ਹੈ।
ਇਸ ਵਕਤ ਪੰਜਾਬ ਉਦਾਸ ਹੈ । ਦੇਸ਼ ਵਿਦੇਸ਼ ਵਿੱਚ ਰਾਜਵੀਰ ਜਵੰਦਾ ਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਸੰਗੀਤ ਪ੍ਰੇਮੀ ਫ਼ਿਕਰਮੰਦ ਹਨ। ਘਰ- ਘਰ ਅਰਦਾਸਾਂ ਹੋ ਰਹੀਆਂ ਹਨ,ਉਸਦੀ ਬਿਹਤਰੀ ਦੇ ਲਈ । ਆਪਣੇ ਆਪ ਪਰਮਾਤਮਾ ਅੱਗੇ ਹੱਥ ਜੁੜ ਰਹੇ ਹਨ।
ਇਉਂ ਲੱਗਦਾ ਹੈ ਜਿਵੇਂ ਕੋਈ ਆਪਣਾ ਹੀ ਪੁੱਤਰ , ਭਰਾ ਡੂੰਘੀ ਪੀੜ ਵਿੱਚੋਂ ਲੰਘ ਰਿਹਾ ਹੋਵੇ । ਰਾਜਵੀਰ ਜਵੰਦਾ ਹੈ ਵੀ ਪੂਰੇ ਪੰਜਾਬ ਦਾ ਮਾਣ- ਮੱਤਾ ਪੁੱਤਰ। ਉਸਨੇ ਇਹ ਦਿਖਾ ਦਿੱਤਾ ਕਿ ਉਸਦੇ ਪੱਲੇ 'ਕੱਲੀ ਗਾਇਕੀ ਹੀ ਨਹੀਂ ਸਗੋਂ ਚਾਹੁਣ ਵਾਲਿਆਂ ਦਾ ਮਣਾਂ ਮੂੰਹੀਂ ਪਿਆਰ ਵੀ ਹੈ।
ਉਸ ਨਾਲ ਹੋਏ ਹਾਦਸੇ ਤੋਂ ਬਾਅਦ , ਹਾਦਸੇ ਦੇ ਕਾਰਨਾਂ ਉੱਪਰ ਸਵਾਲ ਵੀ ਉੱਠ ਰਹੇ ਹਨ ਕਿ ਅਵਾਰਾ ਪਸ਼ੂਆਂ ਦਾ ਇਉਂ ਖੁੱਲ੍ਹੇ- ਆਮ ਘੁੰਮਣਾ ਮਨੁੱਖੀ ਜਾਨ ਦਾ ਖੌਅ ਕਿਵੇਂ ਬਣ ਸਕਦਾ ਹੈ, ਇਹ ਰਾਜਵੀਰ ਦੀ ਹੁਣ ਦੀ ਸਥਿਤੀ ਸਾਫ਼ ਸਪਸ਼ਟ ਦੱਸ ਰਹੀ ਹੈ।
ਰਾਜਵੀਰ ਸਿਹਤਯਾਬੀ ਵੱਲ ਵੱਧ ਰਿਹਾ ਹੈ। ਇਸ ਵਕਤ ਸਾਡਾ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਅਰਦਾਸ ਕਰੀਏ, ਦੁਆ ਕਰੀਏ । ਡਾਕਟਰ ਆਪਣੀ ਪੂਰੀ ਵਾਹ ਲਾ ਰਹੇ ਹਨ ,ਇਹ ਉਹਨਾਂ ਦਾ ਫ਼ਰਜ਼ ਹੈ ਅਤੇ ਅਸੀਂ ਵੀ ਆਪਣੇ ਫ਼ਰਜ਼ ਨੂੰ ਨਿਭਾਈਏ। ਝੂਠੀਆਂ ਅਫ਼ਵਾਹਾਂ ਅਤੇ ਦਿਲ ਦੁਖਾਉਣ ਵਾਲੀਆਂ ਖ਼ਬਰਾਂ ਤੋਂ ਗ਼ੁਰੇਜ਼ ਕਰੀਏ ।
ਦਵਾ ਨਾਲੋ ਦੁਆ ਵਧੇਰੇ ਕੰਮ ਕਰਦੀ ਹੈ। ਇਹ ਅਰਦਾਸਾਂ ਦਾ ਹੀ ਨਤੀਜਾ ਹੈ ਕਿ ਉਹ ਭਿਆਨਕ ਸਥਿਤੀ ਵਿੱਚ ਅੰਦਰ ਹੀ ਅੰਦਰ ਲੜ ਕੇ ਜੁਝਾਰੂ ਜਜ਼ਬਾ ਦਿਖਾ ਰਿਹਾ ਹੈ। ਰਾਜਵੀਰ ਦੇ ਨਾਲ਼ ਉਸ ਦੇ ਚਾਹੁਣ ਵਾਲੇ ਖੜ੍ਹੇ ਹਨ।
ਇਸ ਵਕਤ ਸਭ ਦੀ ਇਕੋ ਅਰਦਾਸ ਹੈ ਕਿ
ਪੰਜ ਆਬ ਦਿਆ ਪੁੱਤਰਾ
ਤੇਰੀਆਂ ਸੱਤੇ- ਖ਼ੈਰਾਂ ਹੋਵਣ...
ਸਾਰੀ ਸਿਰਲੇਖ ਟੀਮ ਰਾਜਵੀਰ ਜਾਵੰਦਾ ਦੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ.......।
